ਮਨੁੱਖ ਦੀ ਜ਼ਿੰਦਗੀ ਵਿੱਚ ਕੁਝ ਘਟਨਾਵਾਂ ਅਜਿਹੀਆਂ ਹੋ ਨਿੱਬੜਦੀਆਂ ਹਨ ਜਿਹੜੀਆਂ ਇਨਸਾਨ ਦੀ ਜ਼ਿੰਦਗੀ ਬਦਲਣ ਲਈ ਵਰਦਾਨ ਸਿੱਧ ਹੁੰਦੀਆਂ ਹਨ। ਇੱਕ ਅਜਿਹੀ ਘਟਨਾ ਮੇਰੇ ਸਕੂਲ ਸਮੇਂ ਦੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਇਹ ਗੱਲ 1992 ਦੇ ਜੁਲਾਈ ਮਹੀਨੇ ਦੀ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਾਰ੍ਹਵੀਂ ’ਚ ਪੜ੍ਹਦਾ ਸੀ। ਉਸ ਦਿਨ ਅਸੀਂ ਸਕੂਲ ਦੇ ਸਮਾਗਮ ਵਿਚ ਭੰਗੜੇ ਲਈ ਤਿਆਰ ਹੋਣਾ ਸੀ।
ਮੇਰੀ ਭੰਗੜੇ ਦੀ ਵਰਦੀ ਇੱਕ ਦੋਸਤ ਦੇ ਘਰ ਪਈ ਸੀ। ਮੈਂ ਕਿਸੇ ਦੇ ਮੰਗਵਾਂ ਸਕੂਟਰ ਲੈ ਕੇ ਵਰਦੀ ਲੈਣ ਲਈ ਗਿਆ ਤੇ ਰਸਤੇ ਵਿੱਚ ਐਕਸੀਡੈਂਟ ਵਿੱਚ ਲੱਤ ਤੁੜਵਾ ਬੈਠਾ।
ਇਸ ਸੜਕੀ ਹਾਦਸੇ ਨੇ ਮੈਨੂੰ ਭੰਗੜੇ ਦੇ ਮੰਚ ਉੱਤੇ ਚੜ੍ਹਨੋਂ ਰੋਕ ਲਿਆ ਤੇ ਪੰਜ ਮਹੀਨਿਆਂ ਲਈ ਮੰਜੇ ਉੱਤੇ ਪਾ ਦਿੱਤਾ। ਲੰਬੇ ਅਰਸੇ ਬਾਅਦ ਪਹਿਲੀ ਦਸੰਬਰ ਨੂੰ ਮੈਂ ਫਹੁੜੀਆਂ ਸਹਾਰੇ ਆਪਣੇ ਘਰੋਂ ਕਮਰੇ ਵਿਚੋਂ ਬਾਹਰ ਨਿਕਲਿਆ।
ਮੇਰੇ ਚਾਚਾ ਜੀ ਇਸ ਸਕੂਲ ਵਿਚ ਹਿੰਦੀ ਪੜ੍ਹਾਉਂਦੇ ਸੀ। ਉਨ੍ਹਾਂ ਦੇ ਸਕੂਟਰ ਪਿੱਛੇ ਇੱਕ ਪਾਸੇ ਬੈਠ ਕੇ ਮੈਂ ਸਕੂਲ ਪੁੱਜਾ ਤਾਂ ਮੇਰੇ ਸਾਰੇ ਜਮਾਤੀਆਂ ਤੇ ਦੋਸਤਾਂ ਸਣੇ ਅਧਿਆਪਕਾਂ ਨੇ ਮੇਰਾ ਇੰਝ ਸਵਾਗਤ ਕੀਤਾ ਜਿਵੇਂ ਮੈਂ ਕਿਸੇ ਲਾਮ ਤੋਂ ਮੁੜਿਆ ਹੋਵਾ। ਮੇਰਾ ਸਵਾਗਤ ਇਸ ਤਰ੍ਹਾਂ ਹੋਇਆ ਕਿ ਮੈਂ ਭਾਵੁਕ ਹੋ ਗਿਆ ਤੇ ਆਪਣੇ ਹੰਝੂ ਰੋਕ ਨਾ ਸਕਿਆ। ਉੱਥੇ ਖੜ੍ਹੀ ਅਰਥ ਸ਼ਾਸਤਰ ਦੀ ਮੇਰੀ ਅਧਿਆਪਕਾ ਜਿਨ੍ਹਾਂ ਦਾ ਨਾਂ ਕਮਲਜੀਤ ਕੌਰ ਸੀ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ ਤੇ ਮੂੰਹ ਪਲੋਸਦਿਆਂ ਕਿਹਾ, ‘‘ਕਮਲਿਆ ਕਿਉਂ ਰੋ ਰਿਹਾ ਏਂ?’’
ਮੇਰਾ ਵੀ ਗਲਾ ਭਰਿਆ ਹੋਇਆ ਸੀ ਤੇ ਮੇਰੇ ਮੂੰਹੋਂ ਨਿਕਲਿਆ, “ਮੈਡਮ ਜੀ, ਮੈਂ ਨਕਾਰਾ ਹੋ ਗਿਆ। ਹੁਣ ਮੈਂ ਅੱਗੇ ਵਾਂਗ ਤੁਰ ਫਿਰ ਨਹੀਂ ਸਕਾਂਗਾ।”
“ਤੂੰ ਬਹੁਤ ਜਲਦੀ ਠੀਕ ਹੋ ਜਾਵੇਗਾ, ਵੇਖ ਕਿੰਨੇ ਜਣੇ ਨੇ ਰੱਬ ਤੋਂ ਦੁਆਵਾਂ ਮੰਗਣ ਵਾਲੇ, ਨਾਲੇ ਤੂੰ ਤਾਂ ਸਭ ਦਾ ਹਰਮਨ ਪਿਆਰਾ ਏਂ”, ਮੈਡਮ ਨੇ ਆਲ਼ੇ ਦੁਆਲੇ ਖੜ੍ਹੇ ਮੇਰੇ ਜਮਾਤੀਆਂ ਤੇ ਅਧਿਆਪਕਾਂ ਵੱਲ ਇਸ਼ਾਰਾ ਕਰਦਿਆਂ ਕਿਹਾ।
ਸਕੂਲ ਦੇ ਵਿਦਿਆਰਥੀਆਂ ਦਾ ਮੇਰੇ ਦੁਆਲੇ ਝੁਰਮਟ ਸ਼ਾਇਦ ਮੇਰੀ ਪੜ੍ਹਾਈ ਤੋਂ ਇਲਾਵਾ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਸ਼ਮੂਲੀਅਤ ਦਾ ਹੀ ਨਤੀਜਾ ਸੀ।
ਖ਼ੈਰ! ਦਸੰਬਰ ਦੀਆਂ ਛੁੱਟੀਆਂ ਹੋਣੀਆਂ ਸਨ ਤੇ ਛੁੱਟੀਆਂ ਵਿੱਚ ਸਾਡੇ ਸਕੂਲ ਵਿੱਚ ਐੱਨ ਐੱਸ ਐੱਸ ਦਾ ਕੈਂਪ ਲੱਗਣਾ ਸੀ। ਕੈਂਪ ਦੇ ਇੰਚਾਰਜ ਸ. ਸਵਰਨ ਸਿੰਘ ਸਾਡੇ ਪੰਜਾਬੀ ਦੇ ਲੈਕਚਰਰ ਸਨ। ਉਨ੍ਹਾਂ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਮੁੰਡੇ ਕੁੜੀਆਂ ਦੀ ਲਿਸਟ ਬਣਾਈ ਪਰ ਇਸ ਵਿੱਚ ਮੇਰਾ ਨਾਂ ਨਹੀਂ ਸੀ।
ਮੈਂ ਤਾਂ ਫਹੁੜੀਆਂ ਨਾਲ ਤੁਰਦਾ ਸੀ ਪਰ ਮੇਰੇ ਜਮਾਤੀ ਮੁੰਡੇ ਕੁੜੀਆਂ ਦਾ ਮਨ ਸੀ ਕਿ ਇਹ ਵੀ ਕੈਂਪ ਲਾਵੇ, ਪਰ ਕੈਂਪ ਦੇ ਇੰਚਾਰਜ ਅਧਿਆਪਕ ਨੇ ਕਿਹਾ “ਕਿ ਇਹ ਕੰਮ ਨਹੀਂ ਕਰ ਸਕਦਾ” ਪਰ ਸਭ ਦੀ ਬੇਨਤੀ ਮੰਨ ਕੇ ਮੇਰਾ ਨਾਂ ਵੀ ਕੈਂਪਰਾਂ ਵਿਚ ਸ਼ਾਮਲ ਕਰ ਲਿਆ।
ਘੱਟ ਤੋਰੇ ਫੇਰੇ ਦੀ ਡਿਊਟੀ ਮੇਰੇ ਲਈ ਮੈੱਸ ਵਿਚ ਲੱਭੀ ਗਈ। ਮੈਨੂੰ ਹਰ ਰੋਜ਼ ਚਾਰ-ਪੰਜ ਮੁੰਡਿਆਂ-ਕੁੜੀਆਂ ਦੀ ਟੀਮ ਦਿੱਤੀ ਜਾਂਦੀ, ਮੈਂ ਉਨ੍ਹਾਂ ਤੇ ਪੇਸ਼ੇਵਰ ਰਸੋਈਏ ਵਿਚ ਕੜੀ ਹੁੰਦਾ।
ਉਨ੍ਹਾਂ ਦੀ ਡਿਊਟੀ ਰੋਜ਼ ਬਦਲਦੀ ਹੁੰਦੀ ਸੀ। ਮੈਂ ਤੇ ਮੈੱਸ ਦਾ ਰਸੋਈਆ ਪੱਕਾ ਸੀ। ਕੈਂਪ ਵਿਚ ਕੰਮਕਾਰ ਪਿੱਛੋਂ ਬਚਦਾ ਸਮਾਂ ਰਸੋਈ ਨੇੜੇ ਲੱਗੀ ਕੁਰਸੀ ਦੁਆਲੇ ਲੱਗੀ ਮਹਿਫ਼ਿਲ ਵਿਚ ਗੁਜ਼ਰਦਾ ਸੀ। ਅਸੀਂ ਬਹੁਤ ਮਸਤੀ ਕਰਨੀ, ਉਸ ਕੈਂਪ ਵਿੱਚ ਬਹੁਤ ਜ਼ਿੰਮੇਵਾਰੀ ਨਾਲ ਕੰਮ ਕੀਤਾ। ਸਾਡੇ ਕੈਂਪ ਇੰਚਾਰਜ ਨੂੰ ਸਾਡੇ ਉੱਤੇ ਇੰਨਾ ਭਰੋਸਾ ਸੀ ਕਿ ਉਹ ਕਦੇ ਕਦੇ ਘਰ ਵੀ ਗੇੜਾ ਮਾਰ ਆਉਂਦੇ ਸਨ।
ਇੱਕ ਦਿਨ ਸਰ ਘਰ ਗਏ ਹੋਏ ਸਨ ਕਿ ਪਿੱਛੋਂ ਪਾਣੀ ਵਾਲੀ ਮੋਟਰ ਖਰਾਬ ਹੋ ਗਈ, ਮੈਂ ਸਰ ਦੇ ਘਰ ਵਾਲੇ ਟੈਲੀਫੋਨ ਉੱਤੇ ਮੋਟਰ ਖਰਾਬ ਹੋਣ ਬਾਰੇ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਤੁਸੀਂ ਮਿਸਤਰੀ ਬੁਲਾ ਕੇ ਇਸ ਨੂੰ ਠੀਕ ਕਰਵਾ ਲਵੋ, ਪੈਸੇ ਮੈਂ ਕੱਲ੍ਹ ਆ ਕੇ ਦੇ ਦੇਵਾਂਗਾ। ਮੈਂ ਮਿਸਤਰੀ ਬੁਲਾਇਆ, ਉਹ ਖੂਹੀ ਵਿੱਚ ਉਤਰ ਕੇ ਕੁਝ ਮਿੰਟਾਂ ਵਿੱਚ ਬਾਹਰ ਆ ਗਿਆ ਤੇ ਕਿਹਾ ਕਿ ਮੋਟਰ ਠੀਕ ਹੋ ਗਈ ਹੈ।
ਮੈਂ ਉਸ ਨੂੰ ਉਸ ਦੀ ਮਿਹਨਤ ਪੁੱਛੀ ਤਾਂ ਉਸ ਨੇ ਕਿਹਾ ਕਿ ਕੋਈ ਮਿਹਨਤ ਨਹੀਂ ਹੋਈ, ਸਿਰਫ਼ ਤਾਰ ਹੀ ਖੁੱਲ੍ਹੀ ਸੀ। ਮਕੈਨਿਕ ਚਲਾ ਗਿਆ ਤੇ ਸਾਡੇ ਰਸੋਈਏ ਦਾ ਖੁਰਾਫ਼ਾਤੀ ਦਿਮਾਗ਼ ਚੱਲਣ ਲੱਗਿਆ। ਉਸ ਨੇ ਕਿਹਾ, ‘‘ਤੂੰ ਸਰ ਤੋਂ ਸੌ ਰੁਪਿਆ ਮੰਗ ਲਈ ਤੇ ਕਹੀਂ ਕਿ ਮੋਟਰ ਦਾ ਕੰਡੈਂਸਰ ਬਦਲਿਆ ਹੈ ਤੇ ਉਹ ਪੈਸੇ ਲੈ ਕੇ ਸਾਨੂੰ ਦੇ ਦੇਵੀਂ। ਅਸੀਂ ਪਾਰਟੀ ਕਰ ਲਵਾਂਗੇ।’’
ਪਹਿਲਾਂ ਤਾਂ ਮੇਰਾ ਮਨ ਡਰਿਆ, ਪਰ ਫੇਰ ਪਤਾ ਨਹੀਂ ਕਿਉਂ ਮੈਂ ਉਸ ਦੀ ਗੱਲ ਮੰਨ ਲਈ ਤੇ ਸਰ ਤੋਂ ਸੌ ਰੁਪਿਆ ਲੈ ਕੇ ਰਸੋਈਏ ਨੂੰ ਦੇ ਦਿੱਤਾ। ਉਨ੍ਹਾਂ ਦੋਹਾਂ ਨੇ ਰਾਤ ਨੂੰ ਸ਼ਰਾਬ ਪੀਤੀ ਤੇ ਚਿਕਨ ਖਾਧਾ। ਰਸੋਈਏ ਦਾ ਸਾਥੀ ਘਰ ਨੂੰ ਚਲਾ ਗਿਆ ਅਤੇ ਰਸੋਈਆ ਮੈੱਸ ਵਿੱਚ ਹੀ ਸੌ ਗਿਆ। ਅਸੀਂ ਆਪਣੇ ਕਮਰੇ ਵਿੱਚ ਪੈ ਗਏ।
ਰਾਤ ਨੂੰ ਮੈਨੂੰ ਨੀਂਦ ਨਾ ਆਵੇ। ਮੈਂ ਉੱਸਲਵੱਟੇ ਲੈਂਦਾ ਰਿਹਾ ਤੇ ਸੋਚ ਰਿਹਾ ਸੀ ਕਿ ਮੈਂ ਇਸ ਪਾਪ ਦਾ ਭਾਗੀਦਾਰ ਹਾਂ। ਮੈਂ ਕਿਸੇ ਦੇ ਲਾਲਚ ਕਾਰਨ ਆਪਣੇ ਗੁਰੂ ਨਾਲ ਧੋਖਾ ਕੀਤਾ। ਮੇਰਾ ਮਨ ਬਹੁਤ ਉਦਾਸ ਰਹਿਣ ਲੱਗਾ। ਮੈਂ ਇਹ ਗੱਲ ਕਿਸੇ ਨਾਲ ਸਾਂਝੀ ਵੀ ਨਹੀਂ ਕੀਤੀ। ਕੈਂਪ ਚੱਲਦਾ ਗਿਆ ਤੇ ਆਖ਼ਰ ਕੈਂਪ ਸਮਾਪਤੀ ਦਾ ਦਿਨ ਆਇਆ।
ਮੈਨੂੰ ਤੇ ਮੇਰੇ ਦੋ ਹੋਰ ਦੋਸਤਾਂ ਨੂੰ ਬੱਚਿਆਂ ਤੇ ਪਤਵੰਤਿਆਂ ਸਾਹਮਣੇ ਵਧੀਆ ਕੈਂਪਰ ਦਾ ਐਵਾਰਡ ਦਿੱਤਾ ਗਿਆ, ਪਰ ਮੇਰੇ ਅੰਦਰ ਖ਼ੁਸ਼ੀ ਨਹੀਂ ਸੀ। ਕੈਂਪ ਸਮਾਪਤੀ ਤੋਂ ਬਾਅਦ ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ।
ਮੈਂ ਦਿਨ ਰਾਤ ਉਸ ਗ਼ਲਤੀ ਦਾ ਅਹਿਸਾਸ ਕਰਦਾ ਰਿਹਾ। ਛੁੱਟੀਆਂ ਖਤਮ ਹੋ ਗਈਆਂ।
ਮੈਂ ਮੁੜ ਤੋਂ ਸਕੂਲ ਜਾਣਾ ਸੀ, ਪਰ ਮੇਰਾ ਮਨ ਬਹੁਤ ਡਰ ਰਿਹਾ ਸੀ। ਇੱਕ ਦਿਨ ਮਨ ਵਿੱਚ ਆਇਆ ਕਿ ਮੈਂ ਆਪਣੇ ਜੇਬ ਖ਼ਰਚ ਵਿਚੋਂ ਉਹ ਸੌ ਰੁਪਿਆ ਸਕੂਲ ਨੂੰ ਦਾਨ ਵਜੋਂ ਦੇ ਦੇਵਾਂ ਤੇ ਮੇਰੇ ਮਨ ਦਾ ਭਾਰ ਉਤਰ ਜਾਵੇਗਾ।
ਮੈਂ ਆਪਣੀ ਗੋਲਕ ਦੇ ਪੈਸਿਆਂ ਵਿੱਚ ਸੌ ਰੁਪਿਆ ਕੱਢ ਕੇ ਸਕੂਲ ਲੈ ਗਿਆ ਤੇ ਆਪਣੇ ਸਰ ਨੂੰ ਕਿਹਾ, “ਸਰ, ਮੈਂ ਇਹ ਸੌ ਰੁਪਿਆ ਸਕੂਲ ਨੂੰ ਦਾਨ ਦੇਣਾ ਚਾਹੁੰਦਾ ਹਾਂ।”
“ਤੂੰ ਕੋਈ ਨੌਕਰੀ ਲੱਗ ਗਿਆ ਏ?” ਸਰ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਦਿਆਂ ਕਿਹਾ। ਮੇਰੇ ਚਿਹਰੇ ਦੇ ਹਾਵ-ਭਾਵ ਉਨ੍ਹਾਂ ਨੇ ਪੜ੍ਹ ਲਏ ਸਨ। ਗੁਰੂ ਤਾਂ ਗੁਰੂ ਹੁੰਦੇ ਨੇ, ਉਹ ਸਮਝ ਗਏ ਕਿ ਜ਼ਰੂਰ ਕੋਈ ਰਾਜ਼ ਹੈ। ਉਨ੍ਹਾਂ ਪਿਆਰ ਨਾਲ ਪੁੱਛਿਆ, ‘‘ਕੀ ਗੱਲ ਹੋਈ ਬੇਟੇ?’’
ਅਖੀਰ ਮੈਂ ਹੌਸਲਾ ਜਿਹਾ ਕਰ ਕੇ ਸਭ ਕੁਝ ਦਸ ਦਿੱਤਾ ਤੇ ਉਨ੍ਹਾਂ ਦੇ ਪੈਰੀਂ ਹੱਥ ਲਗਾ ਕੇ ਮੁਆਫ਼ੀ ਮੰਗੀ। ਉਨ੍ਹਾਂ ਨੇ ਮੈਨੂੰ ਗਲ਼ ਨਾਲ ਲਾ ਲਿਆ ਤੇ ਕਿਹਾ, “ਤੂੰ ਸੱਚ ਬੋਲਣ ਦਾ ਬਹੁਤ ਵੱਡਾ ਹੌਸਲਾ ਕੀਤਾ ਹੈ, ਇਹ ਸੱਚ ਇਕ ਦਿਨ ਤੈਨੂੰ ਤੇਰੀ ਜ਼ਿੰਦਗੀ ਵਿੱਚ ਵਧੀਆ ਇਨਸਾਨ ਬਣਨ ਵਿੱਚ ਮਦਦ ਕਰੇਗਾ।” ਉਨ੍ਹਾਂ ਨੇ ਸੌ ਰੁਪਏ ਲੈ ਕੇ ਆਪਣੀ ਜੇਬ ਵਿਚ ਪਾ ਲਏ ਤੇ ਮੈਨੂੰ ਕਲਾਸ ਵਿੱਚ ਜਾਣ ਲਈ ਕਿਹਾ। ਮੈਂ ਖ਼ੁਸ਼ੀ-ਖ਼ੁਸ਼ੀ ਆਪਣੀ ਕਲਾਸ ਵਿੱਚ ਇਸ ਤਰ੍ਹਾਂ ਗਿਆ ਜਿਵੇਂ ਮੇਰੇ ਸਿਰ ਉੱਤੋਂ ਬਹੁਤ ਵੱਡਾ ਭਾਰ ਉਤਰ ਗਿਆ ਹੋਵੇ।
ਦੂਜੇ ਦਿਨ ਸਵੇਰ ਦੀ ਸਭਾ ਵਿੱਚ ਉਨ੍ਹਾਂ ਨੇ ਇਹ ਘਟਨਾ ਸਾਰੇ ਬੱਚਿਆਂ ਤੇ ਅਧਿਆਪਕਾਂ ਵਿੱਚ ਸਾਂਝੀ ਕੀਤੀ। ਮੈਨੂੰ ਸਟੇਜ ’ਤੇ ਬੁਲਾਇਆ ਅਤੇ ਉਹ ਸੌ ਰੁਪਿਆ ਮੈਨੂੰ ਇਨਾਮ ਵਜੋਂ ਦਿੱਤਾ ਗਿਆ। ਅੱਜ ਮੈਂ ਕਿਤੇ ਵਜੋਂ ਅਧਿਆਪਕ ਹਾਂ। ਸਮਾਜ ਦੀ ਸੇਵਾ ਮੇਰੀ ਜ਼ਿੰਦਗੀ ਦਾ ਹਿੱਸਾ ਸ਼ਾਇਦ ਉਸੇ ਸੱਚ ਦਾ ਸਨਮਾਨ ਹੈ।
Add a review