ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਮਿਲਿਆ ਸਨਮਾਨ ਉਸ ਵਿਅਕਤੀ ਦੇ ਕਿਸੇ ਵੀ ਖੇਤਰ ਵਿਚ ਕੀਤੇ ਚੰਗੇ ਕੰਮ ਜਾਂ ਪਾਏ ਵਿਸ਼ੇਸ਼ ਯੋਗਦਾਨ ਦਾ ਪ੍ਰਮਾਣ ਹੁੰਦਾ ਹੈ। ਭਾਵੇਂ ਉਹ ਸਰਹੱਦ ਉੱਤੇ ਦੁਸ਼ਮਣ ਨੂੰ ਭਾਂਜ ਦੇ ਕੇ ਆਇਆ ਕੋਈ ਸੂਰਾ ਸੈਨਿਕ ਹੋਵੇ, ਮਨੁੱਖਤਾ ਦੇ ਹਿਤ ਵਿੱਚ ਕੋਈ ਚੰਗਾ ਕਰਮ ਕਰਨ ਜਾਂ ਉਸਾਰੂ ਸੁਨੇਹਾ ਦੇਣ ਵਾਲਾ ਕੋਈ ਵਿਅਕਤੀ ਹੋਵੇ। ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਨੂੰ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਵੀ ਸਨਮਾਨਿਤ ਕੀਤਾ ਜਾਂਦਾ ਹੈ। ਇਹ ਸਨਮਾਨ ਚਿੰਨ੍ਹ ਸਬੰਧਤ ਦੇ ਵਾਰਸ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਵਿੱਦਿਆ ਅਤੇ ਖੋਜ ਕਾਰਜਾਂ ਲਈ ਵੀ ਇਹ ਮਾਣ ਦਿੱਤੇ ਜਾਂਦੇ ਹਨ। ਸਾਹਿਤਕ ਖੇਤਰ ਵਿੱਚ ਵੀ ਇਹ ਰੁਝਾਨ ਬਣ ਚੁੱਕਾ ਹੈ। ਪਹਿਲਾਂ ਤਾਂ ਕਲਮਾਂ ਵਾਲਿਆਂ ਨੂੰ ਕਦੇ-ਕਦਾਈਂ ਹੀ ਕੋਈ ਪੁੱਛਦਾ ਸੀ। ਇਸ ਖੇਤਰ ਵਿੱਚ ਸੋਚਣ ਵਾਲੀ ਗੱਲ ਇਹ ਹੈ: ਕੀ ਇਨਾਮ-ਸਨਮਾਨ ਪ੍ਰਾਪਤ ਕਰਨ ਜਾਂ ਦੇਣ ਵਾਲਾ ਇਨ੍ਹਾਂ ਇਨਾਮਾਂ-ਸਨਮਾਨਾਂ ਦਾ ਸਨਮਾਨ ਕਰਦਾ ਹੈ? ਪ੍ਰਾਪਤ ਕਰਤਾ ਮਾਣ ਦਾ ਅਸਲ ਹੱਕਦਾਰ ਹੈ।
ਸਾਹਿਤਕ ਖੇਤਰ ਵਿੱਚ ਦਿੱਤੇ-ਲਏ ਜਾਂਦੇ ਇਨਾਮਾਂ ਬਾਰੇ ਬੜਾ ਕੁਝ ਪੜ੍ਹਨ- ਸੁਣਨ ਲਈ ਮਿਲਦਾ ਹੈ। ਜਿਵੇਂ ਕਈ ਲੋਕ ਆਪ ਪੈਸੇ ਖ਼ਰਚ ਕੇ ਆਪਣਾ ਸਨਮਾਨ ਕਰਵਾਉਂਦੇ ਹਨ। ਕੀ ਇਹ ਸਨਮਾਨ ਹੁੰਦਾ ਹੈ? ਇਹ ਤਾਂ ਆਪ ਹੀ ਆਪੇ ਤੇ ਆਪਣੀ ਜ਼ਮੀਰ ਦਾ ਕੀਤਾ ਗਿਆ ਅਪਮਾਨ ਹੈ ਜਾਂ ਸ਼ਾਇਦ ਇਹ ਮੇਰੀ ਹੀ ਸੋਚ ਹੈ। ਬੀਤੇ ਦਾ ਲੇਖਾ-ਜੋਖਾ ਕਰਦਿਆਂ ਖਿਆਲ ਆਇਆ ਕਿ ਮੇਰੇ ਜੀਵਨ ਵਿਚ ਵੀ ਕੁਝ ਅਜਿਹੇ ਮੌਕੇ ਆਏ ਜਿਨ੍ਹਾਂ ਤੋਂ ਮੈਨੂੰ ‘ਅੰਦਰਲੀਆਂ’ ਗੱਲਾਂ ਦਾ ਪਤਾ ਲੱਗਾ। ਮੇਰੇ ਸਹੁਰੇ ਪਿੰਡ ਚੱਲ ਰਹੇ ਸਾਹਿਤਕ ਸਮਾਗਮ ਦੌਰਾਨ ਕਿਸੇ ਸਾਹਿਤ ਸਭਾ ਦੇ ਪ੍ਰਧਾਨ ਵੱਲੋਂ ਸਨਮਾਨ ਕਰਨ ਲਈ ਮੇਰੇ ਨਾਂ ਦਾ ਐਲਾਨ ਕੀਤਾ ਗਿਆ।
ਸੁਣ ਕੇ ਮੈਂ ਬੜੀ ਹੈਰਾਨ ਪ੍ਰੇਸ਼ਾਨ ਹੋਈ ਕਿਉਂਕਿ ਮੈਂ ਇਸ ਖੇਤਰ ਵਿੱਚ ਕੁਝ ਸਮਾਂ ਪਹਿਲਾਂ ਹੀ ਸਾਹਮਣੇ ਆਈ ਸਾਂ ਅਤੇ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸੀ ਸਮਝਦੀ। ਜਿਹੜੀ ਤਾਰੀਖ਼ ਉਨ੍ਹਾਂ ਨੇ ਦੱਸੀ ਉਸੇ ਦਿਨ ਸ਼ਾਮ ਨੂੰ ਸਾਡੀ ਵਿਦੇਸ਼ ਤੋਂ ਆਈ ਬੇਟੀ ਦੀ ਵਾਪਸੀ ਸੀ। ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਹਿਤਕ ਖੇਤਰ ਵਿੱਚ ਅਜੇ ਮੇਰੀ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ‘ਅਸੀਂ ਪੂਰੀ ਚੋਣ ਕਮੇਟੀ ਨੇ ਤੁਹਾਡਾ ਨਾਂ ਚੁਣਿਆ ਹੈ ਤੇ ਅਸੀਂ ਤੁਹਾਡੇ ਘਰ ਸੱਦਾ ਪੱਤਰ ਦੇਣ ਆਵਾਂਗੇ।’ ਮੈਂ ਫਿਰ ਕਿਹਾ ਕਿ ਸ਼ਾਮ ਨੂੰ ਅਸੀਂ ਦਿੱਲੀ ਪੁੱਜਣਾ ਹੈ। ਉਨ੍ਹਾਂ ਕਿਹਾ, ‘‘ਅਸੀਂ ਤੁਹਾਨੂੰ ਜਲਦੀ ਵਿਹਲੇ ਕਰ ਦਿਆਂਗੇ।’’ ਉਹ ਘਰ ਵੀ ਆਏ। ਮੈਂ ਸਾਰੀ ਗੱਲ ਆਪਣੀ ਸਾਹਿਤ ਸਭਾ ਦੇ ਉੱਚ ਅਹੁਦੇਦਾਰਾਂ ਨੂੰ ਦੱਸੀ। ਉਨ੍ਹਾਂ ਦੀ ਆਪਸ ਵਿੱਚ ਪਤਾ ਨਹੀਂ ਕੀ ਕਹਾਣੀ ਸੀ, ਉਹ ਮੈਨੂੰ ਉਸ ਸਭਾ ਤੋਂ ਸਨਮਾਨ ਲੈਣ ਤੋਂ ਮਨ੍ਹਾਂ ਕਰ ਰਹੇ ਸਨ। ਉਸ ਸਭਾ ਦੇ ਇੱਕ ਨਾਮਵਰ ਕਹਾਣੀਕਾਰ ਤੋਂ ਮੈਂ ਬਹੁਤ ਪ੍ਰਭਾਵਿਤ ਸਾਂ, ਭਾਵੇਂ ਉਹ ਮੈਨੂੰ ਕਦੇ ਮਿਲਿਆ ਨਹੀਂ ਸੀ। ਅਸੀਂ ਪਤੀ-ਪਤਨੀ ਬੜੀ ਉਲਝਣ ਵਿਚ ਪਏ ਹੋਏ ਸਾਂ ਕਿ ਕੀ ਕੀਤਾ ਜਾਵੇ। ਅਖ਼ਬਾਰਾਂ ਵਿੱਚ ਖ਼ਬਰ ਲੱਗ ਚੁੱਕੀ ਸੀ। ਨਾ ਜਾਣ ਦਾ ਕੋਈ ਕਾਰਨ ਸਾਨੂੰ ਨਾ ਲੱਭਿਆ ਤੇ ਅਸੀਂ ਉਨ੍ਹਾਂ ਦੇ ਸੱਦੇ ਦਾ ਮਾਣ ਰੱਖਦੇ ਹੋਏ ਸਮਾਗਮ ਵਿੱਚ ਚਲੇ ਗਏ। ਬੇਟੀ ਤੇ ਦੋਹਤਾ ਕੁਝ ਘੰਟੇ ਹੋਰ ਸਾਡੇ ਨਾਲ ਬਿਤਾਉਣ ਦੇ ਲਾਲਚਵੱਸ ਸਾਡੇ ਨਾਲ ਗਏ।
ਜਿੰਨੇ ਵੀ ਲੇਖਕ ਤੇ ਸਭਾ ਦੇ ਮੈਂਬਰ ਜਾਂ ਅਹੁਦੇਦਾਰ ਉੱਥੇ ਆਏ ਮੈਂ ਸਭ ਨੂੰ ਪਹਿਲੀ ਵਾਰ ਮਿਲੀ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਕਿ ਉਨ੍ਹਾਂ ਨੇ ਮੇਰਾ ਨਹੀਂ, ਮੇਰੀ ਕਲਮ ਦਾ ਮਾਣ ਕੀਤਾ। ਇਹ ਮੇਰੀ ਲਿਖਤ ਦਾ ਪਲੇਠਾ ਮਾਣ ਸੀ। ਸਮੇਂ ਦੇ ਨਾਲ-ਨਾਲ ਹੋਰ ਦੂਰ-ਪਾਰ ਦੇ ਸਾਹਿਤਕਾਰਾਂ ਨਾਲ ਵੀ ਫ਼ੋਨ ਜ਼ਰੀਏ ਰਾਬਤਾ ਬਣਦਾ ਗਿਆ। ਕਿਸੇ ਸਾਹਿਤ ਸਭਾ ਵੱਲੋਂ ਫਿਰ ਸਨਮਾਨ ਲਈ ਸੁਨੇਹਾ ਮਿਲਿਆ ਜੋ ਕਾਫ਼ੀ ਦੂਰ ਸੀ। ਮੈਂ ਉਨ੍ਹਾਂ ਨੂੰ ਵੀ ਬੇਨਤੀ ਕੀਤੀ ਕਿ ਬਹੁਤ ਲੰਮਾ ਸਫ਼ਰ ਹੈ, ਸਾਨੂੰ ਵਾਪਸੀ ਸਮੇਂ ਕੁਵੇਲਾ ਹੋ ਜਾਵੇਗਾ। ਖ਼ੈਰ, ਉਨ੍ਹਾਂ ਨੇ ਸਮਾਗਮ ਦਾ ਸਮਾਂ ਸਾਡੀ ਸਹੂਲਤ ਅਨੁਸਾਰ ਰੱਖ ਲਿਆ। ਤਿੰਨ ਕੁ ਹਫ਼ਤੇ ਦਾ ਵਕਫ਼ਾ ਸੀ। ਹਫ਼ਤੇ ਕੁ ਪਿੱਛੋਂ ਮੈਨੂੰ ਉਸ ਲੇਖਕ ਦਾ ਫ਼ੋਨ ਆਇਆ। ਉਸ ਦੀ ਆਵਾਜ਼ ਵਿੱਚ ਉਦਾਸੀ ਘੁਲੀ ਹੋਈ ਸੀ। ਭਰੇ ਮਨ ਤੇ ਭਰੇ ਗਲ਼ੇ ਕਾਰਨ ਉਸ ਤੋਂ ਠੀਕ ਤਰ੍ਹਾਂ ਬੋਲਿਆ ਨਹੀਂ ਸੀ ਜਾ ਰਿਹਾ।
ਮੈਂ ਉਸ ਨੂੰ ਧਰਵਾਸ ਦਿੰਦਿਆਂ ਕਿਹਾ ਕਿ ਘਬਰਾਈਦਾ ਨਹੀਂ, ਦੱਸੋ ਕੀ ਗੱਲ ਹੈ? ਪਰਿਵਾਰ ਵਿੱਚ ਸਭ ਠੀਕ ਤਾਂ ਹੈ? ਉਸ ਨੇ ਸੰਭਲਦਿਆਂ ਕਿਹਾ, ‘‘ਘਰ-ਪਰਿਵਾਰ ’ਚ ਤਾਂ ਸਭ ਠੀਕ ਹੈ ਪਰ ਸਾਹਿਤ ਪਰਿਵਾਰ ਵਿੱਚ ਮਾੜਾ ਹਾਲ ਹੈ। ਮੇਰਾ ਮਨ ਬਹੁਤ ਦੁਖਿਆ ਹੈ ਕਿਉਂਕਿ ਤੁਹਾਡਾ ਸਨਮਾਨ ਕਿਸੇ ਲੇਖਕਾ ਨੇ ਸਿਫ਼ਾਰਸ਼ ਦੇ ਜ਼ੋਰ ਹਥਿਆ ਲਿਆ ਹੈ...।’’ ਮੈਂ ਹੱਸਦਿਆਂ ਉਸ ਨੂੰ ਕਿਹਾ, ‘‘ਇਸ ਵਿੱਚ ਐਨਾ ਪ੍ਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ? ਆਪਾਂ ਕਿਹੜਾ ਕਿਸੇ ਤੋਂ ਸਨਮਾਨ ਮੰਗਿਆ ਸੀ ਬਈ ਮੰਗੀ ਚੀਜ਼ ਨਾ ਮਿਲਣ ’ਤੇ ਸਾਡੀ ਹੇਠੀ ਹੋ ਗਈ... ਤੇ ਜਿਹੜੇ ਇਹ ਹੰਝੂ ਮੈਨੂੰ ਮਨ ਦੀਆਂ ਅੱਖਾਂ ਨਾਲ ਤੁਹਾਡੀਆਂ ਅੱਖਾਂ ਵਿੱਚ ਦਿਸ ਰਹੇ ਹਨ ਇਹ ਬੇਸ਼ਕੀਮਤੀ ਮੋਤੀ ਮੇਰੇ ਲਈ ਕੋਈ ਘੱਟ ਸਨਮਾਨ ਹੈ?’’ ਸਮਾਂ ਪਾ ਕੇ ਗੱਲ ਆਈ ਗਈ ਹੋ ਗਈ। ਕਿਸੇ ਸਾਹਿਤਕ ਇਕੱਠ ਵਿੱਚ ਉਹ ‘ਮਹਾਨ ਲੇਖਕਾ’ ਮੈਨੂੰ ਟੱਕਰੀ ਤਾਂ ਮੇਰੇ ਨਾਲ ਅੱਖ ਮਿਲਾਉਣੋਂ ਟਲਦੀ ਫਿਰੇ। ਇੱਥੋਂ ਹੀ ਪਤਾ ਲੱਗਦਾ ਹੈ ਕਿ ਇਹ ਆਪੇ ਦਾ ਕੀਤਾ ਅਪਮਾਨ ਹੁੰਦਾ ਹੈ।
ਅਜਿਹੇ ‘ਇਨਾਮਾਂ’ ਦੇ ਕੌੜੇ-ਕੁਸੈਲੇ ਅਹਿਸਾਸ ਮੈਂ ਹੱਡੀਂ ਹੰਢਾਏ ਹਨ। ਕਿਸੇ ਲਿਖਾਰੀ ਸਭਾ ਵੱਲੋਂ ਮੇਰੀ ਕਿਸੇ ਕਿਤਾਬ ਨੂੰ ਮਾਣ ਦੇਣ ਦੀ ਸੂਚਨਾ ਮਿਲੀ। ਦੂਰ-ਦੁਰਾਡੇ ਹੋਣ ਕਾਰਨ ਮੈਂ ਕਦੇ ਉਸ ਸਭਾ ਵਾਲਿਆਂ ਨੂੰ ਨਹੀਂ ਸੀ ਮਿਲੀ। ਮੇਰੀਆਂ ਰਚਨਾਵਾਂ ਜਾਂ ਕਿਤਾਬਾਂ ਪੜ੍ਹ ਕੇ ਉਹ ਲੇਖਕ ਭਾਈਚਾਰਾ ਮੇਰੇ ਨਾਲ ਫ਼ੋਨ ਰਾਹੀਂ ਤਾਲਮੇਲ ਰੱਖਦਾ ਸੀ। ਉਨ੍ਹਾਂ ਦੀ ਕੋਈ ਲਿਖਤ ਮੈਨੂੰ ਚੰਗੀ ਲੱਗਦੀ ਤਾਂ ਮੈਂ ਵੀ ਫ਼ੋਨ ਕਰਦੀ। ਸਭਾ ਦੇ ਕਿਸੇ ਅਹੁਦੇਦਾਰ ਦਾ ਫ਼ੋਨ ਆਇਆ ਕਿ ਦੋ ਕਿਤਾਬਾਂ ਭੇਜ ਦਿਓ। ਉਸ ਨੇ ਮੈਨੂੰ ਸਹਿਜ ਸੁਭਾਅ ‘ਅੰਦਰਲੀ’ ਗੱਲ ਵੀ ਦੱਸ ਦਿੱਤੀ।
ਉਸ ਨੇ ਮੈਨੂੰ ਦੱਸਿਆ ਕਿ ਕਿਸੇ ਲੇਖਕ ਦਾ ਇਸ ਅਦਾਰੇ ਵੱਲੋਂ ਸਨਮਾਨ ਕੀਤਾ ਗਿਆ, ਪਰ ਉਸ ਨੂੰ ਕਿਹਾ ਗਿਆ ਕਿ ਜੋ ਇਕੱਤੀ ਸੌ ਰੁਪਏ ਅਸੀਂ ਤੈਨੂੰ ਮੰਚ ’ਤੇ ਦਿਆਂਗੇ ਉਹ ਤੂੰ ਸਾਨੂੰ ਬਾਅਦ ਵਿੱਚ ਵਾਪਸ ਕਰਨੇ ਹੋਣਗੇ। ਲੇਖਕ ਸਾਹਿਬ ਫੋਕੀ ਸ਼ੋਹਰਤ ਖੱਟਣ ਲਈ ਸਭ ਕੁਝ ਕਰਨ ਨੂੰ ਤਿਆਰ ਸਨ ਸੋ ਸਨਮਾਨ ਦਾ ਡਰਾਮਾ ਖ਼ੁਸ਼ੀ-ਖ਼ੁਸ਼ੀ ਪੂਰਾ ਹੋ ਗਿਆ। ਜਦੋਂ ਮੈਂ ਉਨ੍ਹਾਂ ਨੂੰ ਕਿਤਾਬਾਂ ਨਾ ਭੇਜੀਆਂ ਤਾਂ ਦੁਬਾਰਾ ਫਿਰ ਫ਼ੋਨ ਆਇਆ ਕਿ ਕਿਤਾਬਾਂ ਨਹੀਂ ਪਹੁੰਚੀਆਂ। ਮੈਂ ਕਿਹਾ, ‘‘ਕਿਤਾਬਾਂ ਮੈਂ ਭੇਜੀਆਂ ਹੀ ਨਹੀਂ, ਪੁੱਜਣੀਆਂ ਕਿੱਥੋਂ ਸਨ।’‘ ਉਸ ਨੇ ਮੁੜ ਜ਼ੋਰ ਦਿੰਦਿਆਂ ਕਿਹਾ ਕਿ ਕਿਤਾਬਾਂ ਜ਼ਰੂਰ ਭੇਜੋ, ਸਨਮਾਨ ਤੁਹਾਨੂੰ ਹੀ ਦਿੱਤਾ ਜਾਵੇਗਾ।
ਇਹ ਸੁਣ ਕੇ ਮੈਂ ਦੋ ਟੁੱਕ ਫ਼ੈਸਲਾ ਸੁਣਾ ਦਿੱਤਾ, ‘‘ਜਿੱਥੇ ਸਨਮਾਨ ਦੇ ਰੂਪ ਵਿੱਚ ਅਪਮਾਨ ਕੀਤਾ ਜਾਂਦਾ ਹੈ ਮੈਂ ਨਾ ਆਪਣੀ ਕੋਈ ਕਿਤਾਬ ਭੇਜਣੀ ਹੈ ਤੇ ਨਾ ਉਨ੍ਹਾਂ ਨਾਲ ਕੋਈ ਸਬੰਧ ਰੱਖਣਾ ਹੈ। ਮੈਂ ਕਿਸੇ ਤੋਂ ਸਨਮਾਨ ਰੂਪੀ ਅਪਮਾਨ ਕਰਾਉਣ ਲਈ ਨਹੀਂ ਆਵਾਂਗੀ।’’ ਉਹ ਵਾਰ-ਵਾਰ ਸਪਸ਼ਟੀਕਰਨ ਦਿੰਦਾ ਰਿਹਾ ਕਿ ਤੁਹਾਨੂੰ ਤਾਂ ‘ਸੱਚਮੁੱਚ’ ਦਾ ਸਨਮਾਨ ਦੇਣਾ ਹੈ, ਤੁਸੀਂ ਕਿਤਾਬਾਂ ਭੇਜੋ। ਮੈਂ ਉਸ ਨੂੰ ਸਪੱਸ਼ਟ ਕਹਿ ਦਿੱਤਾ ਕਿ ਜਿੱਥੇ ਸਚਮੁੱਚ ਤੇ ਝੂਠ-ਫ਼ਰੇਬ ਵਾਲੇ ਇਨਾਮ ਵੰਡੇ ਜਾਂਦੇ ਹਨ ਮੈਂ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਪਸੰਦ ਕਰਦੀ ਹਾਂ। ਮੈਂ ਇਹ ਵੀ ਕਿਹਾ ਕਿ ਇਸ ਮਸਲੇ ਸਬੰਧੀ ਮੁੜ ਮੈਨੂੰ ਫ਼ੋਨ ਨਾ ਕਰਨਾ।
ਲਿਖਾਰੀ ਸਭਾ ਦੀ ਜਨਰਲ ਸਕੱਤਰ ਹੋਣ ਕਾਰਨ ਮੈਨੂੰ ਕਈ ਵਾਰ ਅਜਿਹੇ ਫ਼ੋਨ ਆਉਂਦੇ ਹਨ ਕਿ ਆਪਣੀ ਸਭਾ ਵੱਲੋਂ ਮੇਰਾ ਮਾਣ-ਸਨਮਾਨ ਕਰੋ। ਮੈਂ ਨਿਮਰਤਾ ਸਹਿਤ ਮੁਆਫ਼ੀ ਮੰਗ ਲੈਂਦੀ ਹਾਂ ਕਿ ਸਾਡੀ ਸਭਾ ਆਰਥਿਕ ਤੌਰ ’ਤੇ ਐਨੀ ਤਕੜੀ ਨਹੀਂ ਕਿ ਤੁਹਾਡੇ ਵਰਗੇ ‘ਮਹਾਨ’ ਲੇਖਕਾਂ ਦਾ ਮਾਣ ਕਰ ਸਕੇ। ਛੋਟੇ ਪੱਧਰ ਤੋਂ ਹੁੰਦੇ ਇਹ ਇਹ ਜੁਗਾੜ ਵੱਡੇ ਪੱਧਰ ਤੱਕ ਫੈਲੇ ਹੋਏ ਹਨ। ਇਨ੍ਹਾਂ ਜੁਗਾੜਬੰਦੀਆਂ ਵਿੱਚ ‘ਇਸ ਹੱਥ ਲਓ ਉਸ ਹੱਥ ਦਿਓ’ ਵਾਲਾ ਰੁਝਾਨ ਵੀ ਹੈ। ਇਹ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਹੱਡੀਂ ਹੰਢਾਏ ਸੱਚ ਹਨ। ਕਦੇ-ਕਦੇ ਤਾਂ ਇਉਂ ਲੱਗਦਾ ਹੈ ਜਿਵੇਂ ਭੂਮੀਂ ਮਾਫੀਆ, ਡਰੱਗ ਮਾਫੀਆ ਜਾਂ ਹੋਰ ਅਜਿਹੇ ਮਾਫੀਆ ਟੋਲੇ ਹਨ ਅਤੇ ਇਹ ‘ਸਾਹਿਤ ਸਨਮਾਨ’ ਮਾਫੀਆ ਵੀ ਇਨ੍ਹਾਂ ਵਿੱਚੋਂ ਸਿਰਕੱਢ ਮਾਫੀਆ ਬਣ ਗਿਆ ਹੈ। ਆਪਣੇ ਆਪ ਨੂੰ ਸਾਹਿਤਕਾਰ ਅਖਵਾਉਣ ਵਾਲੇ ਗੁਰਬਾਣੀ ਦੀ ਪਾਵਨ ਤੁਕ ਨੂੰ ਵੀ ਵਿਸਾਰਨ ਲਗ ਪਏ ਹਨ: ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।
ਇਹ ਇਨਾਮ-ਸਨਮਾਨ ਜੇ ‘ਸੱਚਮੁੱਚ’ ਵਾਲੇ ਹੋਣ ਤਾਂ ਕਿਸੇ ਲੇਖਕ ਲਈ ਇਮਤਿਹਾਨ ਵਰਗੇ ਹੁੰਦੇ ਹਨ। ਉਸ ਨੂੰ ਸਾਹਿਤ ਤੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਬਾਰੇ ਸੁਚੇਤ ਕਰਦੇ ਹਨ। ਲੇਖਕ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਰਖੂਆਂ ਦੀ ਕਦਰ ਕਰਦਾ ਤੇ ਮਿਲੇ ਮਾਣ ਦਾ ਆਦਰ ਕਰਦਾ ਹੋਇਆ ਚੰਗਾ-ਚੰਗੇਰਾ ਲਿਖੇ। ਸਾਹਿਤਕ ਖੇਤਰ ਵਿੱਚ ਸਾਨੂੰ ਇੱਕ ਗੱਲ ’ਤੇ ਇਮਾਨਦਾਰੀ ਨਾਲ ਪਹਿਰਾ ਦੇਣ ਦੀ ਲੋੜ ਹੈ ਕਿ ਦਿਖਾਵੇ ਦੇ ਸਨਮਾਨਾਂ ਨੂੰ ਠੁਕਰਾਇਆ ਜਾਵੇ ਤੇ ਇਸ ਵਰਤਾਰੇ ਸਬੰਧੀ ਦੂਜੇ ਲੇਖਕਾਂ ਨੂੰ ਵੀ ਚੁਕੰਨੇ ਕੀਤਾ ਜਾਵੇ।
Add a review