• Home
  • Explore
  • Magazine
    • Events
    • Business Directory
    • Places
Free Listing
Sign in or Register
Free Listing

ਕਹਾਣੀ: ‘ਮੈਂ ਰੋ ਨਾ ਲਵਾਂ ਇੱਕ ਵਾਰ!’ ਦਾ ਸੱਚ

ਜਸਵੰਤ ਸਿੰਘ ਸੰਧੂ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Story
  • Report an issue
  • prev
  • next
Article

ਉਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ‘ਸਿਰਜਣਾ’ ਵਿਚ ਛਪੀ ਕਹਾਣੀ ‘ਮੈਂ ਰੋ ਨਾ ਲਵਾਂ ਇੱਕ ਵਾਰ’ ਮੈਂ ਤਿੰਨ ਵਾਰ ਪੜ੍ਹੀ, ਜਿਸ ਵਿਚ ਉਸ ਨੇ ਅਜੋਕੇ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸਿਸਟਮ ਨੂੰ ਬਿਆਨ ਕਰ ਕੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰ ਦਿੱਤਾ ਹੈ। ਮੈਂ ਉਹਦੀਆਂ ਅੱਜ ਤੱਕ ਲਿਖੀਆਂ ਸਾਰੀਆਂ ਕਹਾਣੀਆਂ ਪੜ੍ਹੀਆਂ ਨੇ। ਉਹ ਤਹਿਰੀਰ ਤੇ ਤਕਰੀਰ ਦਾ ਚੈਂਪੀਅਨ ਹੈ। ਉਸ ਨਾਲ ਮੇਰਾ ਮੇਲ 1962 ਵਿਚ ਹੋਇਆ, ਜਦ ਅਸੀਂ ਜੇ. ਬੀ. ਟੀ. ਕਰਨ ਲਈ ਸਰਹਾਲੀ ਦੇ ਜੇ. ਬੀ. ਟੀ. ਸਕੂਲ ਵਿਚ ਦਾਖਲ ਹੋਏ। ਉਸ ਵਕਤ ਉਹ 17 ਸਾਲਾਂ ਦਾ ਖੂਬਸੂਰਤ ਅਨਦਾੜ੍ਹੀਆ ਗੱਭਰੂ ਸੀ। ਮੇਰੇ ਨਾਲ ਸਾਡੀਆਂ ਰੁਚੀਆਂ ਤੇ ਇਲਾਕੇ ਦੀ ਸਾਂਝ ਕਰ ਕੇ ਉਹਦੀ ਗੂੜ੍ਹੀ ਦੋਸਤੀ ਹੋ ਗਈ। ਉਸ ਸਾਲ ਸਾਰੇ ਪੰਜਾਬ ਦੇ ਜੇ. ਬੀ. ਟੀ. ਸਕੂਲਾਂ ਦੀਆਂ ਖੇਡਾਂ ਸ਼ੁਰੂ ਹੋਈਆਂ। ਅੰਮ੍ਰਿਤਸਰ ਜਿਲੇ ਦੇ ਸਕੂਲਾਂ ਦੀਆਂ ਖੇਡਾਂ ਸਰਹਾਲੀ ਵਿਚ ਹੋਈਆਂ। ਸਾਰੇ ਜਿਲੇ ਵਿਚੋਂ ਵਿਦਿਆਰਥੀਆਂ ਦੀਆਂ ਵੱਖ ਵੱਖ ਟੀਮਾਂ ਸਰਹਾਲੀ ਪੁੱਜੀਆਂ। ਵਰਿਆਮ ਸੰਧੂ ਵਾਲੀਬਾਲ ਤੇ ਫੁੱਟਬਾਲ ਦਾ ਵਧੀਆ ਖਿਡਾਰੀ ਸੀ। ਉੱਚੀ ਛਾਲ ਲਾਉਣ ਵਿਚ ਮੰਨਿਆ ਹੋਇਆ ਅਥਲੀਟ। ਸਾਡੇ ਸਕੂਲ ਦੀ ਵਾਲੀਬਾਲ ਦੀ ਟੀਮ ਤਾਂ ਫਾਈਨਲ ਵਿਚੋਂ ਹਾਰ ਗਈ, ਪਰ ਫੁੱਟਬਾਲ ਦੀ ਟੀਮ ਜਿਲਾ, ਫੇਰ ਜਲੰਧਰ ਡਿਵੀਜ਼ਨ ਜਿੱਤ ਕੇ ਪਟਿਆਲੇ ਹੋਈਆਂ ਪੰਜਾਬ ਖੇਡਾਂ ਵਿਚ ਬਾਜ਼ੀ ਮਾਰ ਗਈ। ਵਰਿਆਮ ਇਸ ਟੀਮ ਦਾ ਮੈਂਬਰ ਸੀ, ਪਰ ਉੱਚੀ ਛਾਲ ਵਿਚੋਂ ਉਹਨੇ ਕਮਾਲ ਕਰ ਦਿੱਤਾ। ਉਹ ਜਿਲਾ, ਡਿਵੀਜ਼ਨ ਜਿੱਤਦਾ ਹੋਇਆ ਪਟਿਆਲੇ ਹੋਈਆਂ ਪੰਜਾਬ-ਖੇਡਾਂ ਵਿਚ ਉੱਚੀ ਛਾਲ ਮਾਰਨ ਵਿਚ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਆ ਗਿਆ। ਅੱਜ ਉਹ ਕਹਾਣੀ ਸੰਸਾਰ ਦੇ ਮੈਦਾਨ ਵਿਚ ਵੀ ਉੱਚੀਆਂ ਛਾਲਾਂ ਮਾਰ ਰਿਹਾ ਹੈ। 1962 ਵਿਚ ਉਸ ਵੇਲੇ ਉਹਦੀਆਂ ਕਹਾਣੀਆਂ ‘ਅਕਾਲੀ ਪੱਤ੍ਰਿਕਾ’ ਅਖਬਾਰ ਵਿਚ ਛਪ ਚੁਕੀਆਂ ਸਨ। ਮੈਂ ਇਹ ਕਹਾਣੀਆਂ ਉਸ ਕੋਲੋਂ ਲੈ ਕੇ ਪੜ੍ਹੀਆਂ।

ਮੈਂ ਹੈਰਾਨ ਹੋਇਆ ਕਿ ਐਨੀ ਛੋਟੀ ਉਮਰ ਵਿਚ ਇਸ ਛੀਟਕੇ ਜਿਹੇ ਮੁੰਡੇ ਨੇ ਇਹ ਕਹਾਣੀਆਂ ਲਿਖੀਆਂ ਨੇ। ‘ਕਹਾਣੀ’ ਰਿਸਾਲੇ ਵਿਚ ਉਹਦੀਆਂ ਗੁਰਮੁਖ ਸਿੰਘ ਮੁਸਾਫਿਰ ਦੀਆਂ ਰੁਬਾਈਆਂ ਦੇ ਸਾਹਮਣੇ ਇੱਕੋ ਸਫੇ ’ਤੇ ਚਾਰ ਰੁਬਾਈਆਂ ਛਪੀਆਂ ਸਨ। ਭਾਵੇਂ ਉਸ ਵੇਲੇ ਇਹ ਵੀ ਬੜੀ ਵੱਡੀ ਗੱਲ ਲੱਗਦੀ ਸੀ, ਪਰ ਮੈਨੂੰ ਕੀ ਪਤਾ ਸੀ ਕਿ ਜਿਵੇਂ ਬੋਹੜ ਦੇ ਛੋਟੇ ਜਿਹੇ ਬੀਜ ਵਿਚ ਬੋਹੜ ਦਾ ਵੱਡਾ ਸਾਰਾ ਰੁੱਖ ਲੁਕਿਆ ਹੁੰਦਾ ਹੈ, ਇਸ ਨੌਜਵਾਨ ਵਿਚ ਵੀ ਭਵਿੱਖ ਦਾ ਵੱਡਾ ਕਹਾਣੀਕਾਰ ਲੁਕਿਆ ਹੋਇਆ ਹੈ। ਲਿਖਣ ਦੇ ਉਸ ਤੋਂ ਬਾਅਦ ਵਾਲੇ ਦੌਰ ਵਿਚ ਪਹਿਲਾਂ-ਪਹਿਲਾਂ ਉਸ ਨੇ ਨਕਸਲਬਾੜੀ ਲਹਿਰ ਦੇ ਪ੍ਰਭਾਵ ਥੱਲੇ ਵੀ ਕਹਾਣੀਆਂ ਲਿਖੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਉਹਦੇ ਪਹਿਲੇ ਕਹਾਣੀ ਸੰਗ੍ਰਹਿ ‘ਲੋਹੇ ਦੇ ਹੱਥ’ ਵਿਚ ਦਰਜ ਹਨ। ਉਸ ਵੇਲੇ ਦੇ ਕੁਝ ਨਕਸਲੀ ਲੇਖਕ ਸਿੱਖ ਧਰਮ ਦੇ ਤਤਕਾਲੀ ਸਿੱਖ ਆਗੂਆਂ ਤੋਂ ਖਿਝੇ ਸਿੱਖ ਧਰਮ ਦਾ ਮਜ਼ਾਕ ਉਡਾਉਣ ਤੱਕ ਚਲੇ ਜਾਂਦੇ ਸਨ। ਉਨ੍ਹਾਂ ਦੇ ਜਵਾਬ ਵਿਚ ਸ਼ਾਇਦ ਪਾਸ਼ ਨੂੰ ਜਵਾਬ ਦਿੰਦਿਆਂ ਉਸ ਨੇ ‘ਰੋਹਿਲੇ ਬਾਣ’ ਮੈਗਜ਼ੀਨ ਵਿਚ ਇਕ ਲੇਖ ਲਿਖ ਕੇ ਕਿਹਾ ਕਿ ਸਾਨੂੰ ਸਿੱਖ ਧਰਮ ਦੇ ਚਾਨਣੇ ਤੇ ਇਨਕਲਾਬੀ ਪੱਖ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਇਹ ਤਾਂ ਕੱਚ-ਘਰੜ ਸਾਧ ਪ੍ਰਚਾਰਕਾਂ ਨੇ ਵਰ, ਸਰਾਪ ਤੇ ਕਰਾਮਾਤਾਂ ਦੀਆਂ ਸਾਖੀਆਂ ਸੁਣਾ-ਸੁਣਾ ਕੇ ਲੋਕਾਂ ਨੂੰ ਅੰਧ-ਵਿਸ਼ਵਾਸੀ ਬਣਾ ਦਿੱਤਾ ਹੈ। ਉਹਦਾ ਮੰਨਣਾ ਸੀ ਕਿ ਬੇਗਾਨੀਆਂ ਧਰਤੀਆਂ ਦੀਆਂ ‘ਲਾਲ ਛਤਰੀਆਂ’ ਲੈ ਕੇ ਤੇ ਭਗਤ ਸਿੰਘ ਵਾਲਾ ਟੋਪ ਪਾ ਕੇ ਹੀ ਇਨਕਲਾਬ ਨਹੀਂ ਆ ਜਾਣਾ। ਇਸ ਵਾਸਤੇ ਸਾਨੂੰ ਭਗਤ ਸਿੰਘ ਦੇ ਟੋਪ ਹੇਠਲੇ ਸਿਰ ਵਿਚਲੇ ਵਿਚਾਰਾਂ ਨੂੰ ਸਮਝਣਾ ਪਵੇਗਾ ਤੇ ਨਾਲ ਹੀ ਪੰਜਾਬ ਦੇ ਇਨਕਲਾਬੀ ਇਤਿਹਾਸ, ਆਪਣੀ ਧਰਤੀ ਦੀਆਂ ਜੜ੍ਹਾਂ ਨਾਲ ਜੁੜ ਕੇ ਹੀ ਇਨਕਲਾਬ ਆ ਸਕੇਗਾ।

ਉਸ ਵੇਲੇ ਤੋਂ ਚਲੀ ਆ ਰਹੀ ਹੈ ਸਾਡੀ ਦੋਸਤੀ। ਉੱਤੇ ਮੈਂ ਵਰਿਆਮ ਸੰਧੂ ਤੇ ਆਪਣੀਆਂ ਸਾਂਝੀਆਂ ਰੁਚੀਆਂ ਦਾ ਜ਼ਿਕਰ ਕੀਤਾ ਸੀ। ਉਹ ਅਤੇ ਮੈਂ ਢਾਡੀਆਂ ਨੂੰ ਸੁਣਨਾ ਬਹੁਤ ਪਸੰਦ ਕਰਦੇ ਸਾਂ। ਅੱਜ ਦੇ ਗਾਇਕ-ਗਾਇਕਾਵਾਂ ਨੇ ਨੰਗੇਜਵਾਦੀ ਤੇ ਅਸ਼ਲੀਲ ਗਾਣਿਆਂ ਰਾਹੀਂ ਨੌਜਵਾਨੀ ਦੀ ਜੜ੍ਹ ਪੁੱਟ ਕੇ ਰੱਖ ਦਿੱਤੀ ਹੈ। ਪੰਜਾਬ ਦੀ ਵੰਡ ਵੇਲੇ ਆਪਣੀਆਂ ਜਨਮ-ਭੂਮੀਆਂ ਛੱਡਣ ਵਾਲੇ ਲੋਕ ਦੁਬਾਰਾ ਆਪਣੀਆਂ ਜਨਮ-ਭੂਮੀਆਂ ਨੂੰ ਵੇਖਣ ਲਈ ਤਰਸਦੇ ਪਏ ਨੇ, ਪਰ ਅੱਜ ਦੀ ਨੌਜਵਾਨੀ ਠੱਗ ਟਰੈਵਲ ਏਜੰਟਾਂ ਦੇ ਟੇਟੇ ਚੜ੍ਹ ਕੇ ਮੌਤ ਨੂੰ ਮਾਸੀ ਬਣਾ ਰਹੀ ਹੈ। ਸੋਹਣ ਸਿੰਘ ਸੀਤਲ ਨੇ ਠੀਕ ਹੀ ਲਿਖਿਆ ਸੀ, ‘ਜੇਕਰ ਮੈਨੂੰ ਰੱਜਵੀਂ ਰੋਟੀ ਦੇਂਦਾ ਮੇਰਾ ਦੇਸ, ਮੈਂ ਕਿਉਂ ਜਾਂਦਾ ਪਰਦੇਸ।’ ਵਰਿਆਮ ਸੰਧੂ ਛੋਟੀ ਉਮਰ ਤੋਂ ਹੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕਹਾਣੀਆਂ ਲਿਖਦਾ ਆ ਰਿਹਾ ਹੈ ਤੇ ਉਸ ਨੂੰ ਲਿਖਦਿਆਂ ਸੱਠ ਸਾਲ ਹੋਣ ਵਾਲੇ ਨੇ। ਜਿਵੇਂ ਪਿਆਰਾ ਸਿੰਘ ਪੰਛੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਕਵਿਤਾ ਵਿਚ ਲਿਖਿਆ ਹੈ, ‘ਨਿਕਲੇ ਫਰਕ ਕਿਵੇਂ ਉੱਚੀਆਂ ਨੀਵੀਆਂ ਜਾਤਾਂ ਦਾ, ਝਗੜੇ ਮਿਟਣ ਕਿਸ ਤਰ੍ਹਾਂ ਹਿੰਦੂ-ਮੁਸਲਮਾਨ ਦੇ। ਇਨ੍ਹਾਂ ਫਿਕਰਾਂ ਦੇ ਵਿਚ ਛੋਟੀ ਉਮਰੇ ਨਾਨਕ ਨੂੰ, ਚੇਤੇ ਭੁੱਲ ਗਏ ਹੱਸਣ-ਖੇਡਣ, ਖਾਣ-ਹੰਢਾਣ ਦੇ।’ ਵਰਿਆਮ ਨੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਕੇ, ਲੋਕਾਂ ਨਾਲ ਖਲੋ ਕੇ, ਜੋਕਾਂ ਨੂੰ ਅਤੇ ਭਾਈ ਲਾਲੋਆਂ ਨਾਲ ਖਲੋ ਕੇ ਮਲਕ ਭਾਗੋਆਂ ਨੂੰ ਨਿੰਦਿਆ ਹੈ। ਉਹਨੇ ਇਸ਼ਕ-ਮੁਸ਼ਕ ਵਾਲੀਆਂ ਚਲੰਤ ਕਹਾਣੀਆਂ ਲਿਖਣ ਦੀ ਥਾਂ ਜਨ-ਸਧਾਰਨ ਦੇ ਦੁੱਖ-ਦਰਦ ਵਿਚ ਭਿੱਜ ਕੇ ਉਨ੍ਹਾਂ ਬਾਰੇ ਲਿਖਿਆ ਹੈ। ਅੱਜ ਵੋਟਾਂ ਵਾਸਤੇ ਧਰਮ, ਭਾਸ਼ਾ ਤੇ ਜਾਤ-ਪਾਤ ਦੇ ਨਾਂ ’ਤੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ ਹੈ। ਇਸ ਦੀ ਨੀਂਹ ਸਾਡੇ ਸਿਆਸਤਦਾਨਾਂ ਨੇ ਆਪ ਰੱਖੀ। ਪੰਜਾਬ ਨੂੰ ਭਾਸ਼ਾ ਦੇ ਨਾਂ ’ਤੇ ਵੰਡਾ ਦਿੱਤਾ। ਅੱਜ ਇਹ ਲੋਕ ਗੁਰਦੁਆਰੇ ਤੇ ਮੜ੍ਹੀਆਂ ਨੂੰ ਇੱਕ ਕਰਨ ਦੀ ਗੱਲ ਕਰ ਰਹੇ ਹਨ। 1952 ਦੀ ਮੁਰੱਬੇਬੰਦੀ ਮੇਰੀ ਸੰਭਾਲ ਵਿਚ ਹੋਈ ਸੀ। ਜੇ ਏਨੇ ਹੀ ਸੱਚੇ-ਸੁੱਚੇ ਇਨਸਾਨ ਸਨ ਤਾਂ ਉਸ ਵਕਤ ਮਜ਼੍ਹਬੀ ਸਿੱਖਾਂ ਦੇ ਮੜ੍ਹੀਆਂ ਦੇ ਥਾਂ ਵੱਖ ਵੱਖ ਕਿਉਂ ਰੱਖੇ ਗਏ? ਵਰਿਆਮ ਸੰਧੂ ਦੀ ‘ਮੈਂ ਰੋ ਨਾ ਲਵਾਂ ਇੱਕ ਵਾਰ!’ ਅਤੇ ਉਸ ਤੋਂ ਪਹਿਲਾਂ ਲਿਖੀ ਕਹਾਣੀ ‘ਨੌਂ ਬਾਰਾਂ ਦਸ’ ਇਨ੍ਹਾਂ ਨਿਮਨ ਸ਼੍ਰੇਣੀਆਂ ਦੇ ਦਰਦ ਦੀਆਂ ਹੀ ਦਾਸਤਾਨ ਹਨ। ਮੈਨੂੰ ਮੰਨਣ ਵਿਚ ਕੋਈ ਹਿਚਕਚਾਹਟ ਨਹੀਂ ਕਿ ‘ਮੈ ਰੋ ਨਾ ਲਵਾਂ ਇੱਕ ਵਾਰ!’ ਕਹਾਣੀ ਵੀ ‘ਨੌਂ ਬਾਰਾਂ ਦਸ’ ਕਹਾਣੀ ਵਾਂਗ ਮੇਰੇ ਪਰਿਵਾਰ ਅਤੇ ਪਿੰਡ ਨਾਲ ਬਹੁਤ ਹੱਦ ਤੱਕ ਸਬੰਧਤ ਹੈ। ‘ਬਹੁਤ ਹੱਦ ਤੱਕ’ ਮੈਂ ਇਸ ਕਰ ਕੇ ਕਿਹਾ ਹੈ ਕਿ ਇਸ ਦਾ ਪਾਤਰ ਨਿੰਦਰ ਤੇ ਉਹਦੀ ਮਾਂ ਹਕੀਕਤ ਵਿਚ ਮੇਰੇ ਕੋਲ ਕੰਮ ਕਰਦੇ ਸਨ। ਨਿੰਦਰ ਦਾ ਅਸਲੀ ਕਿਰਦਾਰ ਇਸ ਕਹਾਣੀ ਦਾ ਆਧਾਰ ਹੈ, ਪਰ ਇਸ ਦਾ ਬਹੁਤ ਸਾਰਾ ਹਿੱਸਾ ਵਰਿਆਮ ਸਿੰਘ ਸੰਧੂ ਦੀ ਸਿਰਜਣਾਤਮਕ ਕਲਪਨਾ ਦੀ ਕਰਾਮਾਤ ਹੀ ਆਖੀ ਜਾ ਸਕਦੀ ਹੈ।

ਇਹ ਠੀਕ ਹੈ ਕਿ ਨਿੰਦਰ ਆਪਣੇ ਆਪ ਨੂੰ ਧਰਮਿੰਦਰ ਦਾ ਮੁੰਡਾ ਸਮਝਣ ਲੱਗਾ ਸੀ ਤੇ ਇਸ ਬਾਰੇ ਉਹਨੇ ਇਕ ਸੁਪਨ ਸੰਸਾਰ ਸਿਰਜਿਆ ਹੋਇਆ ਸੀ, ਬਹੁਤ ਸਾਰੀਆਂ ਗੱਲਾਂ ਹੋਰ ਵੀ ਸੱਚ ਨੇ, ਪਰ ਉਨ੍ਹਾਂ ਸੱਚੀਆਂ ਗੱਲਾਂ ਨੂੰ ਗਲਪ ਦੇ ‘ਝੂਠ’ ਦਾ ਰੰਗ ਚਾੜ੍ਹ ਕੇ ਸੰਧੂ ਨੇ ਸਦਾ ਜਿਊਂਦਾ ਰਹਿਣ ਵਾਲਾ ਸੱਚ ਸਿਰਜ ਦਿੱਤਾ ਹੈ; ਪਰ ਮੈਂ ਏਥੇ ਓਹੋ ਗੱਲਾਂ ਕਰਾਂਗਾ ਜੋ ਹਕੀਕਤ ਵਿਚ ਨਿਰੋਲ ਮੇਰੇ ਨਾਲ ਜੁੜੀਆਂ ਨੇ। ਵਰਿਆਮ ਸਿੰਘ ਸੰਧੂ ਨੇ ਕਈ ਵਾਰ ਜਲੰਧਰੋਂ ਮੇਰੇ ਪਿੰਡ ਆ ਕੇ ਨਿੰਦਰ ਨਾਲ ਕਈ ਵਾਰ ਗੱਲਾਂ ਕੀਤੀਆਂ। ਛਿੰਨੋ ਤੇ ਨੈਤੇ ਨਾਲ ਵੀ ਬਹੁਤ ਗੱਲਾਂ ਕੀਤੀਆਂ। ਅਸਲ ਵਿਚ ਛਿੰਨੋ ਹੁਰੀ ਮੇਰੇ ਨਾਲ ਵਰ੍ਹਿਆਂ ਤੋਂ ਕੰਮ ਕਰਦੇ ਆ ਰਹੇ ਸਨ। ਨਿੰਦਰ ਤੋਂ ਪਹਿਲਾਂ ਉਹਦਾ ਵੱਡਾ ਭਰਾ ਸੱਜਣ ਵੀ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ। ਸੱਜਣ ਦਾ ਜ਼ਿਕਰ ਦੋਹਾਂ ਕਹਾਣੀਆਂ ਵਿਚ ਆਇਆ ਹੈ। ਸੱਜਣ ਨੂੰ ਲੈ ਕੇ 1973 ਵਿਚ ਵੀ ਵਰਿਆਮ ਸਿੰਘ ਸੰਧੂ ਨੇ ‘ਅਸਲੀ ਤੇ ਵੱਡੀ ਹੀਰ’ ਬਹੁ-ਚਰਚਿਤ ਕਹਾਣੀ ਲਿਖੀ ਸੀ। ਕਿਹਾ ਜਾ ਸਕਦਾ ਹੈ ਕਿ ਉਹ ਪੰਜਾਹ ਸਾਲਾਂ ਤੋਂ ਇਸ ਪਰਿਵਾਰ ਦਾ ਜਾਣਕਾਰ ਹੈ। ਨੇੜਿਉਂ ਜਾਣਨ/ਸਮਝਣ ਵਾਲਾ, ਪਰ ਇਹ ਦੋਵੇਂ ਕਹਾਣੀਆਂ ਲਿਖਣ ਲਈ ਉਹਨੇ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਬਾਰੀਕੀ ਨਾਲ ਜਾਣਨ ਲਈ ਲੰਮੀਆਂ ਮੁਲਾਕਾਤਾਂ ਰਿਕਾਰਡ ਵੀ ਕੀਤੀਆਂ। ਨਿੰਦਰ ਦੇ ਬਾਪ ਬਾਬੇ ਨੈਤੇ ਨਾਲ ਉਹਨੇ ਡੇਢ ਘੰਟੇ ਦੀ ਗੱਲਬਾਤ ਰਿਕਾਰਡ ਕੀਤੀ, ਪਰ ਜਦ ‘ਨੌਂ ਬਾਰਾਂ ਦਸ’ ਕਹਾਣੀ ਲਿਖੀ ਤਾਂ ਉਸ ਡੇਢ ਘੰਟੇ ਦੀ ਗੱਲਬਾਤ ਵਿਚੋਂ ਉਹਨੇ ਸਿਰਫ ਇੱਕ ਵਾਕ ਬਾਬੇ ਨੈਤੇ ਵੱਲੋਂ ਬੋਲਿਆ ਵਿਖਾਇਆ।

ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਲੇਖਕ ਨੂੰ ਹਿਮਾਲਿਆ ਪਹਾੜ ਵਿਚੋਂ ਸੰਜੀਵਨੀ ਬੂਟੀ ਲੱਭਣੀ ਕਿੰਨੀ ਔਖੀ ਹੈ। ਜੋ ਕੁਝ ਦਿਸਦੀ ਹਕੀਕਤ ਹੈ, ਉਹਨੂੰ ਹੁਬਹੂ ਉਗਲੱਛ ਦੇਣਾ ਸਾਹਿਤ ਨਹੀਂ ਹੁੰਦਾ। ਆਪਣੇ ਨਜ਼ਰੀਏ ਅਤੇ ਕਲਪਨਾ ਦੀ ਪਾਣ ਚਾੜ੍ਹ ਕੇ ਹੀ ਤਰਦੀ ਜਿਹੀ ਦਿਸ ਰਹੀ ਸੱਚਾਈ ਨੂੰ ਸਿਰਜਣਾਤਮਕ ਸੱਚ ਵਿਚ ਬਦਲਿਆ ਜਾ ਸਕਦਾ ਹੈ। ਵਰਿਆਮ ਨੂੰ ਹਿਮਾਲਿਆ ਪਹਾੜ ਚੁੱਕਣ ਦੀ ਲੋੜ ਨਹੀਂ ਪੈਂਦੀ। ਉਹਨੂੰ ਸੰਜੀਵਨੀ ਬੂਟੀ ਲੱਭਣ ਦੀ ਜਾਚ ਹੈ। ਜੇ ਇਸ ਪ੍ਰਸੰਗ ਵਿਚ ਨਿੰਦਰ ਬਾਰੇ ਗੱਲ ਕਰਨੀ ਹੋਵੇ ਤਾਂ ਦੱਸਿਆ ਜਾ ਸਕਦਾ ਹੈ ਕਿ ਅਸਲ ਵਿਚ ਫਿਲਮਾਂ ਵੇਖ ਕੇ ਉਹ ਪ੍ਰੀਤੀ ਸਪਰੂ ਦਾ ਆਸ਼ਕ ਬਣਿਆ ਸੀ, ਜਿਸ ਨੂੰ ਵਰਿਆਮ ਨੇ ਕਹਾਣੀ ਵਿਚ ਸ੍ਰੀ ਦੇਵੀ ਬਣਾ ਦਿੱਤਾ। ਸੰਧੂ ਦਾ ਕਹਿਣਾ ਸੀ ਕਿ ਜੇ ਕੇ. ਪੀ. ਐਸ. ਗਿੱਲ ਸ੍ਰੀ ਦੇਵੀ ’ਤੇ ‘ਮੋਹਤ’ ਹੋ ਸਕਦਾ ਹੈ ਤਾਂ ਨਿੰਦਰ ਦਾ ਆਸ਼ਕ ਹੋਣਾ ਬਹੁਤ ਸੁਭਾਵਕ ਹੋਵੇਗਾ। ਧਰਮਿੰਦਰ ਦਾ ਪੁੱਤ ਹੋਣ ਅਤੇ ਸੰਨੀ ਦਿਉਲ ਅਤੇ ‘ਸ੍ਰੀ ਦੇਵੀ’ ਦੇ ਬੰਬੀ ’ਤੇ ਆਉਣ ਦੀਆਂ ਗੱਲਾਂ ਤਾਂ ਉਹ ਕਰਦਾ ਸੀ ਤੇ ‘ਨੌਂ ਬਾਰਾਂ ਦਸ’ ਵਿਚ ਉਹਦੀਆਂ ਕੀਤੀਆਂ ਕੁਝ ਗੱਲਾਂ ਤਾਂ ਹੂਬਹੂ ਵੀ ਪੇਸ਼ ਹੋਈਆਂ ਹਨ, ਪਰ ਗੁਰਮੀਤ ਭੈਣ ਜੀ, ਧੰਤੋ ਤੇ ਸੀਤੋ ਦਾ ਵੇਰਵਾ ਵਰਿਆਮ ਸੰਧੂ ਦੀ ਕਲਪਨਾ ਦੀ ਉਪਜ ਹੈ। ‘ਮੈਂ ਰੋ ਨਾ ਲਵਾਂ ਇੱਕ ਵਾਰ!’ ਵਿਚ ‘ਜਸਵੰਤ’ ਪਾਤਰ ਦੇ ਘਰ ਰੋਟੀ ਖਾਣ ਬਾਅਦ ਉਹਦੇ ਵਿਹਾਰ ਵਿਚ ਆਈ ਤਬਦੀਲੀ ਦਾ ਮੈਂ ਚਸ਼ਮਦੀਦ ਗਵਾਹ ਹਾਂ। ਕਿਹਾ ਜਾ ਸਕਦਾ ਹੈ ਕਿ ਇਸ ਕਹਾਣੀ ਦਾ ਅੱਸੀ ਫੀਸਦੀ ਹਿੱਸਾ ਵਰਿਆਮ ਸੰਧੂ ਦੀ ਕਲਪਨਾ ਦੀ ਉਪਜ ਹੈ।

ਹਾਂ, ਇਹ ਸੱਚ ਹੈ ਕਿ ਉਹਨੇ ਆਪਣੇ ਭਰਾ ਅਤੇ ਪਿਉ ਨੂੰ ਕਤਲ ਕਰ ਦਿੱਤਾ ਸੀ ਅਤੇ ਮੈਂ ਉਹਨੂੰ ਕਹਾਣੀ ਵਿਚ ਦੱਸੇ ਕਾਰਨਾਂ ਕਰ ਕੇ ਕੰਮ ਤੋਂ ਜਵਾਬ ਵੀ ਦੇ ਦਿੱਤਾ ਸੀ। ਇਹ ਗੱਲਾਂ ਮੈਂ ਤਾਂ ਦੱਸੀਆਂ ਹਨ ਕਿ ਕਹਾਣੀ ਵਿਚ ਹੂਬਹੂ ਸੱਚਾਈ ਨਹੀਂ ਹੁੰਦੀ ਤੇ ਇਸ ਵਿਚ ਵੀ ਨਹੀਂ, ਪਰ ਇਸ ਦੇ ਬਾਵਜੂਦ ਇਹ ਕਹਾਣੀ ਜ਼ਿੰਦਗੀ ਦੀ ਸੱਚਾਈ ਦੇ ਬਹੁਤ ਨਜ਼ਦੀਕ ਹੈ ਤੇ ਨਿਮਨ ਸ਼੍ਰੇਣੀਆਂ ਦੇ ਦਰਦ ਦੀ ਹਕੀਕੀ ਤਸਵੀਰ ਹੈ। ਸੱਚੀ ਗੱਲ ਤਾਂ ਇਹ ਹੈ ਸਾਨੂੰ ਨਿੰਦਰ ਨਾਲ ਬਹੁਤ ਪਿਆਰ ਸੀ। ਤੁਸੀਂ ਅਨੁਮਾਨ ਲਾ ਸਕਦੇ ਹੋ ਕਿ ਪਿਛਲੇ ਪੰਜਾਹ ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਸਾਡੇ ਘਰ ਕੰਮ ਕਰਦਾ ਆ ਰਿਹਾ ਸੀ। ਬਿਨਾ ਨੇੜਲੀ ਸਾਂਝ ਤੋਂ ਰਿਸ਼ਤੇ ਏਨੇ ਸਾਲ ਨਹੀਂ ਨਿਭਦੇ। ਇਕ ਵਾਰ ਵਰਿਆਮ ਸਿੰਘ ਸੰਧੂ ਮੇਰੇ ਪਿੰਡ ਆਇਆ ਹੋਇਆ ਸੀ। ਉਹ ਖਾੜਕੂ ਲਹਿਰ ਦੇ ਦਿਨ ਸਨ। ਪਹਿਲਾਂ ਨਿੰਦਰ ਦੇ ਪਟੇ ਹੁੰਦੇ ਸਨ, ਪਰ ਹੁਣ ਉਹਨੇ ਕੇਸ ਰੱਖ ਕੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ। ਵਰਿਆਮ ਕਹਿੰਦਾ, ‘ਵੇਖ ਲਾ ਜਸਵੰਤ! ਖਾੜਕੂਆਂ ਦੀ ਕਿੰਨੀ ਦਹਿਸ਼ਤ ਏ ਕਿ ਨਿੰਦਰ ਵਰਗੇ ਨੀਮ-ਪਾਗਲਾਂ ਨੇ ਵੀ ਡਰ ਕੇ ਕੇਸ ਰੱਖ ਕੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ। ਜਾਨ ਤਾਂ ਹਰ ਇਕ ਨੂੰ ਪਿਆਰੀ ਹੁੰਦੀ ਹੈ।’

ਇਹ ਕਹਾਣੀ ਪੜ੍ਹ ਕੇ ਮੈਨੂੰ ਨਿੰਦਰ ਤੇ ਉਸ ਦਾ ਸਾਰਾ ਪਰਿਵਾਰ ਮੁੜ ਬੜੀ ਸ਼ਿੱਦਤ ਨਾਲ ਯਾਦ ਆਇਆ। ਅਖੌਤੀ ਬਾਬਿਆਂ ਨੇ ਉਨ੍ਹਾਂ ਨੂੰ ਧਾਗਿਆਂ-ਤਵੀਤਾਂ ਦੇ ਚੱਕਰ ਵਿਚ ਪਾ ਕੇ ਉਨ੍ਹਾਂ ਦੀ ਲਹੂ ਪਸੀਨੇ ਦੀ ਕਮਾਈ ਖਾ ਲਈ। ਕੁਇੰਟਲਾਂ ਦੇ ਕੁਇੰਟਲ ਬਾਸਮਤੀ ਤੇ ਕਣਕ ਛਕ ਗਏ। ਉਨ੍ਹਾਂ ਨੂੰ ਗੁਮਰਾਹ ਹੋਇਆ ਵੇਖ ਕੇ ਮੇਰਾ ਮਨ ਬੜਾ ਦੁਖੀ ਹੁੰਦਾ ਸੀ, ਕਿਉਂਕਿ ਮੈਂ ਵੀ ਇਕ ਈਮਾਨਦਾਰ ਕਿਰਤੀ ਬਾਪ ਦਾ ਪੁੱਤ ਸਾਂ। ਮੇਰੇ ਨਾਲ ਕੰਮ ਕਰਨ ਵਾਲਾ ਨਿੰਦਰ ਅਸਲ ਵਿਚ ਏਨਾ ਸ਼ੁਦਾਈ ਵੀ ਨਹੀਂ ਸੀ। ਇਸ ਦਾ ਕਹਾਣੀ ਵਿਚ ਵੀ ਜ਼ਿਕਰ ਆਇਆ ਹੈ। ਉਹਨੇ ਮੈਨੂੰ ਕਹਿਣਾ, ‘ਚਾਚਾ! ਮੈਨੂੰ ਲੋਕ ਸ਼ਦਾਈ ਕਹਿੰਦੇ ਨੇ।, ਪਰ ਮੈਂ ਤਾਂ ਸੌ-ਦਾਈ ਆਂ।’ ਇਸ ਸਬੰਧ ਵਿਚ ਮੈਨੂੰ ਯਾਦ ਆਇਆ ਕਿ ਮੈਂ ਐਤਵਾਰ ਦੀ ਛੁੱਟੀ ਵਾਲੇ ਦਿਨ ਉਸ ਨੂੰ ਨਾਲ ਲੈ ਕੇ ਹਫਤੇ ਦਾ ਜਮ੍ਹਾਂ ਹੋਇਆ ਕੰਮ ਮੁਕਾਉਂਦਾ ਸਾਂ। ਮੈਂ ਖੁਦ ਵੀ ਹੱਥੀਂ ਕਿਰਤ ਕਰਨ ਵਿਚ ਯਕੀਨ ਰੱਖਣ ਵਾਲਾ ਹਾਂ। ਉਹਨੇ ਕੰਮ ਕਰਦਿਆਂ ਮੈਨੂੰ ਪੁੱਛਣਾ, ‘ਚਾਚਾ! ਤੈਨੂੰ ਭਲਕੇ ਵੀ ਛੁੱਟੀ ਆ?’ ਪਹਿਲਾਂ ਤਾਂ ਮੈਂ ਉਹਦੀ ਇਹ ਗੱਲ ਗੌਲੀ ਨਾ, ਪਰ ਬਾਅਦ ਵਿਚ ਸਮਝਿਆ ਕਿ ਛੁੱਟੀ ਵਾਲੇ ਦਿਨ ਇਸ ਨੂੰ ਸਾਰੀ ਦਿਹਾੜੀ ਮੇਰੇ ਨਾਲ ਕੰਮ ਕਰਨਾ ਪੈਂਦਾ ਹੈ, ਪਰ ਬਾਕੀ ਦਿਨ ਉਹ ਬਣ-ਠਣ ਕੇ, ਪੱਠੇ ਪਾਉਣ ਤੋਂ ਬਾਅਦ, ਗਲੀਆਂ ਵਿਚ ਫਿਰਦਾ ਤੇ ਗੱਪਾਂ ਮਾਰਦਾ ਰਹਿੰਦਾ ਸੀ। ਇਸੇ ਕਰ ਕੇ ਉਹ ‘ਭਲਕੇ ਵੀ ਛੁੱਟੀ’ ਹੋਣ ਬਾਰੇ ਪੁੱਛਦਾ ਰਹਿੰਦਾ ਸੀ। ਸਾਰਾ ਕੁਝ ਤਾਂ ਵਰਿਆਮ ਸਿੰਘ ਸੰਧੂ ਨੇ ਕਹਾਣੀ ਵਿਚ ਬਿਆਨ ਕਰ ਹੀ ਦਿੱਤਾ ਹੈ।

ਅਜੇ ਤਾਂ ਸੰਧੂ ਨੇ ਇਹ ਨਹੀਂ ਦੱਸਿਆ ਕਿ ਜੇਲ੍ਹ ਵਿਚ ਜਾਣ ਪਿੱਛੋਂ ਉਹਦਾ ‘ਕਮਲ’ ਵਧ ਗਿਆ ਤੇ ਉਹਨੂੰ ਪਾਗਲਖਾਨੇ ਭੇਜ ਦਿੱਤਾ ਗਿਆ ਸੀ। ਉਥੇ ਕਿਸੇ ਪਾਗਲ ਨਾਲ ਲੜਾਈ ਹੋਣ ਨਾਲ ਉਹਨੂੰ ਧੱਕਾ ਵੱਜਾ ਤੇ ਉਹ ਸਿਰ ’ਤੇ ਸੱਟ ਲੱਗਣ ਨਾਲ ਮਰ ਗਿਆ। ਹੋ ਸਕਦੈ, ਸੰਧੂ ਸਾਹਿਬ ਉਹਦਾ ਅਗਲਾ ਹਿੱਸਾ ਵੀ ਕਿਸੇ ਕਹਾਣੀ ਵਿਚ ਬਿਆਨ ਕਰ ਦੇਣ। ਕਹਾਣੀ ਪੜ੍ਹ ਕੇ ਮੈਨੂੰ ਉਹਦਾ ਤੇ ਉਹਦੇ ਪਰਿਵਾਰ ਦਾ ਦੁਖਾਂਤਕ ਅੰਤ ਮੁੜ ਚੇਤੇ ਆ ਗਿਆ। ਹੁਣ ਮੈਨੂੰ ਦੁੱਖ ਵੀ ਹੈ ਤੇ ਪਛਤਾਵਾ ਵੀ ਕਿ ਕਾਸ਼! ਮੇਰੇ ਵਿਚ ਛਿੰਨੋ ਦੀ ਬੇਹੱਕੀ ਨਿੰਦਿਆ ਸੁਣਨ ਦੀ ਜਰਨ-ਸ਼ਕਤੀ ਹੁੰਦੀ। ਮੈਂ ਉਹਨੂੰ ਕੰਮ ਤੋਂ ਜਵਾਬ ਨਾ ਦਿੰਦਾ ਤਾਂ ਸ਼ਾਇਦ ਇਹ ਦੁਖਾਂਤ ਨਾ ਵਾਪਰਦਾ। ਇਹੋ ਜਿਹੀਆਂ ਗੱਲਾਂ ਤਾਂ ਛਿੰਨੋ ਪਹਿਲਾਂ ਸੱਜਣ ਦੇ ਵੇਲੇ ਤੋਂ ਵੀ ਕਦੀ-ਕਦੀ ਕਰ ਦਿੰਦੀ ਹੁੰਦੀ ਸੀ। ਮੈਂ ਹੱਸ ਕੇ ਉਹਦੀਆਂ ਗੱਲਾਂ ਉਡਾ ਦਿੰਦਾ ਸਾਂ। ਸਾਡਾ ਤਾਂ ਪੰਜਾਹ ਸਾਲਾਂ ਦਾ ਆਪਸੀ ਸਾਂਝ ਦਾ ਰਿਸ਼ਤਾ ਸੀ। ਨਿੰਦਰ ਮੇਰੇ ਘਰ ਰੱਜ ਕੇ ਰੋਟੀ ਖਾਂਦਾ ਸੀ। ਉਹਦੀ ਜੇਬ ਵਿਚ ਹਰ ਵੇਲੇ ਪੈਸੇ ਹੁੰਦੇ। ਉਹ ਮੇਰੇ ਨਾਲ ਕਈ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ ਤੇ ਬੇਹੱਦ ਖੁਸ਼ ਸੀ, ਪਰ ਮੇਰੇ ਕੋਲੋਂ ਕੰਮ ਤੋਂ ਜਵਾਬ ਮਿਲ ਜਾਣ ’ਤੇ ਉਹ ਰੋਟੀ ਹੱਥੋਂ ਆਤੁਰ ਹੋ ਗਿਆ। ਗਰੀਬੀ ਕਾਰਨ ਘਰੋਂ ਰੱਜਵੀਂ ਰੋਟੀ ਨਾ ਮਿਲਣ ਕਰ ਕੇ ਉਹਨੇ ਕਈ ਵਾਰ ਕਿਸੇ ਦੁਕਾਨ ਦੇ ਬਾਹਰ ਖਲੋ ਜਾਣਾ ਤੇ ਬੋਰੀਆਂ ਵਿਚ ਪਈ ਹੋਈ ਡੰਗਰਾਂ ਨੂੰ ਪਾਉਣ ਵਾਲੀ ਗੋਲੀਆਂ ਵਰਗੀ ਖਲ਼ ਦੀਆਂ ਗੋਲੀਆਂ ਵੀ ਦੁਕਾਨਦਾਰ ਦੀ ਅੱਖ ਬਚਾ ਕੇ ਖਾ ਲੈਣੀਆਂ।

ਭੁੱਖ ਨੇ ਉਹਦਾ ਬੁਰਾ ਹਾਲ ਕਰ ਦਿੱਤਾ ਸੀ। ਹੁਣ ਮੈਂ ਸੋਚਦਾ ਹਾਂ ਕਿ ਕਾਸ਼ ਉਹ ਜਿਊਂਦਾ ਹੋ ਜਾਵੇ ਤੇ ਮੈਂ ਛਿੰਨੋ ਦੇ ਮਿਹਣਿਆਂ ਦੀ ਪ੍ਰਵਾਹ ਕੀਤੇ ਬਿਨਾ ਉਹਨੂੰ ਕੰਮ ’ਤੇ ਰੱਖ ਲਵਾਂ ਤੇ ਅਸੀਂ ਚਾਚਾ-ਭਤੀਜਾ ਪਹਿਲਾਂ ਵਾਂਗ ਹੀ ਮਿਲ ਕੇ ਖੇਤਾਂ ਵਿਚ ਕੰਮ ਕਰੀਏ; ਪਰ ਇਹ ਤਾਂ ਹੁਣ ਖਿਆਲੀ ਗੱਲਾਂ ਨੇ! ਨਿੰਦਰ ਦੇ ਮਾਧਿਅਮ ਰਾਹੀਂ ਇਸ ਕਹਾਣੀ ਵਿਚ ਵਰਿਆਮ ਸਿੰਘ ਸੰਧੂ ਨੇ ਅਜੋਕੇ ਭਾਰਤੀ ਸਿਸਟਮ ’ਤੇ ਕਰਾਰੀ ਚੋਟ ਕੀਤੀ ਹੈ, ਜੋ ਹਰ ਖੇਤਰ ਵਿਚ ਢਹਿ ਢੇਰੀ ਹੋ ਚੁਕਾ ਹੈ; ਹਾਕਮ ਕੁਰੱਪਟ ਹੋ ਚੁਕੇ ਨੇ। ਜਿਵੇਂ ਸੋਹਣ ਸਿੰਘ ਸੀਤਲ ਨੇ ਲਿਖਿਆ ਹੈ, ‘ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ, ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।’ ਕਹਾਣੀ ਵਿਚ ਮਝੈਲ ਲੇਖਕ ਨੇ ਠੇਠ ਮਝੈਲੀ ਬੋਲੀ ਦੀ ਵਰਤੋਂ ਕੀਤੀ ਹੈ। ਜਿਵੇਂ ਥਾਣੇਦਾਰ ਦੀ ਝਿੜਕ ਸੁਣ ਕੇ ਤੁਲਸੇ ਦਾ ਹੱਥ ਜੋੜ ਕੇ ਕਹਿਣਾ, ‘ਸਤਿ ਬਚਨ ਜੀ!’ ਤਾਸੀ, ਤੋਸਾ ਵਰਗੇ ਕਈ ਸ਼ਬਦਾਂ ਨੂੰ ਲੈ ਕੇ ਫੇਸਬੁੱਕ ’ਤੇ ਵੀ ਚਰਚਾ ਚੱਲੀ ਸੀ। ਮੇਰੀ ਰੀਝ ਹੈ ਕਿ ਮੇਰਾ ਛੋਟਾ ਵੀਰ 74 ਸਾਲਾ ਆਜ਼ਾਦੀ ਦੀਆਂ ‘ਬਰਕਤਾਂ’ ਨੂੰ ਬਿਆਨ ਕਰਦਾ ਇੱਕ ਨਾਵਲ ਲਿਖੇ। ਰੱਬ ਉਹਦੀ ਲੰਮੀ ਉਮਰ ਕਰੇ ਤੇ ਤੰਦਰੁਸਤੀ ਬਖਸ਼ੇ, ਤਾਂ ਕਿ ਉਹ ਆਪਣੀਆਂ ਬੇਸ਼ਕੀਮਤੀ ਲਿਖਤਾਂ ਰਾਹੀਂ ਸਮਾਜ ਦਾ ਮਾਰਗ ਦਰਸ਼ਨ ਕਰਦਾ ਰਹੇ। ਆਮੀਨ!

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਜਾਦੂਈ ਛੋਹ

    • ਸਤਿੰਦਰ ਸਿੰਘ ਰੰਧਾਵਾ
    Nonfiction
    • Story

    ਕਹਾਣੀ- ਮੇਰੇ ਹਿੱਸੇ ਦਾ ਐਤਵਾਰ

    • ਦੀਪ ਚੌਹਾਨ
    Nonfiction
    • Story

    ਸੁਨਹਿਰੀ ਪੈੜਾਂ

    • ਰਾਮ ਸਵਰਨ ਲੱਖੇਵਾਲੀ
    Nonfiction
    • Story

    ਪਿੱਪਲ ਤੇ ਪ੍ਰੇਤ

    • ਅੰਮ੍ਰਿਤ ਕੌਰ
    Nonfiction
    • Story

    ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ

    • ਸ਼ਿਵਚਰਨ ਜੱਗੀ ਕੁੱਸਾ
    Nonfiction
    • Story

    ਅੱਲੇ-ਅੱਲੇ ਜ਼ਖ਼ਮਾਂ ਦਾ ਪਛਤਾਵਾ

    • ਡਾ. ਸਾਧੂ ਰਾਮ ਲੰਗੇਆਣਾ
    Nonfiction
    • Story

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link