ਸਿੱਖ ਕੌਮ ਦੇ ਨਾਮਵਰ ਵਿਦਵਾਨ ਸ. ਸਤਬੀਰ ਸਿੰਘ ਵਲੋਂ ਪੰਥ ਰਤਨ ਮਾਸਟਰ ਤਾਰਾ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਅਜਾਇਬ ਘਰ ਅਸਥਾਪਨ ਦੀ ਤਜਵੀਜ਼ ਰੱਖੀ ਗਈ ਸੀ। ਮਾਸਟਰ ਜੀ ਵਲੋਂ ਉਚੇਚੀ ਰਕਮ ਰਾਖਵੀਂ ਰੱਖ ਕੇ ਇਸ ਨੂੰ ਘੰਟਾ ਘਰ ਵਾਲੀ ਬਾਹੀ ’ਤੇ ਉਸਾਰਨ ਦੀ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਸੰਨ 1957 ਵਿਚ ਕਰ ਦਿੱਤੀ। ਇਸ ਦੇ ਪਹਿਲੇ ਕਿਉਰੇਟਰ ਸ. ਭਾਨ ਸਿੰਘ ਨੇ ਇਸ ਨੂੰ ਉਸਾਰਨ, ਸੰਵਾਰਨ ਤੇ ਵਧਾਉਣ ਵਿਚ ਚੋਖਾ ਯੋਗਦਾਨ ਪਾਇਆ। ਮੋਢੀ ਚਿੱਤਰਕਾਰ ਸ. ਕ੍ਰਿਪਾਲ ਸਿੰਘ ਨੇ ਸੰਨ 1959 ਤੋਂ 1961 ਤੱਕ ਬਣਾਈਆਂ ਇਤਿਹਾਸ ਪੇਟਿੰਗਜ਼ ਸੰਗਤਾਂ ਦੀ ਖਿੱਚ ਦਾ ਕੇਂਦਰ ਬਿੰਦੂ ਬਣੀਆਂ। ਸ. ਕ੍ਰਿਪਾਲ ਸਿੰਘ ਨੇ ਇਸ ਥੋੜ੍ਹੇ ਸਮੇਂ ਵਿਚ 23 ਸ਼ਾਹਕਾਰ ਸਿਰਜੇ ਜੋ ਉਨ੍ਹਾਂ ਦੇ ਪੂਰੇ ਜੀਵਨ ਕਾਲ ਵਿਚ ਸਿਖਰਾਂ ਛੋਂਹਦੇ ਵਿਖਾਈ ਦੇਂਦੇ ਰਹੇ।
ਸ. ਕ੍ਰਿਪਾਲ ਸਿੰਘ ਚਿੱਤਰਕਾਰ ਤੋਂ ਮਗਰੋਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਮਾਸਟਰ ਗੁਰਦਿੱਤ ਸਿੰਘ ਸੰਨ 1962–63 ਵਿਚ ਆਏ। ਉਨ੍ਹਾਂ ਨੇ ਵੀ ਆਪਣੀ ਸੂਝ, ਸਿਆਣਪ, ਦੂਰ ਅੰਦੇਸ਼ੀ ਤੇ ਕਲਾਤਮਿਕ ਦਿ®ਸ਼ਟੀ ਨਾਲ ਵੱਡੀ ਗਿਣਤੀ ਵਿਚ ਸਿੱਖ ਗੁਰੂਆਂ ਦੇ ਬਹੁਰੰਗੇ ਸ਼ਾਹਕਾਰਾਂ ਨੂੰ ਸਿਰਜਿਆ। ਸੰਨ 1980 ਨੂੰ ਅਚਾਨਕ ਉਨ੍ਹਾਂ ਦਾ ਸਦੀਵੀ ਵਿਛੋੜਾ ਦੇਣ ਕਾਰਨ ਅਜਾਇਬ ਘਰ ਮੁੜ ਚਿੱਤਰਕਾਰ ਤੋਂ ਖ਼ਾਲੀ ਹੋ ਗਿਆ। ਸੰਨ 1981 ਵਿਚ ਦਿੱਲੀ ਤੋਂ ਸ. ਅਮੋਲਕ ਸਿੰਘ ਚਿੱਤਰਕਾਰ ਆ ਗਏ ਜਿਨ੍ਹਾਂ ਨੇ ਸੰਨ 1994 ਤੱਕ 14 ਸਾਲ ਕੇਂਦਰੀ ਸਿੱਖ ਅਜਾਇਬ ਘਰ ਦੇ ਵਾਧੇ ਵਿਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
ਸੰਨ 1996 ਵਿਚ ਅੰਮ੍ਰਿਤਸਰ ਦੇ ਹੀ ਉਭਰ ਰਹੇ ਚਿੱਤਰਕਾਰ ਗੁਰਵਿੰਦਰ ਪਾਲ ਸਿੰਘ ਨੇ ਅਜਾਇਬ ਘਰ ਵਿਚ ਇਕ ਚਿੱਤਰਕਾਰ ਦੇ ਤੌਰ ’ਤੇ ਪ੍ਰਵੇਸ਼ ਕੀਤਾ। ਜਿਨ੍ਹਾਂ ਦਾ ਜਨਮ 15 ਜੂਨ 1964 ਨੂੰ ਮਾਤਾ ਹਰਜਿੰਦਰ ਕੌਰ ਦੀ ਕੁਖੋਂ ਤੇ ਪਿਤਾ ਸ. ਹਰਭਜਨ ਸਿੰਘ ਦੇ ਘਰ ਹੋਇਆ। ਕਲਾ ਦਾ ਮੁੱਢ ਵਿਰਾਸਤ ’ਚੋਂ ਮਿਲਿਆ। ਉਸ ਦੇ ਪਿਤਾ ਸ. ਹਰਭਜਨ ਸਿੰਘ ਕਿਤਾਬਾਂ ਦੇ ਟਾਈਟਲ ਤੇ ਕਿਤਾਬਾਂ ਅੰਦਰ ਲਾਈਨ ਵਰਕ ਲਿਲੁਸਟਰੳਟiੋਨ ਦੇ ਕੰਮ ਵਿਚ ਮੁਹਾਰਤ ਰੱਖਦੇ ਸਨ। ‘ਸੰਤ ਸਿਪਾਹੀ’ ਰਸਾਲੇ ਦੇ ਟਾਈਟਲ ਉਨ੍ਹਾਂ ਵਲੋਂ ਤਿਆਰ ਕੀਤੇ ਜਾਂਦੇ ਸਨ। ਭਾਈ ਚਤਰ ਸਿੰਘ ਜੀਵਨ ਸਿੰਘ ਤੋਂ ਇਲਾਵਾ ਭਾਈ ਜਗਤਾਰ ਸਿੰਘ ਕ੍ਰਿਪਾਲ ਸਿੰਘ ਕਿਤਾਬਾਂ ਵਾਲੇ ਆਪਣੀਆਂ ਛੱਪ ਰਹੀਆਂ ਕਿਤਾਬਾਂ ਦੇ ਕਲਾਤਮਿਕ ਕਾਰਜ ਆਪ ਦੇ ਪਿਤਾ ਤੋਂ ਹੀ ਕਰਵਾਉਂਦੇ। ਬਾਲ ਗੁਰਵਿੰਦਰ ਪਾਲ ਸਿੰਘ ਦੇ ਮਨ ਵਿਚ ਵੀ ਇਸ ਨੂੰ ਕਾਪੀ ਕਰਨ ਦੀ ਤਾਂਘ ਪੈਦਾ ਹੋਈ। ਸੰਨ 1979 ਵਿਚ ਅੰਮ੍ਰਿਤਸਰ ਦੇ ਗਿਆਨ ਆਸ਼ਰਮ ਹਾਈ ਸਕੂਲ ਤੋਂ ਮੈਟਿ®ਕ ਪਾਸ ਕੀਤੀ। ਪੇਟਿੰਗ ਦਾ ਕਾਰਜ ਉਨ੍ਹਾਂ ਅਨੁਸਾਰ ਪਰਮਾਤਮਾ ਦੀ ਹੀ ਦੇਣ ਹੈ। ਉਹ ਪ੍ਰਾਕ੍ਰਿਤੀ ਦਾ ਬਖ਼ਸ਼ਿਆ ਚਿੱਤਰਕਾਰ ਹੈ। ਜਿਸ ਨੂੰ ਸ. ਸੋਭਾ ਸਿੰਘ ਚਿੱਤਰਕਾਰ, ਸ. ਕਿਰਪਾਲ ਸਿੰਘ ਤੇ ਸ. ਮੇਹਰ ਸਿੰਘ ਚਿੱਤਰਕਾਰ ਦੀ ਕਲਾ ਨੇ ਬੇਹੱਦ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਮਾਰਗ ਦਰਸ਼ਕ ਦਾ ਕੰਮ ਕੀਤਾ। ਆਪ ਨੇ ਜਿੰਨੇ ਵੀ ਸ਼ਾਹਕਾਰਾਂ ਨੂੰ ਸਿਰਜਿਆ, ਉਹ ਬੋਲਦੇ ਵਿਖਾਈ ਦਿੰਦੇ ਹਨ। ਕਿਸੇ ਮੂਰਤ ਵਿਚ ਜਾਨ ਪਾ ਦੇਣੀ ਇਹ ਚਿੱਤਰਕਾਰ ਗੁਰਵਿੰਦਰ ਪਾਲ ਸਿੰਘ ਦਾ ਹੀ ਕੰਮ ਹੈ। ਉਸ ਨੇ ਸਿੱਖ ਗੁਰੂਆਂ, ਸ਼ਹੀਦਾਂ, ਜੰਗਾਂ, ਸੂਰਬੀਰ ਯੋਧਿਆਂ, ਭਗਤਾਂ ਤੇ ਉੱਘੀਆਂ ਸ਼ਖ਼ਸੀਅਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਚਿਤਰਿਆ ਹੈ।
ਉਸ ਦੀਆਂ ਪੇਟਿੰਗਜ਼ ਵਿਚ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ’ਤੇ ਜਾਣ ਸਮੇਂ ਦਾ ਦਿ®ਸ਼, ਗੁਰੂ ਅੰਗਦ ਦੇਵ ਜੀ ਦਾ ਬਾਦਸ਼ਾਹ ਹਮਾਊਂ ਦੀ ਤਸਵੀਰ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਉੱਚ ਦਾ ਪੀਰ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਜੀ ਰਾਏ ਕੋਲਾ ਨੂੰ ਗੰਗਾ ਸਾਗਰ ਨਿਸ਼ਾਨੀ ਵਜੋਂ ਦੇਂਦੇ ਹੋਏ। ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਬਹਾਦਰ ਨਾਲ ਮਿਲਾਪ ਪੇਟਿੰਗਜ਼ ਵਿਚ ਖ਼ੂਬਸੂਰਤੀ ਨਾਲ ਚਿੱਤਰਕਾਰ ਨੇ ਆਪਣੇ ਬੁਰਸ਼ਾਂ ਦੀਆਂ ਛੋਹਾਂ ਨਾਲ ਸਿਰਜਿਆ ਹੈ ਉਹ ਸਿਖਰਾਂ ਛੋਂਹਦਾ ਹੈ।
ਸਿੱਖ ਜੰਗਾਂ ਨੂੰ ਵੀ ਚਿੱਤਰਕਾਰ ਨੇ ਆਪਣੀ ਕੈਨਵਸ ’ਤੇ ਸਾਕਾਰ ਕੀਤਾ ਹੈ। ਮਾਈ ਭਾਗੋ ਦੀ ਮੁਕਤਸਰ ਦੀ ਜੰਗ, ਜਥੇਦਾਰ ਨੱਥਾ ਸਿੰਘ ਅਬਦਾਲੀ ਦੀਆਂ ਫ਼ੌਜਾਂ ਨਾਲ ਲੜਦੇ ਹੋਏ। ਦਰਬਾਰ ਸਾਹਿਬ ’ਤੇ ਅਬਦਾਲੀ ਦਾ ਤੋਪਾਂ ਨਾਲ ਹਮਲਾ ਪੇਟਿੰਗਜ਼ ਵੀ ਆਪਣੀ ਵਿਸ਼ੇਸ਼ ਥਾਂ ਰੱਖਦੀਆਂ ਹਨ। ਭਗਤਾਂ ਦੀ ਸੀਰੀਜ਼ ਵਿਚ ਭਗਤ ਨਾਮਦੇਵ, ਭਗਤ ਸਧਨਾ ਜੀ, ਭਗਤ ਪੀਪਾ ਜੀ, ਭਗਤ ਭੀਖਣ ਜੀ, ਭਗਤ ਜੈਦੇਵ ਜੀ, ਭਗਤ ਤਿ®ਲੋਚਨ ਜੀ, ਭਗਤ ਸੈਣ ਜੀ ਤੇ ਭਗਤ ਸੂਰਦਾਸ ਜੀ ਦੇ ਬਣਾਏ ਪੋਰਟਰੇਟ ਵਿਚ ਚਿੱਤਰਕਾਰ ਦੀ ਬੇਹਤਰੀਨ ਕਲਾ ਤੇ ਡੂੰਘੀ ਸ਼ਰਧਾ ਆਪ ਮਹਾਰੇ ਪ੍ਰਗਟ ਹੁੰਦੀ ਹੈ।
ਇਸ ਤਰ੍ਹਾਂ ਸ਼ਖ਼ਸੀਅਤਾਂ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਨਾਮਵਰ ਚਿੱਤਰਕਾਰ ਨੂੰ ਉਨ੍ਹਾਂ ਦੇ ਬਹੁਤ ਹੀ ਸੁੰਦਰ ਪੋਰਟਰੇਟ ਸਾਕਾਰ ਕੀਤੇ ਹਨ ਜਿਨ੍ਹਾਂ ਵਿਚ ਚਿੱਤਰਕਾਰ ਹਰੀ ਸਿੰਘ, ਐਸ.ਜੀ. ਠਾਕਰ ਸਿੰਘ, ਮਾਸਟਰ ਗੁਰਦਿੱਤ ਸਿੰਘ, ਜੀ.ਐਸ. ਸੋਹਨ ਸਿੰਘ ਤੇ ਅਮੋਲਕ ਸਿੰਘ ਦੇ ਪੋਰਟਰੇਟ ਕੇਂਦਰੀ ਸਿੱਖ ਅਜਾਇਬ ਘਰ ਵਿਚ ਆਪਣੀ ਅਮਿੱਟ ਛਾਪ ਛੱਡਦੇ ਹਨ। ਚਿੱਤਰਕਾਰ ਨੇ ਵੱਖਰੇ ਤੌਰ ’ਤੇ ਭੂ–ਦ੍ਰਿਸ਼ (ਲੈਂਡਸਕੇਪ) ਘੱਟ ਹੀ ਚਿੱਤਰੇ ਹਨ ਪਰ ਇਤਿਹਾਸਕ ਤਸਵੀਰਾਂ, ਪੇਟਿੰਗਜ਼ ਵਿਚ ਪਿੱਠ ਭੂਮੀ ਵਿਚ ਬੜੇ ਕਲਾਤਮਿਕ ਢੰਗ ਨਾਲ ਭੂ–ਦਿ®ਸ਼ ਦਾ ਲੋੜ ਅਨੁਸਾਰ ਟੱਚ ਕੀਤਾ ਹੈ।
ਆਪ ਨੂੰ ਕਲਾ ਦੇ ਖੇਤਰ ਵਿਚ ਕਈ ਸੰਸਥਾਵਾਂ ਨੇ ਮਾਨ–ਸਨਮਾਨ ਨਾਲ ਨਿਵਾਜਿਆ ਹੈ। ਇਨ੍ਹਾਂ ਵਿਚ ਸ. ਸੋਭਾ ਸਿੰਘ ਚਿੱਤਰਕਾਰ ਸੁਸਾਇਟੀ ਬਠਿੰਡਾ, ਖ਼ਾਲਸਾ ਕਾਲਜ ਅੰਮ੍ਰਿਤਸਰ ਤੇ ਮਿਸ਼ਨਰੀ ਐਜੂਕੇਸ਼ਨ ਸੁਸਾਇਟੀ ਅੰਮ੍ਰਿਤਸਰ ਸ਼ਾਮਲ ਹਨ। ਆਪ ਦਾ ਇਕੋ ਇਕ ਸਪੁੱਤਰ ਬਰਿੰਦਰ ਸਿੰਘ ਚੰਡੀਗੜ੍ਹ ਵਿਚ ਸਾਫ਼ਟਵੇਅਰ ਇੰਜੀਨੀਅਰ ਹੈ ਤੇ ਆਪ ਦੀ ਧਰਮ ਪਤਨੀ ਬੀਬੀ ਰੁਪਿੰਦਰ ਕੌਰ ਜੋ ਇਕ ਘਰੋਗੀ ਔਰਤ ਦੇ ਨਾਲ–ਨਾਲ ਚਿੱਤਰਕਾਰ ਗੁਰਵਿੰਦਰ ਪਾਲ ਸਿੰਘ ਦੀ ਹੁਣ ਤੱਕ ਕੀ ਸਫ਼ਲਤਾ ਤੇ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਵਲੋਂ ਦਿੱਤਾ ਉਤਸ਼ਾਹ ਹੀ ਉਸ ਦੀ ਸਫ਼ਲਤਾ ਦਾ ਰਾਜ਼ ਹੈ। ਕੇਂਦਰੀ ਸਿੱਖ ਅਜਾਇਬ ਘਰ ਵਿਚ ਹੁਣ ਤੱਕ ਜਿੰਨੇ ਵੀ ਚਿੱਤਰਕਾਰਾਂ ਨੇ ਕੰਮ ਕੀਤਾ ਹੈ। ਉਨ੍ਹਾਂ ਵਿੱਚੋਂ ਸਭ ਤੋਂ ਵੱਧ 26 ਸਾਲ ਯਾਦਗਾਰੀ ਗੁਰਵਿੰਦਰ ਪਾਲ ਸਿੰਘ ਦੇ ਲੇਖੇ ਲੱਗੇ ਹਨ। ਚਿੱਤਰਕਾਰ ਆਪਣੀ ਕਲਾ ਰਾਹੀਂ ਅਮਿੱਟ ਛਾਪ ਛੱਡਦੇ ਹੋਏ ਕੇਂਦਰੀ ਸਿੱਖ ਅਜਾਇਬ ਘਰ ਤੋਂ 28 ਫਰਵਰੀ ਨੂੰ ਸੇਵਾ–ਮੁਕਤ ਹੋ ਰਿਹਾ ਹੈ। ਆਸ ਹੈ ਉਸ ਦੇ ਬਣਾਏ ਸ਼ਾਹਕਾਰ ਸਿੱਖ ਕੌਮ ਵਿਚ ਸਦਾ ਪ੍ਰੇਰਨਾ ਸਰੋਤ ਬਣਨਗੇ।
Add a review