‘‘ਬਰਾਰਾ, ਚਲਨਾ ਕਾਮ ’ਤੇ ਕਿ? ਬਾਕੀ ਉਸਦੇ ਸਮਝਣ ਲਈ ਛੱਡ ਦੂਜੇ ਮਜ਼ਦੂਰਾਂ ਵੱਲ ਅਹੁਲਦੇ ਬਿਹਾਰ ’ਚੋਂ ਆ ਕੇ ਠੇਕੇਦਾਰ ਬਣੇ ਰਾਮ ਵਿਲਾਸ ਨੇ ਕਿਹਾ, ਜੋ ਹੁਣ ਵਧੀਆ ਪੰਜਾਬੀ ਵੀ ਬੋਲ ਲੈਂਦਾ ਸੀ। ਬਿਨਾਂ ਜੁਆਬ ਦਿੱਤੇ ਬਰਾੜ ਜੱਟ ਤੋਂ ਰਾਜ ਮਿਸਤਰੀ ਬਣੇ ਹਰਬੀਰ ਨੇ ਕੁਰਬਲ-ਕੁਰਬਲ ਕਰਦੇ ਲੇਬਰ ਚੌਂਕ ’ਤੇ ਨਿਗ੍ਹਾ ਮਾਰੀ ਜਿੱਥੇ ਕੰਮ ਲਈ ਮਜ਼ਦੂਰਾਂ ਤੇ ਮਿਸਤਰੀਆਂ ਨੂੰ ਲੈਣ ਵਾਸਤੇ ਆਏ ਹੋਰ ਠੇਕੇਦਾਰਾਂ ਵੱਲ ਸ਼ਹਿਦ ਦੀਆਂ ਮੱਖੀਆਂ ਵਾਂਗ ਮਜ਼ਦੂਰ ਇਕ ਦੂਜੇ ਤੋਂ ਅੱਗੇ ਹੋ ਕੇ ਕੰਮ ’ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਰੋਜ਼ ਮਿਸਤਰੀਆਂ ਅਤੇ ਮਜ਼ਦੂਰਾਂ ਵਿਚ ਵਿਚਰਦੇ ਠੇਕੇਦਾਰ ਚੋਣਵੇਂ ਕੰਮ ਕਰਨ ਵਾਲੇ ਬੰਦਿਆਂ ਨੂੰ ਹੀ ਪਹਿਲਾਂ ਪੁੱਛ-ਗਿੱਛ ਕਰਦੇ। ਹਰਬੀਰ ਨੂੰ ਪਤਾ ਸੀ ਕਿ ਉਸ ਦੇ ਹੁੰਦਿਆਂ ਰਾਮ ਵਿਲਾਸ ਹੋਰ ਕਿਸੇ ਰਾਜ ਮਿਸਤਰੀ ਨੂੰ ਲਿਜਾ ਹੀ ਨਹੀਂ ਸਕਦਾ ਕਿਉਂਕਿ ਠੇਕੇਦਾਰ ਦੀ ਪਾਰਖੂ ਅੱਖ ਨੇ ਹਰਬੀਰ ਨੂੰ ਪਰਖ਼ਿਆ ਹੋਇਆ ਸੀ। ਉਹ ਤਾਂ ਇਕ ਦਿਹਾੜੀ ਦੇ ਵਾਧੇ-ਘਾਟੇ ਤੋਂ ਖਾਧੀ-ਪੀਤੀ ਵਿਚ ਐਵੇਂ ਦਿਹਾੜੀ ਟੁੱਟ ਗਈ ਸੀ ਜੋ ਠੇਕੇਦਾਰ ਹੁਣੇ ਹੀ ਸੁਣਾਅ ਕੇ ਹਟਿਆ ਸੀ। ‘‘ ਸਾਲੇ ਬਿਹਾਰੋਂ ਭੁੱਖੇ ਮਰਦੇ ਏਥੇ ਆ ਕੇ ਸਾਡੇ ’ਤੇ ਹੁਕਮ ਚਲਾਉਣ ਡਹਿ ਪਏ’’ ਹਰਬੀਰ ਮੂੰਹ ’ਚ ਹੀ ਬੁੜਬੜਾਇਆ।
‘‘ ਪਰ ਕਸੂਰ ਕਿਸਦਾ ਹੈ? ਕਿਰਤ ਕਰਦੇ ਨੇ, ਕਿਸੇ ਤੋਂ ਖੋਂਹਦੇ ਤਾਂ ਨਹੀਂ? ਅਸੀਂ ਪੰਜਾਬੀ ਡੱਕਾ ਨਹੀਂ ਤੋੜਦੇ, ਸ਼ਾਇਦ ਏਹ ਵੀ ਮੇਰੇ ਵਾਂਗ ਮਜਬੂਰੀ ਵਿਚ ਹੀ ਆਏ ਹੋਣ’’! ਉਸ ਨੇ ਆਪਣੇ-ਆਪ ਨੂੰ ਹੀ ਸੁਆਲ ਕੀਤੇ ਤੇ ਆਪ ਹੀ ਜੁਆਬ ਦਿੱਤਾ।
ਹਰਬੀਰ ਗੁਜ਼ਾਰੇ ਜੋਗੀ ਜ਼ਮੀਨ ਦੇ ਮਾਲਕ ਪਿਉ ਦਾ ਪੁੱਤਰ ਸੀ, ਜਿਸ ਨੂੰ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਤਕ ਜਾਂਦੇ ਨੂੰ ਖੁੱਲ੍ਹਾ ਖ਼ਰਚਾ ਤੇ ਚੰਗਾ ਪਹਿਨਣ ਨੂੰ ਮਿਲਿਆ ਸੀ। ਖ਼ਰਚਾ ਕਿੱਥੋਂ ਆਉਂਦਾ ਸੀ, ਕਿਵੇਂ ਆਉਂਦਾ ਸੀ ਇਹ ਕਦੀ ਉਸ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ ਸੀ। ਇਹ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਬੈਂਕ ਤੋਂ ਲਿਮਟ ਬਣਵਾ ਕੇ ਚੁੱਕਿਆ ਕਰਜ਼ਾ ਤਿੰਨ ਗੁਣਾ ਹੋ ਗਿਆ ਸੀ। ਕਰਜ਼ਾ ਨਾ ਮੋੜਨ ਕਰਕੇ ਬੈਂਕ ਵਾਲਿਆਂ ਨੇ ਜ਼ਮੀਨ ਦੀ ਕੁਰਕੀ ਦੇ ਸੰਮਨ ਭੇਜ ਦਿੱਤੇ ਸਨ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਿੱਤ ਪਿਉ ਨਾਲ ਮਹਿਫ਼ਲਾਂ ਜਮਾਈ ਰੱਖਣ ਵਾਲੇ ਭਾਲਿਆਂ ਵੀ ਨਹੀਂ ਲੱਭੇ ਸਨ।
ਉਦੋਂ ਤਾਂ ਹਰਬੀਰ ਨੂੰ ਵੀ ਬੜਾ ਚੰਗਾ ਲੱਗਦਾ ਸੀ, ਜਦੋਂ ਪਿਉ ਵਾਂਗ ਹੀ ਉਹਦੇ ਯਾਰ ਦੋਸਤ ਉਸਦੇ ਮੋਟਰਸਾਈਕਲ ’ਤੇ ਬੈਠ ਕੁੜੀਆਂ ਦੇ ਸਕੂਲ ਜਾਂ ਕਾਲਜ ਮੂਹਰੇ ਗੇੜੀਆਂ ਦਿੰਦੇ ਸਨ।
ਇਕ ਵਾਰ ਮਾਂ ਨੇ ਜਦੋਂ ਨਵੇਂ ਮੋਟਰਸਾਈਕਲ ’ਤੇ ਘਰੋਂ ਕਾਲਜ ਤੇ ਕਾਲਜੋਂ ਸਿੱਧੇ ਘਰ ਆਉਣ ਲਈ ਤਾੜਨਾ ਕੀਤੀ ਸੀ ਤਾਂ ਹਰਬੀਰ ਬੇ-ਪਰਵਾਹੀ ਜਿਹੀ ਨਾਲ ਮਾਂ ਨੂੰ ਬੋਲਿਆ ਸੀ, ‘‘ਬੀਬੀ ਜੇ ਮੁੰਡਿਆਂ ਨਾਲ ਇਕ ਗੇੜੀ ਜਹਾਜ਼ ਚੌਂਕ ਦੀ ਨਾ ਲਾਈਏ ਤਾਂ ਮੁੰਡੇ ਮਖੌਲ ਕਰਦੇ ਨੇ,‘‘ਸਾਲਾ ਸੂਮ ਪਿਉ ਦਾ ਪੁੱਤ।’’
ਉਪਰੋਂ ਪਿਉ ਨੇ ਦੋਹਰ ਪਾਉਂਦਿਆਂ ਕਿਹਾ, ‘‘ਕੁੜੀ ਯਾ... ਨਾ ਮੁੰਡੇ ਨੂੰ ਟੋਕਦੀ ਰਿਹਾ ਕਰ, ਹੱਸਣ-ਖੇਡਣ ਦੇ ਦਿਨ ਨੇ ਜੁਆਕ ਦੇ।’’
‘‘ਆਹੋ, ਤੇਰੇ ਵਾਲੀਆਂ ਆਦਤਾਂ ਇਹਦੇ ’ਚ ਪੈਣੋਂ ਕੋਈ ਕਸਰ ਬਾਕੀ ਨਾ ਰਹਿ ’ਜੇ।’’ ਮਾਂ ਸਿਰਫ਼ ਏਨਾ ਹੀ ਬੋਲੀ ਸੀ।
ਹਰਬੀਰ ਨੂੰ ਇਕ ਗਾਇਕ ਵੱਲੋਂ ਗਾਏ ਗੀਤ ਦੇ ਬੋਲ ਯਾਦ ਆ ਗਏ, ‘‘ਬਾਬਲ ਹੁੰਦਿਆਂ ਬੇ-ਪਰਵਾਹੀਆਂ ਰੱਬ ਯਾਦ ਨਹੀਂ ਰਹਿੰਦਾ’’
ਠੀਕ ਹੀ ਰੱਬ ਯਾਦ ਨਹੀਂ ਸੀ ਉਸ ਵੇਲੇ ਹਰਬੀਰ ਦੇ, ਤੇ ਅੱਜ ਉਸ ਨੂੰ ਜੱਟ ਹੋਣ ’ਤੇ ਆਪਣੇ-ਆਪ ਨੂੰ ਬਰਾੜ ਅਖਵਾਉਂਦਿਆਂ ਸ਼ਰਮ ਜਿਹੀ ਆਉਂਦੀ ਹੈ। ਕਾਸ਼! ਉਹ ਕਿਸੇ ਕਾਰੀਗਰ ਜਾਂ ਕਿਸੇ ਮਜ਼ਦੂਰ ਦੇ ਘਰ ਪੈਦਾ ਹੋਇਆ ਹੁੰਦਾ ਤਾਂ, ਲੇਬਰ ਚੌਕ ਵਿਚ ਔਜ਼ਾਰਾਂ ਵਾਲਾ ਝੋਲਾ ਫੜੀ ਖਲੋਤਿਆਂ ਆਪਣੇ ਵਾਕਫ਼ਕਾਰਾਂ ਤੋਂ ਉਸ ਨੂੰ ਮੂੰਹ ਤਾਂ ਨਾ ਛੁਪਾਉਣਾ ਪੈਂਦਾ!
ਕਿਸੇ ਠੀਕ ਹੀ ਕਿਹਾ ਹੈ ਕਿ ਵਖਤ ਪੈਣ ’ਤੇ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਹਰਬੀਰ ਦੇ ਬਾਪ ਨਾਲ ਵੀ ਇੰਜ ਹੀ ਹੋਇਆ ਸੀ। ਖ਼ੁਦ ਨਾਲ ਵੀ ਪਰਛਾਵੇਂ ਵਾਂਗ ਰਹਿੰਦੇ ਪੈੱਗ-ਵੱਟ ਯਾਰ, ਜਿਨ੍ਹਾਂ ਵਿਚ ਇਕ ਖ਼ੂਬਸੂਰਤ ਪਰਛਾਵਾਂ ਵੀ ਸੀ ਜੋ ਹੌਲ਼ੀ-ਹੌਲ਼ੀ ਕਿਨਾਰਾ ਕਰ ਗਏ ਸਨ। ਠੇਕੇਦਾਰ ਰਾਮ ਵਿਲਾਸ ਹਰਬੀਰ ਨੂੰ ਇਸ ਲਈ ਬਰਾੜ ਕਹਿੰਦਾ ਹੈ ਕਿ ਉਸਦੇ ਪਿਤਾ ਸੁਲੱਖਣ ਸਿੰਘ ਬਰਾੜ ਨੇ ਨਵੀਂ ਪਾਈ ਕੋਠੀ ਦਾ ਸਾਰਾ ਕੰਮ ਉਸ ਤੋਂ ਕਰਵਾਇਆ ਸੀ। ਲਗਾਤਾਰ ਛੇ ਮਹੀਨੇ ਘਰ ਆਉਣ-ਜਾਣ ਕਰਕੇ ਆਪਣਿਆਂ ਵਾਂਗ ਤੇਹ ਜਿਹਾ ਕਰਨ ਲੱਗ ਪਿਆ ਸੀ। ਉਦੋਂ ਹਰਬੀਰ ਨੂੰ ਇਹ ਪਤਾ ਨਹੀਂ ਸੀ ਕਿ ਨਵੀਂ ਕੋਠੀ, ਭੈਣ ਦਾ ਗੱਜ-ਵੱਜ ਕੇ ਕੀਤਾ ਵਿਆਹ ਅਤੇ ਉਸ ਵੱਲੋਂ ਕਾਲਜ ਜਾਣ ਲਈ ਜ਼ਿੱਦ ਕਰ ਕੇ ਲਿਆ ਬੁਲਟ, ਇਹ ਸਾਰਾ ਕੁਝ ਜ਼ਮੀਨ ਦੀ ਮੋਟੀ ਲਿਮਟ ਬਣਾ ਕੇ ਹੀ ਬਣਾਇਆ ਸੀ। ਬਚਪਨ ਦੇ ਮਾਣੇ ਆਨੰਦ ਦੀ ਉਸ ਨੂੰ ਹੁਣ ਭਲੀ-ਭਾਂਤ ਸਮਝ ਪੈ ਰਹੀ ਸੀ। ਵੈਸੇ ਇਹ ਹਾਲ ਹਰ ਅੱਲ੍ਹੜ ਬੱਚੇ ਦਾ ਹੁੰਦਾ ਹੈ। ਭਾਵੇਂ ਸਰਕਾਰ ਨੇ ਬੈਂਕ ਦੀ ਲਿਮਟ ਦਾ ਵਿਆਜ ਬਹੁਤ ਘੱਟ ਰੱਖਿਆ ਹੋਇਆ ਸੀ ਪਰ ਇਹ ਫ਼ਾਇਦਾ ਸਿਰਫ਼ ਉਹੀ ਕਿਸਾਨ ਉਠਾ ਸਕਦਾ ਸੀ ਜੋ ਛੇਈਂ ਮਹੀਨੀਂ ਲਿਮਟ ਨਵੀਂ-ਪੁਰਾਣੀ ਕਰਾਉਂਦਾ ਸੀ। ਜਿੰਨੀ ਲਿਮਟ ਦੀ ਰਕਮ ਸੀ ਜ਼ਮੀਨ ਓਨੀ ਫ਼ਸਲ ਨਹੀਂ ਕੱਢਦੀ ਸੀ। ਜੇ ਕਿਧਰੇ ਕੋਈ ਮਰਨਾ-ਜੰਮਣਾ ਜਾਂ ਵਰ੍ਹੀਣਾ-ਚੌਵਰ੍ਹੀ ਪੈ ਗਈ, ਫ਼ਸਲ ਮਾਰ ਹੋ ਗਈ ਜਾਂ ਜਿਣਸ ਦੀ ਪੇਮੈਂਟ ਰੁਕ ਗਈ ਤਾਂ ਮੋਟਾ ਵਿਆਜ ਜਮ੍ਹਾਂ ਹੋ ਜਾਂਦਾ ਜੋ ਮੂਲ ਵਿਚ ਵਾਧਾ ਕਰ ਕਰ ਜਾਂਦਾ ਸੀ। ਇਹ ਤਾਂ ਕੁਝ ਚਿਰ ਉਸਦੇ ਪਿਤਾ ਦੇ ਦੋਸਤ ਸਿੱਧੂ ਸਰਦਾਰ ਦੇ ਆੜ੍ਹਤੀ ਹੋਣ ਕਰਕੇ ਉਸ ਤੋਂ ਪੈਸੇ ਫੜ ਕੇ ਲਿਮਟ ਨਵੀਂ-ਪੁਰਾਣੀ ਹੋ ਜਾਂਦੀ ਰਹੀ ਸੀ, ਵਰਨਾ ਕੁਰਕੀ ਤਾਂ ਕਦੋਂ ਦੀ ਹੋ ਜਾਂਦੀ। ਹਾਂ, ਸੁਲੱਖਣ ਬਰਾੜ ਦੀ ਬਾਜ ਵਾਲੀ ਕੋਠੀ ਜ਼ਰੂਰ ਪਿੰਡ ਵਿਚ ਵੱਖਰੀ ਦਿੱਸਦੀ ਸੀ ਪਰ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ ਕਿ ਕੋਠੀ ਵਿੱਚੋਂ ਖੋਖਲੀ ਹੈ।
‘‘ਚਲੇਂ ਫਿਰ? ਸ਼ਹਿਰ ਈ ਇਕ ਪੋਰੀ ਚਾਰਨੀ ਹੈਗਾ।’’ ਦੋ ਮਜ਼ਦੂਰ ਨਾਲ ਖਲੋਤੇ ਠੇਕੇਦਾਰ ਨੇ ਸੋਚੀਂ ਪਏ ਹਰਬੀਰ ਨੂੰ ਝੰਜੋੜਦਿਆਂ ਕਿਹਾ।
ਹਰਬੀਰ ਵੱਲੋਂ ਬਿਨਾਂ ਕੁਝ ਬੋਲਿਆਂ ਝੋਲ਼ਾ ਟੰਗਿਆ ਬਿਨਾਂ ਮੱਡਗਾਰਡਾਂ ਤੋਂ ਸਾਈਕਲ ਸਟੈਂਡ ਤੋਂ ਉਤਾਰਨ ਦਾ ਮਤਲਬ ਸੀ, ‘‘ਚੱਲ ਕਿੱਥੇ ਚੱਲਣੈ?’’
ਠੇਕੇਦਾਰ ਨੇ ਆਪਣੀ ਭਾਸ਼ਾ ਵਿਚ ਮਜ਼ਦੂਰਾਂ ਨੂੰ ਕੁਝ ਕਿਹਾ ਜੋ ਹਰਬੀਰ ਦੀ ਸਮਝ ਨਹੀਂ ਪਿਆ, ਸ਼ਾਇਦ ਕੰਮ ਵਾਲੀ ਥਾਂ ਬਾਰੇ ਦੱਸਿਆ ਸੀ। ਠੇਕੇਦਾਰ ਨਗਰਪਾਲਿਕਾ ਦੇ ਮਜ਼ਦੂਰ ਸ਼ੈੱਡ ’ਚ ਲੱਗੇ ਨਵੇਂ ਸਾਈਕਲ ਦਾ ਤਾਲਾ ਖੋਲ੍ਹ ਇਹ ਕਹਿੰਦਾ ਤੁਰ ਪਿਆ, ‘‘ਆ ਬਰਾਰਾ ਪੈਦਲ ਹੀ ਚਲਦੇ ਆਂ, ਨੇਰੇ ਈ ਆ।’’
‘‘ਮੈਨੂੰ ਪਤਾ ਤੂੰ ਪਰਾ-ਲਿਖਾ ਹੈ, ਬਰਾਰ ਸਾਹਬ ਮੇਰਾ ਦੋਸਤ ਸੀ, ਤੂੰ ਚਾਹੇ ਤੋ ਵਹੀ ਦਿਨ ਵਾਪਸ ਆ ਸਕਦਾ ਹੈ, ਤੂੰ ਠੇਕੇਦਾਰੀ ਸ਼ੁਰੂ ਕਰ, ਮੈਂ ਤੈਨੂੰ ਕਾਮ ਦੇਗਾ। ਬੁਰਾ ਨਹੀਂ ਮਾਨਨਾ, ਤੁਮ ਪੰਜਾਬੀ ਲੋਗ ਜ਼ਿੰਮੇਦਾਰੀ ਉਠਾਨਾ ਨਹੀਂ ਚਾਹਤਾ।’’ ਤੁਰਿਆ ਜਾਂਦਾ ਰਾਮ ਵਿਲਾਸ ਖਿਚੜੀ ਹਿੰਦੀ-ਪੰਜਾਬੀ ਬੋਲੀ ਜਾ ਰਿਹਾ ਸੀ। ਠੇਕੇਦਾਰ ਠੀਕ ਹੀ ਕਹਿ ਰਿਹਾ ਸੀ ਕਿਉਂਕਿ ਕਈ ਚੰਗੇ ਪੰਜਾਬੀ ਕਾਰੀਗਰ ਠੇਕੇਦਾਰ ਭਈਆਂ ਦੀ ਜੀ-ਹਜ਼ੂਰੀ ਕਰਦੇ ਉਸਨੇ ਵੇਖੇ ਸਨ। ਹਰਬੀਰ ਨੂੰ ਉਸ ਦੇ ਪਿਤਾ ਦੀ ਖ਼ੁਦਕੁਸ਼ੀ ਤੋਂ ਬਾਅਦ ਠੇਕੇਦਾਰ ਤੋਂ ਇਲਾਵਾ ਕਿਸੇ ਲੋਕਾਚਾਰੀ ਵੀ ਕੋਈ ਦਿਲਾਸਾ ਨਹੀਂ ਦਿੱਤਾ ਸੀ। ਇਸ ਕੰਮ ਵਿਚ ਪਾਉਣ ਵਾਲਾ ਵੀ ਠੇਕੇਦਾਰ ਹੀ ਸੀ। ਉਸ ਦੀ ਦਲੀਲ ਸੀ ਕਿ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ।
ਹੋਇਆ ਇੰਜ ਸੀ ਕਿ ਆੜ੍ਹਤੀਏ ਬਣੇ ਜੱਟ ਸਿੱਧੂ ਸਰਦਾਰ ਦੀ ਲੰਮੀ ਸੋਚ ਨੇ ਆਪਣੇ ਨਾਲ ਲੱਗਦੀ ਝੋਟੇ ਦੇ ਸਿਰ ਵਰਗੀ ਜ਼ਮੀਨ ’ਤੇ ਲਿਮਟ ਬਣਾਉਣ ਵਿਚ ਵੀ ਸੁਲੱਖਣ ਸਿੰਘ ਬਰਾੜ ਦੀ ਖ਼ਾਸ ਮਦਦ ਕੀਤੀ ਸੀ ਫਿਰ ਨਵੀਂ ਪੁਰਾਣੀ ਵੀ ਕਰਵਾ ਦੇਂਦਾ ਰਿਹਾ ਸੀ। ਪੈਸੇ ਵਾਲਾ ਜੂ ਸੀ! ਆਪਣਾ ਬਣਦਾ ਵਿਆਜ ਲੈਣਾ ਉਸ ਦਾ ਵਿਹਾਰ ਸੀ। ਔਖੇ-ਸੌਖੇ ਵੇਲੇ ਗ਼ਰਜ਼ ਵੀ ਪੂਰੀ ਕਰ ਦੇਂਦਾ ਰਿਹਾ ਸੀ ਪਰ ਸੁਲੱਖਣ ਬਰਾੜ ਤਾਂ ਯਾਰੀ ਪਾਲਣ ਦੇ ਭੁਲੇਖੇ ਹੀ ਆਪਣੀ ਪੱਗ ਦਾ ਸ਼ਮਲਾ ਯਾਰਾਂ-ਬੇਲੀਆਂ ਵਿਚ ਉੱਚਾ ਰੱਖਦਾ ਰਿਹਾ। ਜਦੋਂ ਕੁਰਕੀ ਦੇ ਸੰਮਨ ਆਏ ਤਾਂ ਸੁਲੱਖਣ ਦੀ ਦੌੜ ਤਾਂ ਸਿੱਧੂ ਯਾਰ ਤਕ ਹੀ ਸੀ ਉਸਨੇ ਯਾਰੀ ਦਾ ਮੁੱਲ ਇਹ ਕਹਿ ਕੇ ਮੋੜਿਆ, ‘‘ਤੂੰ ਫ਼ਿਕਰ ਨਾ ਕਰ, ਜਿੰਨੇ ਵੀ ਪੈਸੇ ਹੋਣਗੇ ਆਪਾਂ ਤਾਰ ਦਿਆਂਗੇ, ਤੂੰ ਪੈਲ਼ੀ ਵਾਹੀ ਜਾਵੀਂ, ਆਪਾਂ ਦੌੜੇ ਆਂ ਕਿਤੇ ਤੇਰੇ ਕੋਲੋਂ!’’
ਉਸ ਵੇਲੇ ਬਾਣੀਏ ਬਣੇ ਜੱਟ ਦੀ ਦੂਰ ਦੀ ਨੀਤੀ ਸੁਲੱਖਣ ਬਰਾੜ ਨਹੀਂ ਸਮਝ ਸਕਿਆ ਸੀ। ਹਰਬੀਰ ਸੋਚ ਰਿਹਾ ਸੀ, ‘ਬਾਪੂ ਵੀ ਯਾਰਾਂ ਨੂੰ ਸਮਝਣ ਵਿਚ ਧੋਖਾ ਖਾ ਗਿਆ ਤੇ ਮੈਂ ਵੀ।’
ਅੱਜ ਸਾਰਾ ਦਿਨ ਹਰਬੀਰ ਦੇ ਦਿਮਾਗ਼ ’ਚ ਠੇਕੇਦਾਰ ਵੱਲੋਂ ਕਹੇ ਬੋਲ ਹਥੌੜੇ ਵਾਂਗ ਵੱਜਦੇ ਰਹੇ, ‘‘ਤੂੰ ਠੇਕੇਦਾਰੀ ਸ਼ੁਰੂ ਕਰ, ਪੰਜਾਬੀ ਜ਼ਿੰਮੇਵਾਰੀ ਚੁੱਕਣ ਤੋਂ ਡਰਦੇ ਨੇ।’’
ਸ਼ਾਮ ਨੂੰ ਜਦੋਂ ਠੇਕੇਦਾਰ ਕੰਮ ਵਾਲੀ ਜਗ੍ਹਾ ’ਤੇ ਆਇਆ ਤਾਂ ਸਮੇਂ ਤੋਂ ਪਹਿਲਾਂ ਕੰਮ ਖ਼ਤਮ ਕਰਕੇ ਮਜ਼ਦੂਰਾਂ ਤੇ ਹਰਬੀਰ ਮਿਸਤਰੀ ਨੂੰ ਹੱਥ-ਮੂੰਹ ਧੋਂਦਿਆਂ ਵੇਖ ਬੜਾ ਖ਼ੁਸ਼ ਹੋਇਆ। ਦੋ ਦਿਨ ਦਾ ਕੰਮ ਹਰਬੀਰ ਨੇ ਇਕ ਦਿਨ ਵਿਚ ਹੀ ਖ਼ਤਮ ਕਰ ਦਿੱਤਾ ਸੀ। ਚੌਂਕ ’ਚੋਂ ਆਏ ਮਜ਼ਦੂਰਾਂ ਨੂੰ ਤਾਂ ਠੇਕੇਦਾਰ ਨੇ ਦਿਹਾੜੀ ਦੇ ਕੇ ਤੋਰ ਦਿੱਤਾ ਪਰ ਹਰਬੀਰ ਨੂੰ ਕਿਹਾ, ‘‘ਆਜ ਹਮਾਰੇ ਘਰ ਚੱਲ, ਵਹਾਂ ਪੈਸੇ ਦੇਂਗੇ ਆਪ ਕੋ।’’
ਹਰਬੀਰ ਠੇਕੇਦਾਰ ਨਾਲ ਉਸਦੀ ਰਿਹਾਇਸ਼ ’ਤੇ ਆ ਗਿਆ। ਇਹ ਕਿਸੇ ਮਾਲਕ ਦਾ ਹਵੇਲੀ ਨੁਮਾ ਪਲਾਟ ਸੀ ਜਿਸ ਵਿਚ ਮਾਲਕ ਵੱਲੋਂ ਛੋਟੇ-ਛੋਟੇ ਕਮਰੇ ਪਰਵਾਸੀ ਮਜ਼ਦੂਰਾਂ ਨੂੰ ਕਿਰਾਏ ’ਤੇ ਦੇਣ ਲਈ ਬਣਾਏ ਹੋਏ ਸਨ। ‘‘ਆਓ ਬੈਠੋ’, ਠੇਕੇਦਾਰ ਨੇ ਪਲਾਸਟਿਕ ਦੀ ਕੁਰਸੀ ਖਿੱਚਦਿਆਂ ਕਿਹਾ।
ਹਰਬੀਰ ਨੇ ਕੁਰਸੀ ’ਤੇ ਬੈਠਦਿਆਂ ਕਮਰੇ ’ਚ ਨਿਗਾਹ ਘੁਮਾਈ। ਜ਼ਮੀਨ ’ਤੇ ਹੀ ਚਾਰ-ਪੰਜ ਵਿਛੇ ਮੈਲੇ-ਕੁਚੈਲੇ ਬਿਸਤਰੇ, ਇਕ ਪਾਸੇ ਬੂਰੇ ਨਾਲ ਜਲਣ ਵਾਲੀ ਅੰਗੀਠੀ, ਕੁਝ ਸੁੱਕੀਆਂ ਲੱਕੜੀਆਂ, ਸਰ੍ਹੋਂ ਦੇ ਤੇਲ ਦੀ ਬੋਤਲ, ਆਟੇ ਦਾ ਪੀਪਾ, ਕੁਝ ਬਰਤਨ ਤੇ ਇਕ ਛਿੱਕੂ ਵਿਚ ਪਏ ਕੁਝ ਗੰਢੇ।
ਬਾਕੀ ਅਗਲੇ ਅੰਕ ’ਚ...
ਠੇਕੇਦਾਰ ਆਪ ਲੱਕੜ ਦੀ ਚੌਂਕੀ ’ਤੇ ਬੈਠਦਾ ਬੋਲਿਆ, ‘‘ਦੇਖ ਹਰਬੀਰਾ, ਤੇਰਾ ਪਿਤਾ ਜੀ ਬਰਾ ਵਧੀਆ ਬੰਦਾ ਸੀ, ਉਸਕੋ ਉਸਦੇ ਯਾਰਾਂ ਨੇ ਮਾਰਾ, ਕਿਸੀ ਨੇ ਸੀਧੀ ਸਲਾਹ ਨਹੀਂ ਦੀ, ਬਸ ਖਾਤੇ ਰਹੇ ਸੀ। ਜੋ ਹੂਆ ਸੋ ਹੂਆ, ਮੈਂ ਚਾਹਤਾ ਹੂੰ, ਤੂੰ ਕੱਲ੍ਹ ਸੇ ਏਕ ਨਈ ਕੋਠੀ ਕਾ ਕਾਮ ਸੁਰੂ ਕਰ, ਮੈਂ ਚੱਕਰ ਮਾਰਤਾ ਰਹੇਗਾ, ਕੱਲ੍ਹ ਸੇ ਤੇਰੀ ਠੇਕੇਦਾਰੀ ਵਹਾਂ ਸੇੇ ਹੀ ਸੁਰੂ ਹੋ, ਸਵੇਰੇ ਚੌਕ ਨਹੀਂ ਆਨਾ ਇਧਰ ਹੀ ਆ ਜਾਨਾ, ਬੰਦਾ ਮੈਂ ਆਪ ਲੇ ਆਨਾ ਹੈ।’’ ਕਹਿੰਦਿਆਂ ਠੇਕੇਦਾਰ ਨੇ ਅੱਜ ਦੀ ਦਿਹਾੜੀ ਚਾਰ ਸੌ ਦੀ ਜਗ੍ਹਾ ਪੰਜ ਸੌ ਰੁਪਏ ਦਾ ਨੋਟ ਹਰਬੀਰ ਵੱਲ ਵਧਾਅ ਦਿੱਤਾ।
ਪਹਿਲਾਂ ਵੀ ਠੇਕੇਦਾਰ ਦੂਜੇ ਮਿਸਤਰੀਆਂ ਨਾਲੋਂ ਹਰਬੀਰ ਨੂੰ ਵੱਧ ਹੀ ਦੇਂਦਾ ਹੁੰਦਾ ਸੀ। ਪਿੰਡ ਨੂੰ ਆਉਂਦੇ ਹਰਬੀਰ ਨੂੰ ਇਕ ਲੋਕ ਅਖਾਣ ਯਾਦ ਆ ਗਿਆ, ‘‘ਕੁੱਕੜ, ਕਾਂ, ਕੰਬੋਅ ਕਬੀਲਾ ਪਾਲਦੇ, ਜੱਟ, ਮੰਹਿਆਂ ਸੰਸਾਰ ਕਬੀਲਾ ਗਾਲਦੇ’’
ਕਿੰਨਾ ਸੱਚ ਹੈ ਇਸ ਅਖਾਣ ਵਿਚ, ਮੇਰਾ ਕਬੀਲਾ ਵੀ ਜੱਟ ਨੇ ਹੀ ਗਾਲਿਆ ਹੈ। ਠੇਕੇਦਾਰ ਉਸਨੂੰ ਕਬੀਲਾ ਪਾਲਣ ਵਾਲਾ ਲੱਗਿਆ ਕਿਉਂਕਿ ਮਿਸਤਰੀ ਬਣ ਕੇ ਉਹ ਉਸਦੇ ਕਬੀਲੇ ਦਾ ਹਿੱਸਾ ਸੀ, ਜਿਸ ਨੂੰ ਉਹ ਵਧਣ-ਫੁੱਲਣ ਦੀ ਹੱਲਾਸ਼ੇਰੀ ਦੇ ਰਿਹਾ ਸੀ। ਇਕ ਸਿੱਧੂ ਸਰਦਾਰ ਸੀ ਜਿਸ ਦੀ ਚਲਾਕੀ ਨਾਲ ਉਸਦਾ ਬਾਪ ਮੌਤ ਦੇ ਮੂੰਹ ਵਿਚ ਜਾ ਪਿਆ ਸੀ।
ਉਸ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਉਸ ਨੇ ਇਕ ਦਿਨ ਆਪਣੇ ਨਾਲ ਤੁਰਦੇ ਖ਼ੂਬਸੂਰਤ ਪਰਛਾਵੇਂ ਨੂੰ ਕਿਹਾ ਸੀ, ‘‘ਬਹਿ ਜੱਟ ਦੇ ਬੁਲਟ ’ਤੇ ਤੈਨੂੰ ਚੰਨ ਦੀ ਸੈਰ ਕਰਾਵਾਂ।’’
‘‘ਬਸ ਕਰ, ਫੁਕਰੀਆਂ ਨਾ ਮਾਰ, ਇਨਸਾਨਾਂ ਦੇ ਰਹਿਣ ਲਈ ਰੱਬ ਨੇ ਧਰਤੀ ਹੀ ਬਣਾਈ ਹੈ, ਕੱਲ੍ਹ ਨੂੰ ਅੰਬਰ ਦੇ ਤਾਰੇ ਤੋੜ ਕੇ ਵਾਲ਼ਾਂ ’ਚ ਟੰਗਣ ਦੀ ਗੱਲ ਕਰੇਂਗਾ।’’ ਪਰਛਾਵਾਂ ਸੂਖਮ ਚੋਟ ਕਰ ਕੇ ਤੁਰ ਗਿਆ ਸੀ। ਕਦੀ ਅਜਿਹੀਆਂ ਸੋਚਾਂ ਨਾਲ ਉਹ ਰੁਮਾਂਚ ਨਾਲ ਭਰ ਜਾਂਦਾ ਪਰ ਹੁਣ ਇਹ ਸਭ ਕੁਝ ਬੀਤੇ ਵੇਲੇ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਸੀ। ਪਰਛਾਵਾਂ ਤਾਂ ਕਦੇ ਦਾ ਅਲੋਪ ਹੋ ਚੁੱਕਿਆ ਸੀ ਹੁਣ ਤਾਂ ਉਸ ਨੂੰ ਆਪਣੇ ਪਰਛਾਵੇਂ ਤੋਂ ਵੀ ਡਰ ਲੱਗਦਾ ਸੀ। ਬੁਲਟ ਦੀ ਜਗ੍ਹਾ ਪੁਰਾਣਾ ਸਾਈਕਲ ਸੀ। ਬਾਪ ਦੀ ਖ਼ੁਦਕੁਸ਼ੀ ਨੇ ਸਭ ਕੁਝ ਭੁਲਾ ਕੇ ਰੱਖ ਦਿੱਤਾ ਸੀ।
ਸਿੱਧੂ ਸਰਦਾਰ ਨੇ ਕੁਰਕੀ ਦੇ ਸੰਮਨ ਆਉਣ ਵੇਲੇ ਕਿਵੇਂ ਚਲਾਕੀ ਵਰਤੀ ਸੀ। ਹਰਬੀਰ ਦੇ ਪਿਤਾ ਨੂੰ ਇਹ ਕਹਿ ਕੇ ਸਹਿਮਤ ਕਰ ਲਿਆ ਸੀ, ‘‘ਜੇ ਪਿੰਡ ’ਚ ਲੋਕਾਂ ਵਿਚ ਬਹਿ ਕੇ ਕੁਰਕੀ ਹੋਈ ਤਾਂ ਪੱਲੇ ਕੁਝ ਨਹੀਂ ਰਹਿਣਾ, ਤਹਿਸੀਲਦਾਰ ਨੂੰ ਘਰ ਸੱਦ ਕੇ ਸਾਰੇ ਪੈਸੇ ਤਾਰ ਦਿਆਂਗੇ। ਕਿਸੇ ਨੂੰ ਦੂਜੇ ਕੰਨ ਖ਼ਬਰ ਵੀ ਨਹੀਂ ਹੋਵੇਗੀ, ਯਾਰ, ਅਸਾਂ ਕੁਝ ਵੰਡਿਆ ਆ!” ਉਦੋਂ ਹਰਬੀਰ ਨੂੰ ਪਿਉ ਦੀ ਯਾਰੀ ’ਤੇ ਫ਼ਖ਼ਰ ਵੀ ਹੋਇਆ ਸੀ।
ਪੈਸੇ ਤਾਰਨ ਵੇਲੇ ਤਹਿਸੀਲਦਾਰ ਨੇ ਨਵਾਂ ਹੀ ਸਿਆਪਾ ਖੜ੍ਹਾ ਕਰ ਦਿੱਤਾ ਸੀ। ਜਿਵੇਂ ਸਿੱਧੂ ਨੇ ਉਸ ਦੇ ਨਾਲ ਮਿਲ ਕੇ ਸਾਰਾ ਜਾਲ ਬੁਣਿਆ ਹੋਵੇ। ਤਹਿਸੀਲਦਾਰ ਦਾ ਕਹਿਣਾ ਸੀ, ‘‘ਸਰਦਾਰ ਜੀ, ਕੁਰਕੀ ਦੇ ਸੰਮਨ ਨਿਕਲੇ ਹੋਏ ਹਨ, ਕੁਰਕੀ ਮੌਕੇ ਜੋ ਵੀ ਵਧ ਕੇ ਬੋਲੀ ਦੇਂਦਾ ਹੈ ਸਾਨੂੰ ਮੌਕੇ ’ਤੇ ਹੀ ਜ਼ਮੀਨ ਦੀ ਰਜਿਸਟਰੀ ਬੋਲੀਕਾਰ ਦੇ ਨਾਮ ਕਰਕੇ ਬੈ ਦਾ ਇੰਤਕਾਲ ਕਰਨਾ ਪੈਂਦਾ ਹੈ। ਇਹ ਤਾਂ ਸਿੱਧੂ ਸਾਹਿਬ ਦੀ ਜ਼ਿੰਦਾ ਦਿਲੀ ਹੈ ਜੋ ਇਹ ਵੀ ਕਹਿ ਰਹੇ ਹਨ ਕਿ ਪੈਲੀ ਤੁਸੀਂ ਹੀ ਵਾਹੁਣੀ ਹੈ ਜਦੋਂ ਹੌਲੀ-ਹੌਲੀ ਪੈਸੇ ਨਿੱਬੜ ਜਾਣਗੇ ਦੁਬਾਰਾ ਤੁਹਾਨੂੰ ਰਜਿਸਟਰੀ ਕਰ ਦੇਣਗੇ। ਕਾਗ਼ਜ਼ ਪੱਤਰ ਇਸ ਲਈ ਜ਼ਰੂਰੀ ਹੁੰਦੇ ਹਨ ਕਿ ਕੱਲ੍ਹ-ਕਲੋਤਰ ਨੂੰ ਕਿਸੇ ਬਖੇੜੇ ਤੋਂ ਸਰਕਾਰੀ ਮਹਿਕਮਾ ਵੀ ਬਚਿਆ ਰਹੇ ਤੇ ਤੁਸੀਂ ਵੀ।’’
ਰਜਿਸਟਰੀ ਲਿਖਦਿਆਂ ਸਿੱਧੂ ਨੇ ਵਸੀਕੇ ਨੂੰ ਟਰੈਕਟਰ ਵੀ ਵਿਚੇ ਹੀ ਲਿਖਣ ਵਾਸਤੇ ਕੰਨ ’ਚ ਹੌਲੀ ਦੇਣੇ ਕਹਿ ਦਿੱਤਾ ਸੀ। ਜਿਸ ਦਾ ਬਾਅਦ ਵਿਚ ਪਤਾ ਲੱਗਾ ਸੀ ਜਦੋਂ ਸਿੱਧੂ ਨੇ ਪੈਲੀ ਛੱਡਣ ਲਈ ਕਿਹਾ ਸੀ।
ਆਪਣੀ ਜ਼ਮੀਨ ਵਿਚ ਹਿੱਸੇ ’ਤੇ ਖੇਤੀ ਕਰਦਿਆਂ ਹਰੇਕ ਫ਼ਸਲ ਵੇਲੇ ਹਿਸਾਬ ਕਰ ਕੇ ਛਿੱਕਾ ਛੀਕ ਛਿਆਨਵੇਂ ਚਾਰ ਵਿਆਜ ਦੇ ਪੂਰਾ ਸੌ ਵਾਲੇ ਚੱਕਰ ਵਿੱਚੋਂ ਸੁਲੱਖਣ ਬਰਾੜ ਸਿੱਧੂ ਆੜ੍ਹਤੀਏ ਦੇ ਕਰਜ਼ੇ ਤੋਂ ਨਿਜਾਤ ਨਾ ਪਾ ਸਕਿਆ। ਗੱਭਰੂ ਹਰਬੀਰ ਯਾਰਾਂ ਦੋਸਤਾਂ ਨਾਲ ਮਸਤ ਰਿਹਾ।
ਬਾਪ ਦੀ ਮੌਤ ਦਾ ਰਾਜ਼ ਇਕ ਦਿਨ ਦੁਖੀ ਹੋਈ ਮਾਂ ਨੇ ਯਾਰਾਂ ਦੀ ਮਹਿਫ਼ਲ ’ਚੋਂ ਪਰਤੇ ਹਰਬੀਰ ਨੂੰ ਕਹਿ ਹੀ ਦਿੱਤਾ, ‘‘ਤੂੰ ਵੀ ਪਿਓ ਵਾਲੇ ਚਾਲੇ ਫੜੇ ਹੋਏ ਨੇ, ਵੇਖੀਂ ਕਿਧਰੇ ਕੋਈ ਕਸਰ ਬਾਕੀ ਨਾ ਰਹਿ ਜਾਏ!’’
‘‘ਮੈਂ ਡੈਡੀ ਵਰਗਾ ਬੁਜ਼ਦਿਲ ਨਹੀਂ, ਆਤਮ ਹੱਤਿਆ ਕਾਇਰ ਕਰਦੇ ਨੇ।’’ ਸ਼ਰਾਬੀ ਹੋਏ ਹਰਬੀਰ ਤੋਂ ਕਹਿ ਹੋ ਗਿਆ। ਬਾਪ ਵੱਲੋਂ ਗ਼ੈਰ ਕੁਦਰਤੀ ਚੁੱਕੇ ਕਦਮ ਦਾ ਉਸਨੂੰ ਹਾਲੇ ਵੀ ਗਿਲਾ ਸੀ। ਇਹ ਵੀ ਇਕ ਨਰੋਆ ਸੱਚ ਹੈ ਕਿ ਮਨੁੱਖ ਆਪਣੀਆਂ ਨਾਕਾਮੀਆਂ ਨੂੰ ਨਸ਼ੇ ਵਿਚ ਡੋਬ ਕੇ ਸਹਾਰਾ ਭਾਲਣ ਦੀ ਕੋਸ਼ਿਸ਼ ਕਰਦਾ ਹੈ।
ਜਦੋਂ ਮਾਂ ਨੇ ਕਿਹਾ ਕਿ ਤੇਰੇ ਬਾਪ ਨੇ ਤੜਕੇ ਫਾਹਾ ਲੈਣ ਵਾਲੀ ਰਾਤ ਦੱਸਿਆ ਸੀ ਕਿ ਸਿੱਧੂ ਧੋਖੇਬਾਜ਼ ਨਿਕਲਿਆ ਹੈ, ਹੁਣ ਕਹਿੰਦਾ ਹੈ ਕਿ ਭਿਆਲੀ ਸਾਨੂੰ ਵਾਰਾ ਨਹੀਂ ਖਾਂਦੀ, ਬਰਾਬਰ ਹੋਏ ਮੁੰਡੇ ਆਖਦੇ ਹਨ ਕਿ ਹਿੱਸੇ ਨਾਲ ਤਾਂ ਸਾਡੀ ਰਕਮ ਤਾਰੀ ਦਾ ਵਿਆਜ ਵੀ ਨਹੀਂ ਮੁੜਦਾ। ਇਸ ਲਈ ਇਸ ਵਾਰ ਹਾੜੀ ਅਸੀਂ ਆਪ ਬੀਜਾਂਗੇ। ਜਵਾਨ ਮੁੰਡੇ ਹੁਣ ਮੇਰੀ ਨਹੀਂ ਮੰਨਦੇ, ਵੈਸੇ ਮੈਂ ਔਖੇ-ਸੌਖੇ ਵੇਲੇ ਗਰਜ਼ ਲਈ ਭੱਜਾ ਨਹੀਂ। ਸਾਰੀ ਤਸਵੀਰ ਸਾਫ਼ ਹੋਣ ਨਾਲ ਪਿਤਾ ਦੀ ਮੌਤ ਦਾ ਜ਼ਿੰਮੇਵਾਰ ਹਰਬੀਰ ਆਪਣੇ-ਆਪ ਨੂੰ ਸਮਝਣ ਲੱਗ ਪਿਆ ਕਿਉਂਕਿ ਸਿਵਾਏ ਐਸ਼ ਕਰਨ ਦੇ ਪੁੱਤਰ ਹੋਣ ਦਾ ਫ਼ਰਜ਼ ਉਸਨੇ ਪਛਾਣਿਆ ਹੀ ਨਹੀਂ ਸੀ। ਇੰਜੀਨਰਿੰਗ ਦਾ ਦਾਖ਼ਲਾ ਜ਼ਰੂਰ ਲਿਆ ਸੀ ਪਰ ਪੜ੍ਹਾਈ ਘੱਟ ਤੇ ਆਵਾਰਾਗਰਦੀ ਵੱਧ ਕੀਤੀ ਸੀ।
ਹਰਬੀਰ ਨੂੰ ਯਾਦ ਆਇਆ ਜਦੋਂ ਭੋਗ ਤੋਂ ਬਾਅਦ ਸਿੱਧੂ ਦੇ ਮੁੰਡਿਆਂ ਨੇ ਪੈਲੀ ਬੀਜਣ ਵਾਸਤੇ ਲੈ ਕੇ ਗਿਆ ਟਰੈਕਟਰ ਵਾਪਣੇ ਘਰ ਹੀ ਖੜ੍ਹਾ ਕਰ ਲਿਆ ਸੀ। ਵਾਪਸ ਮੰਗਣ ’ਤੇ ਲਿਖਤ ਨੇ ਯਾਰ ਦੀ ਮੱਕਾਰੀ ਦਾ ਪੋਲ ਖੋਲ੍ਹ ਦਿੱਤਾ ਸੀ। ਪਿਓ ਦੀ ਮੌਤ ਦਾ ਗ਼ਮ ਹਰਬੀਰ ਨਸ਼ਾ ਕਰ ਕੇ ਭੁੱਲਣ ਦੀ ਕੋਸ਼ਿਸ਼ ਕਰਨ ਲੱਗਾ ਸੀ। ਨਤੀਜਾ ਇਹ ਹੋਇਆ ਸੀ ਕਿ ਕਿਸ਼ਤਾਂ ਟੁੱਟਣ ਕਰਕੇ ਬੈਂਕ ਵਾਲੇ ਬੁਲਟ ਵੀ ਚੁੱਕ ਕੇ ਲੈ ਗਏ ਸਨ। ਉਸ ਵੇਲੇ ਵੀ ਕੋਈ ‘ਪੈੱਗ ਵੱਟ ਯਾਰ’ ਨਹੀਂ ਬਹੁੜਿਆ ਸੀ। ਜਿਵੇਂ ਇਕ ਦਮ ਸਭ ਸਰਦਾਰੀਆਂ ਖ਼ਤਮ ਹੋ ਗਈਆਂ ਹੋਣ। ਹਰਬੀਰ ਪਿੰਡ ਨੂੰ ਤੁਰਿਆ ਆਉਂਦਾ ਸੋਚ ਰਿਹਾ ਸੀ ਭਈਆਂ ਨੂੰ ਅਸੀਂ ਕਿਵੇਂ ਮਾੜੀ ਨਜ਼ਰ ਨਾਲ ਵੇਖਦੇ ਹਾਂ ਤੇ ਉਹ ਕਿਵਂੇ ਆਪਣੇ ਮਾਪਿਆਂ ਲਈ ਅੱਧੇ ਭੁੱਖੇ ਰਹਿ ਕੇ ਜ਼ਮੀਨ ’ਤੇ ਸੌਂ ਕੇ ਪੈਸੇ ਜੋੜਦੇ ਹਨ।
ਮੋਟਰਸਾਈਕਲ ਜਾਣ ਤੋਂ ਬਾਅਦ ਹਰਬੀਰ ਕਾਲਜ ਨਹੀਂ ਗਿਆ ਪਰ ਢਿੱਡ ਨੇ ਤਾਂ ਖਾਣ ਨੂੰ ਮੰਗਣਾ ਸੀ। ਮਾਂ ਕਿੰਨਾ ਕੁ ਚਿਰ ਮੰਗ-ਤੰਗ ਕੇ ਸਾਰਦੀ। ਭੈਣ ਵੱਲੋਂ ਹਰਬੀਰ ਸਰਖ਼ਰੂ ਸੀ। ਕੋਈ ਕਾਰੋਬਾਰ ਚਲਾਉਣ ਲਈ ਭੈਣ-ਭਣੋਈਏ ਤੋਂ ਕੋਈ ਮਦਦ ਮੰਗਣਾ ਉਸਦੇ ਜਟਊਪੁਣੇ ਨੂੰ ਮਿਹਣਾ ਸੀ।
ਹਰਬੀਰ ਕੀ ਕੋਠੀ ਬਣਦਿਆਂ ਲਗਾਤਾਰ ਛੇ ਮਹੀਨੇ ਲੱਗਣ ਕਰਕੇ ਕੰਮ ’ਤੇ ਆਉਂਦਾ ਠੇਕੇਦਾਰ ਰਾਮ ਵਿਲਾਸ ਸੁਲੱਖਣ ਸਿੰਘ ਨਾਲ ਬਹੁਤ ਘੁਲ-ਮਿਲ ਗਿਆ ਸੀ। ਪਿੰਡ ਆਇਆ ਘਰੋਂ ਜ਼ਰੂਰ ਹੋ ਕੇ ਜਾਂਦਾ। ਇਸ ਤਰ੍ਹਾਂ ਹੀ ਪਿੰਡ ਵਿਚ ਕਿਸੇ ਹੋਰ ਕੋਠੀ ਦਾ ਕੰਮ ਠੇਕੇ ’ਤੇ ਲੈਣ ਕਰਕੇ ਇਕ ਦਿਨ ਰਾਮ ਵਿਲਾਸ ਘਰ ਆ ਗਿਆ। ਘਰ ਦੀ ਹਾਲਤ ਉਸ ਤੋਂ ਗੁੱਝੀ ਨਹੀਂ ਸੀ। ਗੁੱਝੀ ਹੋ ਚੁੱਕੀ ਕੁਰਕੀ ਦਾ ਵੀ ਉਸ ਨੂੰ ਪਤਾ ਸੀ। ਰਾਮ ਵਿਲਾਸ ਨੇ ਚਾਹ ਪੀਂਦਿਆਂ ਹਮਦਰਦੀ ਵਜੋਂ ਕਿਹਾ, ‘‘ਹਰਬੀਰਾ, ਰਾਜ ਮਿਸਤਰੀ ਜਾਂ ਕੋਈ ਹੋਰ ਕਾਮ ਸੀਖ ਲੇ।’’
‘‘ਰਾਜ ਮਿਸਤਰੀ, ਮੈਂ!’’ ਹਰਬੀਰ ਨੇ ਹੈਰਾਨੀ ਜ਼ਾਹਰ ਕੀਤੀ।
‘‘ਹਾਂ-ਹਾਂ, ਕਾਮ ਕੋਈ ਭੀ ਮਾਰਾ ਨਹੀਂ ਹੋਤਾ, ਕਾਮ ਸੀਖ ਕਰ ਵਿਦੇਸ਼ ਚਲਾ ਜਾਨਾ, ਜੈਸੇ ਮੈਂ ਪੰਜਾਬ ਆ ਗਿਆ, ਵਿਦੇਸ਼ ਤੋ ਮੈਂ ਜਾ ਨਹੀਂ ਸਕਤਾ ਥਾਂ।’’ ਠੇਕੇਦਾਰ ਨੇ ਜਿਵੇਂ ਆਪਣੀ ਕਾਮਯਾਬੀ ਦੀ ਮਿਸਾਲ ਦੇਣੀ ਚਾਹੀ।
‘‘ਪਰ ਵਿਦੇਸ਼ ਜਾਣ ਲਈ ਪੈਸੇ ਕਿੱਥੋਂ ਆਉਣਗੇ? ਜ਼ਮੀਨ ਤਾਂ ਵਿਕ ਗਈ!’’ ਹਰਬੀਰ ਆਪਣੇ ਥਾਂ ਸੱਚਾ ਸੀ।
‘‘ਕੋਈ ਨਾ ਪਹਿਲੇ ਕਾਮ ਤੋ ਸੀਖ, ਵੋ ਭੀ ਹੋ ਜਾਏਗਾ।’’ ਠੇਕੇਦਾਰ ਨੇ ਹੌਸਲਾ ਦਿੱਤਾ ਸੀ।
ਠੇਕੇਦਾਰ ਰਾਮ ਵਿਲਾਸ ਹਰਬੀਰ ਨੂੰ ਇਕ ਤਰ੍ਹਾਂ ਰੱਬ ਬਣ ਕੇ ਬਹੁੜਿਆ ਸੀ। ਕੰਮ ਸਿੱਖਦੇ ਨੂੰ ਹੀ ਪਹਿਲੇ ਦਿਨ ਤੋਂ ਅੱਧੀ ਦਿਹਾੜੀ ਦੇਣੀ ਸ਼ੁਰੂ ਕਰ ਦਿੱਤੀ ਸੀ, ਵਰਨਾ ਸਿਖਾਂਦਰੂ ਮੁੰਡੇ ਕਈ-ਕਈ ਮਹੀਨੇ ਖੱਜਲ਼ ਹੁੰਦੇ ਫਿਰਦੇ ਹਨ।
ਹਰਬੀਰ ਹੱਥੀਂ ਕਮਾਈ ਰੋਟੀ ਦਾ ਸੁਆਦ ਅੱਜ ਤਕ ਕਦੀ ਨਹੀਂ ਭੁੱਲ ਸਕਿਆ। ਦਿਨਾਂ ਵਿਚ ਹੀ ਕਾਰੀਗਰ ਬਣ ਕੇ ਪੂਰੀ ਦਿਹਾੜੀ ਕਮਾਉਣ ਲੱਗਿਆ ਸੀ ਪਰ ਜਟਊਪੁਣਾ ਖ਼ਤਮ ਨਾ ਕਰ ਸਕਿਆ। ਕੰਮ ਸਿੱਖਦਿਆਂ ਇੰਜੀਨਰਿੰਗ ਦੀ ਪੜ੍ਹਾਈ ਉਸਦੇ ਕੰਮ ਆਈ ਸੀ। ਕਦੀ-ਕਦੀ ਸਹੀ ਗ਼ਲਤ ਤੋਂ ਠੇਕੇਦਾਰ ਨਾਲ ਬਹਿਸਦਾ ਤਾਂਹ-ਠਾਂਹ ਵੀ ਹੋ ਪੈਂਦਾ ਪਰ ਠੇਕੇਦਾਰ ਗੁੱਸਾ ਨਾ ਕਰਦਾ। ਉਸਨੂੰ ਪਤਾ ਸੀ ਉਸ ਵਰਗਾ ਸਿਆਣਾ ਕਾਰੀਗਰ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਹਰਬੀਰ ਪੜ੍ਹਿਆ-ਲਿਖਿਆ ਕਾਰੀਗਰ ਸੀ।
ਹਰਬੀਰ ਦੀ ਸਾਰੀ ਰਾਤ ਠੇਕੇਦਾਰੀ ਕਰਨ ਦੀ ਉਧੇੜ-ਬੁਣ ਵਿਚ ਕਦੋਂ ਅੱਖ ਲੱਗੀ ਪਤਾ ਹੀ ਨਾ ਲੱਗਾ।
ਅਗਲੇ ਦਿਨ ਤਿਆਰ ਹੋ ਕੇ ਹਰਬੀਰ ਠੇਕੇਦਾਰ ਦੇ ਕਮਰੇ ’ਚ ਆ ਗਿਆ।
ਨਵਾਂ ਕੰਮ ਕਿਸੇ ਵਿਦੇਸ਼ੋਂ ਆਏ ਬੰਦੇ ਦਾ ਸੀ। ਠੇਕੇਦਾਰ ਨੇ ਨਕਸ਼ਾ ਹਰਬੀਰ ਨੂੰ ਫੜਾਉਂਦਿਆਂ ਕਿਹਾ, ‘‘ਸਾਰਾ ਕਾਮ ਤੂੰ ਨੇ ਕਰਨਾ ਹੈ, ਮੈਂ ਸਿਰਫ਼ ਚੱਕਰ ਹੀ ਮਾਰਨਾ ਹੈ। ਮਜ਼ਦੂਰੀ ਕਰਦੇ ਆਪਣੇ ਨਾਲ ਦੇ ਮਜ਼ਦੂਰਾਂ ਨੂੰ ਠੇਕੇਦਾਰ ਨੇ ਹਦਾਇਤ ਕੀਤੀ, ‘‘ਆਜ ਸੇ ਬਰਾਰ ਕੋ ਮਿਸਤਰੀ ਨਹੀਂ ਠੇਕੇਦਾਰ ਜੀ ਕਰ ਕੇ ਬੁਲਾਨਾ, ‘ਸਮਝ ਗਏ!’ ਜਿਵੇਂ ਠੇਕੇਦਾਰ ਨੇ ਤਾੜਨਾ ਕੀਤੀ ਹੋਵੇ।
ਏਨੇ ਨੂੰ ਠੇਕੇਦਾਰ ਦਾ ਇਕ ਪੁਰਾਣਾ ਬੰਦਾ ਲਿਫ਼ਾਫ਼ੇ ਵਿਚ ਲੱਡੂ ਲਈ ਆ ਗਿਆ। ਠੇਕੇਦਾਰ ਨੇ ਹਰਬੀਰ ਨੂੰ ਲਿਫ਼ਾਫ਼ਾ ਫੜਾਉਂਦਿਆਂ ਕਿਹਾ, ‘‘ਲੇ ਬਈ ਠੇਕੇਦਾਰ, ਪਟਨੇ ਵਾਲੇ ਗੁਰੂ ਕਾ ਨਾਮ ਲੇ ਕਰ ਪ੍ਰਸਾਦ ਬਾਂਟ ਕਰ ਕਾਮ ਸੁਰੂ ਕਰ।’’
ਹਰਬੀਰ ਨੇ ਰਾਮ ਵਿਲਾਸ ਠੇਕੇਦਾਰ ਵੱਲੋਂ ਮਿਲੇ ਹੌਸਲੇ ਨਾਲ ਪ੍ਰਸ਼ਾਦ ਵੰਡ ਕੇ ਕਿਸੇ ਵਿਸ਼ਵਾਸ ਨਾਲ ਲਬਾ-ਲਬ ਹੋ ਕੇ ਨਵੀਂ ਕੱਟੀ ਪੁੱਡਾ ਕਲੋਨੀ ਦੇ ਚੌਰਸ ਪਲਾਟ ਵਿਚ ਕੰਮ ਸ਼ੁਰੂ ਕਰ ਦਿੱਤਾ। ਨਕਸ਼ੇ ਮੁਤਾਬਿਕ ਇਹ ਕੰਮ ਮਾੜੇ ਕਾਰੀਗਰ ਦੇ ਵੱਸ ਦਾ ਰੋਗ ਨਹੀਂ ਸੀ। ਤਿੰਨ-ਚਾਰ ਦਿਨਾਂ ਵਿਚ ਹੀ ਨੀਹਾਂ ਭਰੀਆਂ ਗਈਆਂ।
ਅਚਾਨਕ ਇਕ ਦਿਨ ਹਰਬੀਰ ਨੇ ਆਪਣੇ ਧਿਆਨ ਕੰਮ ਕਰਦਿਆਂ ਸਿਰ ਉਪਰ ਚੁੱਕਿਆ, ਸਾਹਮਣੇ ਕਾਲੀਆਂ ਐਨਕਾਂ ਲਾਈ ਕਲੀਨ ਸ਼ੇਵ ਨੌਜਵਾਨ ਜਿਵੇਂ ਜਾਣਿਆ-ਪਛਾਣਿਆ ਲੱਗਿਆ। ਨੌਜਵਾਨ ਨੇ ਐਨਕਾਂ ਲਾਹ ਕੇ ਹੱਸਦਿਆਂ ਕਿਹਾ, ਬਰਾੜਾ ਪਛਾਣਿਆ ਨਹੀਂ?’’
‘‘ਹੈਂ! ਇਹ ਤਾਂ ਬਾਜਵਿਆਂ ਦਾ ਬੰਟੀ ਲਗਦਾ ਆ, ਜੋ +2 ਕਰਦਾ ਹੀ ਆਈ ਲੈਟਸ ਕਰਕੇ ਕੈਨੇਡਾ ਪੜ੍ਹਨ ਚਲਾ ਗਿਆ ਸੀ! ‘‘ਓ ਬੱਲੇ ਵੀਰੇ ਮੈਂ ਤਾਂ ਪਛਾਣਿਆ ਈ ਨਹੀਂ!’’ ਉਠਦਾ ਹਰਬੀਰ ਇੰਜ ਬੋਲਿਆ ਜਿਵੇਂ ਕੱਚਾ ਜਿਹਾ ਹੋ ਗਿਆ ਹੋਵੇ।
ਕਾਂਡੀ ਰੱਖ ਕੇ ਹਰਬੀਰ ਨੇ ਬੰਟੀ ਨਾਲ ਘੁੱਟ ਕੇ ਹੱਥ ਮਿਲਾਇਆ। ਗੱਲਾਂ-ਬਾਤਾਂ ਕਰਦਿਆਂ ਹਰਬੀਰ ਨੇ ਆਪਣਾ-ਆਪ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਤੂੰ ਤਾਂ ਯਾਰ ਚੰਗਾ ਰਹਿ ਗਿਆ ਕੈਨੇਡਾ ਜਾ ਕੇ, ਆਹ ਵੇਖ ਲੈ, ਰਹਿ ਗਿਆ ਜੱਟ ਬਰਾੜ ਦਿਹਾੜੀਆਂ ਜੋਗਾ।’’ ਹਰਬੀਰ ਨੇ ਭਰੀਆਂ ਨੀਹਾਂ ਵੱਲ ਇਸ਼ਾਰਾ ਕੀਤਾ।
ਬੰਟੀ ਨੇ ਹਰਬੀਰ ਦੇ ਮੋਢੇ ਤੋਂ ਦੀ ਬਾਂਹ ਵਲ਼ਾ ਕੇ ਉਸਦੀ ਮਾਨਸਿਕਤਾ ਸਮਝਦਿਆਂ ਕਿਹਾ, ‘‘ਨਹੀਂ ਓਏ, ਤੂੰ ਉਹਨਾਂ ਸਿੱਧੂਆਂ, ਕਾਹਲੋਆਂ ਤੇ ਬਾਜਵਿਆਂ ਨਾਲੋਂ ਚੰਗਾ ਏਂ, ਜੋ ਪੰਜਾਬ ਦੀਆਂ ਮੈਨੇਜਰੀਆਂ ਤੇ ਸਰਦਾਰੀਆਂ ਛੱਡ ਕੇ ਕੈਨੇਡਾ ਵਿਚ ਡਰਾਈਵਰੀਆਂ ਤੇ ਬਾਥਰੂਮਾਂ ਦੀਆਂ ਸਫ਼ਾਈਆਂ ਕਰਦੇ ਫਿਰਦੇ ਨੇ, ਮੈਂ ਬੜੇ ਵੇਖੇ ਨੇ ਜ਼ਮੀਨਾਂ ਦੇ ਮਾਲਕ ਉਧਰ ਦਿਹਾੜੀਆਂ ਲਾਉਂਦੇ ਜਿਨ੍ਹਾਂ ਵਿਚੋਂ ਮੈਂ ਵੀ ਇਕ ਹਾਂ। ਸਾਡੇ ਪੰਜਾਬੀਆਂ ’ਚ ਏਹੀ ਵੱਡੀ ਮਾਰ ਹੈ ਕਿ ਅਸੀਂ ਭੁੱਖੇ ਮਰਦੇ ਵੀ ਜੱਟ ਪੁਣੇ ਦੀ ਪੂਛ ਦਾ ਵਲ਼ ਨਹੀਂ ਕੱਢਦੇ। ਹੱਥੀਂ ਕਿਰਤ ਕਰਨੀ ਤਾਂ ਜਗਤ ਗੁਰੂ ਬਾਬੇ ਨਾਨਕ ਨੇ ਵੀ ਕਿਹਾ ਹੈ।’’ ਬੰਟੀ ਉਪਦੇਸ਼ਕ ਬਣਿਆ ਖਲੋਤਾ ਸੀ।
ਸਕੂਲ ਦੇ ਮਿੱਤਰ ਬੰਟੀ ਬਾਜਵੇ ਦੀਆਂ ਗੱਲਾਂ ਨੇ ਹਰਬੀਰ ’ਚੋਂ ਹੀਣਤਾ ਵਗਾਹ ਮਾਰੀ ਤੇ ਉਹ ਆਪਣੇ ਕੰਮ ਵਿਚ ਜੁੱਟ ਗਿਆ। ਹਰਬੀਰ ਨੇ ਦਿਨਾਂ ਵਿਚ ਹੀ ਕੋਠੀ ਲੈਂਟਰ ਤੱਕ ਲੈ ਆਂਦੀ। ਇਸ ਦੌਰਾਨ ਮਜ਼ਦੂਰਾਂ ਅਤੇ ਮਿਸਤਰੀਆਂ ਦੀ ਦਿਹਾੜੀ ਦੇਣ ਵਾਸਤੇ ਪੈਸੇ ਪਹਿਲਾਂ ਹੀ ਰਾਮ ਵਿਲਾਸ ਨੇ ਮਾਲਕ ਨੂੰ ਠੇਕੇਦਾਰ ਹਰਬੀਰ ਨੂੰ ਦੇਣ ਲਈ ਕਹਿ ਦਿੱਤਾ ਸੀ।
ਹਰਬੀਰ ਸਾਰਾ ਹਿਸਾਬ-ਕਿਤਾਬ ਲਿਖ ਕੇ ਰੱਖਦਾ ਰਿਹਾ। ਜਦੋਂ ਲੈਂਟਰ ਪੈਣ ਤੋਂ ਬਾਅਦ ਹਿਸਾਬ ਕੀਤਾ ਗਿਆ ਤਾਂ ਹਰਬੀਰ ਕੋਲ ਦਿਹਾੜੀ ਦੇ ਹਿਸਾਬ ਨਾਲ ਚਾਰ ਗੁਣਾਂ ਵੱਧ ਬੱਚਤ ਹੋਈ ਸੀ। ਹਰਬੀਰ ਨੇ ਸਾਰੀ ਬੱਚਤ ਠੇਕੇਦਾਰ ਰਾਮ ਵਿਲਾਸ ਅੱਗੇ ਰੱਖਦਿਆਂ ਕਿਹਾ, ‘‘ਲੈ ਬਈ ਠੇਕੇਦਾਰ, ਮੇਰਾ ਜੋ ਹਿੱਸਾ ਬਣਦਾ ਮੈਨੂੰ ਦੇ ਦੇ।’’
‘‘ਨਹੀਂ ਹਰਬੀਰੇ ਯੇ ਸਭ ਤੇਰਾ ਹੈ, ਤੂੰ ਨੇ ਕਾਮ ਕੀਆ ਹੈ। ਮੈਂ ਬਿਹਾਰੀ ਪੁੱਤਰ ਹੂੰ, ਮਿਹਨਤ ਕਰਕੇ ਲੇਤਾ ਹੂੰ, ਯੇ ਤੇਰੀ ਮਿਹਨਤ ਹੈ। ਤੇਰਾ ਕਾਮ ਦੇਖ ਕਰ ਔਰ ਕਾਮ ਭੀ ਮਿਲ ਗਯਾ ਹੈ, ਤੂੰ ਤਕੜਾ ਹੋ ਕੇ ਕਾਮ ਕਰ, ਮੈਂ ਤੇਰੇ ਸਾਥ ਹੈ।’’ ਰਾਮ ਵਿਲਾਸ ਠੇਕੇਦਾਰ ਨੇ ਦਾਨਿਆਂ ਵਾਂਗ ਹਰਬੀਰ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ।
‘‘ਜੇ ਤੂੰ ਬਿਹਾਰੀ ਪੁੱਤ ਏਂ, ਮੈਂ ਵੀ ਪੰਜਾਬੀ ਬਰਾੜ ਜੱਟ ਆਂ, ਤੂੰ ਮੇਰਾ ਕੰਮ ਵੇਖਿਆ ਆ, ਜੱਟ ਦੀ ਯਾਰੀ ਨਹੀਂ।’’ ਹਰਬੀਰ ’ਚੋਂ ਫਿਰ ਜੱਟ ਹੁੰਗਾਰ ਪਿਆ।
ਕਿਰਤੀ ਨੇ ਕਿਰਤੀ ਨੂੰ ਸਮਝਣ ਵਿਚ ਧੋਖਾ ਨਹੀਂ ਖਾਧਾ, ਤੇਰੀ ਮੇਰੀ ਯਾਰੀ ’ਚੋਂ ਮੁੜ੍ਹਕੇ ਦੀ ਮਹਿਕ ਆਉਂਦੀ ਹੈ ਜੋ ਹਰੇਕ ਮਹਿਸੂਸ ਨਹੀਂ ਕਰ ਸਕਦਾ। ਹੁਣ ਯਾਰੀ ਤੇ ਠੇਕੇਦਾਰੀ ਤਾਂ ਰਾਮ ਤੇ ਬਰਾੜ ਦੀ ਇਕੱਠੀ ਹੀ ਚੱਲੂ। ਹਾਂ, ਹਿੱਸਾ ਬਰਾਬਰ ਦਾ ਠੋਕ ਕੇ ਲਉਂ, ਵੇਖੀਂ ਕਿਤੇ ਭੱਜ ਨਾ ਜਾਵੀਂ!’’ ਜਿਵੇਂ ਹਰਬੀਰ ਨੇ ਯਾਰੀ ਲਈ ਹਿੱਕ ਠੋਕੀ ਹੋਵੇ।
ਠੇਕੇਦਾਰ ਰਾਮ ਵਿਲਾਸ ਨੇ ਹਰਬੀਰ ਨੂੰ ਨਾਲ ਇੰਜ ਘੁੱਟ ਲਿਆ ਜਿਵੇਂ ਚਿਰਾਂ ਤੋਂ ਵਿੱਛੜੇ ਭਰਾ ਮਿਲੇ ਹੋਣ।
ਜਿੱਥੇ ਇਮਾਨਦਾਰੀ ਅਤੇ ਮਿਹਨਤ ਇਕੱਠੀਆਂ ਹੋ ਜਾਣ ਉਥੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ। ਦਿਨਾਂ ਵਿਚ ਹੀ ਬਰਾੜ ਠੇਕੇਦਾਰ ਦੇ ਕੰਮ ਦੀ ਚੜ੍ਹਤ ਹੋ ਗਈ। ਹਰੇਕ ਨਕਸ਼ਾ ਨਵੀਸ ਨਵਾਂ ਘਰ ਬਣਾਉਣ ਵਾਲੇ ਨੂੰ ਠੇਕੇਦਾਰ ਹਰਬੀਰ ਦੀ ਦੱਸ ਪਾਉਂਦਾ। ਜਿੱਥੇ ਵੀ ਕੰਮ ਮਿਲਦਾ ਰਾਮ ਤੇ ਹਰਬੀਰ ਇਕੱਠੇ ਕਰਦੇ। ਮਜ਼ਦੂਰਾਂ ਤੇ ਕਾਰੀਗਰਾਂ ਦਾ ਮਿਹਨਤਾਨਾ ਪੂਰਾ ਦਿੰਦੇ। ਹਰੇਕ ਉਨ੍ਹ੍ਾਂ ਦੇ ਕੰਮ ’ਤੇ ਜਾਣਾ ਲੋਚਦਾ। ਹੱਥੀਂ ਕਿਰਤ ਨੇ ਉਨ੍ਹਾਂ ਦਾ ਵਿਸ਼ਵਾਸ ਹੋਰ ਪਕੇਰਾ ਕਰ ਦਿੱਤਾ।
ਹਰਬੀਰ ਤੇ ਰਾਮ ਵਿਲਾਸ ਦੀ ਯਾਰੀ ਅਤੇ ਭਿਆਲ਼ੀ ਅਜਿਹਾ ਰੰਗ ਲਿਆਈ ਕਿ ਸਰਕਾਰੀ ਉਸਾਰੀ ਦੇ ਟੈਂਡਰ ਵੀ ਆਉਣ ਲੱਗ ਪਏ। ਦਿਨਾਂ ਵਿਚ ਹੀ ਲਹਿਰਾਂ-ਬਹਿਰਾਂ ਹੋ ਗਈਆਂ। ਹਰਬੀਰ ਨੇ ਸ਼ਹਿਰ ਵਿਚ ਹੀ ਜੀ.ਟੀ.ਰੋਡ ’ਤੇ ਇਕ ਪਲਾਟ ਖਰੀਦ ਕੇ ਦੁਕਾਨਾਂ ਉਸਾਰ ਲਈਆਂ। ਸਰਕਾਰੀ ਕੰਮ ਲੈਣ ਵਾਸਤੇ ਠੇਕੇਦਾਰੀ ਦਾ ਰਜਿਸਟ੍ਰੇਸ਼ਨ ਨੰਬਰ ਵੀ ਲੈ ਲਿਆ। ਰਾਮ ਵਿਲਾਸ ਨਾਲ ਸਲਾਹ ਕਰਕੇ ਦੁਕਾਨ ਦਾ ਉਦਘਾਟਨ ਰੱਖ ਲਿਆ ਤਾਂ ਕਿ ਜਿਸ ਨੂੰ ਨਹੀਂ ਪਤਾ ਉਸ ਨੂੰ ਵੀ ਪਤਾ ਲੱਗ ਜਾਵੇ। ਰਿਸ਼ਤੇਦਾਰ ਅਤੇ ਸ਼ਹਿਰ ਦੇ ਪ੍ਰਮੁੱਖ ਬੰਦਿਆਂ ਤੋਂ ਇਲਾਵਾ ਸਿੱਧੂ ਸਰਦਾਰ ਨੂੰ ਵਿਸ਼ੇਸ਼ ਨਿਉਤਾ ਹਰਬੀਰ ਨੇ ਆਪ ਜਾ ਕੇ ਦਿੱਤਾ।
ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕਰ ਕੇ ਦੁਕਾਨ ’ਤੇ ਲੱਗੇ ਬੋਰਡ ਤੋਂ ਪਰਦਾ ਹਟਾਇਆ ਗਿਆ। ਜਦੋਂ ਲੋਕਾਂ ਨੇ ਰਾਮ ਵਿਲਾਸ ਐਂਡ ਬਰਾੜ ਕੰਸਟਰਕਸ਼ਨ ਕੰਪਨੀ ਦਾ ਬੋਰਡ ਪੜ੍ਹਿਆ ਤਾਂ ਸਣੇ ਰਾਮ ਵਿਲਾਸ ਸਾਰੇ ਹੈਰਾਨ ਰਹਿ ਗਏ ਕਿਉਂਕਿ ਇਹ ਨਿੱਗਰ ਯਾਰੀ ਦੀ ਅਜਿਹੀ ਮਿਸਾਲ ਸੀ ਜਿਸ ਨਾਲ ਸਿੱਧੂ ਸਰਦਾਰ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਗਈਆਂ ਸਨ, ਜਿਸ ਨੇ ਯਾਰ ਦੀ ਪਿੱਠ ਵਿਚ ਛੁਰਾ ਮਾਰਿਆ ਸੀ। ਪਰ ਯਾਰ ਹਰਬੀਰ ਵੱਲੋਂ ਮਿਲੇ ਪਿਆਰ ਕਰਕੇ ਪ੍ਰਦੇਸੀ ਯਾਰ ਰਾਮ ਵਿਲਾਸ ਦੀਆਂ ਅੱਖਾਂ ’ਚ ਖ਼ੁਸ਼ੀ ਦੇ ਹੰਝੂ ਸਨ ਜੋ ਸ਼ਾਇਦ ਹਰਬੀਰ ਤੋਂ ਬਗ਼ੈਰ ਕਿਸੇ ਨੇ ਨਹੀਂ ਵੇਖੇ।
Add a review