1. ਸੁਪਨਿਆਂ ਦੀ ਧਰਤ ਬੰਜਰ
ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿਚ।
ਦੂਰ ਤਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿਚ।
ਉਪਜਦੇ ਨੇ ਜ਼ਖ਼ਮ, ਪੀੜਾਂ, ਦਰਦ, ਹਉਕੇ ਨਿਤ ਨਵੇਂ,
ਬੀਜ ਦਿੱਤੇ ਕਿਸ ਨੇ ਕੰਕਰ ਅੱਜ ਸਮੇਂ ਦੀ ਅੱਖ ਵਿਚ।
ਮੋਤੀਆਂ ਦੇ ਢੇਰ ਉੱਤੇ ਕਾਵਾਂ ਰੌਲੀ ਪੈ ਰਹੀ,
ਚੁਗ ਰਹੇ ਨੇ ਹੰਸ ਪੱਥਰ ਅੱਜ ਸਮੇਂ ਦੀ ਅੱਖ ਵਿਚ।
ਕਿਸ ਹਵਾ ਨੇ ਡਸ ਲਿਆ ਹੈ ਇਨ੍ਹਾਂ ਦਾ ਅਣਖੀ ਜਲੌਅ,
ਸ਼ਾਂਤ ਨੇ ਸਾਰੇ ਹੀ ਅੱਖਰ ਅੱਜ ਸਮੇਂ ਦੀ ਅੱਖ ਵਿਚ।
ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ,
ਗ਼ੈਰ ਵੀ ਲਗਦੇ ਨੇ ਮਿੱਤਰ ਅੱਜ ਸਮੇਂ ਦੀ ਅੱਖ ਵਿਚ।
ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ,
ਵਿਛ ਰਹੇ ਨੇ ਥਾਂ-ਥਾਂ ਸੱਥਰ ਅੱਜ ਸਮੇਂ ਦੀ ਅੱਖ ਵਿਚ।
ਆਓ ਰਲ ਮਿਲ ਡੀਕ ਜਾਈਏ ਇਹਦਾ ਕਤਰਾ-ਕਤਰਾ 'ਮਾਨ',
ਦਰਦ ਦਾ ਵਗਦਾ ਸਮੁੰਦਰ ਅੱਜ ਸਮੇਂ ਦੀ ਅੱਖ ਵਿਚ।
2. ਸੋਚਾਂ ਦੇ ਨੈਣਾਂ ਵਿਚ
ਸੋਚਾਂ ਦੇ ਨੈਣਾਂ ਵਿਚ ਜੇਕਰ ਚਾਨਣ ਦੀ ਲੋਅ ਪਾਉਂਦੇ।
ਫਿਰ ਨਾ ਅੰਨ੍ਹੀ ਭੀੜ ਦੇ ਪਾਤਰ ਯਾਰੋ ਅਸੀਂ ਕਹਾਉਂਦੇ।
ਤਪਦੇ ਥਲ 'ਤੇ ਵਰਖਾ ਹੋਣ ਦਾ ਲੋਕੀਂ ਭਰਮ ਸਜਾਉਂਦੇ।
ਫਿਰ ਬੁੱਲ੍ਹਾਂ 'ਤੇ ਜੀਭ ਫੇਰ ਕੇ ਆਪਣੀ ਪਿਆਸ ਬੁਝਾਉਂਦੇ।
ਆਪਣੇ ਸ਼ਹਿਰ 'ਚ ਥਾਂ-ਥਾਂ ਐਸੇ ਵੇਖਾਂ ਰੋਜ਼ 'ਮਸੀਹੇ'
ਜੋ ਨੇ ਬਾਲ ਮਨਾਂ ਦੇ ਸੁਪਨੇ ਬੁੱਤ ਦੀ ਭੇਟ ਚੜ੍ਹਾਉਂਦੇ।
ਆਪਣਾ ਦਰਦ ਛੁਪਾ ਕੇ ਤਾਂ ਹੀ ਸੀਨੇ ਅੰਦਰ ਰਖਦਾਂ,
ਅਕਸਰ ਲੋਕੀਂ ਜ਼ਖ਼ਮ ਕੁਰੇਦਣ ਮਰਹਮ ਲਾਉਂਦੇ ਲਾਉਂਦੇ।
ਤੇਰੇ ਸ਼ਹਿਰ 'ਚ ਥਾਂ ਥਾਂ ਯਾਰਾ ਬੁੱਤਾਂ ਦੀ ਸੀ ਮਹਿਮਾ
ਆਪਣੇ ਦਿਲ ਦਾ ਹਾਲ ਅਸੀਂ ਫਿਰ ਕਿਸ ਨੂੰ ਦੱਸ ਸੁਣਾਉਂਦੇ?
3. ਜਦੋਂ ਉਹ ਹਾਲ ਪੁੱਛਦੇ ਨੇ
ਜਦੋਂ ਉਹ ਹਾਲ ਪੁੱਛਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਦਿਲਾਂ ਦੀ ਬਾਤ ਪਾਉਂਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਜਦੋਂ ਦਰ ਸੱਚ ਦੇ ਖੁਲ੍ਹਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਹਨ੍ਹੇਰੇ, ਕੂੜ ਨਸਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਚੁਫ਼ੇਰੇ ਪਸਰਿਆ ਨ੍ਹੇਰਾ ਕਦੇ ਵੀ ਸਹਿਣ ਨਾ ਕਰਦੇ,
ਇਹ ਜੁਗਨੂੰ ਟਿਮਟਿਮਾਉਂਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਕਿਤੇ ਕੰਡੇ ਵਿਛਾਏ ਨੇ, ਕਿਤੇ ਕੰਕਰ ਨੇ ਰਾਹਾਂ ਵਿਚ,
ਮੁਸਾਫ਼ਿਰ ਚਲਦੇ ਰਹਿੰਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਘਰਾਂ ਅੰਦਰ, ਬਨੇਰੇ 'ਤੇ, ਮਨਾਂ ਅੰਦਰ ਜਾਂ ਮੱਥੇ 'ਤੇ
ਜਦੋਂ ਵੀ ਦੀਪ ਜਗਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
4. ਕਿਰਦਾਰ ਨੇ ਵਿਕਾਊ
ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ।
ਹੁਣ ਤਾਂ ਸ਼ਰੇ-ਬਾਜ਼ਾਰੀਂ ਇਨਸਾਨ ਵਿਕ ਰਹੇ ਨੇ।
ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ,
ਇਸ ਸ਼ਹਿਰ ਵਿਚ ਮਸੀਹੇ, ਲੁਕਮਾਨ ਵਿਕ ਰਹੇ ਨੇ।
ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ,
ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ।
ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ,
ਏਥੇ ਗਲੀ-ਗਲੀ ਵਿਚ ਭਗਵਾਨ ਵਿਕ ਰਹੇ ਨੇ।
ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ,
ਚਾਂਦੀ ਦੇ ਪੰਨਿਆਂ 'ਤੇ ਵਿਦਵਾਨ ਵਿਕ ਰਹੇ ਨੇ।
ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ 'ਮਾਨ' ਕੀ-ਕੀ,
ਥਾਂ-ਥਾਂ ਟਕੇ-ਟਕੇ ਵਿਚ ਧਨਵਾਨ ਵਿਕ ਰਹੇ ਨੇ।
Add a review