ਫ਼ੈਜ਼ ਅਹਿਮਦ ਫ਼ੈਜ਼ (13 ਫ਼ਰਵਰੀ 1911-20 ਨਵੰਬਰ 1984) ਇੱਕ ਖੱਬੇ-ਪੱਖੀ ਬੁੱਧੀਜੀਵੀ ਅਤੇ ਕ੍ਰਾਂਤੀਕਾਰੀ ਉਰਦੂ ਅਤੇ ਪੰਜਾਬੀ ਸ਼ਾਇਰ ਸੀ। ਉਹ ਅਮਨ ਲਹਿਰ ਦੇ ਸਰਗਰਮ ਕਾਰਕੁਨ ਅਤੇ ਕਮਿਊਨਿਸਟ ਸਨ। ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕਬਾਲ ਦੀ ਤਰ੍ਹਾਂ ਉਹ ਪਾਰਦੇਸ਼ੀ ਪਛਾਣ ਸਥਾਪਤ ਕਰ ਗਏ। ਉਨ੍ਹਾਂ ਤੋਂ ਬਾਅਦ ਉਹ ਏਸ਼ੀਆ ਦੇ ਮਕਬੂਲ ਸ਼ਾਇਰ ਹੋਏ ਹਨ।
ਫ਼ੈਜ਼ ਦਾ ਜਨਮ 13 ਫ਼ਰਵਰੀ 1911 ਨੂੰ ਮਾਤਾ ਸੁਲਤਾਨਾ ਫਾਤਮਾ ਦੀ ਕੁੱਖੋਂ ਪਿਤਾ ਚੌਧਰੀ ਸੁਲਤਾਨ ਮੁਹੰਮਦ ਖਾਂ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸਿਆਲਕੋਟ ਦੇ ਮਸ਼ਹੂਰ ਬੈਰਿਸਟਰ ਸਨ। ਉਹ ਜੱਟ ਮੁਸਲਮਾਨ ਬਰਾਦਰੀ ਸੰਬੰਧ ਰੱਖਦੇ ਸਨ।
ਉਨ੍ਹਾਂ ਨੇ ਮੁੱਢਲੀ ਸਿੱਖਿਆ 1916 ਵਿੱਚ ਮੀਰ ਹਸਨ ਸਿਆਲਕੋਟੀ ਦੀ ਪਾਠਸ਼ਾਲਾ ਤੋਂ ਸ਼ੁਰੂ ਕੀਤੀ ਜਿੱਥੇ ਉਨ੍ਹਾਂ ਨੇ ਅਰਬੀ ਤੇ ਫ਼ਾਰਸੀ ਦੀ ਵਿੱਦਿਆ ਪ੍ਰਾਪਤ ਕੀਤੀ। 1929 ਵਿੱਚ ਮਰੇ ਕਾਲਜ ਆਫ ਸਿਆਲਕੋਟ ਤੋਂ ਫਸਟ ਡਵੀਜ਼ਨ ਵਿੱਚ ਇੰਟਰਮੀਡੀਏਟ ਕੀਤਾ ਅਤੇ 1931 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਬੀ.ਏ. ਤੇ ਫਿਰ ਅਰਬੀ ਭਾਸ਼ਾ ਵਿੱਚ ਬੀ.ਏ. ਆਨਰਜ਼ ਕੀਤੀ। ਉਸ ਮਗਰੋਂ 1933 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਅਤੇ 1934 ਵਿੱਚ ਔਰੇਂਟਲ ਕਾਲਜ, ਲਾਹੌਰ ਤੋਂ ਅਰਬੀ ਵਿੱਚ ਐੱਮ.ਏ. ਫਸਟ ਡਵੀਜ਼ਨ ਵਿੱਚ ਪ੍ਰਾਪਤ ਕੀਤੀ।
ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਤਜ਼ਰਬੇ ਪ੍ਰਾਪਤ ਕੀਤੇ। 1935 ਵਿੱਚ ਅੰਮ੍ਰਿਤਸਰ ਦੇ ਐੱਮ.ਏ.ਓ. ਕਾਲਜ ਵਿੱਚ ਲੈਕਚਰਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 1942 ਵਿੱਚ ਇਸ ਪੇਸ਼ੇ ਨੂੰ ਅਲਵਿਦਾ ਆਖ ਕੇ ਫੌਜ ਵਿੱਚ ਕੈਪਟਨ ਦੇ ਅਹੁਦੇ ਤੇ ਨਿਯੁਕਤ ਹੋ ਗਏ ਅਤੇ ਲਾਹੌਰ ਤੋਂ ਦਿੱਲੀ ਆ ਗਏ। ਇਸ ਤੋਂ ਇਲਾਵਾ ਉਨ੍ਹਾਂ ਦਾ ਸਬੰਧ ਲੋਕ-ਸੰਪਰਕ ਵਿਭਾਗ ਨਾਲ ਸੀ। 1943 ਵਿੱਚ ਮੇਜਰ ਤੇ 1944 ਵਿੱਚ ਕਰਨਲ ਦੇ ਅਹੁਦੇ ਤੇ ਨਿਯੁਕਤ ਰਹੇ। 1 ਜਨਵਰੀ 1947 ਵਿੱਚ ਫੌਜ ਤੋਂ ਅਸਤੀਫ਼ਾ ਦੇ ਕੇ ਮੁੜ ਲਾਹੌਰ ਚਲੇ ਗਏ। 1959 ਵਿੱਚ ਪਾਕਿਸਤਾਨ ਆਰਟ ਕੌਂਸਲ ਦੇ ਸੈਕਟਰੀ ਮੁਕੱਰਰ ਕੀਤੇ ਗਏ। ਇੱਥੇ ਉਨ੍ਹਾਂ ਨੇ 22 ਜੂਨ ਤੱਕ ਸੇਵਾਵਾਂ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਉਹ ਲੰਡਨ ਚੱਲੇ ਗਏ। 1962 ਵਿੱਚ ਉੱਥੋਂ ਕਰਾਚੀ ਵਾਪਸ ਆ ਗਏ ਤੇ ਹਾਰੂਨ ਕਾਲਜ ਦੇ ਪ੍ਰਿੰਸੀਪਲ ਤੇ ਨਿਗਰਾਨ ਨਿਯੁਕਤ ਹੋ ਗਏ।
ਫ਼ੈਜ਼ ਅਹਿਮਦ ਫ਼ੈਜ਼ ਨੇ 1941 ਵਿੱਚ ਇੱਕ ਅੰਗਰੇਜ਼ ਔਰਤ ਮਿਸ ਐਲਿਸ ਜਾਰਜ ਨਾਲ ਇਸਲਾਮੀ ਢੰਗ ਨਾਲ ਵਿਆਹ ਕੀਤਾ ਅਤੇ ਦਿੱਲੀ ਵਿੱਚ ਰਹਿਣ ਲੱਗੇ। ਉਨ੍ਹਾਂ ਦੇ ਘਰ ਦੋ ਧੀਆਂ ਦਾ ਜਨਮ ਹੋਇਆ। ਪਹਿਲੀ ਧੀ ਸਲੀਮਾ 1942 ਵਿੱਚ ਅਤੇ ਛੋਟੀ ਧੀ ਮੁਨੀਰਾ 1945 ਵਿੱਚ ਜਨਮੀ।
ਫ਼ੈਜ਼ ਨੇ ਪੱਤਰਕਾਰੀ ਦੇ ਮੈਦਾਨ ਵਿੱਚ ਵੀ ਖੂਬ ਕੰਮ ਕੀਤਾ। 1938-39 ਤੱਕ ਉਨ੍ਹਾਂ ਨੇ ਉਰਦੂ ਮਾਸਿਕ ‘ਅਦਬੇ ਲਤੀਫ’’ ਦਾ ਸੰਪਾਦਨ ਕੀਤਾ। 1947-55 ਤੱਕ ਕਈ ਅਖਬਾਰਾਂ ਤੇ ਪੱਤਰਕਾਵਾਂ ਦੇ ਪ੍ਰਧਾਨ ਸੰਪਾਦਕ ਰਹੇ।
ਉਨ੍ਹਾਂ ਨੇ 1938-39 ਵਿੱਚ ਰੇਡੀਓ ਲਈ ਨਾਟਕ ਵੀ ਲਿਖੇ, ਜਿਹੜੇ ਲਾਹੌਰ ਤੋਂ ਰੇਡੀਓ ਤੋਂ ਪ੍ਰਸਾਰਤ ਹੋਏ ਤੇ ਪਸੰਦ ਕੀਤੇ ਗਏ। ਉਨ੍ਹਾਂ ਦੇ ਸਫਲ ਨਾਟਕ ਸਨ:
ਮੇਜ਼ਾਨ ਆਲੋਚਨਾਤਮਕ ਲੇਖ (ਫਰਵਰੀ 1962)
ਸਫਰਨਾਮਾ ਕੀਊਬਾ (1974)
ਫ਼ੈਜ਼ ਨੇ ਆਪਣੀ ਜ਼ਿੰਦਗੀ ਦਾ ਕੁੱਝ ਸਮਾਂ ਜੇਲ੍ਹ ਵਿੱਚ ਵੀ ਬਿਤਾਇਆ। ਉਨ੍ਹਾਂ ਨੂੰ ਪਾਕਿਸਤਾਨ ਦੀ ਸਥਾਪਨਾ ਦੇ ਲਗਭਗ ਤਿੰਨ ਸਾਲ ਬਾਅਦ ਹੀ 1951 ਵਿੱਚ “ਲਿਆਕਤ ਅਲੀ ਖਾਂ” ਦੀ ਹਕੂਮਤ ਦਾ ਤਖਤਾ ਉਲਟਣ ਦੀ ਸਾਜ਼ਿਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਫ਼ੈਜ਼ ਦੀਆਂ ਵਧੇਰੇ ਨਜ਼ਮਾਂ ਉਨ੍ਹਾਂ ਕੈਦੀ ਜੀਵਨ ਵੇਲੇ ਦੀਆਂ ਯਾਦਗਾਰ ਹਨ।
ਉਨ੍ਹਾਂ ਨੂੰ ਅਨੇਕ ਸਨਮਾਨਾਂ ਨਾਲ ਸਨਮਾਨਿਆ ਗਿਆ। ਫ਼ੈਜ਼ ਪਹਿਲੇ ਏਸ਼ੀਆਈ ਸ਼ਾਇਰ ਸਨ, ਜਿਨ੍ਹਾਂ ਨੂੰ 1962 ਵਿੱਚ ਲੈਨਿਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਨਾਮ ਨੋਬਲ ਪੁਰਸਕਾਰ ਲਈ ਦਿੱਤੇ ਜਾਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ। ਉਨ੍ਹਾਂ ਨੇ ਕੁੱਝ ਸ਼ਾਇਰੀ ਪੰਜਾਬੀ ਵਿੱਚ ਵੀ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਜੀਵਨ ਕਾਲ ਵਿੱਚ ਉਹ ਕਈ ਥਾਵਾਂ ਤੇ ਗਏ। ਉਨ੍ਹਾਂ ਨੇ ਏਸ਼ੀਆ ਤੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ। ਜੁਲਾਈ 1962 ਤੋਂ ਜਨਵਰੀ 1964 ਵਿਚਕਾਰ ਇੰਗਲੈਂਡ, ਰੂਸ, ਅਲਜੀਰੀਆ, ਮਿਸਰ, ਲਿਬਨਾਨ ਤੇ ਹੰਗਰੀ ਦੇ ਲੰਬੇ ਸਫਰ ਕੀਤੇ। 1958 ਵਿੱਚ ਏਸ਼ੀਆ ਤੇ ਅਫਰੀਕਾ ਦੇ ਲੇਖਕਾਂ ਦਾ ਪਹਿਲਾ ਸੰਮੇਲਨ ਤਾਸ਼ਕੰਦ ਵਿੱਚ ਹੋਇਆ ਜਿਸ ਵਿੱਚ ਫ਼ੈਜ਼ ਸਾਹਿਬ ਨੇ ਪ੍ਰਗਤੀਸ਼ੀਲ ਅੰਦੋਲਨ ਦੇ ਲੀਡਰ ਦੇ ਰੂਪ ਵਿੱਚ ਸ਼ਿਰਕਤ ਕੀਤੀ।
ਫ਼ੈਜ਼ ਸਾਹਿਬ ਦਮੇ ਦੇ ਰੋਗੀ ਸਨ, ਜਿਸ ਕਾਰਨ 20 ਨਵੰਬਰ 1984 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਫ਼ੈਜ਼ ਅਹਿਮਦ ਫ਼ੈਜ਼ ਯਕੀਨਨ ਉਰਦੂ ਸ਼ਾਇਰੀ ਦੀ ਅਜਿਹੀ ਸਖਸ਼ੀਅਤ ਸਨ ਜੋ ਅੱਜ ਵੀ ਆਪਣੀ ਸ਼ਾਇਰੀ ਨਾਲ ਹਰ ਸ਼ਾਇਰੀ ਪ੍ਰੇਮੀ ਦੇ ਅੰਦਰ ਜ਼ਿੰਦਾ ਹਨ।
ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ
ਮੈਂ ਨੇ ਸਮਝਾ ਥਾ ਕਿ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਗ਼ਮ-ਏ –ਦਹਿਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ ਬਹਾਰੋਂ ਕੋ ਸਬਾਤ
ਤੇਰੀ ਆਂਖੋਂ ਕੇ ਸਿਵਾ ਦੁਨੀਯਾ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕ਼ਦੀਰ ਨਿਗੂੰ ਹੋ ਜਾਏ
ਯੂੰ ਨਾ ਥਾ, ਮੈਂ ਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ , ਵਸਲ ਕੀ ਰਾਹਤ ਕੇ ਸਿਵਾ
ਅਨ ਗਿਨਤ ਸਦੀਯੋਂ ਕੇ ਤਾਰੀਕ ਬਹੀਮਾਨਾ ਤਿਲਿਸਮ
ਰੇਸ਼ਮ-ਓ-ਅਤਲਸ-ਓ-ਕੀਮਖ਼ਾਬ ਮੇਂ ਬਨਵਾਏ ਹੂਏ
ਜਾ ਬਜਾ ਬਿਕਤੇ ਹੂਏ ਕੂਚਾ-ਓ-ਬਾਜ਼ਾਰ ਮੇਂ ਜਿਸਮ
ਖ਼ਾਕ ਮੇਂ ਲਿੱਬੜੇ ਹੂਏ ਖ਼ੂਨ ਮੇਂ ਨਹਲਾਏ ਹੂਏ
ਜਿਸਮ ਨਿਕਲੇ ਹੂਏ ਅਮਰਾਜ਼ ਕੇ ਤੰਨੂਰੋਂ ਸੇ
ਪੀਪ ਬਹਤੀ ਹੂਈ ਗਲਤੇ ਹੂਏ ਨਾਸੂਰੋਂ ਸੇ
ਲੌਟ ਜਾਤੀ ਹੈ ਉਧਰ ਕੋ ਭੀ ਨਜ਼ਰ , ਕਯਾ ਕੀਜੀਏ
ਅਬ ਭੀ ਦਿਲਕਸ਼ ਹੈ ਤੇਰਾ ਹੁਸਨ ਮਗਰ ਕਯਾ ਕੀਜੀਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ
ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ
ਦਰਖ਼ਸ਼ਾਂ–ਰੌਸ਼ਨ; ਹਯਾਤ-ਜੀਵਨ; ਦਹਿਰ–ਦੁਨੀਆਂ; ਸਬਾਤ – ਠਹਿਰਾਓ ਵਸਲ–ਮਿਲਾਪ; ਨਗੂੰ– ਸਫਲ , ਝੁਕਿਆ ਹੋਇਆ; ਤਾਰੀਕ–ਹਨੇਰੇ; ਬਹੀਮਾਨਾ-ਬੇਦਰਦੀ; ਤਲਿਸਮ-ਜਾਦੂ; ਅਤਲਸ ਅਤੇ ਕੀਮਖਾਬ–ਕੀਮਤੀ ਕੱਪੜੇ; ਜਾਬਜਾ – ਥਾਂ ਥਾਂ
ਰੱਬਾ ਸੱਚਿਆ
ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈਂ ਤੂੰ
ਸਾਡੀਆਂ ਨੇਮਤਾਂ (ਨਿਆਮਤਾਂ) ਤੇਰੀਆਂ ਦੌਲਤਾਂ ਨੇਂ
ਸਾਡਾ ਨੈਬ ਤੇ ਆਲੀਜਾ ਹੈਂ ਤੂੰ
ਇਸ ਲਾਰੇ ਤੇ ਟੋਰ ਕਦ ਪੁੱਛਿਆ ਈ
ਕੀ ਇਸ ਨਿਮਾਣੇ ਤੇ ਬੀਤੀਆਂ ਨੇਂ
ਕਦੀ ਸਾਰ ਵੀ ਲਈ ਓ ਰੱਬ ਸਾਈਆਂ
ਤੇਰੇ ਸ਼ਾਹ ਨਾਲ ਜਗ ਕੀ ਕੀਤੀਆਂ ਨੇਂ
ਕਿਤੇ ਧੌਂਸ ਪੁਲਿਸ ਸਰਕਾਰ ਦੀ ਏ
ਕਿਤੇ ਧਾਂਦਲੀ ਮਾਲ ਪਟਵਾਰ ਦੀ ਏ
ਐਂਵੇਂ ਹੱਡਾਂ ਵਿੱਚ ਕਲਪੇ ਜਾਨ ਮੇਰੀ
ਜਿਵੇਂ ਫਾਹੀ ਚ ਕੂੰਜ ਕੁਰਲਾਵਨਦੀ ਏ
ਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂ
ਪੋਲੇ ਖਾਂਦੀਆਂ ਵਾਰ ਨਾ ਆਵਂਦੀ ਏ’
ਇਕ ਹੋਰ ਬੜੀ ਧੁੰਮੀ ਨਜ਼ਮ ਗੀਤ ਹੈ ਜਿਹੜੀ ਨੂਰਜਹਾਂ ਨੇ ਗਾਈ ਵੀ ਸੀ।
‘ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ
ਕਾਗ ਅੜਾਂਵਾਂ, ਸ਼ਗਨ ਮਨਾਵਾਂ
ਵਗਦੀ ਵਾਅ ਦੇ ਤਰਲੇ ਪਾਵਾਂ
ਤੇਰੀ ਯਾਦ ਪਏ ਤੇ ਰੋਵਾਂ
ਤੇਰਾ ਜ਼ਿਕਰ ਕਰਾਂ ਤਾਂ ਹੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ’
ਹਮ ਦੇਖੇਂਗੇ ਫੈਜ਼ ਅਹਿਮਦ ਫੈਜ਼ ਦੀ ਲਿਖੀ ਹੋਈ ਲੋਕਪ੍ਰਿਯ ਇਨਕਲਾਬੀ ਉਰਦੂ ਨਜ਼ਮ ਹੈ।ਇਕਬਾਲ ਬਾਨੋ ਦੀ ਆਵਾਜ਼ ਵਿੱਚ ਇਸ ਦੀ ਪੇਸ਼ਕਾਰੀ ਨੇ ਇਸਨੂੰ ਹਿੰਦੁਸਤਾਨੀ ਜ਼ਬਾਨਾਂ ਦੇ ਜਾਣਨ ਵਾਲੇ ਕਰੋੜਾਂ ਲੋਕਾਂ ਤੱਕ ਪੁਜਾ ਦਿਤਾ।ਫ਼ੈਜ਼ ਦੀ ਇਹ ਇੱਕੀ ਸਤਰੀ ਨਜ਼ਮ ਉਨ੍ਹਾਂ ਦੇ ਸੱਤਵੇਂ ਸ਼ੇਅਰੀ ਮਜਮੂਆ ਮੇਰੇ ਦਿਲ ਮੇਰੇ ਮੁਸਾਫ਼ਰ ਵਿੱਚ ਸ਼ਾਮਿਲ ਹੈ। ਇਹ ਗਾਣਾ ਉਨ੍ਹਾਂ 1979 ਵਿੱਚ ਲਿਖਿਆ ਸੀ, ਪਰ ਸਾਡੇ ਉਪ-ਮਹਾਂਦੀਪ ਵਿੱਚ ਇਹ ਅਸਮਾਨੀ ਬਿਜਲੀ ਵਾਂਗ 1986 ਵਿੱਚ ਲਿਸ਼ਕਿਆ।
ਇਕਬਾਲ ਬਾਨੋ ਅਤੇ ਹਮ ਦੇਖੇਂਗੇ
‘ਹਮ ਦੇਖੇਂਗੇ’ ਇਕਬਾਲ ਬਾਨੋ ਦੀ ਆਵਾਜ਼ ਵਿਚ ਡਿਕਟੇਟਰ ਜ਼ਿਆ-ਉਲ-ਹੱਕ ਦੇ ਜ਼ਮਾਨੇ ਵਿੱਚ ਪਾਕਿਸਤਾਨ ਅੰਦਰ ਹਕੂਮਤੀ ਅਤਿਆਚਾਰ ਵਿਰੁੱਧ ਸੰਘਰਸ਼ ਦਾ ਨਾਅਰਾ ਬਣ ਗਿਆ। ਕਹਿੰਦੇ ਹਨ ਕਿ ਉਸ ਨੇ ਲਾਹੌਰ ਦੇ ਇਕ ਹਾਲ ਵਿਚ ਗਾਉਣਾ ਸੀ ਕਿ ਡਿਕਟੇਟਰ ਜ਼ਿਆ-ਉਲ-ਹੱਕ ਨੇ ਹਾਲ ਸਮੇਤ ਪੂਰੀ ਇਮਾਰਤ ਦੇ ਮੁੱਖ ਗੇਟ ਨੂੰ ਬੰਦ ਕਰਵਾ ਦਿੱਤਾ। ਗੁਰਬਚਨ ਸਿੰਘ ਭੁੱਲਰ ਦੇ ਇੱਕ ਲੇਖ ਅਨੁਸਾਰ ਇਕਬਾਲ ਬਾਨੋ ਬਾਹਰ ਬੈਠ ਗਈ ਅਤੇ ਸਾਜ਼ਿੰਦਿਆਂ ਨੂੰ ਸਾਜ਼ ਛੇੜਨ ਦਾ ਇਸ਼ਾਰਾ ਕਰ ਕੇ ਤਾਨ ਛੇੜ ਦਿੱਤੀ। ਹਜ਼ਾਰਾਂ ਲੋਕ ਸੜਕਾਂ ਉਤੇ ਆ ਜੁੜੇ। ਉਸ ਵੇਲੇ ਫ਼ੈਜ਼ ਕੈਦ ਸੀ ਅਤੇ ਉਸ ਦੀਆਂ ਰਚਨਾਵਾਂ ਤੇ ਪਾਬੰਦੀ ਸੀ। ਇਕਬਾਲ ਬਾਨੋ ਨੇ ਫ਼ੈਜ਼ ਦਿਵਸ ਸਮੇਂ ਲਾਹੌਰ ਦੇ ਸਟੇਡੀਅਮ ਵਿਚ ਪੰਜਾਹ ਹਜ਼ਾਰ ਲੋਕਾਂ ਸਾਹਮਣੇ ਇਹ ਨਜ਼ਮ ਪੇਸ਼ ਕੀਤੀ। ਜ਼ਿਆ ਨੇ ਸਾੜ੍ਹੀ ਉਤੇ ਵੀ ਪਾਬੰਦੀ ਲਾਈ ਹੋਈ ਸੀ। ਉਹ ਸਾੜ੍ਹੀ ਹੀ ਪਹਿਨ ਕੇ ਗਈ ਅਤੇ ਉਹ ਵੀ ਕਾਲੇ ਰੰਗ ਦੀ! ਇਸ ਨਜ਼ਮ ਵਿੱਚ ਜਿਆ ਉਲ-ਹਕ ਦੀ ਹਕੂਮਤੀ ਦੌਰ ਦੀ ਤਰਜੁਮਾਨੀ ਲਈ ਇਸਲਾਮੀ ਧਾਰਨਾਵਾਂ ਨੂੰ ਇਸਤੀਆਰੇ ਦੇ ਤੌਰ ਉੱਤੇ ਵਰਤਿਆ ਗਿਆ ਹੈ। ਕਿਆਮਤ, ਯੌਮ ਹਿਸਾਬ-ਓ-ਕਿਤਾਬ, ਯੌਮ ਇਨਕਲਾਬ ਵਿੱਚ ਤਬਦੀਲ ਹੋ ਚੁੱਕਿਆ ਹੈ ਜਿਸ ਵਿੱਚ ਅਵਾਮ ਨੇ ਜਿਆ ਦੀ ਫ਼ੌਜੀ ਹਕੂਮਤ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਜਮਹੂਰੀਅਤ ਨੂੰ ਦੁਬਾਰਾ ਕਾਇਮ ਕਰ ਦੇਣਾ ਸੀ।
ਇਸ ਨੂੰ 22 ਜੁਲਾਈ 2018 ਨੂੰ ਕੋਕ ਸਟੂਡੀਓ ਸੀਜ਼ਨ 11 ਵਿੱਚ ਜ਼ੋਹਾਇਬ ਕਾਜ਼ੀ ਅਤੇ ਅਲੀ ਹਮਜ਼ਾ ਦੀ ਅਗਵਾਈ ਵਿੱਚ ਮੁੜ ਗਾਇਆ ਗਿਆ ਸੀ। ਕੋਕ ਸਟੂਡੀਓ ਵਾਲਿਆਂ ਨੇ ‘ਸਬ ਤਾਜ ਉਛਾਲੇ ਜਾਏਂਗੇ/ ਸਬ ਤਖ਼ਤ ਗਿਰਾਏ ਜਾਏਂਗੇ’ ਇਨ੍ਹਾਂ ’ਤੇ ਲਕੀਰ ਮਾਰ ਛੱਡੀ। ਅਖੇ ਹਕੂਮਤ ਨਾਰਾਜ਼ ਹੋ ਸਕਦੀ ਹੈ, ਨਾਲੇ ਕਿਸੇ ਦੀ ਧਾਰਮਿਕ ਭਾਵਨਾ ਆਹਤ ਹੋ ਸਕਦੀ ਹੈ। ਇਸ ਕਵਿਤਾ ਨੂੰ ਉਪ-ਮਹਾਂਦੀਪ ਵਿੱਚ ਵਿਆਪਕ ਰੂਪ ਵਿੱਚ ਵੱਖ ਵੱਖ ਕਿਸਮ ਵਿਰੋਧ ਪ੍ਰਦਰਸ਼ਨਾਂ ਵਿੱਚ ਗਾਇਆ ਗਿਆ ਹੈ। ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ, ਆਈਆਈਟੀ ਕਾਨਪੁਰ ਦੀ ਆਰਜ਼ੀ ਫੈਕਲਟੀ ਨੇ ਵਿਰੋਧ ਕਰ ਰਹੇ ਵਿਦਿਆਰਥੀਆਂ ਦੁਆਰਾ ਇਹ ਨਜ਼ਮ ਗਾਏ ਜਾਣ ਦਾ ਮੁੱਦਾ ਉਠਾਇਆ ਅਤੇ ਦੋਸ਼ ਲਾਇਆ ਕਿ ਇਹ “ਹਿੰਦੂ-ਵਿਰੋਧੀ” ਹੈ ਅਤੇ ਬਾਅਦ ਵਿਚ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ; ਐਪਰ, ਵਿਦਿਆਰਥੀ ਮੀਡੀਆ ਸੰਗਠਨ ਨੇ ਦੋਸ਼ਾਂ ਨੂੰ ਗ਼ਲਤਫ਼ਹਿਮੀ ਅਤੇ ਫਿਰਕੂ ਇਰਾਦਿਆਂ ਨਾਲ ਲਾਏ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਲੋਕ ਕਵਿਤਾ ਨੂੰ ਇਸਦੇ ਸਮਾਜਕ ਪ੍ਰਸੰਗ ਤੋਂ ਅਲਹਿਦਾ ਕਰ ਕੇ ਦੇਖਦੇ ਹਨ।
ਹਮ ਦੇਖੇਂਗੇ
ਲਾਜ਼ਿਮ ਹੈ ਕੇ ਹਮ ਭੀ ਦੇਖੇਂਗੇ
ਹਮ ਦੇਖੇਂਗੇ
ਵੋ ਦਿਨ ਕਿ ਜਿਸ ਕਾ ਵਾਦਾ ਹੈ
ਜੋ ਲੋਹ-ਏ-ਅਜ਼ਲ ਮੇਂ ਲਿੱਖਾ ਹੈ
ਹਮ ਦੇਖੇਂਗੇ
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਰਾਂ
ਰੂਈ ਕੀ ਤਰ੍ਹਾਂ ਉੜ ਜਾਏਂਗੇ
ਹਮ ਮੈਹਕੂਮੋਂ ਕੇ ਪਾਓਂ ਤਲੇ
ਯੇ ਧਰਤੀ ਧੜ-ਧੜ ਧੜਕੇਗੀ
ਔਰ ਐਹਲ-ਏ-ਹਾਕਮ ਕੇ ਸਰ ਊਪਰ
ਜਬ ਬਿਜਲੀ ਕੜ-ਕੜ ਕੜਕੇਗੀ
ਹਮ ਦੇਖੇਂਗੇ
ਜਬ ਅਰਜ਼-ਏ-ਖੁਦਾ ਕੇ ਕਾਬੇ ਸੇ
ਸਬ ਬੁਤ ਉੁਠਵਾਏ ਜਾਏਂਗੇ
ਹਮ ਐਹਲ-ਏ-ਸਫ਼ਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ
ਸਬ ਤਾਜ ਉਛਾਲੇ ਜਾਏਂਗੇ
ਸਬ ਤੱਖਤ ਗਿਰਾਏ ਜਾਏਂਗੇ
ਹਮ ਦੇਖੇਂਗੇ
ਬਸ ਨਾਮ ਰਹੇਗਾ ਅੱਲ੍ਹਾ ਕਾ
ਜੋ ਗਾਇਬ ਭੀ ਹੈ ਹਾਜ਼ਿਰ ਭੀ
ਜੋ ਮੰਜ਼ਰ ਭੀ ਹੈ ਨਾਜ਼ਿਰ ਭੀ
ਉਠੇਗਾ ਅਨ-ਅਲ-ਹੱਕ ਕਾ ਨਾਅਰਾ
ਜੋ ਮੈਂ ਭੀ ਹੂੰ ਤੁਮ ਭੀ ਹੋ
ਔਰ ਰਾਜ ਕਰੇਗੀ ਖਲ਼ਕ-ਏ-ਖੁਦਾ
ਜੋ ਮੈਂ ਭੀ ਹੂੰ ਤੁਮ ਭੀ ਹੋ
ਹਮ ਦੇਖੇਂਗੇ
ਲਾਜ਼ਿਮ ਹੈ ਕੇ ਹਮ ਭੀ ਦੇਖੇਂਗੇ
ਹਮ ਦੇਖੇਂਗੇ
Add a review