• Home
  • Explore
  • Magazine
    • Events
    • Business Directory
    • Places
Free Listing
Sign in or Register
Free Listing

ਸੁਕਰਾਤ ਕਦੇ ਮਰਦਾ ਨਹੀਂ

ਗੁਰਚਰਨ ਸਿੰਘ ਨੂਰਪੁਰ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Biography
  • Report an issue
  • prev
  • next
Article

ਸੁਕਰਾਤ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੰਵਾਦ ਰਚਾਉਣ ਦੀ ਜਾਚ ਦੱਸੀ । ਉਹ ਦੁਨੀਆ ਦਾ ਬਹੁਤ ਸਿਆਣਾ ਮਨੁੱਖ ਸੀ ਜਿਸ ਨੇ ਦਲੀਲਪੂਰਨ ਢੰਗ ਨਾਲ ਪ੍ਰਚਲਤ ਪ੍ਰਾਚੀਨ ਧਾਰਨਾਵਾਂ ਨੂੰ ਰੱਦ ਕੀਤਾ । ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਜਿਉਣ ਦਾ ਹੁਨਰ ਅਤੇ ਪੁਰਾਤਨ ਰੂੜੀਵਾਦ ਨੂੰ ਕਟਹਿਰੇ ਵਿਚ ਖੜ੍ਹੇ ਕਰਨ ਵਾਲੀ ਤਾਕਤ ਦਾ ਨਾਂਅ ਸੀ ਸੁਕਰਾਤ । ਸੰਨ 470 ਈ: ਪੂਰਵ ਨੂੰ ਪੈਦਾ ਹੋਇਆ ਸੁਕਰਾਤ ਵਿਦਿਆਰਥੀ ਬਣ ਕੇ ਦੁਨੀਆ ਵਿਚ ਵਿਚਰਿਆ ਅਤੇ ਮਰਦੇ ਵਕਤ ਵੀ ਉਹ ਇਕ ਵਿਦਿਆਰਥੀ ਦੀ ਹੈਸੀਅਤ ਵਿਚ ਸੀ ।ਉਸ ਦੀ ਇਸੇ ਖੂਬੀ ਨੇ ਉਸ ਨੂੰ ਸਾਰੀ ਦੁਨੀਆ ਵਿਚ ਮਸ਼ਹੂਰ ਕਰ ਦਿੱਤਾ । ਯੂਨਾਨ ਵਿਚ ਉਸ ਦਾ ਬੜਾ ਨਾਂਅ ਸੀ । ਜਦੋਂ ਉਹ ਗਿਆਨ ਅਤੇ ਸੱਚ ਨੂੰ ਪਹੁੰਚਿਆ ਤਾਂ ਉਹਨੇ ਆਪਣੇ ਚੇਲਿਆਂ ਨੂੰ ਕਿਹਾ, ਜਾਓ ਸਾਰੇ ਏਥਨਜ਼ ਵਿਚ ਪ੍ਰਚਾਰ ਦਿਓ ਕਿ ਸੁਕਰਾਤ ਜਿੰਨਾ ਵੱਡਾ ਹੋਰ ਕੋਈ ਅਗਿਆਨੀ ਨਹੀਂ ਹੈ । ਅਜਿਹਾ ਕਰਕੇ ਉਹ ਸੰਸਾਰ ਨੂੰ ਸਮਝਣ/ਜਾਣਨ ਦੀ ਤੀਬਰ ਇੱਛਾ ਦਾ ਪ੍ਰਤੀਕ ਬਣ ਕੇ ਦੁਨੀਆ ਵਿਚ ਮਸ਼ਹੂਰ ਹੋਇਆ । ਸੁਕਰਾਤ ਦਾ ਬਾਪ ਇਕ ਬੁੱਤਘਾੜਾ ਸੀ ਅਤੇ ਮਾਂ ਦਾਈ ਦਾ ਕੰਮ ਕਰਦੀ ਸੀ । ਬਚਪਨ ਵਿਚ ਸੁਕਰਾਤ ਆਪਣੇ ਪਿਤਾ ਨੂੰ ਬੁੱਤ ਬਣਾਉਂਦੇ ਦੇਖਦਾ ਤੇ ਹੈਰਾਨ ਹੁੰਦਾ ਤੇ ਕਲਾ ਸਬੰਧੀ ਸਵਾਲ ਖੜ੍ਹੇ ਕਰਦਾ । ਉਹ ਹੋਰ ਕਲਾਵਾਂ ਨਾਲ ਕੰਮ ਕਰਕੇ ਵਸਤਾਂ ਪੈਦਾ ਕਰਦੇ ਲੋਕਾਂ ਨੂੰ ਦੇਖਦਾ ਤਾਂ ਸੋਚਦਾ ਕਿ ਵਸਤਾਂ ਕਿੱਥੋਂ ਆਉਂਦੀਆਂ ਹਨ । ਉਹ ਘੁਮਿਆਰ ਨੂੰ ਘੜੇ ਬਣਾਉਂਦਿਆਂ ਘੰਟਿਆਂ ਬੱਧੀ ਦੇਖਦਾ ਰਹਿੰਦਾ । ਮਿੱਟੀ ਤੋਂ ਭਾਂਡਾ ਬਣੀ ਵਸਤੂ ਨੂੰ ਦੇਖ ਕੇ ਘੁਮਿਆਰ ਨੂੰ ਪੁੱਛਦਾ ਕਿ ਇਹ ਵਸਤੂ ਜੋ ਕੁਝ ਸਮਾਂ ਪਹਿਲਾਂ ਮਿੱਟੀ ਦੇ ਰੂਪ ਵਿਚ ਸੀ, ਕਿੱਥੋਂ ਆਈ ਹੈ? ਆਪਣੀ ਸਮਝ ਨਾਲ ਉਹ ਕਿਆਸ ਕਰਦਾ ਕਿ ਇਹ ਵਸਤੂ ਮਨੁੱਖ ਦੀ ਚੇਤਨਾ ਤੋਂ ਪ੍ਰਗਟ ਹੋਈ ਹੈ ਅਤੇ ਚੇਤਨਾ ਨੂੰ ਵਿਸਥਾਰ ਦੇਣ ਲਈ ਗਿਆਨ ਬੜਾ ਜ਼ਰੂਰੀ ਹੈ । ਘੁਮਿਆਰ ਉਸ ਦੇ ਸਵਾਲਾਂ ਦੇ ਸਹੀ ਜਵਾਬ ਨਾ ਦੇ ਸਕਦਾ । ਗਿਆਨ ਦੀ ਤਲਾਸ਼ ਵਿਚ ਉਹ ਦੂਰ-ਦੂਰ ਤੱਕ ਭਟਕਿਆ, ਘੁੰਮਿਆ-ਫਿਰਿਆ । ਹਜ਼ਾਰਾਂ ਦੀ ਤਾਦਾਦ ਵਿਚ ਨੌਜੁਆਨ ਉਸ ਦੇ ਮੁਰੀਦ ਹੋ ਗਏ । ਉਹ ਜਿੱਧਰ ਜਾਂਦਾ, ਚੇਲਿਆਂ ਦੀ ਇਕ ਵੱਡੀ ਜਮਾਤ ਉਹਦੇ ਮਗਰ ਹੁੰਦੀ ।ਸੁਕਰਾਤ ਜਿੱਥੇ ਖੜ੍ਹ ਕੇ ਬੋਲਦਾ । ਲੋਕਾਂ ਦੀ ਭੀੜ ਉਸ ਦੁਆਲੇ ਇਕੱਠੀ ਹੋ ਜਾਂਦੀ । ਉਹ ਸਿਆਣੇ ਮਨੁੱਖਾਂ ਨਾਲ ਸੰਵਾਦ ਕਰਦਾ, ਸਵਾਲ ਉਠਾਉਂਦਾ । ਉਸ ਦੇ ਕੁਝ ਚੇਲੇ ਦੁਨੀਆ ਦੇ ਬੜੇ ਨਾਮੀ ਫਿਲਾਸਫਰ ਬਣੇ ।

ਪਲੈਟੋ ਇਨ੍ਹਾਂ ਵਿਚੋਂ ਇਕ ਸੀ ਜੋ 'ਅਫਲਾਤੂਨ' ਦੇ ਨਾਂਅ ਨਾਲ ਵੀ ਮਸ਼ਹੂਰ ਹੋਇਆ । ਸੁਕਰਾਤ ਦੇ ਗਿਆਨ ਨੂੰ ਲਿਖਤੀ ਰੂਪ ਦੇਣ ਵਾਲਾ ਵੀ ਇਹੋ ਪਲੈਟੋ ਨਾਂਅ ਦਾ ਵਿਅਕਤੀ ਹੀ ਸੀ । ਸੁਕਾਰਤ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪਲੈਟੋ ਨੇ ਦੁਨੀਆ ਭਰ ਦੀ ਰਾਜਨੀਤੀ ਸਬੰਧੀ ਉਸ ਸਮੇਂ ਬੜੇ ਦਲੀਲਪੂਰਨ ਵਿਚਾਰ ਦਿੱਤੇ ਜਿਨ੍ਹਾਂ ਦੀ ਅੱਜ ਦੇ ਸੰਦਰਭ ਵਿਚ ਵੀ ਸਾਰਥਿਕਤਾ ਹੈ । ਸੁਕਰਾਤ ਨਾਲ ਪਲੈਟੋ ਦੀ ਮਿਲਣੀ ਵੀ ਬੜੀ ਵਿਲੱਖਣ ਸੀ । ਇਕ ਦਿਨ ਸੁਕਰਾਤ ਆਪਣੇ ਚੇਲਿਆਂ ਨਾਲ ਇਕ ਨਗਰ 'ਚੋਂ ਲੰਘ ਰਿਹਾ ਸੀ ਕਿ ਉਸ ਦਾ ਸਾਹਮਣਾ ਪਲੈਟੋ ਨਾਲ ਹੋਇਆ । ਪਹਿਲੀ ਮਿਲਣੀ ਦੌਰਾਨ ਹੀ ਸੁਕਰਾਤ ਨੇ ਰੋਕ ਕੇ ਉਸ ਨੂੰ ਪੁੱਛਿਆ, 'ਤੈਨੂੰ ਨੇਕੀ ਅਤੇ ਗਿਆਨ ਦੇ ਮਦਰੱਸੇ ਦਾ ਪਤਾ ਹੈ?' ਪਲੈਟੋ ਜੋ ਉਦੋਂ ਭਰ ਜਵਾਨ ਸੀ ਅਤੇ ਉਸ ਨੇ ਸੁਕਰਾਤ ਦਾ ਨਾਂਅ ਸੁਣਿਆ ਹੋਇਆ ਸੀ, ਬੋਲਿਆ, 'ਨਹੀਂ ਮਹਾਰਾਜ! ਮੈਂ ਤਾਂ ਆਪ ਗਿਆਨ ਦੀ ਤਲਾਸ਼ ਵਿਚ ਹਾਂ ।' ਸੁਕਰਾਤ ਨੇ ਆਪਣੇ ਚੇਲਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ, 'ਮੈਨੂੰ ਇਹੋ ਜਿਹੇ ਹੰਸਾਂ ਦੀ ਲੋੜ ਹੈ ਜੋ ਗਿਆਨ ਦੀ ਤਲਾਸ਼ ਵਿਚ ਫਿਰ ਰਹੇ ਹੋਣ ।' ਪਲੈਟੋ ਸੁਕਰਾਤ ਤੋਂ ਬੜਾ ਪ੍ਰਭਾਵਿਤਹੋਇਆ । ਜਵਾਨੀ ਦੀ ਉਮਰ ਵਿਚ ਉਸ ਨੇ ਗਿਆਨ ਪ੍ਰਾਪਤੀ ਨੂੰ ਆਪਣਾ ਮਿਸ਼ਨ ਬਣਾ ਲਿਆ।

ਸ਼ਕਲ-ਸੂਰਤ ਤੋਂ ਸੁਕਰਾਤ ਭਾਵੇਂ ਸੋਹਣਾ ਨਹੀਂ ਸੀ ਪਰ ਆਪਣੇ ਵਿਚਾਰਾਂ ਦੀ ਸ਼ਕਤੀ ਨਾਲ ਉਹ ਸੋਚ-ਵਿਚਾਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਕੀਲ ਲੈਣ ਦੀ ਤਾਕਤ ਰੱਖਦਾ ਸੀ । ਸੁਕਰਾਤ ਦੀ ਪ੍ਰਸਿੱਧੀ ਯੂਨਾਨ ਵਿਚ ਦੂਰ-ਦੂਰ ਤੱਕ ਫੈਲ ਗਈ । ਕਰਮਕਾਂਡ ਕਰਨ ਵਾਲੀ ਪੁਜਾਰੀ ਜਮਾਤ ਉਸ ਨਾਲ ਈਰਖਾ ਕਰਨ ਲੱਗ ਪਈ । ਇਕ ਦਿਨ ਜਦੋਂ ਉਹ ਆਪਣੇ ਬਹੁਤ ਸਾਰੇ ਚੇਲਿਆਂ ਵਿਚ ਬੈਠਾ ਗਿਆਨ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਇਕ ਭਵਿੱਖ ਦੱਸਣ ਵਾਲਾ ਜੋਤਸ਼ੀ ਆ ਕੇ ਉਸ ਨੂੰ ਬੁਰਾ-ਭਲਾ ਬੋਲਣ ਲੱਗ ਪਿਆ । ਉਸ ਨੇ ਸੁਕਰਾਤ ਦੇ ਚੇਲਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ, 'ਜਿਸ ਬੰਦੇ ਨੂੰ ਤੁਸੀਂ ਗੁਰੂ ਮੰਨੀਂ ਬੈਠੇ ਹੋ, ਇਸ ਦੇ ਨੱਕ ਤੋਂ ਪਤਾ ਚਲਦਾ ਹੈ ਕਿ ਇਹ ਕਰੋਧੀ ਹੈ, ਇਸ ਦੇ ਸਿਰ ਦੀ ਬਨਾਵਟ ਦੱਸਦੀ ਹੈ ਕਿ ਇਹ ਲਾਲਚੀ ਅਤੇ ਸਨਕੀ ਕਿਸਮ ਦਾ ਬੰਦਾ ਹੈ । ਇਸ ਦੇ ਬੁੱਲ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ ਵਿਚ ਦੇਸ਼-ਧਰੋਹੀ ਹੋਵੇਗਾ ।' ਸੁਕਰਾਤ ਬਾਰੇ ਅਜਿਹੇ ਸ਼ਬਦ ਸੁਣ ਕੇ ਉਸ ਦੇ ਚੇਲੇ ਜੋਤਸ਼ੀ ਨੂੰ ਮਾਰਨ ਲਈ ਅੱਗੇ ਵਧੇ ਪਰ ਸੁਕਰਾਤ ਨੇ ਉਨ੍ਹਾਂ ਨੂੰ ਰੋਕ ਦਿੱਤਾ । ਉਹਨੇ ਜੋਤਸ਼ੀ ਨੂੰ ਸਤਿਕਾਰ ਸਹਿਤ ਵਿਦਾ ਕਰਦਿਆਂ ਕਿਹਾ,‘ਤੁਹਾਡਾ ਧੰਨਵਾਦ! ਤੁਸੀਂ ਮੇਰੀ ਸਰੀਰ ਭਾਸ਼ਾ ਪੜ੍ਹੀ । ਇਕ ਚੇਲੇ ਨੇ ਸੁਕਰਾਤ ਨੂੰ ਪੁੱਛਿਆ, 'ਜੋਤਸ਼ੀ ਜੋ ਬਕਵਾਸ ਕਰ ਰਿਹਾ ਸੀ, ਕੀ ਉਹ ਸੱਚ ਹੈ? ਤੁਸੀਂ ਉਹੋ ਜਿਹੇ ਹੋ ਜਿਹੋ ਜਿਹਾ ਉਹ ਦੱਸ ਰਿਹਾ ਸੀ?' ਸੁਕਾਰਤ ਨੇ ਜਵਾਬ ਦਿੱਤਾ, 'ਸ਼ਕਲ ਸੂਰਤ ਤੋਂ ਮੈਂ ਅਜਿਹਾ ਹੀ ਹਾਂ ਜਿਹਾ ਕਿ ਉਹ ਬੋਲ ਰਿਹਾ ਸੀ ਪਰ ਇਸ ਵਿਅਕਤੀ ਨੇ ਸਿਰਫ ਮੇਰੀ ਦੇਹ ਭਾਸ਼ਾ ਪੜ੍ਹੀ ਹੈ । ਇਸ ਨੇ ਮੇਰੇ ਵਿਵੇਕ ਦੀ ਸ਼ਕਤੀ 'ਤੇ ਧਿਆਨ ਨਹੀਂ ਦਿੱਤਾ ਜਿਸ ਨਾਲ ਮੈਂ ਆਪਣੇ ਵਿਕਾਰਾਂ ਨੂੰ ਕਾਬੂ ਵਿਚ ਰੱਖਿਆ ਹੋਇਆ ਹੈ ।' ਉਸ ਦੀ ਪਹਿਲੀ ਘਰਵਾਲੀ ਦੀ ਮੌਤ ਹੋ ਗਈ ਤਾਂ ਵੱਡੀ ਉਮਰ ਵਿਚ 'ਜੀਨੀ' ਨਾਂਅ ਦੀ ਔਰਤ ਨਾਲ ਉਸ ਦਾ ਦੁਬਾਰਾ ਵਿਆਹ ਹੋਇਆ ਜੋ ਉਸ ਤੋਂ 20 ਸਾਲ ਛੋਟੀ ਸੀ ।

ਜੀਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੜੀ ਲੜਾਕੀ ਔਰਤ ਸੀ । ਉਹ ਸੁਕਰਾਤ ਦੇ ਚੇਲਿਆਂ ਨੂੰ ਵੀ ਬੁਰਾ ਭਲਾ ਬੋਲਦੀ ਕਿ, 'ਕੀ ਤੁਸੀਂ ਇਸ ਬੰਦੇ ਦੇ ਹਰ ਵੇਲੇ ਮਗਰ ਲੱਗੇ ਰਹਿੰਦੇ ਹੋ । ਇਹਨੂੰ ਤਾਂ ਆਪਣੇ ਘਰ ਚਲਾਉਣ ਦਾ ਵੀ ਪਤਾ ਨਹੀਂ? ਤੁਹਾਨੂੰ ਇਹ ਕੀ ਸਿਖਾ ਦੇਵੇਗਾ?' ਸੁਕਰਾਤ ਦੇ ਚੇਲੇ ਜੀਨੀ ਦੀਸ਼ਿਕਾਇਤ ਅਕਸਰ ਉਸ ਪਾਸ ਕਰਦੇ ਤਾਂ ਉਹ ਆਪਣੇ ਚੇਲਿਆਂ ਨੂੰ ਕਹਿੰਦਾ, 'ਤੁਸੀਂ ਤਾਂ ਦੋ ਪਲ ਗਏ ਤੇ ਆ ਗਏ, ਉਸ ਬੰਦੇ ਦਾ ਜੇਰਾ ਵੇਖੋ ਜੋ ਉਸ ਨਾਲ ਰਹਿ ਰਿਹਾ ਹੈ ।'ਸੁਕਰਾਤ ਆਪਣੀ ਪਤਨੀ ਬਾਰੇ ਅਕਸਰ ਕਿਹਾ ਕਰਦਾ ਸੀ ਕਿ ਜਦੋਂ ਉਹ ਗੁੱਸੇ ਵਿਚ ਹੁੰਦੀ ਹੈ ਤਾਂ ਮੈਂ ਆਪਣੇ ਸਬਰ ਤੇ ਜ਼ਬਤ ਨੂੰ ਪਰਖਦਾ ਹਾਂ । ਜਦੋਂ ਉਹ ਲਾਲ-ਪੀਲੀ ਅੱਗ ਬਗੂਲਾ ਹੁੰਦੀ ਹੈ ਤਾਂ ਮੈਂ ਆਪਣੀ ਸ਼ਾਂਤੀ ਦੀ ਪ੍ਰੀਖਿਆ ਲੈਂਦਾ ਹਾਂ । ਸੁਕਾਰਾਤ ਗਿਆਨ ਦਾ ਇੰਨਾ ਵੱਡਾ ਅਭਿਲਾਸ਼ੀ ਸੀ ਕਿ ਉਹ ਮੰਨਦਾ ਸੀ ਕਿ ਦੁਨੀਆ ਵਿਚ ਗਿਆਨ ਦੇ ਤੁਲ ਪਵਿੱਤਰ ਹੋਰ ਕੋਈ ਚੀਜ਼ ਨਹੀਂ ਹੈ । ਉਸ ਦਾ ਕਹਿਣਾ ਸੀ ਕਿ ‘ਜਿਸਮ ਦੀ ਮੌਤ ਵਿਚਾਰਾਂ ਦਾ ਖਾਤਮਾ ਨਹੀਂ ਹੁੰਦੀ । ਸਗੋਂ ਆਜ਼ਾਦੀ ਦਾ ਰਾਹ ਹੈ । ‘ਅਗਿਆਨਤਾ ਦਾ ਮੁਕਾਬਲਾ ਕਰਨਾ ਚਾਹੀਦਾ ਹੈ । ਰਾਜਨੀਤੀ ਬਾਰੇ ਉਹ ਕਿਹਾ ਕਰਦਾ ਸੀ, 'ਰਾਜਨੀਤੀ ਤਗੜਿਆਂ ਦਾ ਹੱਥ ਠੋਕਾ ਨਹੀਂ ਹੋਣੀ ਚਾਹੀਦੀ ਸਗੋਂ ਇਸ ਦਾ ਮਿਸ਼ਨ ਲੋਕ ਸੇਵਾ ਹੋਣਾ ਚਾਹੀਦਾ ਹੈ ।' ਪ੍ਰਾਚੀਨ ਕਾਲ ਵਿਚ ਅਜਿਹੇ ਵਿਚਾਰ ਰੱਖਣੇ ਕੋਈ ਛੋਟੀ-ਮੋਟੀ ਗੱਲ ਨਹੀਂ ਸੀ । ਉਸ ਸਮੇਂ ਦੁਨੀਆ ਵਿਚ ਬਹੁ-ਦੇਵਵਾਦ ਦੀ ਵਿਚਾਰਧਾਰਾ 'ਤੇ ਆਧਾਰਤ ਧਰਮ ਪ੍ਰਚਲਤ ਸੀ ।ਇਕੋ ਇਕ ਰੱਬ ਦੀ ਧਾਰਨਾ ਦਾ ਕਿਸੇ ਨੂੰ ਚਿੱਤ-ਚੇਤਾ ਹੀ ਨਹੀਂ ਸੀ । ਲੋਕ ਮੀਂਹ, ਅੱਗ, ਪਾਣੀ, ਚੰਦ, ਸੂਰਜ, ਹਵਾ ਆਦਿ ਨੂੰ ਆਪਣੇ ਦੇਵਤੇ ਮੰਨਦੇ ਸਨ । ਮਨੁੱਖੀ ਸਮਝ ਦਾ ਇਹ ਇਤਿਹਾਸਕ ਦੌਰ ਲੰਮਾਂ ਸਮਾਂ ਦੁਨੀਆ ਦੇ ਲਗਪਗ ਹਰ ਖਿੱਤੇ ਵਿਚ ਰਿਹਾ ਹੈ । ਏਸ਼ੀਆਈ ਦੇਸ਼ਾਂ ਵਿਚ ਵੀ ਪੁਰਾਤਨ ਵੇਦਾਂ-ਸ਼ਾਸਤਰਾਂ ਅਨੁਸਾਰ ਬਹੁਦੇਵਵਾਦ 'ਤੇ ਆਧਾਰਤ ਧਰਮ ਪ੍ਰਚਲਤ ਰਿਹਾ ਹੈ । ਵੱਖ-ਵੱਖ ਕੁਦਰਤੀ ਸ਼ਕਤੀਆਂ ਨੂੰ ਮਨੁੱਖ ਨੇ ਵੱਖ-ਵੱਖ ਦੇਵਤਿਆਂ ਵਜੋਂ ਸਥਾਪਤ ਕੀਤਾ ਅਤੇ ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ । ਇਨ੍ਹਾਂ ਦੇਵਤਿਆਂ ਦੀ ਖੁਸ਼ੀ ਹਾਸਲ ਕਰਨ ਲਈ ਜਾਨਵਰਾਂ ਅਤੇ ਮਨੁੱਖਾਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ ।

ਸੁਕਾਰਾਤ ਧਰਮ-ਕਰਮ ਦੇ ਨਾਂਅ ਹੇਠ ਹੁੰਦੀਆਂ ਅਜਿਹੀਆਂ ਵਹਿਸ਼ੀਆਨਾ ਕਾਰਵਾਈਆਂ ਦੀ ਸ਼ਰ੍ਹੇ-ਬਾਜ਼ਾਰ ਮੁਖ਼ਾਲਫਤ ਕਰਦਾ । ਉਸ ਨੇ ਜਦੋਂ ਸੂਰਜ ਨੂੰ ਅੱਗ ਦਾ ਗੋਲਾ ਅਤੇ ਚੰਦ ਨੂੰ ਪੱਥਰ ਕਿਹਾ ਤਾਂ ਉਸ ਸਮੇਂ ਦੇ ਧਾਰਮਿਕ ਅਤੇ ਰਾਜਨੀਤਕ ਹਲਕਿਆਂ ਵਿਚ ਤਹਿਲਕਾ ਮੱਚ ਗਿਆ । ਉਸ 'ਤੇ ਨਾਸਤਿਕ ਹੋਣ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ । ਉਹ ਇੱਥੇ ਹੀ ਨਹੀਂ ਰੁਕਿਆ । ਉਸ ਸਮੇਂ ਦੀ ਨਿਆਂ ਪ੍ਰਣਾਲੀ ਨੂੰ ਆਪਣੇ ਤਰਕ ਅਤੇ ਵਿਵੇਕ ਰਾਹੀਂ ਕਟਹਿਰੇ ਵਿਚ ਖੜ੍ਹਾ ਕੀਤਾ । ਉਸ ਨੇ ਸਮੇਂ ਦੇ ਕਾਨੂੰਨ, ਅਦਾਲਤਾਂ ਦੀ ਕਾਰਜ ਪ੍ਰਣਾਲੀ ਨੂੰ ਸਮਝਿਆ ਤੇ ਇਨਸਾਫ਼ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਵੱਢੀ ਲੈ ਕੇ ਕੀਤਾ ਜਾਣ ਵਾਲਾ ਨਿਆਂ/ਅਨਿਆਂ, ਨਿਆਂ ਕਿਵੇਂ ਹੋਇਆ? ਸੁਕਰਾਤ ਦਾ ਸਭ ਤੋਂ ਜ਼ਿਆਦਾ ਜ਼ੋਰ ਚੰਗੇ ਕਿਰਦਾਰ 'ਤੇ ਸੀ । ਉਸ ਨੇ ਕਾਨੂੰਨ ਦੇਣ ਵਾਲਿਆਂ ਨੂੰ ਪੁੱਛਿਆ ਕਿ ਜਿਸ ਵਿਅਕਤੀ ਦਾ ਆਪਣਾ ਕਿਰਦਾਰ ਠੀਕ ਨਹੀਂ, ਉਹ ਨਿਆਂ ਕਿਵੇਂ ਕਰ ਸਕੇਗਾ? ਉਹ ਆਪ ਵੀ ਉੱਚੇ-ਸੁੱਚੇ ਗੁਣਾਂ ਦਾ ਧਾਰਨੀ ਸੀ । ਸ਼ਾਨੋ-ਸ਼ੌਕਤ ਤਿਆਗ ਕੇ ਉਸ ਨੇ ਸਾਦਾ ਜੀਵਨ ਬਤੀਤ ਕੀਤਾ । ਉਸ ਨੇ ਦਿ੍ੜਤਾ ਨਾਲ ਕਿਹਾ ਕਿ ਅਸਲੀ ਖੁਸ਼ੀ ਉਦੋਂ ਹਾਸਲ ਹੁੰਦੀ ਹੈ ਜਦੋਂ ਜ਼ਿੰਦਗੀ ਨੇਕ ਕੰਮਾਂ ਵਿਚ ਲਾਈ ਜਾਵੇ । ਸੁਕਰਾਤ ਸਮਝਦਾ ਸੀ ਨੇਕੀ ਹੀ ਸਭ ਤੋਂ ਉੱਤਮ ਭਲਿਆਈ ਹੈ ਅਤੇ ਨੇਕ ਬਣਨਾ ਉਸ ਦਾ ਮਿਸ਼ਨ ਸੀ । ਉਸ ਨੇ ਆਪਣੇ ਸਮੇਂ ਦੌਰਾਨ ਪ੍ਰਚਲਤ ਧਰਮ, ਅਦਬ, ਕਾਨੂੰਨ, ਰਾਜਨੀਤੀ ਅਤੇ ਸਮਾਜ ਦੇ ਵਿਸ਼ਿਆਂ 'ਤੇ ਬੜੇ ਦਲੀਲਪੂਰਨ ਸਵਾਲ ਖੜ੍ਹੇ ਕੀਤੇ । ਜਿੱਥੇ ਉਸ ਨੇ ਸੂਰਜ ਨੂੰ ਦੇਵਤੇ ਦੀ ਥਾਂ ਅੱਗ ਦਾ ਗੋਲਾ ਕਿਹਾ, ਉੱਥੇ ਅਖੌਤੀ ਧਰਮ ਦੇ ਦਾਅਵੇਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਬਲੀਆਂ ਨੂੰ ਉਸ ਨੇ ਮਾਨਵਤਾ ਦੀ ਤੌਹੀਨ ਕਿਹਾ । ਉਹ ਅਜਿਹੀ ਤਰਕਪੂਰਨ ਦਲੀਲਬਾਜ਼ੀ ਕਰਦਾ ਕਿ ਸੁਨਣ ਵਾਲੇ ਦੰਗ ਰਹੇ ਜਾਂਦੇ । ਅਖੀਰ ਸੰਨ 399 ਈ: ਪੂਰਵ ਨੂੰ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ । ਉਸ 'ਤੇ ਤਿੰਨ ਇਲਜਾਮ ਲਾਏ ਗਏ । (1) ਸੁਕਰਾਤ ਨੌਜਵਾਨਾਂ ਨੂੰ ਵਿਗਾੜ ਰਿਹਾ ਹੈ, ਅਜਿਹਾ ਕਰਨਾ ਸਮਾਜ ਲਈ ਖ਼ਤਰਨਾਕ ਹੈ । (2) ਉਹ ਨਾਸਤਿਕ ਹੈ ।(3) ਉਹ ਦੇਵੀ-ਦੇਵਤਿਆਂ ਦੀ ਹਸਤੀ 'ਤੇ ਸ਼ੱਕ ਕਰਦਾ ਹੈ ।

ਉਸ ਸਮੇਂ ਅਜਿਹੇ ਜੁਰਮਾਂ ਦੀ ਸਜ਼ਾ ਮੌਤ ਸੀ । ਸੁਕਰਾਤ ਕਿਉਂਕਿ ਵੱਡਾ ਦਾਰਸ਼ਨਿਕ ਸੀ, ਸੋ ਉਸ ਨੂੰ ਕਿਹਾ ਗਿਆ ਕਿ ਜੇਕਰ ਉਹ ਦੇਸ਼ ਛੱਡ ਕੇ ਕਿਤੇ ਹੋਰ ਚਲਾ ਜਾਵੇ ਤਾਂ ਉਸ ਦੀ ਸਜ਼ਾ ਮਾਫ ਕੀਤੀ ਜਾ ਸਕਦੀ ਹੈ । ਪਰ ਸੁਕਰਾਤ ਨੇ ਉਸ ਸਮੇਂ ਭਰੀ ਅਦਾਲਤ ਵਿਚ ਕਿਹਾ, 'ਮੈਂ ਤੁਹਾਡੇ ਜਾਹਲਾਂ ਤੋਂ ਜ਼ਿੰਦਗੀ ਦੀ ਭੀਖ ਕਿਉਂ ਮੰਗਾਂ? ਤੁਹਾਡੇ ਰਹਿਮ 'ਤੇ ਕਿਉਂ ਰਹਾਂ? ਤੁਹਾਡੇ ਲਈ ਕਸ਼ਟਦਾਇਕ ਮੈਂ ਨਹੀਂ ਹਾਂ, ਬਲਕਿ ਮੇਰੇ ਵਿਚਾਰ ਹਨ । ਇਸ ਲਈ ਜੇ ਹਿੰਮਤ ਹੈ ਤਾਂ ਆਪਣੇ ਵਿਚਾਰਾਂ ਦੀ ਕਾਟ ਨਾਲ ਮੇਰੇ ਵਿਚਾਰਾਂ ਨੂੰ ਖ਼ਤਮ ਕਰੋ । ਮੇਰੇ ਮਰਨ ਨਾਲ ਕੀ ਹੋਵੇਗਾ? ਮੇਰੇ ਵਿਚਾਰ ਤਾਂ ਸਗੋਂ ਹੋਰ ਤਗੜੇ ਹੋ ਜਾਣਗੇ ।' ਸੀਮਤ ਬੁੱਧੀ ਰੱਖਣ ਵਾਲੇ ਕਾਨੂੰਨ ਦੇ ਰਾਖਿਆਂ ਕੋਲ ਉਸ ਦੀਆਂ ਦਲੀਲਪੂਰਨ ਗੱਲਾਂ ਦਾ ਕੋਈ ਜਵਾਬ ਨਹੀਂ ਸੀ । ਸਮੇਂ ਦੀ ਕਰੀਟੀਅਸ ਹਕੂਮਤ ਨੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦਾ ਹੁਕਮ ਦੇ ਦਿੱਤਾ । ਸੁਕਰਾਤ ਦੇ ਚੇਲਿਆਂ ਨੇ ਆਪਣੇ ਮਹਾਨ ਦਾਰਸ਼ਨਿਕ ਨੂੰ ਜੇਲ੍ਹ 'ਚੋਂ ਕਿਸੇ ਤਰ੍ਹਾਂ ਭਜਾ ਲੈ ਜਾਣ ਦੀ ਸਕੀਮ ਬਣਾਈ । ਪਰ ਜਦੋਂ ਇਸ ਗੱਲ ਦਾ ਪਤਾ ਸੁਕਰਾਤ ਨੂੰ ਲੱਗਾ ਤਾਂ ਉਸ ਨੇ ਕਿਹਾ, 'ਮੈਂ ਆਪਣਾ ਦੇਸ਼ ਛੱਡ ਕੇ ਕਿਉਂ ਜਾਵਾਂ, ਮੈਂ ਆਪਣੇ ਵਿਚਾਰਾਂ 'ਤੇ ਅਡੋਲ ਰਹਿ ਕੇ ਮਰਨਾ ਚਾਹੁੰਦਾ ਹਾਂ ।' ਮੌਤ ਵਾਲੇ ਦਿਨ ਉਸ ਦੀ ਪਤਨੀ ਜੀਨੀ, ਬੱਚੇ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਉਸ ਦੇ ਚੇਲੇ, ਉਸ ਨੂੰ ਮਿਲਣ ਆਏ । ਜਦੋਂ ਉਸ ਦੀ ਪਤਨੀ ਤੇ ਬੱਚੇ ਰੋਣ ਕੁਰਲਾਉਣ ਲੱਗੇ ਤਾਂ ਸੁਕਰਾਤ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਆਪਣੇ ਕੁਝ ਚੇਲਿਆਂ ਨੂੰ ਕਿਹਾ ਕਿ ਇਨ੍ਹਾਂ ਨੂੰ ਘਰ ਛੱਡ ਆਓ । ਜ਼ਹਿਰ ਘੋਟਿਆ ਜਾ ਰਿਹਾ ਸੀ । ਉਹ ਬੜੇ ਸਹਿਜ ਢੰਗ ਨਾਲ ਆਪਣੇ ਚੇਲਿਆਂ ਨਾਲ ਗੱਲਬਾਤ ਕਰ ਰਿਹਾ ਸੀ । ਗੱਲਾਂ ਕਰਦਿਆਂ-ਕਰਦਿਆਂ ਸੁਕਰਾਤ ਨੇ ਜ਼ਹਿਰ ਘੋਟ ਰਹੇ ਜਲਾਦ ਨੂੰ ਪੁੱਛਿਆ, 'ਜ਼ਹਿਰ ਘੋਟਣ ਵਿਚ ਕਿੰਨੀ ਕੁ ਦੇਰ ਲੱਗੇਗੀ ਅਜੇ?' ਸੁਕਰਾਤ ਦੇ ਇਕ ਚੇਲੇ ਕਰਾਈਟੋ ਨੇ ਰੋਦਿਆਂ ਕਿਹਾ, 'ਕੀ ਕਰ ਰਹੇ ਹੋ ਐਨੀ ਵੀ ਕੀ ਕਾਹਲੀ ਐ?'

ਸੁਕਰਾਤ ਬੋਲਿਆ, 'ਸਾਰੀ ਉਮਰ ਕੁਝ ਨਾ ਕੁਝ ਨਵਾਂ ਸਿੱਖਣ ਦਾ ਇਛੁੱਕ ਰਿਹਾ ਹਾਂ । ਅੱਜ ਮੌਤ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ ਤਾਂ ਤੀਬਰ ਇੱਛਾ ਹੋ ਰਹੀ ਹੈ ਕਿ ਇਸ ਬਾਰੇ ਵੀ ਜਾਣਲਵਾਂ ।' ਜੇਲ੍ਹਰ ਦੀ ਦੇਖ-ਰੇਖ ਹੇਠ ਜਲਾਦ ਨੇ ਜ਼ਹਿਰ ਦਾ ਪਿਆਲਾ ਉਸ ਨੂੰ ਫੜਾਇਆ । ਸੁਕਰਾਤ ਨੇ ਜਲਾਦ ਹੱਥੋਂ ਜ਼ਹਿਰ ਦਾ ਪਿਆਲਾ ਇੰਝ ਫੜ੍ਹ ਲਿਆ ਜਿਵੇਂ ਪਾਣੀ ਦਾ ਪਿਆਲਾ ਹੋਵੇ ।ਬੜੇ ਸ਼ਾਂਤ ਚਿੱਤ ਨਾਲ ਜ਼ਹਿਰ ਪੀ ਲੈਣ ਮਗਰੋਂ ਸੁੁਕਰਾਤ ਨੇ ਵਿਚਾਰਾਂ ਦੀ ਲੜੀ ਅਗਾਂਹ ਤੋਰ ਲਈ । ਖਾਲੀ ਪਿਆਲਾ ਜ਼ਮੀਨ 'ਤੇ ਰੱਖ ਕੇ ਉਹ ਫਿਰ ਚੇਲਿਆਂ ਨਾਲ ਗੱਲਾਂ ਕਰਨ ਲੱਗ ਪਿਆ । ਜਲਾਦ ਨੇ ਸੁਕਰਾਤ ਨੂੰ ਕਿਹਾ, 'ਗੱਲਾਂ ਨਾ ਕਰੋ ਇਸ ਨਾਲ ਜ਼ਹਿਰ ਚੰਗੀ ਤਰ੍ਹਾਂ ਅਸਰ ਨਹੀਂ ਕਰਦਾ ਅਤੇ ਜ਼ਹਿਰ ਦੋ ਜਾਂ ਕਦੇ-ਕਦੇ ਤਿੰਨ ਵਾਰ ਵੀ ਪੀਣਾ ਪੈਂਦਾ ਹੈ ।' ਇਸ 'ਤੇ ਸੁਕਰਾਤ ਨੇ ਹੱਸ ਕੇ ਕਿਹਾ, 'ਜਦੋਂ ਜ਼ਹਿਰ ਹੀ ਪੀ ਲਿਆ ਤਾਂ ਫਿਰ ਇਕ ਜਾਂ ਦੋ ਵਾਰ ਪੀਣ ਵਿਚ ਕੀ ਹਰਜ਼?' ਉਸ ਦੀਆਂ ਲੱਤਾਂ 'ਤੇ ਜ਼ਹਿਰ ਦਾ ਅਸਰ ਹੋਇਆ ਤਾਂ ਉਸ ਨੇ ਕਿਹਾ ਮੇਰੀਆਂ ਲੱਤਾਂ ਸੌਾ ਰਹੀਆਂ ਹਨ । ਬੜੇ ਸ਼ਾਂਤ ਚਿੱਤ ਨਾਲ ਸਰੀਰ ‘'ਤੇ ਜ਼ਹਿਰ ਦੇ ਅਸਰ ਦੀ ਵਿਆਖਿਆ ਉਹ ਨਾਲੋ ਨਾਲ ਕਰਦਾ ਰਿਹਾ । ਕੁਝ ਦੇਰ ਬਾਅਦ ਜਦੋਂ ਉਸ ਦੀ ਆਵਾਜ਼ ਧੀਮੀ ਹੋਣ ਲੱਗੀ ਤਾਂ ਉਸ ਨੇ ਨੇੜੇ ਖੜ੍ਹੇ ਆਪਣੇ ਇਕ ਚੇਲੇ ਨੂੰ ਕਿਹਾ ਜਦੋਂ ਮੈਂ ਸੌਾ ਜਾਵਾਂ, ਮੇਰੇ ਉੱਪਰ ਚਾਦਰ ਪਾ ਦੇਣੀ । ਇਸ ਤਰ੍ਹਾਂ ਦੁਨੀਆ ਦਾ ਇਹ ਪਹਿਲਾ ਮਨੁੱਖ ਸੀ ਜਿਸ ਨੇ ਬਹੁਦੇਵਵਾਦ ਨੂੰ ਤਿਆਗ ਕੇ ਇਕ (ਦੇਵ) ਰੱਬ ਦੀ ਕਲਪਨਾ ਕੀਤੀ । ਉਸ ਨੂੰ ਨਾਸਤਿਕ ਕਹਿ ਕੇ ਮਾਰ ਦਿੱਤਾ ਗਿਆ । ਅੱਜ ਦੁਨੀਆ ਭਰ ਦੇ ਲੱਖਾਂ ਲੇਖਕ, ਵਿਦਵਾਨ, ਦਾਰਸ਼ਨਿਕ, ਚਿੰਤਕ ਅਤੇ ਸੱਚ 'ਤੇ ਪਹਿਰਾ ਦੇਣ ਵਾਲੇ ਲੋਕ ਸੁਕਰਾਤ ਦਾ ਨਾਂਅ ਬੜੇ ਮਾਣ ਨਾਲ ਲੈਂਦੇ ਹਨ । ਉਹ ਸੱਚ ਅਤੇ ਨੇਕੀ ਦਾ ਮੁਜੱਸਮਾ ਸੀ ਜੋ ਆਪਣੇ ਵਿਚਾਰਾਂ 'ਤੇ ਅਡੋਲ ਰਹਿ ਕੇ ਸ਼ਹੀਦ ਹੋ ਗਿਆ ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਜੀਵਨੀ: ਭਾਈ ਵੀਰ ਸਿੰਘ

    • ਵੀਰਪਾਲ ਕੌਰ
    Nonfiction
    • Biography

    ਸੂਫੀ ਦਰਵੇਸ਼ ਬਾਬਾ ਫਰੀਦ ਦਾ ਜੀਵਨ ਤੇ ਰਮਜ਼ਾਂ

    • ਹਰਪਾਲ ਸਿੰਘ ਪੰਨੂ
    Nonfiction
    • Biography

    ਖੋਜ ਤੇ ਉੱਦਮ ਦੇ ਸੁਮੇਲ ਦੀ ਕਹਾਣੀ

    • ਰੂਪਿੰਦਰ ਸਿੰਘ
    Nonfiction
    • Biography

    ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਜਸਵੰਤ ਸਿੰਘ ਕੰਵਲ

    • ਹਰਵਿੰਦਰ ਬਿਲਾਸਪੁਰ
    Nonfiction
    • Biography

    ਖੱਬੇਪੱਖੀ, ਬੁੱਧੀਜੀਵੀ, ਕ੍ਰਾਂਤੀਕਾਰੀ ਉਰਦੂ ਤੇ ਪੰਜਾਬੀ ਸ਼ਾਇਰ - ਫ਼ੈਜ਼ ਅਹਿਮਦ ਫ਼ੈਜ਼

    • ਜਾਮਿਲ ਅਬਦਾਲੀ ਸਾਬ੍ਹ
    Nonfiction
    • Biography

    ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ…

    • ਦਰਸ਼ਨ ਸਿੰਘ ਪ੍ਰੀਤੀਮਾਨ
    Nonfiction
    • Biography

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link