ਵੀਹਵੀਂ ਸਦੀ ਦੇ ਕਲਾ-ਜਗਤ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਹਿੰਦੀ ਫ਼ਿਲਮ ਸੰਗੀਤ ਦਾ ਸਭ ਤੋਂ ਵੱਡਾ ਥੰਮ੍ਹ, ਜਿਸ ਨੇ ਕਈ ਦਹਾਕੇ ਆਪਣੇ ਰੂਹਾਨੀ ਸੁਰਾਂ ਦੀਆਂ ਸ਼ੁਆਵਾਂ ਨਾਲ ਅਣਗਿਣਤ ਜ਼ਿਹਨ ਰੁਸ਼ਨਾਏ, ਲਤਾ ਮੰਗੇਸ਼ਕਰ 6 ਫਰਵਰੀ 2022 ਨੂੰ ਇਸ ਨਾਸ਼ਮਾਨ ਸੰਸਾਰ ਤੋਂ ਵਿਦਾ ਹੋ ਗਈ। ਉਂਜ, ਲਤਾ ਦਾ ਯੋਗਦਾਨ ਸੁਰ-ਸੰਸਾਰ ਅਤੇ ਸਿਨਮਾ-ਜਗਤ ਲਈ ਏਨਾ ਮਹਾਨ ਹੈ ਕਿ ਆਉਣ ਵਾਲੀਆਂ ਕਈ ਸਦੀਆਂ ਤਕ ਆਵਾਜ਼ ਦੀ ਦੁਨੀਆਂ ਇਸ ਨਾਲ ਪ੍ਰਫੁੱਲਤ ਹੁੰਦੀ ਰਹੇਗੀ। ਕਲਾ ਦੀ ਦੇਵੀ ਸਰਸਵਤੀ ਨੇ ਆਪਣੀ ਤਮਾਮ ਆਭਾ ਲੈ ਕੇ ਜਦੋਂ ਲਤਾ ਦੇ ਕੰਠ ਵਿਚ ਆਪਣਾ ਆਸਨ ਜਮਾ ਲਿਆ ਤਾਂ ਉਹ ਕੋਈ ਦੈਵੀ ਘੜੀ ਸੀ; ਤੇ ਫਿਰ ਉੱਥੋਂ ਆਵਾਜ਼ ਅਤੇ ਬੋਲਾਂ ਦੀ ਮਧੁਰਤਾ ਦੀ ਸ਼ੀਰਨੀ ਜਿਸ ਅਨੋਖੇ ਅੰਦਾਜ਼ ਨਾਲ ਵੰਡਦੀ ਰਹੀ, ਉਹ ਇਕ ਰੱਬੀ ਮਿਹਰ ਸੀ। ਇਸ ਮਿਹਰ ਸਦਕਾ ਹੀ ਲਤਾ ਦੇ ਸੁਰ ਕਾਇਨਾਤ ਵਿਚ ਸਾਡੇ ਤੇ ਤੁਹਾਡੇ ਆਸ ਪਾਸ, ਅੰਦਰ ਬਾਹਰ, ਸਭ ਪਾਸੇ ਗੂੰਜ ਰਹੇ ਹਨ ਅਤੇ ਗੂੰਜਦੇ ਰਹਿਣਗੇ। ਲਤਾ ਦੀ ਜਾਦੂਮਈ ਹੋਂਦ ਨੇ ਆਪਣੀ ਅਸਾਧਾਰਨਤਾ ਨਾਲ ਇਕ ਯੁਗ-ਵਰਤਾਰਾ ਬਰਪਾ ਦਿੱਤਾ ਜਿਸ ਦਾ ਦੁਬਾਰਾ ਆਉਣਾ ਅਸੰਭਵ ਹੈ।
ਬਚਪਨ ਤੋਂ ਜਦੋਂ ਹੋਸ਼ ਸੰਭਾਲੀ ਤਾਂ ਰੇਡੀਓ ਸੁਣਦਿਆਂ ਵਾਰ-ਵਾਰ ਇੱਕ ਹੀ ਨਾਮ ਕੰਨਾਂ ਵਿਚ ਪੈਂਦਾ- ਗਾਇਕਾ ਲਤਾ ਮੰਗੇਸ਼ਕਰ। ਜਿਉਂ ਜਿਉਂ ਸੋਝੀ ਆਉਣ ਲੱਗੀ ਤਾਂ ਸਮਝ ਪਈ ਕਿ ਇਹੀ ਨਾਮ ਮੁੜ ਮੁੜ ਕਿਉਂ ਦੁਹਰਾਇਆ ਜਾਂਦਾ ਹੈ। ਲਤਾ ਦੇ ਇਸ ਸੰਸਾਰ ਤੋਂ ਜਾਣ ਮਗਰੋਂ ਦੁਨੀਆਂ ਭਰ ਦੇ ਸੰਗੀਤ ਜਗਤ ਵਿਚ ਸ਼ੋਕ ਦੀ ਲਹਿਰ ਛਾ ਗਈ, ਪਰ ਧਰਤੀ ਦੇ ਇਸ ਮੁਲਕ ਹਿੰਦੋਸਤਾਨ ਦੇ ਹਰ ਘਰ, ਹਰ ਮਹਿਲ, ਹਰ ਝੁੱਗੀ, ਹਰ ਕੋਨੇ ਵਿਚ ਕੋਈ ਵੀ ਅਜਿਹਾ ਬਾਸ਼ਿੰਦਾ ਨਹੀਂ ਸੀ ਜੋ ਉਦਾਸ ਨਾ ਹੋਇਆ ਹੋਵੇ। ਇਸ ਦੇਸ਼ ਦੀ ਧੜਕਣ ਇਕ ਵਾਰ ਜਿਵੇਂ ਰੁਕ ਜਿਹੀ ਗਈ ਸੀ। ਆਪਣੀ ਸਭ ਤੋਂ ਸੁਰੀਲੀ ਆਵਾਜ਼ ਤੇ ਮਾਂ ਸਰਸਵਤੀ ਦੀ ਇਸ ਲਾਡਲੀ ਪੁੱਤਰੀ ਨੂੰ ਗੁਆਉਣ ਦਾ ਗ਼ਮ ਹਰ ਭਾਰਤੀ ਨੇ ਹੰਢਾਇਆ ਹੈ। ਇਹ ਭਾਰਤੀ ਸੰਗੀਤ ਦੇ ਇਤਿਹਾਸ ਵਿਚ ਸਭ ਤੋਂ ਗ਼ਮਗ਼ੀਨ ਮੁਕਾਮ ਸੀ ਕਿਉਂਕਿ ਇਸ ਆਵਾਜ਼ ਦੀ ਉਚਾਈ ਤੱਕ ਪਹੁੰਚਣਾ ਹਰ ਗਾਇਕ ਜਾਂ ਗਾਇਕਾ ਦਾ ਸੁਪਨਾ ਤੇ ਆਦਰਸ਼ ਰਹਿੰਦਾ ਸੀ।
ਲਤਾ ਮੰਗੇਸ਼ਕਰ ਨੇ ਜਿਸ ਬੁਲੰਦੀ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ ਉੱਥੇ ਪਹੁੰਚਣਾ ਬਿਲਕੁਲ ਵੀ ਸੁਖਾਲਾ ਨਹੀਂ ਰਿਹਾ। ਮਹਿਜ਼ 13 ਵਰ੍ਹਿਆਂ ਦੀ ਉਮਰ ਵਿਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਛੋਟੇ ਭੈਣਾਂ ਭਰਾਵਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਨਿੱਕੀ ਜਿਹੀ ਜਿੰਦ ’ਤੇ ਆ ਪਈ। ਪਿਤਾ ਤੋਂ ਸੰਗੀਤਕ ਸੰਸਕਾਰ ਤੇ ਤਾਲੀਮ ਤੋਂ ਇਲਾਵਾ ਹੋਰ ਕੋਈ ਜਮ੍ਹਾਂ ਪੂੰਜੀ ਪ੍ਰਾਪਤ ਨਹੀਂ ਸੀ ਹੋਈ ਤੇ ਇਸੇ ਸਹਾਰੇ ਲਤਾ ਨੇ ਫ਼ਿਲਮੀ ਦੁਨੀਆਂ ਵਿਚ ਪੈਰ ਧਰਿਆ। ਉਦੋਂ ਮੋਟੀਆਂ ਭਾਰੀਆਂ ਆਵਾਜ਼ਾਂ ਦਾ ਜ਼ਮਾਨਾ ਸੀ ਤੇ ਲਤਾ ਦੀ ਆਵਾਜ਼ ਰੱਬੋਂ ਮਹੀਨ ਸੀ ਜਿਸ ਵਿਚੋਂ ਗਲੇ ਦੀਆਂ ਸਾਰੀਆਂ ਸਜਾਵਟੀ ਹਰਕਤਾਂ ਆਰਾਮ ਨਾਲ ਗੁਜ਼ਰ ਜਾਂਦੀਆਂ ਸਨ। ਸੰਘਰਸ਼ ਦੇ ਉਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਦੀ ਆਵਾਜ਼ ਨੂੰ ਕੋਈ ਸੰਗੀਤ ਨਿਰਦੇਸ਼ਕ ਸਿਆਣਦਾ ਨਹੀਂ ਸੀ, ਪਰ ਪੰਜਾਬੀ ਸੰਗੀਤਕਾਰ ਗ਼ੁਲਾਮ ਹੈਦਰ ਨੇ ਇਸ ਆਵਾਜ਼ ਦੀਆਂ ਸਿਰਜਣਾਤਮਕ ਸੰਭਾਵਨਾਵਾਂ ਤੇ ਬਾਰੀਕੀਆਂ ਨੂੰ ਬੁੱਝ ਲਿਆ। ਗ਼ੁਲਾਮ ਹੈਦਰ ਰਬਾਬੀ ਖ਼ਾਨਦਾਨ ਵਿਚੋਂ ਸੀ ਜਿਨ੍ਹਾਂ ਦੀ ਰਗ ਰਗ ਵਿਚ ਸੁਰ-ਸਾਜ਼ ਸਮਾਇਆ ਰਹਿੰਦਾ ਹੈ। ਲਤਾ ਨੂੰ ਪਹਿਲਾ ਏਕਲ ਗੀਤ ਗਾਉਣ ਦਾ ਅਵਸਰ ਗ਼ੁਲਾਮ ਹੈਦਰ ਨੇ ਦਿੱਤਾ। ਬੌਂਬੇ ਟਾਕੀਜ਼ ਦੀ ਫ਼ਿਲਮ ਮਜਬੂਰ (1947) ਵਿਚ ਗੀਤ ‘ਦਿਲ ਮੇਰਾ ਤੋੜਾ ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਿਆਰ ਨੇ’ ਮਾਸਟਰ ਜੀ ਨੇ ਗਵਾਇਆ। ਟਾਕੀਜ਼ ਦੇ ਮਾਲਕਾਂ ਨੇ ਉਨ੍ਹਾਂ ਨੂੰ ਲਤਾ ਦੀ ਬਾਰੀਕ ਆਵਾਜ਼ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ, ਪਰ ਗ਼ੁਲਾਮ ਹੈਦਰ ਨੂੰ ਆਪਣੀ ਲੱਭਤ ਤੇ ਲਤਾ ਦੀ ਆਵਾਜ਼ ਦੀਆਂ ਅੰਦਰੂਨੀ ਖ਼ੂਬੀਆਂ ਉੱਤੇ ਪੂਰਾ ਭਰੋਸਾ ਸੀ।
ਪੰਜਾਬੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਲਤਾ ਜੀ ਦੀ ਪੰਜਾਬ ਨਾਲ ਸਾਂਝ ਵੀ ਅਦੁੱਤੀ ਹੈ। ਗ਼ੁਲਾਮ ਹੈਦਰ ਨੇ ਹੀ ਲਤਾ ਨੂੰ ਲਾਹੌਰ ਫ਼ਿਲਮ ਇੰਡਸਟਰੀ ਦੇ ਸੰਗੀਤ ਨਿਰਦੇਸ਼ਕਾਂ ਨੂੰ ਮਿਲਵਾਇਆ। ਸੰਗੀਤ ਨਿਰਦੇਸ਼ਕ ਏ.ਆਰ. ਕੁਰੈਸ਼ੀ ਦੇ ਸੰਗੀਤ ਨਿਰਦੇਸ਼ਨ ਵਿਚ (ਉਸਤਾਦ ਅੱਲਾ ਰੱਖਾ ਕੁਰੈਸ਼ੀ ਜੋ ਪੰਜਾਬ ਘਰਾਣੇ ਦੇ ਮਸ਼ਹੂਰ ਤਬਲਾਵਾਦਕ ਸਨ) 1950 ਵਿਚ ਬਣੀ ਫ਼ਿਲਮ ‘ਮਦਾਰੀ’ ਵਿਚਲਾ ਗੀਤ ‘ਰੱਸੀ ਉੱਤੇ ਟੰਗਿਆ ਦੁਪੱਟਾ ਮੇਰਾ ਡੋਲਦਾ’ ਲਤਾ ਨੇ ਜਿਸ ਸ਼ੁੱਧ ਪੰਜਾਬੀ ਉਚਾਰਨ ਅਤੇ ਲਹਿਜੇ ਵਿਚ ਗਾਇਆ ਹੈ ਉਸ ਨੂੰ ਸੁਣ ਕੇ ਲੱਗਦਾ ਹੀ ਨਹੀਂ ਕਿ ਇਹ ਕਿਸੇ ਗ਼ੈਰ-ਪੰਜਾਬਣ ਨੇ ਗਾਇਆ ਹੈ। 1951 ਵਿਚ ਬਣੀ ਫ਼ਿਲਮ ‘ਫੁੰਮਣ’ ਵਿਚ ਏ.ਆਰ. ਕੁਰੈਸ਼ੀ ਨੇ ਮੁੜ ਲਤਾ ਤੋਂ ਗੀਤ ਗਵਾਏ। ਪਾਕਿਸਤਾਨੀ ਅਖ਼ਬਾਰ ‘ਡਾਅਨ’ ਨੇ ਵਿਦਵਾਨ ਇਕਬਾਲ ਕੈਸਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਲਤਾ ਨੇ ਕੁੱਲ 80 ਪੰਜਾਬੀ ਗੀਤ ਗਾਏ ਹਨ ਤੇ 20 ਪੰਜਾਬੀ ਫ਼ਿਲਮਾਂ ਵਿਚ ਪਿੱਠਵਰਤੀ ਆਵਾਜ਼ ਦਿੱਤੀ। 1949 ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲੱਛੀ’ ਵਿਚ ਲਤਾ ਨੇ ਪਹਿਲੀ ਵਾਰੀ ਪੰਜਾਬੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਸੰਗੀਤ ਹੰਸਰਾਜ ਬਹਿਲ ਨੇ ਤਿਆਰ ਕੀਤਾ ਸੀ। ਬਹਿਲ ਦੇ ਸੰਗੀਤ ਨਿਰਦੇਸ਼ਨ ਵਿਚ ਗੁੱਡੀ (1961), ਦੋ ਲੱਛੀਆਂ (1960), ਪਿੰਡ ਦੀ ਕੁੜੀ (1963) ਫ਼ਿਲਮਾਂ ਵਿਚ ਲਤਾ ਨੇ ਬਿਹਤਰੀਨ ਪੰਜਾਬੀ ਗੀਤ ਗਾਏ ਜੋ ਪੰਜਾਬੀ ਸੰਗੀਤ ਦੀ ਅਮੁੱਲ ਵਿਰਾਸਤ ਹੋ ਨਿਬੜੇ ਹਨ। ਇਨ੍ਹਾਂ ਗੀਤਾਂ ਵਿਚ ‘ਪਿਆਰ ਦੇ ਭੁਲੇਖੇ ਕਿੰਨੇ ਸੁਹਣੇ ਸੁਹਣੇ ਖਾ ਗਏ’, ‘ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ’, ‘ਲਾਈਆਂ ਤੇ ਤੋੜ ਨਿਭਾਈਂ’ ਜਿਹੇ ਸਦਾਬਹਾਰ ਗੀਤ ਸ਼ਾਮਲ ਹਨ। ਸੰਗੀਤ ਨਿਰਦੇਸ਼ਕ ਸਰਦੂਲ ਕਵਾਤੜਾ ਦੀ ਫ਼ਿਲਮ ‘ਵਣਜਾਰਾ’ (1954) ਵਿਚ ਸ਼ਮਿੰਦਰ ਚਾਹਲ ਨਾਲ ਗਾਏ ਟੱਪੇ ‘ਚਰਖੇ ਦੀਆਂ ਘੂਕਾਂ ਨੇ’ ਲਹਿੰਦੀ ਪੰਜਾਬੀ ਦੀ ਰੰਗਣ ਵਾਲੇ ਹਨ ਜਿਨ੍ਹਾਂ ਨੂੰ ਵਾਰ-ਵਾਰ ਸੁਣਨਾ ਚੰਗਾ ਲੱਗਦਾ ਹੈ। ਇਨ੍ਹਾਂ ਟੱਪਿਆਂ ਵਿਚਲੀ ਪੰਜਾਬੀ ‘ਮੈਨੂੰ ਗ਼ਮਾਂ ਵਿਚ ਸੁੱਟ ਚੱਲਿਐਂ’, ਆਪੇ ਜਿਹੜਾ ਰੁਖ ਲਾਇਆ ਹਾਇ ਸੁਹਣਿਆ, ਹੱਥਾਂ ਨਾਲ ਤੂੰ ਪੁੱਟ ਚੱਲਿਐਂ’ ਮਰਾਠਣ ਗਾਇਕਾ ਦੀ ਜ਼ੁਬਾਨ ਦਾ ਨਾਯਾਬ ਪੰਜਾਬੀ ਨਮੂਨਾ ਹੈ। ਕੰਠ ਅਤੇ ਜ਼ੁਬਾਨ ਦੀ ਏਨੀ ਤਰਲਤਾ ਨੇ ਹੀ ਮਹਾਨ ਗਾਇਕਾ ਨੂੰ 30 ਤੋਂ ਵੱਧ ਜ਼ੁਬਾਨਾਂ ਦੇ ਗੀਤ ਗਾਉਣ ਦੀ ਤੌਫੀਕ ਬਖ਼ਸ਼ੀ। 1974 ਵਿਚ ਲੰਡਨ ਦੇ ਰਾਇਲ ਐਲਬਰਟ ਹਾਲ ਵਿਚ ਲਤਾ ਮੰਗੇਸ਼ਕਰ ਵੱਲੋਂ ਗਾਈ ਹੀਰ ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’ ਸਮੁੱਚੇ ਪੰਜਾਬੀਆਂ ਲਈ ਸੁਰਾਂ ਦੀ ਦੇਵੀ ਦਾ ਅਮੁੱਲ ਤੁਹਫ਼ਾ ਹੈ।
ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਸਿੰਘ ਬੰਧੂ ਦੇ ਨਿਰਦੇਸ਼ਨ ਵਿਚ ਲਤਾ ਮੰਗੇਸ਼ਕਰ ਨੇ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਜੋ ਅਧਿਆਤਮਕਤਾ ਅਤੇ ਕਲਾਤਮਕਤਾ ਦਾ ਅਜ਼ੀਮ ਸ਼ਾਹਕਾਰ ਹਨ। ਜਿਸ ਸ਼ਿੱਦਤ ਅਤੇ ਸਿਰਜਣਾਤਮਕ ਹੁਨਰ ਨਾਲ ਸਿੰਘ ਬੰਧੂ ਨੇ ਇਨ੍ਹਾਂ ਸ਼ਬਦਾਂ ਦੀਆਂ ਧੁਨਾਂ ਅਤੇ ਇਨ੍ਹਾਂ ਵਿਚਲਾ ਸੰਗੀਤ ਤਿਆਰ ਕੀਤਾ ਹੈ ਸੁਰਾਂ ਦੀ ਮਲਿਕਾ ਨੇ ਉਨ੍ਹਾਂ ਨੂੰ ਪੂਰਨ ਸ਼ਰਧਾ ਤੇ ਸੁਚੱਜਤਾ ਨਾਲ ਨਿਭਾਇਆ ਹੈ। ਐਲਬਮ ਦੇ ਕੁੱਲ ਅੱਠ ਸ਼ਬਦ ‘ਭਿੰਨੀ ਰੈਨੜੀਐ ਚਾਮਕਨਿ ਤਾਰੇ’, ‘ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ’, ‘ਜਪਿ ਮਨ ਸਤਿਨਾਮੁ ਸਦਾ ਸਤਿਨਾਮੁ’, ‘ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ’, ‘ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ’, ‘ਮੂ ਲਾਲਨ ਸਿਉ ਪ੍ਰੀਤਿ ਬਨੀ’, ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’, ‘ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ’ ਗੁਰਬਾਣੀ ਗਾਇਨ ਦੀਆਂ ਅਥਾਹ ਸੰਭਾਵਨਾਵਾਂ ਅਤੇ ਬੁਲੰਦੀਆਂ ਦਾ ਪਾਕ ਮੰਜ਼ਰ ਪੇਸ਼ ਕਰਦੇ ਹਨ।
ਇਕ ਹੋਰ ਪੰਜਾਬੀ ਸੰਗੀਤਕਾਰ ਅਤੇ ਉੱਘੇ ਗ਼ਜ਼ਲ ਗਾਇਕ ਜਗਜੀਤ ਸਿੰਘ ਨਾਲ ਵੀ ਲਤਾ ਮੰਗੇਸ਼ਕਰ ਦੀ ਸਿਰਜਣਾਤਮਕ ਸਾਂਝ ਰਾਹੀਂ ‘ਸਜਦਾ’ ਨਾਮਕ ਐਲਬਮ ਸੰਗੀਤ ਪ੍ਰੇਮੀਆਂ ਨੇ ਮਾਣੀ। ਲਤਾ ਅਤੇ ਜਗਜੀਤ ਦੀਆਂ ਆਵਾਜ਼ਾਂ ਵਿਚ ਵੱਖ-ਵੱਖ ਸ਼ਾਇਰਾਂ ਦੇ ਬਿਹਤਰੀਨ ਕਲਾਮ ਦਾ ਇਹ ਗੁਲਦਸਤਾ ਗ਼ਜ਼ਲ ਗਾਇਕੀ ਦੇ ਨਵੇਂ ਆਯਾਮ ਸਿਰਜ ਗਿਆ। ‘ਧੂੰਆਂ ਬਨਾ ਕੇ ਫ਼ਿਜ਼ਾ ਮੇਂ’, ‘ਹਰ ਤਰਫ਼ ਹਰ ਜਗ੍ਹਾ ਬੇਸ਼ੁਮਾਰ ਆਦਮੀ’, ‘ਗ਼ਮ ਕਾ ਖ਼ਜ਼ਾਨਾ ਤੇਰਾ ਭੀ ਹੈ ਮੇਰਾ ਭੀ’ ਅਤੇ ‘ਜੋ ਭੀ ਬੁਰਾ ਭਲਾ ਹੈ ਅੱਲਾਹ ਜਾਨਤਾ ਹੈ’ ਇਸ ਐਲਬਮ ਦੇ ਕੁਝ ਅਜਿਹੇ ਕਲਾਮ ਹਨ ਜੋ ਸੰਗੀਤ ਪ੍ਰੇਮੀਆਂ ਨੂੰ ਅੱਜ ਵੀ ਸਰਸ਼ਾਰ ਕਰ ਰਹੇ ਹਨ।
ਬੰਬਈ ਦੀ ਫ਼ਿਲਮ ਨਗਰੀ ਵਿਚ ਲਤਾ ਨੂੰ ਸਥਾਪਿਤ ਹੋਣ ਲਈ ਸੰਘਰਸ਼ ਕਰਨਾ ਪਿਆ ਅਤੇ ਸ਼ੁਰੂਆਤ ਵਿਚ ਕਾਫ਼ੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਬਾਵਜੂਦ ਆਪਣੀ ਆਵਾਜ਼ ਦੀ ਅਪਾਰ ਸਮਰੱਥਾ ਰਾਹੀਂ ਮਨੁੱਖੀ ਭਾਵਾਂ ਦੀ ਜਟਿਲਤਾ ਅਤੇ ਪਾਸਾਰਾਂ ਨੂੰ ਸੁਰਾਂ ਵਿਚ ਪ੍ਰਗਟਾ ਕੇ ਲਤਾ ਨੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ। ਲਤਾ ਸਾਰੇ ਸੰਗੀਤ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣ ਗਈ ਅਤੇ ਗ਼ੁਲਾਮ ਹੈਦਰ ਦੀ ਭਵਿੱਖਬਾਣੀ ਅਨੁਸਾਰ ਸਾਰੇ ਲਤਾ ਦੀਆਂ ਤਰੀਕਾਂ ਲੈਣ ਲਈ ਕਤਾਰ ਲਗਾ ਕੇ ਰੱਖਦੇ। ਰਾਜੂ ਭਾਰਤਨ ਨੇ ਲਤਾ ਦੀ ਲਿਖੀ ਜੀਵਨ ਕਥਾ ਵਿਚ ਨੌਸ਼ਾਦ ਦਾ ਹਵਾਲਾ ਦਿੰਦਿਆਂ ਲਿਖਿਆ ਹੈ: ਅਸਲ ਵਿਚ ਨੂਰਜਹਾਂ ਨੇ ਪਾਕਿਸਤਾਨ ਜਾ ਕੇ ਰਹਿਣ ਦਾ ਫ਼ੈਸਲਾ ਕਰ ਕੇ ਆਪਣੇ ਆਪ ਨੂੰ ਇਕ ਪੰਜਾਬੀ-ਉਰਦੂ ਗਾਇਕਾ ਹੋਣ ਤੱਕ ਸੀਮਿਤ ਕਰ ਲਿਆ ਜਦੋਂਕਿ ਲਤਾ ਮੰਗੇਸ਼ਕਰ ਪੂਰੇ ਹਿੰਦੋਸਤਾਨ ਦੀ ਕੌਸਮੋਪੌਲੀਟਨ ਗਾਇਕਾ ਬਣ ਕੇ ਉੱਭਰੀ ਜਿਸ ਨੇ ਸਾਰੇ ਪ੍ਰਾਂਤਾਂ ਤੋਂ ਆਉਂਦੇ ਸੰਗੀਤ ਨਿਰਦੇਸ਼ਕਾਂ ਦੀਆਂ ਅਨਮੋਲ ਧੁਨਾਂ ਨੂੰ ਆਪਣੀ ਆਵਾਜ਼ ਰਾਹੀਂ ਸਾਕਾਰ ਕੀਤਾ। ਹਿੰਦੀ ਫ਼ਿਲਮਾਂ ਦੇ ਅਤਿ ਪ੍ਰਤਿਭਾਵਾਨ ਸੰਗੀਤ ਨਿਰਦੇਸ਼ਕ ਸੱਜਾਦ ਹੁਸੈਨ ਨੇ ਕਿਹਾ ਸੀ- ‘‘ਅੱਲਾਹ ਨੇ ਨੂਰਜਹਾਂ ਅਤੇ ਲਤਾ ਨੂੰ ਗਾਉਣ ਲਈ ਸਿਰਜਿਆ ਤੇ ਉਸ ਤੋਂ ਬਾਅਦ ਮੈਂ ਨਹੀਂ ਜਾਣਦਾ ਕਿ ਉਸ ਨੇ ਕਿਸੇ ਹੋਰ ਔਰਤ ਨੂੰ ਸਿਰਜਣ ਦੀ ਜ਼ਹਿਮਤ ਕਿਉਂ ਉਠਾਈ?’’ ਲਤਾ ਮੰਗੇਸ਼ਕਰ ਨੇ ਜਿੱਥੇ ਸੰਗੀਤ ਨਿਰਦੇਸ਼ਕਾਂ ਨੂੰ ਜ਼ਿੰਦਗੀ ਬਖ਼ਸ਼ੀ ਓਥੇ ਇਨ੍ਹਾਂ ਨਿਰਦੇਸ਼ਕਾਂ ਨੇ ਵੀ ਲਤਾ ਦੀ ਨਿਰਦੋਸ਼ ਤੇ ਅਸੀਮ ਸੰਭਾਵਨਾਵਾਂ ਵਾਲੀ ਆਵਾਜ਼ ਨੂੰ ਸਾਹਮਣੇ ਰੱਖਦਿਆਂ ਬਿਹਤਰੀਨ ਧੁਨਾਂ ਦੇ ਨਿਰਮਾਣ ਵਿਚ ਆਪਣੀ ਪੂਰੀ ਵਾਹ ਲਗਾ ਦਿੱਤੀ।
ਸੀ. ਰਾਮਚੰਦਰ, ਐੱਸ.ਡੀ. ਬਰਮਨ, ਖੱਯਾਮ, ਨੌਸ਼ਾਦ, ਅਨਿਲ ਬਿਸਵਾਸ, ਹੁਸਨ ਲਾਲ ਭਗਤ ਰਾਮ, ਸ਼ੰਕਰ ਜੈ ਕਿਸ਼ਨ, ਲਕਸ਼ਮੀ ਕਾਂਤ ਪਿਆਰੇ ਲਾਲ, ਰੌਸ਼ਨ, ਰਵੀ, ਕਲਿਆਣ ਜੀ ਆਨੰਦ ਜੀ, ਆਰ.ਡੀ. ਬਰਮਨ, ਨਵੀਂ ਪੀੜ੍ਹੀ ਦੇ ਸੰਗੀਤ ਨਿਰਦੇਸ਼ਕਾਂ ਵਿਚੋਂ ਏ.ਆਰ. ਰਹਿਮਾਨ ਅਤੇ ਹੋਰ ਕਈ ਸੰਗੀਤ ਨਿਰਦੇਸ਼ਕਾਂ ਨੂੰ ਲਤਾ ਲਈ ਧੁਨਾਂ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਸ ਦੀ ਆਵਾਜ਼ ਵਿਚ ਢਲ ਕੇ ਇਹ ਧੁਨਾਂ ਅਮਰ ਹੋ ਗਈਆਂ ਹਨ। ਲਤਾ ਦੇ ਗੀਤਾਂ ਵਿਚ ਸਾਹਿਤਕ ਗੀਤਕਾਰਾਂ ਅਤੇ ਕੁਸ਼ਲ ਸੰਗੀਤ ਨਿਰਦੇਸ਼ਕਾਂ ਦਾ ਯੋਗਦਾਨ ਵੀ ਇਕ ਵਰਦਾਨ ਵਰਗਾ ਸੀ, ਪਰ ਗਾਇਕਾ ਦੇ ਸੁਰ ਪ੍ਰਧਾਨ ਸਨ ਜੋ ਅੱਜ ਵੀ ਰੂਹ ਨੂੰ ਧੂਹ ਪਾਉਣ ਦੀ ਸਮਰੱਥਾ ਰੱਖਦੇ ਹਨ।
ਸੰਗੀਤ ਉਸ ਲਈ ਤਪੱਸਿਆ ਸੀ, ਇਕ ਪੂਜਾ ਜੋ ਪੂਰਾ ਜੀਵਨ ਉਸ ਨੇ ਨਿਰਵਿਘਨ ਕੀਤੀ। ਸੰਗੀਤ ਲਈ ਅਕੀਦੇ ਵਜੋਂ ਸਟੇਜ ’ਤੇ ਗਾਉਂਦੇ ਹੋਏ ਪੈਰਾਂ ਵਿਚ ਜੁੱਤੀ ਨਹੀਂ ਸੀ ਪਾਉਂਦੀ। ਮੀਂਹ ਹੋਵੇ, ਧੁੱਪ ਹੋਵੇ ਰਿਕਾਰਡਿੰਗ ਲਈ ਠੀਕ ਸਵੇਰੇ 9 ਵਜੇ ਘਰੋਂ ਚੱਲ ਪੈਂਦੀ ਅਤੇ ਭੋਜਨ ਬਹੁਤ ਹੀ ਹਲਕਾ ਖਾਂਦੀ। ਐਨੀ ਬੁਲੰਦੀ ’ਤੇ ਪਹੁੰਚ ਕੇ ਵੀ ਆਪਣੇ ਆਪ ਨੂੰ ਐਨੇ ਅਨੁਸ਼ਾਸਨ ਤੇ ਸੰਜਮ ਵਿਚ ਰੱਖਣਾ ਇਨਸਾਨੀਅਤ ਦੀ ਸਿਖ਼ਰ ਹੈ।
ਲਤਾ ਨੇ ਸਾਨੂੰ ਸਰਹੱਦਾਂ ਦੇ ਆਰ-ਪਾਰ ਮੁਹੱਬਤ, ਪਿਆਰ ਅਤੇ ਸਲੀਕਾ-ਸਭਿਆਚਾਰ ਦੇ ਪਾਠ ਸੁਰਾਂ ਰਾਹੀਂ ਪੜ੍ਹਾ ਦਿੱਤੇ। ਇਹ ਹੈ ਭਾਵੇਂ ਇਤਫ਼ਾਕ ਹੀ, ਪਰ ਇਹ ਸਾਡੇ ਸਮੇਂ ਦੀਆਂ ਘਟਨਾਵਾਂ ਵਿਚਲਾ ਸਦੀਵੀ ਸੱਚ ਹੈ ਕਿ ਸੱਤਾ ਦਾ ਕਹਿਰ ਅਤੇ ਸੁਰਾਂ ਦੀ ਮਿਹਰ ਪਰਸਪਰ ਵਿਰੋਧੀ ਵਰਤਾਰੇ ਹਨ। ਸੱਤਾ ਦੀ ਨਿਰੰਕੁਸ਼ਤਾ ਸੱਤਾਧਾਰੀ ਨੂੰ ਜਨ-ਕਲਿਆਣ ਦਾ ਦੁਸ਼ਮਣ ਅਤੇ ਦਮਨਕਾਰੀ ਬਣਨ ਲਈ ਨਿਰੰਤਰ ਉਕਸਾਉਂਦੀ ਹੈ, ਪਰ ਸੁਰਾਂ ਦੀ ਸਰਸ਼ਾਰੀ ਰੱਬੀ ਮਿਹਰ ਦਾ ਅਮੁੱਕ ਸਰੋਤ ਬਣ ਕੇ ਮਨੁੱਖਤਾ ਨੂੰ ਅਜ਼ੀਮ ਬਣਾਉਂਦੀ ਹੈ। ਸੁਰਾਂ ਦੀ ਮਲਿਕਾ ਲਤਾ ਸਚਮੁੱਚ ਰੱਬੀ ਮਿਹਰ ਦਾ ਮੁਜੱਸਮਾ ਸੀ। ਲਤਾ ਦੇ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਜਾਣ ਤੋਂ ਬਾਅਦ ਵੀ ਇਹ ਸੁਰ-ਲਹਿਰੀਆਂ ਕਦੇ ਖ਼ਾਮੋਸ਼ ਨਹੀਂ ਹੋਣਗੀਆਂ। ਸਰੀਰ ਦੀਆਂ ਹੱਦਾਂ ਹੁੰਦੀਆਂ ਹਨ, ਪਰ ਸੰਗੀਤ ਦੀਆਂ ਨਹੀਂ। ਸੁਰ ਸਦੀਵੀ ਹੁੰਦੇ ਹਨ, ਅਕਾਲ ਅਤੇ ਅਪਾਰ ਜੋ ਆਹਤ ਤੋਂ ਅਨਾਹਤ ਦਾ ਸਫ਼ਰ ਤੈਅ ਕਰਾਉਂਦੇ ਹਨ।
Add a review