• Home
  • Explore
  • Magazine
    • Events
    • Business Directory
    • Places
Free Listing
Sign in or Register
Free Listing

‘ਰੇਤਲਾ ਸ਼ਹਿਰ’: ਮਿਆਰੀ ਗਜ਼ਲਾਂ ਦੀ ਝਲਕ

ਰਵਿੰਦਰ ਸਿੰਘ ਸੋਢੀ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Book Review
  • Report an issue
  • prev
  • next
Article

ਸੁਰਿੰਦਰਜੀਤ ਚੌਹਾਨ ਪੰਜਾਬੀ ਸਾਹਿਤ ਵਿਚ ਇਕ ਚਰਚਿਤ ਹਸਤਾਖਰ ਹੈ। ਉਸ ਨੇ ਕੁਝ ਸਾਲਾਂ ਤੋਂ ਪ੍ਰਕਾਸ਼ਕ ਦੇ ਤੌਰ `ਤੇ ਆਪਣੀ ਪਛਾਣ ਬਣਾ ਲਈ ਹੈ। ਨਵੇਂ ਲੇਖਕਾਂ ਦੇ ਨਾਲ-ਨਾਲ ਪੁਰਾਣੇ ਲੇਖਕ ਵੀ ਉਸ ਤੋਂ ਆਪਣੀਆਂ ਪੁਸਤਕਾਂ ਪ੍ਰਕਾਸਿ਼ਤ ਕਰਵਾ ਰਹੇ ਹਨ, ਕਿਉਂਕਿ ਉਹ ਕਿਤਾਬਾਂ ਦੀ ਦਿੱਖ ਵੱਲ ਉਚੇਚਾ ਧਿਆਨ ਦਿੰਦਾ ਹੈ ਅਤੇ ਪੁਸਤਕ ਦੇ ਮਿਆਰੀ ਹੋਣ ਦਾ ਧਿਆਨ ਵੀ ਰੱਖਦਾ ਹੈ। ਆਪਣੀ ਪ੍ਰਕਾਸ਼ਨਾਂ ਦੀਆਂ ਕਿਤਾਬਾਂ ਦੇ ਰਿਲੀਜ਼ ਸਮਾਰੋਹਾਂ ਲਈ ਦੂਰ ਦੁਰਾਡੇ ਦੀਆਂ ਸਾਹਿਤ ਸਭਾਵਾਂ ਵਿਚ ਹਾਜ਼ਰੀ ਭਰਦਿਆਂ ਉਸ ਨੇ ਸਰੋਤਿਆਂ ਨੂੰ ਵੀ ਆਪਣੇ ਨਾਲ ਜੋੜਿਆ ਹੈ। ਪੰਜਾਬੀ ਦੇ ਨਵੇਂ ਗਜ਼ਲਕਾਰਾਂ ਦੇ ਖੇਤਰ ਵਿਚ ਉਸ ਦਾ ਨਾਂ ਵੀ ਸ਼ੁਮਾਰ ਹੋ ਚੁਕਾ ਹੈ। ਉਸ ਨੇ ਛੇ ਕਾਵਿ ਸੰਗ੍ਰਹਿ ਵੀ ਸੰਪਾਦਿਤ ਕੀਤੇ ਹਨ। ਹੁਣ ਉਹ ਗਜ਼ਲਾਂ ਦੀ ਮੌਲਿਕ ਪੁਸਤਕ ‘ਰੇਤਲਾ ਸ਼ਹਿਰ’ ਲੈ ਕੇ ਪਾਠਕਾਂ ਦੇ ਸਨਮੁੱਖ ਹੋਇਆ ਹੈ।

ਇਸ ਪੁਸਤਕ ਦੇ ਮੁੱਖ ਬੰਦ ਵਿਚ ਪੰਜਾਬੀ ਕਾਵਿ ਜਗਤ ਦੀ ਮਾਣਮੱਤੀ ਸ਼ਖਸੀਅਤ ਦਰਸ਼ਨ ਬੁੱਟਰ ਨੇ ਲਿਖਿਆ ਹੈ, “ਕਵਿਤਾ ਜੀਵਨ ਦੀਆਂ ਪੀੜਾਂ ਦੀ ਕਹਾਣੀ ਦਾ ਨਾਂ ਹੀ ਹੈ, ਇਹ ਪੀੜ ਨਿਜੀ ਵੀ ਹੋ ਸਕਦੀ ਹੈ, ਸਮੂਹਿਕ ਵੀ।” ਅੱਗੇ ਉਹ ਲਿਖਦਾ ਹੈ, “ਕਵਿਤਾ ਮਨੁੱਖੀ ਮਸਲਿਆਂ ਨੂੰ ਮਹਿਸੂਸ ਕਰਕੇ, ਮਹਿਸੂਸ ਕਰਾ ਦੇਣ ਦੀ ਪ੍ਰਕਿਰਿਆ ਹੈ।” ਇਕ ਹੋਰ ਸਥਾਪਿਤ ਪੰਜਾਬੀ ਕਵੀ ਕ੍ਰਿਸ਼ਨ ਭਨੋਟ ਨੇ ਆਪਣੀ ਟਿੱਪਣੀ ਵਿਚ ਲਿਖਿਆ ਹੈ, “ਉਸ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀ ਹੈ, ਉਸ ਦੀ ਕਵਿਤਾ ਵਾਦ-ਵਿਵਾਦ ਨਹੀਂ ਛੇੜਦੀ, ਸਗੋਂ ਸੰਵਾਦ ਰਚਾਉਂਦੀ ਹੈ।” ‘ਮੇਰੇ ਵੱਲੋਂ’ ਸਿਰਲੇਖ ਹੇਠ ਸੁਰਿੰਦਰਜੀਤ ਲਿਖਦਾ ਹੈ, “ਹਰਫਾਂ ਦਾ ਸਫਰ ਬਾਲ ਉਮਰੇ ਹੀ ਮੇਰਾ ਸਹਿਪਾਠੀ ਹੋ ਗਿਆ ਸੀ।” ਆਪਣੀ ਕਾਵਿ ਸਿਰਜਣਾ ਦੀ ਗੱਲ ਕਰਦਿਆਂ ਉਹ ਕਹਿੰਦਾ ਹੈ, “ਮੈਂ ਜਿਆਦਾਤਰ ਗੀਤ ਅਤੇ ਛੰਦਾਬੰਦੀ ਵਾਲੀਆਂ ਕਵਿਤਾਵਾਂ ਲਿਖਦਾ ਹਾਂ” ਅਤੇ ਆਪਣੀ ਪ੍ਰਸਤੁਤ ਪੁਸਤਕ ਨੂੰ ਉਹ ‘ਕਾਵਿ ਸੰਗ੍ਰਹਿ’ ਕਹਿੰਦਾ ਹੈ।

ਪੁਸਤਕ ਸਬੰਧੀ ਕੁਝ ਕਹਿਣ ਤੋਂ ਪਹਿਲਾਂ ਮੈਂ ਇਕ ਹੋਰ ਨੁਕਤੇ `ਤੇ ਚਰਚਾ ਕਰਨੀ ਚਾਹੁੰਦਾ ਹਾਂ। ਦਰਸ਼ਨ ਬੁੱਟਰ ਨੇ ‘ਰੇਤਲਾ ਸ਼ਹਿਰ’ ਵਿਚ ਦਰਜ ਰਚਨਾਵਾਂ ਨੂੰ ‘ਗਜ਼ਲਨੁਮਾ ਕਵਿਤਾਵਾਂ’ ਕਿਹਾ ਹੈ, ਕ੍ਰਿਸ਼ਨ ਭਨੋਟ ਨੇ ਸ਼ਬਦ ‘ਕਵਿਤਾ’ ਹੀ ਵਰਤਿਆ ਹੈ ਅਤੇ ਖੁਦ ਸੁਰਿੰਦਰਜੀਤ ਨੇ ਇਨ੍ਹਾਂ ਨੂੰ ‘ਛੰਦਾਬੰਦੀ ਵਾਲੀ ਕਵਿਤਾ’ ਕਿਹਾ ਹੈ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸੰਗ੍ਰਹਿ ਦੀਆਂ ਕਰੀਬ ਸਾਰੀਆਂ ਹੀ ਰਚਨਾਵਾਂ (ਕੁਝ ਵੱਖਰੇ ਵੱਖਰੇ ਸ਼ੇਅਰਾਂ ਵਾਲੀਆਂ ਰਚਨਾਵਾਂ ਤੋਂ ਇਲਾਵਾ) ਗਜ਼ਲ ਰੂਪ ਦੇ ਦਾਇਰੇ ਵਿਚ ਆਉਂਦੀਆਂ ਹਨ। ਇਹ ਹੋ ਸਕਦਾ ਹੈ ਕਿ ਗਜ਼ਲ ਦੇ ਤਕਨੀਕੀ ਪੱਖ `ਤੇ ਖਰੀਆਂ ਨਾ ਉਤਰਦੀਆਂ ਹੋਣ।

ਮੇਰਾ ਵਿਅਕਤੀਗਤ ਵਿਚਾਰ ਹੈ ਕਿ ਅਜੋਕੇ ਸਮੇਂ ਵਿਚ ਸਾਹਿਤ ਦੇ ਕਿਸੇ ਵੀ ਰੂਪ ਦੀ ਪਰਖ ਸਮੇਂ ਤਕਨੀਕੀ ਪੱਖਾਂ ਨਾਲੋਂ ਇਸ ਗੱਲ ਦਾ ਵਧੇਰੇ ਧਿਆਨ ਰੱਖਿਆ ਜਾਂਦਾ ਹੈ ਕਿ ਸਾਹਿਤਕ ਰੂਪ ਵਿਚ ਕੀ ਕਿਹਾ ਗਿਆ ਹੈ? ਜੋ ਕੁਝ ਕਿਹਾ ਗਿਆ ਹੈ, ਉਸ ਦੀ ਸਾਰਥਕਤਾ ਕੀ ਹੈ? ਕੀ ਬਿਆਨਿਆ ਜਾ ਰਿਹਾ ਵਿਸ਼ਾ ਆਮ ਵਰਗ ਦੇ ਪਾਠਕਾਂ ਨੂੰ ਸਮਝ ਆਉਣ ਵਾਲਾ, ਸੇਧ ਦੇਣ ਵਾਲਾ, ਉਨ੍ਹਾਂ ਦੀ ਸਾਹਿਤਕ ਭੁੱਖ ਤ੍ਰਿਪਤ ਕਰਨ ਵਾਲਾ, ਉਨ੍ਹਾਂ ਦੀ ਸੋਚ ਨੂੰ ਟੁੰਬਣ ਵਾਲਾ, ਉਨ੍ਹਾਂ ਨੂੰ ਦੇਰ ਤੱਕ ਯਾਦ ਰਹਿਣ ਵਾਲਾ ਹੈ? ਜੇ ਅਜਿਹੇ ਪ੍ਰਸ਼ਨਾਂ ਦਾ ਉੱਤਰ ਹਾਂ-ਪੱਖੀ ਹੈ ਤਾਂ ਤਕਨੀਕੀ ਨੁਕਤਿਆਂ ਦੀ ਬਹੁਤੀ ਅਹਿਮੀਅਤ ਨਹੀਂ ਰਹਿ ਜਾਂਦੀ। ਦੂਸਰੀ ਗੱਲ ਇਹ ਵੀ ਹੈ ਕਿ ਤਕਨੀਕੀ ਨੁਕਤੇ ਮੁਢਲੇ ਦੌਰ ਵਿਚ ਵਿਚਾਰਨ ਯੋਗ ਨਹੀਂ ਹੁੰਦੇ। ਮਸਲਨ ਜਦੋਂ ਕਿਸੇ ਨੂੰ ਗੱਡੀ ਚਲਾਉਣੀ ਸਿਖਾਉਣੀ ਹੈ ਤਾਂ ਮਸ਼ੀਨਰੀ ਦੀ ਸਿਖਲਾਈ ਨਹੀਂ ਦਿੱਤੀ ਜਾਂਦੀ, ਸਗੋਂ ਸਟੇਅਰਿੰਗ ਸੰਭਾਲਣਾ, ਗੇਅਰ ਬਦਲਣਾ, ਬ੍ਰੇਕ ਲਾਉਣੀ ਵਰਗੇ ਨੁਕਤੇ ਦੱਸੇ ਜਾਂਦੇ ਹਨ।

ਇਹ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਸੁਰਿੰਦਰਜੀਤ ਦਾ ‘ਰੇਤਲਾ ਸ਼ਹਿਰ’ ਗਜ਼ਲ ਸੰਗ੍ਰਹਿ ਹੈ। ਉਸ ਨੂੰ ਪਤਾ ਹੈ ਕਿ ਗਜ਼ਲ ਕਿਵੇਂ ਕਹਿਣੀ ਹੈ, ਕੀ ਕਹਿਣਾ ਹੈ। ਉਸ ਨੇ ਆਪਣੀਆਂ ਗਜ਼ਲਾਂ ਦੇ ਸ਼ੇਅਰ ਆਪਣੇ ਆਲੇ ਦੁਆਲੇ ਦੇ ਵਿਚਰਦੇ ਹਾਲਾਤ ਵਿਚੋਂ ਲਏ ਹਨ, ਉਸ ਦੀਆਂ ਗਜ਼ਲਾਂ ਪਾਠਕਾਂ ਨੂੰ ਸਮਝ ਆਉਣ ਵਾਲੀਆਂ ਹੀ ਨਹੀਂ, ਸਗੋਂ ਝੰਜੋੜ ਦੇਣ ਵਾਲੀਆਂ ਹਨ, ਉਹ ਆਮ ਲੋਕਾਂ ਦੀ ਭਾਸ਼ਾ ਵਿਚ ਗੱਲ ਕਰਦਾ ਹੈ, ਸਰੋਤੇ/ਪਾਠਕ ਉਨ੍ਹਾਂ ਨੂੰ ਮਾਣਦੇ ਹਨ, ਸ਼ੇਅਰ ਜੁਬਾਨ `ਤੇ ਚੜ੍ਹਨ ਵਾਲੇ ਹਨ। ਕਿਸੇ ਨਵੇਂ ਗਜ਼ਲਕਾਰ ਦੀ ਅਜਿਹੀ ਪ੍ਰਾਪਤੀ ਰਸ਼ਕ ਯੋਗ ਹੁੰਦੀ ਹੈ। ਰਹੀ ਗੱਲ ਗਜ਼ਲ ਦੇ ਤਕਨੀਕੀ ਪੱਖਾਂ ਦੀ, ਉਹ ਹੌਲੀ-ਹੌਲੀ ਸਿਖਦਾ ਰਹੇਗਾ। ‘ਰੇਤਲਾ ਸ਼ਹਿਰ’ ਦੀ ਇਹ ਗੱਲ ਵਿਸ਼ੇਸ਼ ਲੱਗੀ ਕਿ ਸੁਰਿੰਦਰਜੀਤ ਨੇ ਪਿਆਰ, ਇਸ਼ਕ ਦੇ ਰੋਣੇ ਰੋਣ ਨਾਲੋਂ ਹੋਰ ਭਾਵਪੂਰਤ ਵਿਸ਼ਿਆਂ `ਤੇ ਆਪਣੀਆਂ ਗਜ਼ਲਾਂ ਕੇਂਦਰਿਤ ਕੀਤੀਆਂ ਹਨ। ਦੋ ਗਜ਼ਲਾਂ ਵਿਚ ਉਸ ਨੇ ਸਪਸ਼ਟ ਸ਼ਬਦਾਂ ਵਿਚ ਲਿਖਿਆ ਹੈ ਕਿ ਪਿਆਰ ਇਸ਼ਕ ਨਾਲੋਂ ਹੋਰ ਵੀ ਕਈ ਜਰੂਰੀ ਮਸਲੇ ਹਨ:

ਬਾਤ ਇਸ਼ਕ ਦੀ ਹਰ ਕੋਈ ਪਾਉਂਦਾ
ਕੋਈ ਵੱਖਰੀ ਛੇੜ ਤਾਰ ਤੂੰ ਯਾਰ। (96)
ਕਦੇ ਛੱਡ ਗੱਲਾਂ ਇਸ਼ਕ ਦੀਆਂ
ਵੇਖੇ ਭੁੱਖੀਆਂ ਜਿੰਦਾਂ ਸਿਸਕਦੀਆਂ। (102)

ਗਜ਼ਲ ਇਕ ਅਜਿਹਾ ਕਾਵਿ ਰੂਪ ਹੈ, ਜਿਸ ਵਿਚ ਗਜ਼ਲਕਾਰ ਕੋਲ ਇਹ ਖੁੱਲ੍ਹ ਹੁੰਦੀ ਹੈ ਕਿ ਉਹ ਆਪਣੀ ਗਜ਼ਲ ਵਿਚ ਇਕੋ ਵਿਸ਼ੇ `ਤੇ ਸ਼ੇਅਰ ਕਹੇ ਜਾਂ ਹਰ ਸ਼ੇਅਰ ਵੱਖਰੇ ਵਿਸ਼ੇ `ਤੇ ਕਹੇ। ਮੈਨੂੰ ਸੁਰਿੰਦਰਜੀਤ ਦੀ ਇਸ ਪੇਸ਼ਕਸ਼ ਵਿਚ ਇਹ ਦੋਵੇਂ ਰੂਪ ਹੀ ਮਿਲੇ ਹਨ। ਮਸਲਨ ਪੰਨਾ 56 `ਤੇ ਦਰਜ ਗਜ਼ਲ ‘ਧੀਆਂ’ ਇਕ ਹੀ ਵਿਸ਼ੇ ਨੂੰ ਪੇਸ਼ ਕਰਦੀ ਹੈ। ਇਸ ਦੇ ਉਲਟ ‘ਵੈਰੀ’ ਗਜ਼ਲ (ਪੰਨਾ 88) ਵਿਚ ਅੱਠ ਸ਼ੇਅਰ ਵੱਖਰੇ-ਵੱਖਰੇ ਅੰਦਾਜ਼ ਦੇ ਹਨ ਅਤੇ ਸਾਰੇ ਹੀ ਵਧੀਆ ਸ਼ੇਅਰ ਹਨ। ਸੋਨੇ `ਤੇ ਸੁਹਾਗਾ ਇਹ ਹੈ ਕਿ ਸ਼ੇਅਰ ਇਸ ਗਜ਼ਲ ਦੇ ਸ਼ੇਅਰ ਵੱਖਰੀ ਸੁਰ ਦੇ ਹੁੰਦੇ ਹੋਏ ਵੀ ਇਕ ਸੂਤਰ ਵਿਚ ਬੱਝੇ ਹੋਏ ਹਨ। ਇਹ ਇਕ ਉਸਤਾਦ ਗਜ਼ਲ ਸਿਰਜਕ ਦੀ ਖਾਸੀਅਤ ਹੁੰਦੀ ਹੈ। ਇਹੋ ਜਿਹੀਆਂ ਹੋਰ ਕਈ ਗਜ਼ਲਾਂ ਵੀ ਇਸ ਸੰਗ੍ਰਹਿ ਵਿਚ ਸ਼ਾਮਲ ਹਨ।

ਪ੍ਰਸਤੁਤ ਪੁਸਤਕ ਦੀਆਂ ਗਜ਼ਲਾਂ ਵਿਚ ਲੇਖਕ ਨੇ ਆਪਣੇ ਚੌਗਿਰਦੇ ਵਾਪਰ ਰਹੇ ਕਰੀਬ ਹਰ ਪੱਖ ਨੂੰ ਹੀ ਆਪਣੇ ਕਲਾਵੇ ਵਿਚ ਸਮੇਟਿਆ ਹੈ। ਅੱਜ ਦੇ ਸਮੇਂ ਦੇ ਭਖਦੇ ਮਸਲੇ ਕਿਸਾਨ ਅੰਦੋਲਨ ਤੋਂ ਲੈ ਕੇ ਕਿਸਾਨੀ ਜੀਵਨ ਦੀਆਂ ਮੁਸ਼ਕਿਲਾਂ, ਕਿਸਾਨਾਂ ਦਾ ਕਰਜੇ ਦੀ ਘੁੰਮਣ-ਘੇਰੀ ਵਿਚ ਫਸੇ ਹੋਣਾ, ਭਾਰੀ ਹੁੰਦੀ ਜਾ ਰਹੀ ਕਰਜੇ ਦੀ ਪੰਡ ਕਾਰਨ ਆਤਮ ਹੱਤਿਆ ਦੇ ਰਾਹ ਪੈਣਾ, ਨੌਜਵਾਨਾਂ ਵਿਚ ਨਸ਼ਿਆਂ ਦਾ ਸੇਵਨ, ਦਾਜ ਪ੍ਰਥਾ ਦਾ ਵਿਕਰਾਲ ਰੂਪ, ਭਰੂਣ ਹੱਤਿਆ, ਨੌਜਵਾਨਾਂ ਦਾ ਵਿਦੇਸ਼ੀ ਉਡਾਰੀਆਂ ਵੱਲ ਵਧ ਰਿਹਾ ਰੁਝਾਨ, ਰਾਜਸੀ, ਧਾਰਮਿਕ ਖੇਤਰ ਵਿਚ ਆ ਰਹੀ ਗਿਰਾਵਟ, ਸਿਖਰ `ਤੇ ਪਹੁੰਚ ਚੁਕਾ ਡੇਰਾਵਾਦ ਦਾ ਮੱਕੜ ਜਾਲ, ਨੌਜਵਾਨ ਲੜਕੀਆਂ ਵੱਲੋਂ ਸਟੇਜਾਂ `ਤੇ ਨੱਚਣ ਲਈ ਮਜਬੂਰ ਹੋਣਾ, ਦਫਤਰਾਂ ਵਿਚ ਵਧ ਰਹੀ ਰਿਸ਼ਵਤਖੋਰੀ, ਮਾਂ ਬੋਲੀ ਤੋਂ ਮੂੰਹ ਮੋੜਨ ਦਾ ਰੁਝਾਨ, ਅਜੋਕੇ ਗਾਇਕਾਂ ਦੇ ਗਾਇਕੀ ਰੁਝਾਨ ਅਤੇ ਹੋਰ। ਮੇਰਾ ਖਿਆਲ ਹੈ, ਸੁਰਿੰਦਰਜੀਤ ਨੇ ਆਪਣੀਆਂ ਗਜ਼ਲਾਂ ਵਿਚ ਅੱਜ ਦੇ ਸਮੇਂ ਦੇ ਕਰੀਬ ਕਰੀਬ ਹਰ ਪ੍ਰਮੁੱਖ ਵਿਸ਼ੇ ਨੂੰ ਛੋਹਿਆ ਹੈ। ਇਸ ਤੋਂ ਇਹ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦੀਆਂ ਗਜ਼ਲਾਂ ਅਜੋਕੇ ਸਮੇਂ ਦੀ ਆਰਸੀ ਹਨ। ਵਿਸ਼ੇ ਪੱਖੋਂ ਉਸ ਦੀਆਂ ਗਜ਼ਲਾਂ ਇਤਿਹਾਸਕ ਦਸਤਾਵੇਜ਼ ਵੀ ਕਹੀਆਂ ਜਾ ਸਕਦੀਆਂ ਹਨ।

ਇਨ੍ਹਾਂ ਗਜ਼ਲਾਂ ਦੀ ਭਾਸ਼ਾ ਆਮ ਬੋਲ ਚਾਲ ਦੀ ਭਾਸ਼ਾ ਹੈ, ਇਸੇ ਲਈ ਇਹ ਆਮ ਪਾਠਕਾਂ/ਸਰੋਤਿਆਂ ਨੂੰ ਆਪਣੇ ਨਾਲ ਜੋੜਨ ਦੇ ਸਮਰਥ ਹਨ। ਇਸ ਸੰਗ੍ਰਹਿ ਵਿਚ ਆਮ ਜਿ਼ੰਦਗੀ ਵਿਚ ਵਰਤੇ ਜਾਂਦੇ ਮੁਹਾਵਰਿਆਂ ਨੂੰ ਕਲਾਮਈ ਢੰਗ ਨਾਲ ਵਰਤਿਆ ਗਿਆ ਹੈ। ਇਹ ਉਸ ਦੀ ਗਜ਼ਲ ਸ਼ੈਲੀ ਦਾ ਮੀਰੀ ਗੁਣ ਹੋ ਨਿਬੜਿਆ ਹੈ। ਸ਼ੈਲੀ ਪੱਖੋਂ ਹੀ ਉਸ ਦੀਆਂ ਗਜ਼ਲਾਂ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਉਸ ਨੇ ਸਪੱਸ਼ਟ ਬਿਆਨੀ, ਲੋੜ ਮੁਤਾਬਿਕ ਵਿਅੰਗਾਤਮਕ ਜਾਂ ਵਿਦਰੋਹੀ ਸੁਰ ਅਪਨਾਈ ਹੈ। ਉਸ ਨੇ ਆਪਣੀ ਕਲਮ ਨੂੰ ਮਾਰੂ ਹਥਿਆਰ ਵਜੋਂ ਨਹੀਂ ਵਰਤਿਆ, ਸਗੋਂ ਇਕ ਸਰਜਨ ਦੇ ਔਜ਼ਾਰਾਂ ਦੀ ਤਰ੍ਹਾਂ ਵਰਤਿਆ ਹੈ, ਜਿਨ੍ਹਾਂ ਦਾ ਮਕਸਦ ਸਰੀਰ ਵਿਚ ਪੈਦਾ ਹੋਏ ਨਕਾਰਾਤਮਕ ਤੰਤੂਆਂ ਨੂੰ ਕੱਢ ਕੇ ਸਰੀਰ ਨੂੰ ਅਰੋਗ ਬਣਾਉਣਾ ਹੁੰਦਾ ਹੈ। ਉਹ ਇਕ ਸੁਹਿਰਦ ਸਮਾਜ ਸੇਵਕ ਦੀ ਤਰ੍ਹਾਂ ਗਲਤ ਵਰਤਾਰਿਆਂ ਵਿਰੁੱਧ ਜਾਗਰੂਕ ਕਰ ਰਿਹਾ ਹੈ। ਉਸ ਦੀਆਂ ਕਈ ਗਜ਼ਲਾਂ ਵਿਚ ਗੀਤਾਂ ਵਰਗੀ ਰਵਾਨੀ ਹੈ (ਵੈਰੀਆ ਦੀ ਭਾਲ, ਜਿ਼ੰਦਗੀ ਦੇ ਰੰਗ, ਕੁਰਸੀ, ਸੱਜਣ ਜੀ ਆਦਿ)। ਛੋਟੀ ਬਹਿਰ ਦੀਆਂ ਵੀ ਕਈ ਗਜ਼ਲਾਂ ਹਨ। ਕੋਰਾ ਸੱਚ, ਨਕਾਬ, ਸੱਚਾਈ ਆਦਿ ਗਜ਼ਲਾਂ ਦੀ ਰਵਾਨੀ ਦੇਖਣ ਵਾਲੀ ਹੈ।
ਉਪਰ ਲਿਖੇ ਤੱਥਾਂ ਦੇ ਪ੍ਰਮਾਣ ਵਜੋਂ ਉਸ ਦੀਆਂ ਗਜ਼ਲਾਂ ਵਿਚੋਂ ਕੁਝ ਸ਼ੇਅਰ ਦੇ ਰਿਹਾ ਹਾਂ ਤਾਂ ਜੋ ਪਾਠਕਾਂ ਨੂੰ ਉਸ ਦੀਆਂ ਗਜ਼ਲਾਂ ਦੀ ਮੁਢਲੀ ਜਾਣਕਾਰੀ ਹੋ ਸਕੇ:

ਜਾਬਰ ਨੂੰ ਕੋਈ ਆਖ ਦਿਓ ਰਾਹ ਛੱਡ ਦੇਵੇ ਕੁਤਾਹੀ ਦਾ
ਨਹੀਂ ਤਾਂ ਮਜਬੂਰਾਂ ਦੇ ਹੱਥ ਖੜਕਣੇ ਇਕ ਦਿਨ ਖੰਡੇ ਨੇ। (17)
—
ਖੇਤਾਂ ਬੰਨਿਆਂ ਤੋਂ ਤੁਰੇ ਛੱਡ ਪਿੰਡ ਘਰ-ਬਾਰ
ਰੱਖ ਹਲ ਤੇ ਪੰਜਾਲੀ ਟੱਪ ਢਾਬ ਆਏ ਹਾਂ। (19)
—
ਜੇ ਐਵੇਂ ਰਿਹਾ ਘੁਲਦਾ ਜ਼ਹਿਰ ਜਿਸਮਾਂ ਅੰਦਰ
ਰਾਜੇ ਮਿਲਣੇ ਨ੍ਹੀਂ ਪੰਜਾਬ ਦੀਆਂ ਰਾਣੀਆਂ ਨੂੰ। (28)
—
ਕੌਣ ਕਹਿੰਦਾ ਹੈ ਰਾਜ ਵੋਟਾਂ ਦਾ
ਇਥੇ ਧੰਦਾ ਚਲਦਾ ਨੋਟਾਂ ਦਾ। (31)
—
ਅੰਨਦਾਤਾ ਦੇ ਹਿੱਸੇ ਹੀ ਆਉਂਦੇ
ਕਿਉਂ ਕਿੱਕਰੀ ਲੜਕੇ ਫੰਦੇ ਨੇ। (38)
—
ਨੱਚਣਾ ਚੜ੍ਹ ਸਟੇਜੀ/ਸ਼ੌਕ ਨਹੀਂ ਮਜਬੂਰੀ ਹੈ। (40)
—
ਰੁਜ਼ਗਾਰ ਵੀ ਕਿਹੜਾ ਮਿਲਦਾ ਅੱਜ ਕੱਲ੍ਹ ਪੜ੍ਹ ਲਿਖ ਕੇ
ਤਾਂ ਹੀ ਹਰ ਮਾਂ ਆਪਣੀ ਆਂਦਰ ਪ੍ਰਦੇਸੀਂ ਘੱਲਦੀ ਐ। (49)
—
ਮੁੰਨੀ ਹੋਈ ਗੁੱਤ ਨਸ਼ੇੜੀ ਪੁੱਤ
ਮਸਲੇ ਦਿੱਤੀ ਢਿੱਲ ਦੇ ਨੇ। (53)
—
ਜੋ ਦੁਨੀਆਂ ਨੂੰ ਦਿੰਦਾ ਸਾਰੀ
ਉਸ ਦੇ ਨਾਂ ਹੀ ਮੰਗਣ ਚੰਦਾ। (54)
—
ਏਨੀ ਵੀ ਨਾ ਜ਼ਾਲਮੋ ਘੁੱਟੋ ਸੰਘੀ
ਆਖਰ ਬਲਦ ਵੀ ਜਾਂਦੇ ਤੋੜ ਤੜਾਗੀ ਐ। (78)
—
ਸਾਹਿਬ ਨੇ ਦਸਤਖਤ ਕਰਦਿਆਂ ਕਰਦਿਆਂ ਕਲਮ ਵਿਚੇ ਰੋਕ ਲਈ
ਸ਼ਾਇਦ ਹਿਸਾਬ ਬਾਕੀ ਸੀ ਰਿਸ਼ਵਤ ਦੇ ਕੀਤੇ ਨੋਟਾਂ ਦਾ। (85)
—
ਏਥੇ ਸੁੱਖੀ-ਸਾਂਦੀ ਬਾਂਝ ਹੋਣ ਮਾਂਵਾਂ
ਧੀਆਂ ਕੁੱਖ ‘ਚ ਕਤਲ ਕਰਵਾਉਣ ਲੱਗੇ। (88)
—
ਜੇ ਜੱਗ ਰੌਸ਼ਨ ਕਰਨਾ ਸਾਰਾ
ਸੂਰਜ ਵਾਂਗੂੰ ਸੜਨਾ ਪੈਣਾ। (100)
—
ਲੋਕ ਵੀ ਕਿਹੜਾ ਘੱਟ ਨੇ ਯਾਰੋ
ਲੈ ਛਿੱਲੜ ਜਾਂਦੇ ਮੋਹਰਾਂ ਲਾਈ। (98)

ਇਸ ਗਜ਼ਲ ਸੰਗ੍ਰਹਿ ਵਿਚ ਏਨੀਆਂ ਖੂਬੀਆਂ ਦੇ ਹੁੰਦੇ ਹੋਏ ਕੁਝ ਉਣਤਾਈਆਂ ਵੀ ਨਜ਼ਰ ਆਈਆਂ ਹਨ। ਸੁਰਿੰਦਰਜੀਤ ਨੇ ਕਿਤਾਬ ਦੇ ਪੰਨੇ ਵਧਾਉਣ ਦੇ ਲਾਲਚ ਵਿਚ ਕੁਝ ਵੱਖ-ਵੱਖ ਸ਼ੇਅਰ ਵੀ ਦਰਜ ਕਰ ਦਿੱਤੇ ਹਨ। ਜੇ ਨਿਰੋਲ ਗਜ਼ਲਾਂ ਹੀ ਰਹਿਣ ਦਿੱਤੀਆਂ ਜਾਂਦੀਆਂ ਤਾਂ ਬਿਹਤਰ ਸੀ। ਇਸ ਪੁਸਤਕ ਵਿਚੋਂ ਦਸ ਕੁ ਪੰਨੇ ਅਸਾਨੀ ਨਾਲ ਮਨਫੀ ਕੀਤੇ ਜਾ ਸਕਦੇ ਸਨ। ਅਸਲ ਵਿਚ ਹਰ ਲੇਖਕ ਲਈ ਇਹ ਜਾਣਨਾ ਜਰੂਰੀ ਹੁੰਦਾ ਹੈ ਕਿ ਪੁਸਤਕ ਵਿਚ ਕੀ ਨਹੀਂ ਦੇਣਾ। ਖੈਰ, ਇਹ ਕੋਈ ਵੱਡਾ ਮਸਲਾ ਨਹੀਂ ਹੈ। ਆਸ ਹੈ, ਉਹ ਇਸ ਪੱਖੋਂ ਸੁਚੇਤ ਰਹੇਗਾ। ਸਾਰੀ ਪੁਸਤਕ ਵਿਚੋਂ ਦੋ ਜਗ੍ਹਾ ਹੀ ਉਸ ਨੇ ਕਾਫੀਆ ਮਿਲਾਉਣ ਵਿਚ ਕੁਤਾਹੀ ਕੀਤੀ ਹੈ। ਪੰਨਾ 17 `ਤੇ ਉਸ ਨੇ ਅੰਗਰੇਜ਼ੀ ਦਾ ਸ਼ਬਦ ‘ਏਜੰਡੇ’ ਵਰਤ ਕੇ ਕੰਮ ਸਾਰ ਲਿਆ ਅਤੇ ਦੂਜਾ ਪੰਨਾ 57 `ਤੇ ਵੀ ਇਹੋ ਸ਼ਬਦ ਵਰਤਿਆ ਹੈ, ਪਰ ਸ਼ਬਦ ਜੋੜ ਵੱਖਰੇ ਹਨ ‘ਅਜੰਡੇ’। ਸੁਰਿੰਦਰਜੀਤ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਇਹ ਸ਼ੇਅਰ ਬਦਲ ਦਿੰਦਾ। ਖੈਰ, ਇਹ ਬਹੁਤੀਆਂ ਖਾਸ ਗੱਲਾਂ ਨਹੀਂ। ਉਸ ਕੋਲ ਗਜ਼ਲ ਕਹਿਣ ਦਾ ਹੁਨਰ ਹੈ। ਉਹ ਪਾਠਕਾਂ ਨਾਲ ਰਾਬਤਾ ਬਣਾਉਣ ਵਿਚ ਕਾਮਯਾਬ ਹੋਇਆ ਹੈ। ਮੇਨੂੰ ਪੂਰਾ ਯਕੀਨ ਹੈ ਕਿ ਉਹ ਆਲੋਚਕਾਂ ਦਾ ਧਿਆਨ ਵੀ ਖਿੱਚੇਗਾ। ਸਮੇਂ ਦੇ ਨਾਲ-ਨਾਲ ਉਸ ਦਾ ਹੁਨਰ ਹੋਰ ਬੁਲੰਦੀ ਵੱਲ ਜਾਵੇਗਾ ਅਤੇ ਦੂਜੀ ਗੱਲ ਇਹ ਕਿ ਅਗਲੀ ਪੁਸਤਕ ਨੂੰ ਉਹ ‘ਕਾਵਿ ਸੰਗ੍ਰਹਿ’ ਨਹੀਂ, ‘ਗਜ਼ਲ ਸੰਗ੍ਰਹਿ’ ਕਹਿ ਕੇ ਮਾਣ ਮਹਿਸੂਸ ਕਰੇਗਾ। ਉਸ ਦੇ ਪਲੇਠੇ ਉਪਰਾਲੇ ਲਈ ਉਸ ਦੀ ਤਾਰੀਫ ਕਰਨੀ ਬਣਦੀ ਹੈ।

  • No comments yet.
  • Add a review

    Leave a Reply · Cancel reply

    You must be logged in to post a comment.

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link