• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਲਹਿੰਦੇ ਪੰਜਾਬ ਦੀਆਂ ਚੋਣਵੀਆਂ ਪੰਜਾਬੀ ਕਹਾਣੀਆਂ

ਰਵਿੰਦਰ ਸਿੰਘ ਸੋਢੀ, ਕੈਨੇਡਾ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Linguistics
  • Report an issue
  • prev
  • next
Article

ਪਾਕਿਸਤਾਨ ਵਿਚ ਵੀ ਪੰਜਾਬੀ ਭਾਸ਼ਾ ਦਾ ਵਧੀਆ ਸਾਹਿਤ ਰਚਿਆ ਜਾ ਰਿਹਾ ਹੈ। ਕਵਿਤਾ, ਕਹਾਣੀ, ਨਾਵਲ, ਨਾਟਕ ਆਦਿ ਸਭ ਲਿਖਿਆ ਜਾ ਰਿਹਾ ਹੈ। ਸਾਡੇ ਪੰਜਾਬ ਦੀ ਪੰਜਾਬੀ ਨਾਲੋਂ ਪੱਛਮੀ ਪੰਜਾਬ ਦੀ ਪੰਜਾਬੀ ਜਿ਼ਆਦਾ ਠੇਠ ਹੈ। ਉਨ੍ਹਾਂ ਦੇ ਮੂੰਹੋਂ ਪੰਜਾਬੀ ਸੁਣ ਕੇ ਵੀ ਮਜਾ ਆਉਂਦਾ ਹੈ ਅਤੇ ਉਨ੍ਹਾਂ ਦੀ ਪੰਜਾਬੀ ਪੜ੍ਹ ਕੇ ਵੀ। ਜੇ ਸਾਡੀ ਪੰਜਾਬੀ ਵਿਚ ਹਿੰਦੀ ਅਤੇ ਅੰਗਰੇਜ਼ੀ ਦੇ ਸ਼ਬਦ ਰੜਕਦੇ ਹਨ ਤਾਂ ਉਨ੍ਹਾਂ ਦੀ ਪੰਜਾਬੀ ਵਿਚ ਉਰਦੂ ਕੁਝ ਭਾਰੀ ਹੁੰਦਾ ਹੈ; ਪਰ ਅਜੋਕੇ ਸਮੇਂ ਵਿਚ ਭਾਸ਼ਾਵਾਂ ਵਿਚ ਅਜਿਹੇ ਰਲਾ ਤੋਂ ਬਚਣਾ ਮੁਸ਼ਕਿਲ ਹੀ ਹੈ। ਮੇਰੇ ਸਾਹਮਣੇ ਡਾ. ਹਰਬੰਸ ਸਿੰਘ ਧੀਮਾਨ ਦੀ ਲਿਪੀਅੰਤਰ ਅਤੇ ਸੰਪਾਦਕ ਕੀਤੀ ਲਹਿੰਦੇ ਪੰਜਾਬ ਦੇ ਕਹਾਣੀਕਾਰਾਂ ਦੀ ਕਿਤਾਬ ਪਈ ਹੈ, ਜੋ ਮੈਨੂੰ ਨਿਊ ਵੈਸਟਮਿੰਸਟਰ (ਵੈਨਕੂਵਰ) ਦੀ ਪਬਲਿਕ ਲਾਇਬ੍ਰੇਰੀ ਵਿਚੋਂ ਮਿਲੀ। ਮੈਂ ਬੱਚਿਆਂ ਨਾਲ ਲਾਇਬ੍ਰੇਰੀ ਗਿਆ। ਉਹ ਆਪਣੀਆਂ ਕਿਤਾਬਾਂ ਲੱਭ ਰਹੇ ਸਨ। ਮੈਂ ਵੀ ਲਾਇਬ੍ਰੇਰੀ ਦਾ ਚੱਕਰ ਲਾਉਣ ਲੱਗਿਆ।

ਲਾਇਬ੍ਰੇਰੀ ਬਹੁਤੀ ਵੱਡੀ ਤਾਂ ਨਹੀਂ, ਪਰ ਫਿਰ ਵੀ ਪੜ੍ਹਨ ਯੋਗ ਬਹੁਤ ਕਿਤਾਬਾਂ ਹਨ। ਮੈਨੂੰ ਪਤਾ ਸੀ ਕਿ ਕੈਨੇਡਾ ਦੀ ਕਰੀਬ ਹਰ ਲਾਇਬ੍ਰੇਰੀ ਵਿਚ ਹੀ ਪੰਜਾਬੀ ਦੀਆਂ ਕਿਤਾਬਾਂ ਜਰੂਰ ਹੁੰਦੀਆਂ ਹਨ। ਮੈਂ ਪੰਜਾਬੀ ਕਿਤਾਬਾਂ ਦੀ ਅਲਮਾਰੀ ਕੋਲ ਪਹੁੰਚ ਗਿਆ। ਉਥੇ ਪਈਆਂ ਕੁਝ ਕਿਤਾਬਾਂ ਮੈਂ ਪੜ੍ਹੀਆਂ ਹੋਈਆਂ ਹਨ। ਕਿਤਾਬਾਂ ਦੇਖਦੇ ਦੇਖਦੇ ਮੇਰੀ ਨਜ਼ਰ ਲਹਿੰਦੇ ਪੰਜਾਬ ਦੀਆਂ ਕਹਾਣੀਆਂ ਵਾਲੀ ਪੁਸਤਕ `ਤੇ ਗਈ। ਮੈਂ ਕਿਤਾਬ ਦਾ ਤਤਕਰਾ ਪੜ੍ਹਨ ਲੱਗਿਆ। ਮੈਨੂੰ ਹੈਰਾਨੀ ਹੋਈ ਕਿ ਸੰਪਾਦਕ ਨੇ 224 ਪੰਨਿਆਂ ਦੀ ਪੁਸਤਕ ਵਿਚ ਛੇ ਕਹਾਣੀਕਾਰਾਂ ਦੀਆਂ ਛੇ-ਛੇ ਕਹਾਣੀਆਂ ਦਰਜ ਕੀਤੀਆਂ ਹਨ। ਸੋ ਇਕ ਕਿਤਾਬ ਪੜ੍ਹ ਕੇ ਹੀ ਛੱਤੀ ਕਹਾਣੀਆਂ ਦਾ ਅਨੰਦ ਮਾਣਿਆ ਜਾ ਸਕਦਾ ਸੀ। ਇਨ੍ਹਾਂ ਛੇ ਕਹਾਣੀਕਾਰਾਂ `ਚੋਂ ਮੈਂ ਕਿਸੇ ਦੀ ਵੀ ਕੋਈ ਕਹਾਣੀ ਨਹੀਂ ਸੀ ਪੜ੍ਹੀ ਹੋਈ। ਸੋ ਮੈਂ ਵੀ ਇਹ ਕਿਤਾਬ ਆਪਣੇ ਪੜ੍ਹਨ ਲਈ ਲੈ ਆਇਆ। ਸੰਪਾਦਕ ਦੀ ਦਰਜ ਇਹ ਟਿੱਪਣੀ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ, “ਇਸ ਸੰਗ੍ਰਹਿ ਵਿਚ ਉਹ ਕਹਾਣੀਕਾਰ ਲਏ ਗਏ ਹਨ, ਜਿਹੜੇ ਆਪਣੀਆਂ ਕਹਾਣੀਆਂ ਵਿਚ ਆਪਣੇ ਹੀ ਛੇ ਰੰਗ ਪੇਸ਼ ਕਰਦੇ ਹਨ; ਜਿਸ ਵਿਚੋਂ ਇਕ ਨਵੀਂ ਅਤੇ ਇਕ ਨਿੱਘਰ ਸੋਚ ਬਣਾਈ ਜਾ ਸਕੇ, ਕਿਉਂ ਜੋ ਪੌਣਾ ਸਦੀ ਦੇ ਵਕਫੇ ਬਾਅਦ ਇਕ ਨਵੀਂ ਸੋਚ, ਆਲੋਚਨਾ ਦ੍ਰਿਸ਼ਟੀ ਅਤੇ ਸਭਿਆਚਾਰਕ ਸਾਂਝ ਪੈਦਾ ਕਰਕੇ ਇਸ ਖਿੱਤੇ ਵਿਚ ਵੰਡੇ ਦੋ ਧਰਾਤਲਾਂ ਦੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਸਮਝਣ ਅਤੇ ਨਵੇਂ ਪੈਂਡੇ ਉਸਾਰਨ ਵਿਚ ਮਦਦ ਮਿਲੇ।”

ਪ੍ਰਸਤੁਤ ਕਹਾਣੀ ਸੰਗ੍ਰਹਿ ਵਿਚ ਪਰਵੀਨ ਮਲਿਕ (ਲੰਮੀਆਂ ਵਾਟਾਂ, ਰੋਟੀ ਮੇਰੀ ਕਾਠ ਦੀ, ਜ਼ਾਤ ਬਰਾਦਰੀ, ਬਾਰਾਂ ਵਰਿਆਂ ਦਾ ਪੰਧ, ਏਥੇ ਕਿਵੇਂ ਗੁਜ਼ਾਰਨੇ ਜਿ਼ੰਦਗੀ ਨੂੰ, ਤਾਰੇ ਲਾਹਣੀ); ਜਮੀਲ ਅਹਿਮਦ ਪਾਲ (ਸ਼ਰੀਕੇ ਦੀ ਕਾਰ, ਆਪੋ ਆਪਣ ਖੂਹ, ਤਲਾਕ, ਬੱਜਲ, ਮਾਮੇ ਦੀ ਧੀ, ਰਾਇਲਟੀ); ਮਕਸੂਦ ਸਾਹਿਬ (ਸ਼ਹੀਦ, ਸੁੱਚਾ ਤਿੱਲਾ, ਲੂਹ, ਚੂ ਚੂ, ਸਵੈਟਰਾਂ ਵਾਲਾ, ਮੋਰਨੀ); ਫਰਹਾਦ ਖਾਲਿਦ ਧਾਰੀਵਾਲ (ਖਾਲੀ ਬੰਦਾ, ਮਾਸ, ਮਿੱਟੀ ਤੇ ਮਾਇਆ, ਘਰ, ਕਥਾ ਕਲਯੁੱਗ ਦੀ, ਵਟਾਂਦਰਾ); ਮਲਿਕ ਮਿਹਰ ਅਲੀ (ਹਿਜਰਤ, ਤਾਂਘ, ਕਬਰਸਤਾਨ ਦੀ ਭੀੜ, ਚਿੱਟਾ ਲਹੂ, ਪੁੱਠੀ ਤਾਰੀ, ਮਿੱਟੀ ਦੇ ਸੰਗਲ); ਕਰਾਮਾਤ ਅਲੀ ਮੁਗਲ (ਨਬੇੜਾ, ਤੂੰ, ਕਹਾਣੀ ਤੇ ਮੈਂ, ਭਾਰ, ਬੋਟੀ, ਮੁਅਜਜ਼ਾ, ਗੁੰਝਲਾਂ) ਦੀਆਂ ਕਹਾਣੀਆਂ ਸ਼ਾਮਲ ਹਨ।

ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿਚ ਕਈ ਰੰਗਾਂ ਦੀਆਂ ਕਹਾਣੀਆਂ ਹਨ। ਸਧਾਰਨ ਕਹਾਣੀਆਂ, ਵਧੀਆ, ਬਹੁਤ ਵਧੀਆ, ਪੜ੍ਹਨ ਤੋਂ ਬਾਅਦ ਯਾਦ ਰਹਿਣ ਵਾਲੀਆਂ, ਪ੍ਰਤੀਕਆਤਮਕ, ਮਨੋਵਿਗਿਆਨਕ, ਐਬਸਰਡ ਸ਼ੈਲੀ ਦੀਆਂ, ਚੇਤਨ ਪ੍ਰਵਾਹ ਵਿਧੀ ਦੀਆਂ। ਇਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਦੀ ਪੰਜਾਬੀ ਕਹਾਣੀ ਪ੍ਰੋੜ ਅਵਸਥਾ `ਤੇ ਪਹੁੰਚ ਚੁਕੀ ਹੈ ਅਤੇ ਕਹਾਣੀਕਾਰਾਂ ਦੀ ਸ਼ੈਲੀ ਪ੍ਰਭਾਵਸ਼ਾਲੀ ਹੈ। ਸੰਪਾਦਕ ਨੇ ਵੀ ਕਹਾਣੀਆਂ ਦੀ ਚੋਣ ਵੇਲੇ ਕਹਾਣੀਕਲਾ ਦੇ ਮਾਪਦੰਡਾਂ ਨੂੰ ਸਾਹਮਣੇ ਰੱਖਿਆ ਹੈ। ਇਨ੍ਹਾਂ ਕਹਾਣੀਆਂ ਤੋਂ ਇਕ ਗੱਲ ਹੋਰ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਕਰੀਬ ਕਰੀਬ ਇਕੋ ਹਨ ਤੇ ਇਨ੍ਹਾਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਵੀ ਇਕੋ ਜਿਹਾ ਹੀ ਹੈ।

ਮਸਲਨ ਊਚ-ਨੀਚ (ਜ਼ਾਤ-ਬਰਾਦਰੀ), ਮਰੀਜ ਨੂੰ ਬਚਾਉਣ ਲਈ ਖੂਨ ਵੀ ਆਪਣੇ ਧਰਮ ਦੇ ਆਦਮੀ ਦਾ ਲੈਣ ਦੀ ਜਿ਼ਦ (ਗੁੰਝਲਾਂ), ਔਰਤ ਪ੍ਰਤੀ ਰਵੱਈਆ (ਰੋਟੀ ਮੇਰੀ ਕਾਠ ਦੀ, ਵਟਾਂਦਰਾ), ਛੋਟੀ ਕਿਰਸਾਨੀ ਦਾ ਕਰਜ਼ ਹੇਠ ਦੱਬੇ ਹੋਣਾ, ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਦੇ ਰਾਹ ਪੈਣ ਦੀ ਸੋਚ/ਡਰ (ਕਥਾ ਇਕ ਕਲਯੁੱਗ ਦੀ), ਜਿ਼ਆਦਾ ਦਿਖਾਵਾ ਕਰਨ ਦਾ ਨੁਕਸਾਨ (ਸ਼ਰੀਕੇ ਦੀ ਕਾਰ), ਬੁਢਾਪੇ ਵਿਚ ਘਰ ਦੀ ਵਾਗ-ਡੋਰ ਨੂੰਹ ਦੇ ਹੱਥ ਆ ਜਾਣ ਕਰਕੇ ਮਾਪੇ ਆਪਣੀਆਂ ਧੀਆਂ ਨੂੰ ਵੀ ਆਪਣੀ ਮਰਜੀ ਨਾਲ ਕੁਝ ਦੇ ਨਹੀਂ ਸਕਦੇ (ਘਰ), ਬਿਲਡਰਾਂ ਵੱਲੋਂ ਮਕਾਨ ਬਣਾਉਣ ਵੇਲੇ ਘਟੀਆ ਸਮਾਨ ਦੀ ਵਰਤੋਂ ਕਰਨੀ, ਪਰ ਧਾਰਮਿਕ ਸਥਾਨ ਦੀ ਉਸਾਰੀ ਲਈ ਦਿਲ ਖੋਲ੍ਹ ਕੇ ਪੈਸਾ ਲਾਉਣਾ, ਮੀਡੀਆ ਵੱਲੋਂ ਵੀ ਕੁਦਰਤੀ ਆਫਤ ਸਮੇਂ ਅਡੋਲ ਖੜ੍ਹੇ ਅਜਿਹੇ ਸਥਾਨ ਨੂੰ ਕਰਾਮਾਤ ਦੱਸਿਆ ਜਾਣਾ (ਮੁਅਜਜ਼ਾ) ਆਦਿ।

ਉਪਰੋਕਤ ਵਿਸ਼ੇ ਤਾਂ ਪੱਛਮੀ ਅਤੇ ਪੂਰਬੀ ਪੰਜਾਬ ਦੇ ਵੱਖ ਹੋਣ ਤੋਂ ਪਹਿਲਾਂ ਵੀ ਮੌਜੂਦ ਸਨ, ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਆਇਆ ਇਕ ਰੁਝਾਨ ਵੀ ਦੋਵੇਂ ਪਾਸੇ ਇਕੋ ਜਿਹਾ ਹੀ ਹੈ। ਉਹ ਹੈ, ਪ੍ਰਕਾਸ਼ਕਾਂ ਵੱਲੋਂ ਲੇਖਕਾਂ ਦਾ ਸ਼ੋਸ਼ਣ। ਦੋਹਾਂ ਪੰਜਾਬ ਦੇ ਪ੍ਰਕਾਸ਼ਕ ਲੇਖਕਾਂ ਨੂੰ ਪੁਸਤਕਾਂ ਦਾ ਮਿਹਨਤਾਨਾ ਦੇਣ ਨਾਲੋਂ ਉਨ੍ਹਾਂ ਤੋਂ ਹੀ ਪੈਸੇ ਲੈ ਕੇ ਕਿਤਾਬਾਂ ਛਾਪਦੇ ਹਨ। ਜਮੀਲ ਅਹਿਮਦ ਨੇ ਆਪਣੀ ਕਹਾਣੀ ‘ਰਾਇਲਟੀ’ ਵਿਚ ਇਸ ਮੁੱਦੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ।

ਕਈ ਕਹਾਣੀਆਂ ਵਿਚ ਅਛੋਹ ਵਿਸ਼ੇ ਪ੍ਰਗਟਾਏ ਗਏ ਹਨ ਅਤੇ ਕੁਝ ਕਹਾਣੀਆਂ ਦੇ ਅੰਤ ਵਿਚ ਅਜਿਹਾ ਮੋੜ ਆਉਂਦਾ ਹੈ ਕਿ ਪੜ੍ਹਨ ਵਾਲਾ ਹੈਰਾਨ ਰਹਿ ਜਾਂਦਾ ਹੈ। ਮਸਲਨ ਪਰਵੀਨ ਮਲਿਕ ਦੀ ਕਹਾਣੀ ‘ਬਾਰਾਂ ਵਰਿਆਂ ਦਾ ਪੰਧ’ ਵਿਚ ਇਕ ਅਜਿਹੀ ਮੁਟਿਆਰ ਦੀ ਕਹਾਣੀ ਦਰਸਾਈ ਗਈ ਹੈ, ਜਿਸ ਦਾ ਰਿਸ਼ਤਾ ਉਸ ਨਾਲੋਂ ਬਾਰਾਂ ਸਾਲ ਛੋਟੇ ਲੜਕੇ ਨਾਲ ਤਹਿ ਹੋ ਜਾਂਦਾ ਹੈ, ਪਰ ਮੁੰਡਾ ਜਵਾਨ ਹੋ ਕੇ ਆਪਣੀ ਤੋਂ ਵੱਡੀ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ। ਮੁੰਡੇ-ਕੁੜੀ ਦੀਆਂ ਮਾਂਵਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਕੀਤਾ ਕੀ ਜਾਵੇ!

ਕਹਾਣੀ ਦਾ ਅੰਤ ਭਾਵੁਕ ਕਰ ਦੇਣ ਵਾਲਾ ਹੈ ਅਤੇ ਪਾਠਕਾਂ ਨੂੰ ਝੰਜੋੜਦਾ ਵੀ ਹੈ। “ਆਇਸ਼ਾ ਦੇ ਅੰਦਰ ਧੁਖਦੇ ਧੂੰਏਂ ਵਿਚੋਂ ਇਕਦਮ ਭਾਂਬੜ ਨਿਕਲੇ ਤੇ ਉਹ ਸੜਦੀ ਬਲਦੀ ਮਾਂ ਤੇ ਮਾਮੀ ਦੇ ਸਾਹਮਣੇ ਜਾ ਖਲੋਤੀ। ਉਹਨੇ ਕਹਿਰਵਾਨ ਅੱਖੀਆਂ ਨਾਲ ਉਨ੍ਹਾਂ ਵੱਲ ਵੇਖਿਆ ਤੇ ਬੋਲੀ, ਏਹ ਤੇ ਮੁੱਕਰ ਗਿਆ ਏ! ਤੁਸੀਂ ਦੱਸੋ ਮੇਰੇ ਬਾਰਾਂ ਵਰਿਆਂ ਦੇ ਪੰਧ ਦਾ ਹਿਸਾਬ ਕੌਣ ਦੇਵੇਗਾ?”

ਇਸ ਕਹਾਣੀ ਦੀ ਪਾਤਰ ਤਾਂ ਏਨੀ ਦਲੇਰ ਹੈ ਕਿ ਉਹ ਆਪਣੀ ਮਾਂ ਤੇ ਮਾਮੀ ਤੋਂ ਅਜਿਹਾ ਪ੍ਰਸ਼ਨ ਪੁੱਛ ਸਕਦੀ ਹੈ, ਪਰ ਇਸ ਦੇ ਉਲਟ ਫਰਹਾਦ ਖਾਲਿਦ ਧਾਰੀਵਾਲ ਦੀ ਕਹਾਣੀ ਦੀ ਨਾਇਕਾ ਕਹਾਣੀ ਦੇ ਅੰਤ ਵਿਚ ਬਹੁਤ ਹੀ ਲਾਚਾਰ ਦਿਖਾਈ ਗਈ ਹੈ ਅਤੇ ਉਸ ਦੀ ਮਾਂ ਹੀ ਉਸ ਨੂੰ ਹਾਲਾਤ ਨਾਲ ਸਮਝੌਤਾ ਕਰਨ ਲਈ ਪ੍ਰੇਰਦੀ ਹੈ। ਕਹਾਣੀ ਦੀ ਨਾਇਕਾ ਅਧਰੰਗ ਦਾ ਸ਼ਿਕਾਰ ਹੋ ਕੇ ਮੰਜੇ `ਤੇ ਪੈ ਜਾਂਦੀ ਹੈ।

ਕੁਝ ਸਮਾਂ ਤਾਂ ਉਸ ਦੀ ਮਾਂ ਲੰਘਾ ਜਾਂਦੀ ਹੈ। ਫਿਰ ਇਕ ਨੌਕਰਾਣੀ ਰੱਖਣੀ ਪੈਂਦੀ ਹੈ। ਇਸ ਨਾਲ ਘਰ ਦਾ ਕੰਮ ਤਾਂ ਸੁਖਾਲਾ ਹੋ ਗਿਆ, ਪਰ ਉਸ ਦਾ ਖਾਵੰਦ ਨੌਕਰਾਣੀ ਨਾਲ ਸੰਬੰਧ ਬਣਾ ਲੈਂਦਾ ਹੈ। ਨਾਇਕਾ ਜਦੋਂ ਪਤੀ ਨੂੰ ਪੁੱਛਦੀ ਹੈ ਤਾਂ ਗਾਲ੍ਹਾਂ ਸੁਣਦੀ ਹੈ। ਉਹ ਆਪਣੀ ਮਾਂ ਨੂੰ ਬੁਲਾਉਂਦੀ ਹੈ। ਮਾਂ ਆਪਣੀ ਧੀ ਨੂੰ ਸਮਝਾਉਂਦੀ ਹੈ, “ਭੁੱਖੇ ਬਘਿਆੜ ਨੂੰ ਛੇੜ ਕੇ ਘਰ ਉਜਾੜਨਾ ਈ ਆਪਣਾ? ਭਲਾ ਹੋਵੇ ਉਸ ਦਾ ਜਿੰਨੇ ਘਰ ਦੇ ਚੁੱਲੇ ਨਾਲ ਜੁੱਲਾ ਵੀ ਸੰਭਾਲਿਆ ਹੋਇਆ ਏ।” ਨਾਇਕਾ ਨੂੰ ਦਿਲ ਮਾਰ ਕੇ ਹਾਲਾਤ ਨਾਲ ਸਮਝੌਤਾ ਕਰਨਾ ਪੈਂਦਾ ਹੈ। ਪਾਠਕ ਨੂੰ ਇਹ ਸਮਝ ਨਹੀਂ ਪੈਂਦੀ ਕਿ ਉਹ ਅਧਰੰਗ ਦੀ ਮਾਰ ਝੱਲ ਰਹੀ ਔਰਤ ਨਾਲ ਹਮਦਰਦੀ ਜਤਾਵੇ ਜਾਂ ਉਸ ਦੇ ਪਤੀ ਨਾਲ, ਜੋ ਪਤਨੀ ਦੀ ਬਿਮਾਰੀ ਕਾਰਨ ਮਾਨਸਿਕ ਦੁਖ ਭੋਗ ਰਿਹਾ ਹੈ ਅਤੇ ਕੁਦਰਤੀ ਸਰੀਰਕ ਭੁੱਖ ਤੋਂ ਵੀ ਪ੍ਰੇਸ਼ਾਨ ਹੈ ਅਤੇ ਜਾਂ ਉਸ ਨੌਕਰਾਣੀ ਨਾਲ, ਜਿਸ ਨੂੰ ਮਾਲਕ ਦੀ ਹਵਸ ਦਾ ਸ਼ਿਕਾਰ ਹੋਣਾ ਪਿਆ?

ਫਰਹਾਦ ਖਾਲਿਦ ਦੀ ਹੀ ਇਕ ਹੋਰ ਕਹਾਣੀ ‘ਵਟਾਂਦਰਾ’ ਵਿਚ ਵੀ ਦੋ ਸੋਹਣੀਆਂ ਮੁਟਿਆਰਾਂ ਨੂੰ ਆਪਣੇ ਭਰਾਵਾਂ ਕਰਕੇ ਦਿਲ ਦੇ ਅਰਮਾਨਾਂ ਨੂੰ ਮਾਰਨਾ ਪੈਂਦਾ ਹੈ ਅਤੇ ਵੱਟੇ ਦੇ ਵਿਆਹ ਲਈ ਆਪਣੇ ਤੋਂ ਊਣੇ ਆਦਮੀਆਂ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਣਾ ਪੈਂਦਾ ਹੈ। ਤੇਜੋ ਨੂੰ ਇਕ ਵਾਰ ਨਹੀਂ, ਦੋ ਵਾਰ ਇਹ ਅੱਕ ਚੱਬਣਾ ਪੈਂਦਾ ਹੈ। ਲੇਖਕ ਨੇ ਤੇਜੋ ਦੇ ਦੁਖਾਂਤ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਖਾਲਿਦ ਦੀਆਂ ਸਾਰੀਆਂ ਕਹਾਣੀਆਂ ਹੀ ਮਨੁੱਖੀ ਮਨ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਾਕਾਰ ਕਰਨ ਵਾਲੀਆਂ ਹਨ। ਅਜਿਹਾ ਸਾਹਿਤ ਸਦਾ ਹੀ ਆਪਣੀ ਮਹਿਕ ਖਿਲਾਰਦਾ ਰਹਿੰਦਾ ਹੈ।

ਭਾਰਤ-ਪਾਕਿ ਵੰਡ ਨੇ ਦੋਵੇਂ ਪਾਸੇ ਹੀ ਦੁੱਖਾਂ ਦੀ ਹਨੇਰੀ ਝੁਲਾਈ। ਲੋਕਾਂ ਨੂੰ ਭਰੇ-ਭਕੁੰਨੇ ਘਰ ਛੱਡ ਕੇ ਘਰੋਂ ਬੇਘਰ ਹੋਣਾ ਪਿਆ, ਪਰ ਉਨ੍ਹਾਂ ਦੇ ਦਿਲ ਵਿਚ ਆਪਣੇ ਪੁਰਾਣੇ ਘਰ ਦੀ ਯਾਦ ਰੜਕਦੀ ਰਹੀ। ਜੇ ਕਿਸੇ ਨੂੰ ਆਪਣੇ ਇਲਾਕੇ ਦਾ ਕੋਈ ਬੰਦਾ ਟੱਕਰ ਜਾਣਾ ਤਾਂ ਉਸ ਤੋਂ ਸਾਰੇ ਇਲਾਕੇ ਦਾ ਹਾਲ ਪੁੱਛਣਾ। ਜੇ ਕਿਤੇ ਆਪਣੇ ਘਰ ਦੇ ਨੇੜੇ ਰਹਿਣ ਵਾਲਾ ਮਿਲ ਜਾਣਾ ਤਾਂ ਇਹ ਪੁੱਛਣਾ ਕਿ ਹੁਣ ਉਥੇ ਕੌਣ ਰਹਿੰਦਾ ਹੈ, ਕੀ ਘਰ ਉਸੇ ਤਰ੍ਹਾਂ ਹੀ ਜਾਂ ਬਦਲ ਗਿਆ ਹੈ?

ਮਕਸੂਦ ਸਾਹਿਬ ਦੀ ਕਹਾਣੀ ‘ਸੁੱਚਾ ਤਿੱਲਾ’ ਵੀ ਇਹੋ ਜਿਹੀ ਕਹਾਣੀ ਹੈ। ਕਹਾਣੀ ਦਾ ਪਾਤਰ ਆਪਣੇ ਸਾਥੀ ਨੂੰ ਆਪਣੀ ਪੁਰਾਣੀ ਕਹਾਣੀ ਸੁਣਾਉਂਦਾ ਹੋਇਆ ਦੱਸਦਾ ਹੈ ਕਿ ਵੰਡ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਆਉਣਾ ਪਿਆ। ਉਨ੍ਹਾਂ ਦਾ ਜੁੱਤੀਆਂ ਬਣਾਉਣ ਦਾ ਕੰਮ ਸੀ। ਪਾਕਿਸਤਾਨ ਵਿਚ ਜੁੱਤੀਆਂ ਦੀ ਕਢਾਈ ਲਈ ਸੁੱਚਾ ਤਿੱਲਾ ਨਹੀਂ ਸੀ ਮਿਲਦਾ। ਕੁਝ ਸਾਥੀਆਂ ਨੇ ਚੋਰੀ-ਛਿਪੇ ਬਾਰਡਰ ਟੱਪ ਕੇ ਅੰਮ੍ਰਿਤਸਰ ਚਲੇ ਜਾਣਾ ਅਤੇ ਸੁੱਚਾ ਤਿੱਲਾ ਲੈ ਆਉਣਾ, ਪਰ ਇਕ ਵਾਰ ਉਹ ਪਕੜਿਆ ਗਿਆ।

ਜਿਹੜੇ ਜੱਜ ਦੇ ਕੇਸ ਲੱਗਿਆ, ਉਹ ਕੁਦਰਤੀ ਪਾਕਿਸਤਾਨ ਦੇ ਉਸ ਮੁਹੱਲੇ ਵਿਚ ਹੀ ਰਹਿੰਦਾ ਸੀ, ਜਿਸ ਵਿਚ ਇਹ ਦੋਸ਼ੀ। ਜਦੋਂ ਜੱਜ ਨੂੰ ਗੱਲਾਂ ਗੱਲਾਂ ਵਿਚ ਇਹ ਪਤਾ ਲੱਗਿਆ ਕਿ ਇਹ ਆਦਮੀ ਉਨ੍ਹਾਂ ਦੇ ਘਰ ਵਿਚ ਹੀ ਰਹਿੰਦਾ ਹੈ ਤਾਂ ਉਸ ਨੇ ਦੋਸ਼ੀ ਨੂੰ ਛੱਡ ਦਿੱਤਾ। ਇਹੋ ਨਹੀਂ, ਕਈ ਦਿਨ ਆਪਣੇ ਘਰ ਰੱਖਿਆ, ਉਸ ਦੇ ਕਾਗਜ਼-ਪੱਤਰ ਬਣਵਾ ਕੇ ਉਸ ਨੂੰ ਬਾਰਡਰ ਤੱਕ ਛੱਡ ਕੇ ਆਇਆ ਅਤੇ ਬਹੁਤ ਸਾਰਾ ਸੁੱਚਾ ਤਿੱਲਾ ਵੀ ਲੈ ਕੇ ਦਿੱਤਾ। ਇਹੋ ਨਹੀਂ, ਬਾਅਦ ਵਿਚ ਵੀ ਤਿੱਲਾ ਭੇਜਦਾ ਰਿਹਾ। ਇਹ ਕਹਾਣੀ ਪੜ੍ਹ ਕੇ ਉਨ੍ਹਾਂ ਅਣਗਿਣਤ ਲੋਕਾਂ ਦੇ ਦਿਲ ਦਾ ਦਰਦ ਪਾਠਕ ਵੀ ਮਹਿਸੂਸ ਕਰਦੇ ਹਨ, ਜਿਨ੍ਹਾਂ ਨੂੰ ਹਾਲਾਤ ਨੇ ਹਿਜਰਤ ਕਰਨ ਲਈ ਮਜਬੂਰ ਕੀਤਾ ਸੀ। ਜਦੋਂ ਪਾਠਕਾਂ ਦੀ ਅਜਿਹੀ ਭਾਵਨਾਤਮਕ ਸਾਂਝ ਕਿਸੇ ਸਾਹਿਤਕ ਕਿਰਤ ਨਾਲ ਪੈ ਜਾਵੇ ਤਾਂ ਅਜਿਹਾ ਸਾਹਿਤ ਚਿਰ ਜੀਵੀ ਹੋ ਜਾਂਦਾ ਹੈ। ਇਸ ਸੰਗ੍ਰਹਿ ਦੀ ਕਈ ਹੋਰ ਕਹਾਣੀਆਂ ਜਿਵੇਂ: ਮਾਮੇ ਦੀ ਧੀ, ਖਾਲੀ ਬੰਦਾ, ਚਿੱਟਾ ਲਹੂ, ਬੱਜਲ ਆਦਿ ਵੀ ਚਰਚਾ ਯੋਗ ਕਹਾਣੀਆਂ ਹਨ। ਕਹਾਣੀਆਂ ਵਿਚ ਵਰਤੇ ਛੋਟੇ ਛੋਟੇ ਵਾਰਤਾਲਾਪ ਕਹਾਣੀਆਂ ਦੀ ਤੋਰ ਨੂੰ ਤੇਜ਼ ਕਰਦੇ ਹਨ। ਕਿਤੇ ਕਿਤੇ ਵਿਅੰਗ ਵੀ ਵਧੀਆ ਹੈ। ‘ਮੁਅਜਜ਼ਾ’ ਕਹਾਣੀ ਦਾ ਇਹ ਬਿਆਨ:

ਮਸੀਤ ਦੀ ਇਮਾਰਤ ਉਸਰ ਗਈ।
ਕਬਰਿਸਤਾਨ ਖਾਲੀ ਪਿਆ ਏ।
ਨਾ ਕੋਈ ਸਕੂਲ ਬਣਿਆ ਏ, ਨਾ ਲਾਇਬ੍ਰੇਰੀ ਦੀ ਸੋਚ ਏ।

ਪੁਸਤਕ ਦੇ ਮੁੱਢ ਵਿਚ ਡਾ. ਧੀਮਾਨ ਨੇ ਪਾਕਿਸਤਾਨ ਦੀ ਪੰਜਾਬੀ ਕਹਾਣੀ ਨਾਲ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ‘ਲਹਿੰਦੇ ਪੰਜਾਬ ਦੀ ਕਹਾਣੀ ਦਾ ਸਫਰ’ ਪੜ੍ਹ ਕੇ ਪਾਠਕਾਂ ਨੂੰ ਸੰਬੰਧਤ ਵਿਸ਼ੇ `ਤੇ ਕਾਫੀ ਪੁਖਤਾ ਜਾਣਕਾਰੀ ਮਿਲ ਜਾਂਦੀ ਹੈ। ਪੁਸਤਕ ਦੇ ਅੰਤ ਵਿਚ ਲੇਖਕਾਂ ਸੰਬੰਧੀ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ ਹੈ। ਕਹਾਣੀਆਂ ਵਿਚ ਥਾਂ ਪੁਰ ਥਾਂ ਉਰਦੂ ਦੇ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਅਰਥ ਸਾਡੇ ਪਾਠਕਾਂ ਨੂੰ ਨਹੀਂ ਪਤਾ। ਅਜਿਹੇ ਸ਼ਬਦਾਂ ਦੇ ਅਰਥ ਫੁਟ-ਨੋਟ ਵਿਚ ਦੇ ਦਿੱਤੇ ਜਾਂਦੇ ਤਾਂ ਹੋਰ ਵੀ ਵਧੀਆ ਹੁੰਦਾ।

ਪੰਜਾਬੀ ਦੇ ਜਿਹੜੇ ਪਾਠਕ ਲਹਿੰਦੇ ਪੰਜਾਬ ਦੀ ਪੰਜਾਬੀ ਕਹਾਣੀ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਪੁਸਤਕ ਜਰੂਰ ਪੜ੍ਹਨੀ ਚਾਹੀਦੀ ਹੈ। ਡਾ. ਹਰਬੰਸ ਸਿੰਘ ਧੀਮਾਨ ਨੇ ਸ਼ਾਹਮੁਖੀ ਵਿਚ ਰਚੇ ਸਾਹਿਤ ਦਾ ਲਿਪੀਅੰਤਰ ਕਰਨ ਵਿਚ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਗੁਰਮੁਖੀ ਲਿਪੀ ਅਤੇ ਸ਼ਾਹਮੁਖੀ ਲਿਪੀ ਵਿਚ ਰਚੇ ਸਾਹਿਤ ਦਾ ਲਿਪੀਅੰਤਰ ਕਰਕੇ ਦੋਹਾਂ ਪੰਜਾਬਾਂ ਦੇ ਪਾਠਕਾਂ ਨੂੰ ਨੇੜੇ ਲਿਆਉਣ ਲਈ ਅਜਿਹੇ ਉੱਦਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਇਹ ਪੁਸਤਕ ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਲੋਕ-ਸਾਹਿਤ: ਘੋੜੀਆਂ

    • ਮਨਮੋਹਨ ਸਿੰਘ ਦਾਉ
    Nonfiction
    • Linguistics
    • +1

    ਸਨਮਾਨ ਨਹੀਂ, ਇਮਤਿਹਾਨ

    • ਪਰਮਜੀਤ ਕੌਰ ਸਰਹਿੰਦ
    Nonfiction
    • Linguistics

    ਪੰਜਾਬੀ ਭਾਸ਼ਾ ਦਾ ਇਤਿਹਾਸ

    • ਬਲਜਿੰਦਰ ਭਨੋਹੜ
    Nonfiction
    • Linguistics

    ਪੰਜਾਬੀਓ! ਪੰਜਾਬੀ ਅਪਣਾਓ ਪੰਜਾਬ ਬਚਾਓ...

    • ਡਾ. ਰਣਜੀਤ ਸਿੰਘ
    Nonfiction
    • Linguistics

    ਪੰਜਾਬੀ ਸੂਬਾ ਅਤੇ ਪੰਜਾਬੀ ਭਾਸ਼ਾ ਤੋਂ ਇਲਾਵਾ ਆਦਰਸ਼

    • ਪਰਮਜੀਤ ਢੀਂਗਰਾ
    Nonfiction
    • Linguistics

    ਸਮਾਜਕ ਤੇ ਭੁਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦੈ ਭਾਸ਼ਾਵਾਂ ਦਾ ਆਪਸੀ ਸਬੰਧ

    • ਸੁਸ਼ੀਲ ਦੋਸਾਂਝ
    Nonfiction
    • Linguistics

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link