ਜੀਵਨ ਲੋਅ 19
‘‘ਤੁਹਾਨੂੰ ਸਤਵਿੰਦਰ ਦਾ ਫੋਨ ਆਇਆ?’’ ਪਤਨੀ ਨੇ ਫੋਨ ’ਤੇ ਪੁੱਛਿਆ। ਉਨ੍ਹਾਂ ਨੂੰ ਘਰੋਂ ਗਿਆਂ ਨੂੰ ਮਸਾਂ ਪੰਜ-ਦਸ ਮਿੰਟ ਹੋਏ ਸਨ। ਮੈਂ ਅੰਦਾਜ਼ਾ ਲਾ ਲਿਆ ਸੀ ਕਿ ਉਹ ਕੋਈ ਚੀਜ਼ ਘਰ ਭੁੱਲ ਗਏ ਹੋਏ ਹਨ। ਕਿਸੇ ਹੱਥ ਉਹ ਚੀਜ਼ ਮੰਗਵਾਉਣਾ ਚਾਹੁੰਦੇ ਹੋਣਗੇ।
‘‘ਨ੍ਹੀਂ,’’ ਮੈਂ ਦੱਸਿਆ।
‘‘ਇਹ ਕਮਲੀ ਜਿਹੀ ਕੀ ਕਰਦੀ ਏ। ਮੈਥੋਂ ਤੁਹਾਡਾ ਨੰਬਰ ਮੰਗਦੀ ਸੀ। ਮੈਂ ਲਿਖਾ ਦਿੱਤਾ। ਪਤਾ ਨ੍ਹੀਂ ਨੰਬਰ ਹੀ ਗਲਤ ਲਿਖ ਲਿਆ ਹੋਣਾ। ਤੁਹਾਡੇ ਕੋਲ ਉਹਦਾ ਨੰਬਰ ਹੈ। ਤੁਸੀਂ ਆਪ ਕਰ ਲਓ। ਤੁਹਾਡੇ ਨਾਲ ਕੋਈ ਸਲਾਹ ਕਰਨੀ ਆ ਉਸ ਨੇ।’’
‘‘ਸਤਿ ਬਚਨ,’’ ਕਹਿ ਕੇ ਮੈਂ ਮੋਬਾਈਲ ਬੰਦ ਕਰ ਦਿੱਤਾ। ਸਤਵਿੰਦਰ ਨੂੰ ਕਾਲ ਕੀਤੀ, ਪਰ ਉਸ ਨੇ ਫੋਨ ਨਾ ਚੁੱਕਿਆ। ਮੈਂ ਬੈੱਡ ਦੀ ਢੋਅ ’ਤੇ ਮੋਬਾਈਲ ਰੱਖ ਕੇ ਸੋਚਣ ਲੱਗਾ ਕਿ ਹੁਣ ਕੀ ਕੀਤਾ ਜਾਵੇ। ਸੌਂ ਜਾਵਾਂ ਜਾਂ ਪੜ੍ਹਾਂ? ਪਤਨੀ ਮੇਰੀ ਛੋਟੀ ਨੂੰਹ ਰੁਪਿੰਦਰ ਕੌਰ ਦੇ ਪੇਕਿਆਂ ਦੇ ਜਾ ਰਹੀ ਸੀ। ਉਸ ਦੇ ਭਰਾ ਦੇ ਘਰੇ ਬੇਟੀ ਹੋਈ ਸੀ। ਬਹੂ ਦੇ ਪੇਕਿਆਂ ਨੇ ਘਿਓ ਲੈ ਕੇ ਆਉਣਾ ਸੀ। ਰੁਪਿੰਦਰ ਦੀ ਮੰਮੀ ਨੇ ਮੇਰੀ ਪਤਨੀ ਨੂੰ ਵੀ ਉਚੇਚਾ ਬੁਲਾ ਲਿਆ ਸੀ।
ਸਤਵਿੰਦਰ ਮੇਰੀ ਪਤਨੀ ਦੇ ਵੱਡੇ ਤਾਇਆ ਜੀ ਦੀ ਧੀ ਹੈ। ਆਦਮਪੁਰ ਰਹਿੰਦੀ ਹੈ। ਉਸ ਦਾ ਘਰ ਵਾਲਾ ਰਮੇਸ਼ ਇੱਕ ਦੁਰਘਟਨਾ ਵਿੱਚ ਗੁਜ਼ਰ ਗਿਆ ਸੀ। ਉਸ ਦੇ ਦੋ ਮੁੰਡੇ ਤੇ ਇੱਕ ਕੁੜੀ ਹੈ। ਵਿਆਹ ਹੋਏ ਨੂੰ ਅੱਠ ਸਾਲ ਹੀ ਹੋਏ ਸਨ ਜਦੋਂ ਉਸ ਇਕੱਲੀ ਦੇ ਸਿਰ ’ਤੇ ਤਿੰਨ ਬੱਚਿਆਂ ਦਾ ਬੋਝ ਪੈ ਗਿਆ। ਮਾਪਿਆਂ ਨੇ ਉਸ ਨੂੰ ਸਮਝਾਇਆ ਕਿ ਕਿਸੇ ਲੋੜਵੰਦ ਦੇ ਘਰੇ ਬਿਠਾ ਦਿੰਦੇ ਹਾਂ, ਇੰਨੀ ਲੰਬੀ ਉਮਰ ਬੰਦੇ ਬਿਨਾਂ ਕੱਢਣੀ ਬੜੀ ਔਖੀ ਹੁੰਦੀ ਹੈ। ਸਤਵਿੰਦਰ ਨੇ ਚੁੱਪ ਵੱਟ ਲਈ। ਨਾ ਨਾਂਹ ਕੀਤੀ ਤੇ ਨਾ ਹੀ ਹਾਂ। ਦੋ-ਚਾਰ ਥਾਂ ਗੱਲ ਚੱਲੀ, ਪਰ ਨਿਆਣੇ ਸਾਂਭਣ ਨੂੰ ਕੋਈ ਤਿਆਰ ਨਾ ਹੋਇਆ। ਫੇਰ ਉਸ ਨੇ ਆਪਣੇ ਪਿਓ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ, ‘‘ਤੁਸੀਂ ਮੇਰੀ ਚਿੰਤਾ ਕਰਨੀ ਛੱਡ ਦਿਓ। ਮੈਂ ਕਿੱਦਾਂ ਜੀਊਣਾ- ਇਹ ਮੈਂ ਦੇਖਣਾ। ਬੱਚਿਆਂ ਨੂੰ ਪਾਲਣਾ ਮੇਰੀ ਜ਼ਿੰਮੇਵਾਰੀ ਆ।’’ ਉਸ ਦੇ ਹਿੱਸੇ ਇੱਕੋ ਇੱਕ ਕਮਰਾ ਆਇਆ ਸੀ। ਇਹ ਕਮਰਾ ਉਸ ਦਾ ਬੈੱਡਰੂਮ, ਰਸੋਈ ਤੇ ਕੰਮ ਕਰਨ ਦੀ ਥਾਂ ਬਣਿਆ। ਉਸ ਨੇ ਬੈੱਡ ’ਤੇ ਬਾਹਰਲੇ ਪਾਸੇ ਖੁੱਲ੍ਹਦੀ ਤਾਕੀ ਵਾਲੇ ਪਾਸੇ ਸਿਲਾਈ ਮਸ਼ੀਨ ਰੱਖ ਲਈ। ਵਿਧਵਾ ਤੀਵੀਂ ਦੀ ਮਦਦ ਕਰਨ ਵਾਲੇ ਕਈ ਘਰ ਅਗਾਂਹ ਆਏ। ਉਸ ਕੋਲ ਕਦੇ ਕੰਮ ਨਾ ਮੁੱਕਿਆ। ਕੱਪੜੇ ਸੀਊਣ ਦੇ ਨਾਲ-ਨਾਲ ਉਹ ਮੁਹੱਲੇ ਦੀਆਂ ਕੁੜੀਆਂ ਨੂੰ ਸਿਲਾਈ ਦਾ ਕੰਮ ਸਿਖਾਉਣ ਲੱਗੀ। ਕਈ ਕੁੜੀਆਂ ਸਿਲਾਈ ਵੀ ਸਿੱਖਦੀਆਂ, ਘਰ ਦੇ ਕੰਮ ਵਿੱਚ ਵੀ ਹੱਥ ਵਟਾ ਦਿੰਦੀਆਂ। ਸਭ ਤੋਂ ਜ਼ਿਆਦਾ ਉਸ ਦੀ ਆਪਣੀ ਧੀ ਜੈਸਿਕਾ ਨੇ ਸਾਥ ਦਿੱਤਾ। 10+2 ਕਰਵਾਉਣ ਤੋਂ ਤਿੰਨ ਸਾਲਾਂ ਮਗਰੋਂ ਉਸ ਨੇ ਜੈਸਿਕਾ ਦਾ ਵਿਆਹ ਕਰ ਦਿੱਤਾ। ਉਸ ਤੋਂ ਛੋਟੇ ਰਾਜਨ ਨੇ ਆਪਣੇ ਡੈਡੀ ਵਾਲੀ ਦੁਕਾਨ ਸੰਭਾਲ ਲਈ ਸੀ। ਛੋਟਾ ਉਮਿੰਦਰ ਤਰਖਾਣਾ ਕੰਮ ਸਿੱਖ ਗਿਆ। ਤਿੰਨ ਜਣਿਆਂ ਦੀ ਕਮਾਈ ਨਾਲ ਘਰ ਵਿੱਚ ਕਾਫ਼ੀ ਤਬਦੀਲੀ ਆਈ। ਉਨ੍ਹਾਂ ਨੇ ਕਮੇਟੀਆਂ ਪਾ ਕੇ ਪੰਜ ਮਰਲਿਆਂ ਦਾ ਪਲਾਟ ਖਰੀਦ ਲਿਆ। ਘਰ ਦੇ ਹਿੱਸੇ ਵਾਲਾ ਥਾਂ ਆਪਣੇ ਜੇਠ ਨੂੰ ਵੇਚ ਕੇ ਦੋ ਕਮਰੇ ਬਣਾ ਲਏ। ਫੇਰ ਜਿੱਦਾਂ-ਜਿੱਦਾਂ ਬੱਚਤ ਦੇ ਪੈਸੇ ਜੁੜਦੇ ਗਏ, ਉਹ ਮਕਾਨ ਵਿੱਚ ਵਾਧਾ ਕਰਨ ਲੱਗੇ। ਦਾਲ ਦੇ ਨਾਲ-ਨਾਲ ਸਬਜ਼ੀਆਂ ਬਣਨ ਲੱਗੀਆਂ। ਸਲਾਦ ਦੀ ਪਲੇਟ ਖਾਣ ਨੂੰ ਮਿਲਣ ਲੱਗੀ।
ਮੈਂ ਕਦੇ-ਕਦਾਈਂ ਪਤਨੀ ਨੂੰ ਕਹਿੰਦਾ, ‘‘ਕਿਸੇ ਦਿਨ ਸਤਵਿੰਦਰ ਨੂੰ ਪੁੱਛੀਂ ਕਿ ਉਸ ਨੂੰ ਕਦੇ ਬੰਦੇ ਦੇ ਸਾਥ ਦੀ ਲੋੜ ਨ੍ਹੀਂ ਪਈ।’’
ਉਹ ਆਪਣਾ ਗਿਆਨ ਘੋਟ ਦਿੰਦੇ, ‘‘ਜਿਸ ਵਿਧਵਾ ਔਰਤ ਦੇ ਤਿੰਨ ਬੱਚੇ ਹੋਣ ਉਸ ਨੂੰ ਤਾਂ ਸੁੱਤੀ ਪਈ ਨੂੰ ਵੀ ਇਹੀ ਸੁਪਨੇ ਆਉਂਦੇ ਨੇ ਕਿ ਬੱਚਿਆਂ ਦੀ ਫੀਸ ਦਾ ਕੀ ਬਣੂਗਾ। ਬਿਜਲੀ ਦਾ ਬਿੱਲ ਆ ਗਿਆ। ਦੁੱਧ ਵਾਲੇ ਨੂੰ ਪਿਛਲੇ ਮਹੀਨੇ ਵੀ ਪੈਸੇ ਨ੍ਹੀਂ ਦਿੱਤੇ ਗਏ।’’
ਮੈਂ ਚੁੱਪ ਹੋ ਜਾਂਦਾ।
ਉਹ ਮੈਨੂੰ ਕਹਿੰਦੇ, ‘‘ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਦਿਨ-ਤਿਉਹਾਰ ’ਤੇ ਹੋਰ ਨ੍ਹੀਂ ਤਾਂ ਦੋ ਡੱਬੇ ਮਠਿਆਈ ਦੇ ਭਿਜਵਾ ਦਿਆ ਕਰੋ- ਇਹ ਤਾਂ ਤੁਹਾਡੇ ਕੋਲੋਂ ਸਰਿਆ ਨ੍ਹੀਂ।’’
ਜੈਸਿਕਾ ਨੇ ਇੱਕ ਵਾਰ ਖਿਝੀ ਹੋਈ ਨੇ ਆਪਣੀ ਮੰਮੀ ਨੂੰ ਕਿਹਾ ਸੀ, ‘‘ਤੁਸੀਂ ਆਪਣੀ ਜੁਆਨੀ ਗਾਲ ਲਈ ਤੇ ਸਾਡਾ ਬਚਪਨ। ਜੇ ਦੂਜਾ ਵਿਆਹ ਕਰਵਾ ਲੈਂਦੇ, ਨਾ ਤੁਹਾਨੂੰ ਟੁੱਟ-ਟੁੱਟ ਕੇ ਮਰਨਾ ਪੈਂਦਾ, ਨਾ ਅਸੀਂ ਥੁੜਾਂ ’ਚ ਜਿਊਂਦੇ। ਤੁਸੀਂ ਐਨੇ ਸੁੰਨ-ਵੱਟੇ ਕਿਉਂ ਬਣੇ ਰਹੇ?’’
ਸਤਵਿੰਦਰ ਨੇ ਆਪਣੀ ਮਜਬੂਰੀ ਦੱਸੀ ਸੀ, ‘‘ਮੈਨੂੰ ਤਾਂ ਸੌ ਲੈ ਜਾਣ ਵਾਲੇ ਸੀ, ਤੁਹਾਨੂੰ ਕਿਸ ਖੂਹ ’ਚ ਧੱਕਾ ਦੇ ਦਿੰਦੀ? ਮੈਂ ਆਪਣੇ ਬਾਰੇ ਨ੍ਹੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ। ਜਿਊਣ ਨੂੰ ਕਿਸ ਦਾ ਮਨ ਨ੍ਹੀਂ ਕਰਦਾ। ਮੈਂ ਤੈਨੂੰ ਉਸ ਘਰ ਹੀ ਵਿਆਹੂੰਗੀ ਜਿੱਥੇ ਤੇਰੀ ਹਰ ਲੋੜ ਪੂਰੀ ਹੋਵੇ।’’
ਸਮੱਸਿਆ ਰਾਜਨ ਦੇ ਵਿਆਹ ਦੀ ਹੋਈ। ਸਿਰ ’ਤੇ ਪਿਓ ਨਾ ਹੋਣ ਕਰਕੇ ਕੋਈ ਰਿਸ਼ਤੇ ਨੂੰ ਹਾਮੀ ਨਹੀਂ ਭਰ ਰਿਹਾ ਸੀ। ਚਾਚੇ-ਤਾਇਆਂ ਨੂੰ ਇਹ ਗੱਲ ਔਖੀ ਕਰਦੀ ਕਿ ਮੁੰਡਿਆਂ ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਸਟੈਂਡ ਕਰ ਲਿਆ। ਕੀਤਾ ਵੀ ਇਕੱਲਿਆਂ ਨੇ। ਨਾ ਨਾਨਕਿਆਂ ਨੇ ਸਾਥ ਦਿੱਤਾ ਸੀ, ਨਾ ਦਾਦਕਿਆਂ ਨੇ ਬਾਤ ਪੁੱਛੀ ਸੀ। ਉਨ੍ਹਾਂ ਦੀ ਮੰਮੀ ਉਨ੍ਹਾਂ ਦਾ ਗੁਰੂ, ਮਾਰਗ ਦਰਸ਼ਕ ਬਣੀ। ਕਈ ਥਾਂ ਗੱਲ ਤੁਰੀ। ਦੇਖ ਦਿਖਾਈਆ ਹੋਇਆ। ਕਿਤੇ ਕੁੜੀ ਵਾਲਿਆਂ ਨੇ ਨਾਂਹ ਕਰ ਦਿੱਤੀ। ਕਿਤੇ ਸਤਵਿੰਦਰ ਨੂੰ ਕੁੜੀ ਜਾਂ ਕੁੜੀ ਵਾਲਾ ਪਰਿਵਾਰ ਪਸੰਦ ਨਾ ਆਇਆ। ਉਂਝ ਵੀ ਅੱਜ ਕੱਲ੍ਹ ਹਾਈ ਲੋਅਰ ਕਲਾਸ ਵਿੱਚ ਕੁੜੀਆਂ ਦੀ ਘਾਟ ਪੈਦਾ ਹੋ ਗਈ ਹੈ। ਪਹਿਲਾਂ ਵਾਂਗੂੰ ਪੰਜ-ਸੱਤ ਨਿਆਣੇ ਨਹੀਂ, ਦੋ ਜਾਂ ਤਿੰਨ ਹੀ ਹੁੰਦੇ ਹਨ। ਉਨ੍ਹਾਂ ਦੇ ਬੱਚੇ ਮੈਟ੍ਰਿਕ ਜਾਂ 10+2 ਤੋਂ ਬਾਅਦ ਨਹੀਂ ਪੜ੍ਹਦੇ। ਲੋਅਰ ਮਿਡਲ ਲੋਅਰ ਕਲਾਸ ਇਨ੍ਹਾਂ ਵੱਲ ਮੂੰਹ ਨਹੀਂ ਕਰਦੀ।
ਮੈਂ ਸਤਵਿੰਦਰ ਬਾਰੇ ਹੀ ਸੋਚੀ ਜਾ ਰਿਹਾ ਸੀ ਕਿ ਉਸ ਦਾ ਫੋਨ ਆ ਗਿਆ, ‘‘ਜੀਜਾ ਜੀ, ਮੈਂ ਤੁਹਾਡੇ ਤੋਂ ਇੱਕ ਸਲਾਹ ਲੈਣੀ ਸੀ। ਹੋਰ ਤਾਂ ਮੇਰਾ ਕੋਈ ਨ੍ਹੀਂ। ਗੁਲਜ਼ਾਰ ਮੈਨੂੰ ਚੰਗਾ ਨ੍ਹੀਂ ਲੱਗਦਾ। ਵਿਜੈ ਦਾ ਤੁਹਾਨੂੰ ਪਤਾ ਹੀ ਏ। ਤੁਸੀਂ ਹੀ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਹੋ। ਘੁੰਮੇ-ਫਿਰੇ ਹੋ। ਆਪਣੇ ਮੁੰਡੇ ਵਿਆਹੇ ਨੇ। ਮੈਨੂੰ ਕਮਲੀ ਨੂੰ ਕਬੀਲਦਾਰੀ ਦਾ ਕੀ ਪਤਾ। ਮੈਨੂੰ ਪਤਾ ਤੁਸੀਂ ਮੈਨੂੰ ਨੇਕ ਸਲਾਹ ਦਿਉਂਗੇ। ਤਮਾਸ਼ਾ ਦੇਖਣ ਵਾਲੇ ਪੈਂਤੀ ਸੌ ਨੇ।’’
ਅੱਜਕੱਲ੍ਹ, ਮੇਰੀ ਪਤਨੀ ਦੇ ਸ਼ਬਦਾਂ ਅਨੁਸਾਰ, ਉਹ ਬਹੁਤ ਯਭਲੀਆਂ ਮਾਰਨ ਲੱਗੀ ਹੈ। ਜੇ ਉਹ ਜ਼ਿਆਦਾ ਹੱਸ ਪੈਂਦੀ ਤਾਂ ਮਿਸਿਜ਼ ਟੋਕ ਦਿੰਦੇ, ‘‘ਕੀ ਕਮਲਿਆਂ ਵਾਂਗੂੰ ਹਿੜਹਿੜ ਲਾਈ ਏ। ਕਦੇ ਕੋਈ ਸਿਆਣੀ ਗੱਲ ਵੀ ਕਰ ਲਿਆ ਕਰ।’’ ਉਹ ਜੁਆਬ ਦਿੰਦੀ, ‘‘ਭੈਣੇ, ਜੇ ਮੈਂ ਤੇਰੇ ਨਾਲ ਹੱਸ ਕੇ ਨਾ ਬੋਲਾਂ ਤਾਂ ਕਿਸ ਅੱਗੇ ਹੱਸਾਂ। ਮੇਰਾ ਹਾਸਾ ਕਿਸ ਨੇ ਸੁਣਨਾ। ਅੱਜਕੱਲ੍ਹ ਕਿਸ ਕੋਲ ਵਿਹਲ ਏ?’’
ਮੈਂ ਕਿਹਾ, ‘‘ਅਗਲੀ ਗੱਲ ਕਰ।’’
‘‘ਅਗਲੀ ਗੱਲ ਵੀ ਕਰੂੰਗੀ। ਪਹਿਲਾਂ ਦੱਸੋ ਤੁਹਾਡੀ ਸਿਹਤ ਠੀਕ ਚੱਲ ਰਹੀ ਏ? ਮੈਨੂੰ ਪਤਾ ਲੱਗਾ ਸੀ ਕਿ ਤੁਹਾਨੂੰ ਕਰੋਨਾ ਹੋ ਗਿਆ ਸੀ। ਸੱਚੇ ਪਾਤਸ਼ਾਹ ਨੇ ਸਾਡੀ ਸੁਣ ਲਈ। ਉਹੀ ਸਾਰਿਆਂ ਦੀ ਸੁਣਨ ਵਾਲਾ।’’
‘‘ਹੁਣ ਠੀਕ ਹਾਂ।’’
‘‘ਪਰਸੋਂ ਆਪਣੇ ਰਾਜਨ ਨੂੰ ਦੇਖਣ ਵਾਲੇ ਆਏ ਸੀ। ਕੁੜੀ ਦੀ ਮਾਂ ਤੇ ਨਾਲ ਉਸ ਦੇ ਦੋ ਭਰਾ। ਮੈਨੂੰ ਬੰਦੇ ਠੀਕ ਲੱਗੇ। ਬੜੀਆਂ ਸਿੱਧੀਆਂ ਪੱਧਰੀਆਂ ਤੇ ਖਰੀਆਂ ਗੱਲਾਂ ਕਰਦੇ ਰਹੇ। ਕੋਈ ਲੁਕ-ਲੁਕੋਅ ਨ੍ਹੀਂ ਰੱਖਿਆ। ਤਿੰਨ ਕੁੜੀਆਂ ਨੇ। ਵੱਡੀ ਦੀ ਉਮਰ ਬਾਈ ਸਾਲ ਆ। ਛੋਟੀ ਦੀ ਅਠਾਰ੍ਹਾਂ ਤੇ ਤੀਜੀ ਦੀ ਸੋਲ੍ਹਾਂ।’’
ਮੈਂ ਉਸ ਨੂੰ ਵਿੱਚੋਂ ਹੀ ਟੋਕਿਆ, ‘‘ਰਾਜਨ ਦੀ ਉਮਰ ਤੇਤੀ ਸਾਲਾਂ ਦੀ ਹੋ ਗਈ।’’
‘‘ਉਨ੍ਹਾਂ ਨੂੰ ਕੋਈ ਇਤਰਾਜ ਨ੍ਹੀਂ ਤਾਂ ਸਾਨੂੰ ਕਿਉਂ? ਨਾਲੇ ਤੁਸੀਂ ਆਪ ਹੀ ਕਹਿੰਦੇ ਹੁੰਦੇ ਓ ਬਈ ਕੁੜੀ ਮੁੰਡੇ ਨਾਲੋਂ ਛੋਟੀ ਹੋਣੀ ਚਾਹੀਦੀ ਏ।’’
‘‘ਫੇਰ ਗੱਲ ਪਹੁੰਚੀ ਕਿੱਥੇ?’’ ਮੈਂ ਉਸ ਦੀ ਲੰਬੀ ਗੱਲ ਤੋਂ ਉਕਤਾ ਗਿਆ ਸੀ।
‘‘ਕੁੜੀ ਦੀ ਮਾਂ ਨੇ ਦੂਜਾ ਵਿਆਹ ਕਰਵਾਇਆ ਸੀ। ਪਹਿਲਾ ਬੰਦਾ ਮਰ ਗਿਆ ਸੀ। ਦੂਜਾ ਵੀ ਮਰ ਗਿਆ। ਕੁੜੀਆਂ ਦੇ ਵਿਆਹ ਤੋਂ ਬਾਅਦ ਉਸ ਨੇ ਵੀ ਵਿਆਹ ਕਰਵਾ ਲੈਣਾ। ਇਹ ਗੱਲ ਉਸ ਨੇ ਸਾਡੇ ਸਾਰਿਆਂ ਦੇ ਸਾਹਮਣੇ ਖੋਲ੍ਹ ਦਿੱਤੀ।’’
‘‘ਬੱਚੇ ਪਹਿਲੇ ਵਿਆਹ ਦੇ ਨੇ ਜਾਂ ਦੂਜੇ ਦੇ?’’
‘‘ਵੱਡੀ ਕੁੜੀ ਪਹਿਲੇ ਵਿਆਹ ਦੀ ਏ। ਛੋਟੀਆਂ ਦੂਜੇ ਵਿਆਹ ਦੀਆਂ। ਦੋਵੇਂ ਨੰਗ-ਮਲੰਗ ਸੀਗੇ। ਪਿੱਛੇ ਕੁਸ਼ ਨ੍ਹੀਂ ਛੱਡ ਕੇ ਗਏ। ਵਿਚਾਰੀ ਦੀ ਮਾੜੀ ਕਿਸਮਤ। ਬੰਦਿਆਂ ਤੋਂ ਸੁੱਖ ਨ੍ਹੀਂ ਮਿਲਿਆ। ਹੁਣ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਹੀ ਏ। ਮੇਰੇ ਵਾਂਗੂੰ ਵਿਚਾਰੀ ਨੇ ਬੜੇ ਕਸ਼ਟ ਭੋਗੇ। ਕੁਪੱਤੀ ਸੱਸ ਨੇ ਘਰੋਂ ਕੱਢ ਦਿੱਤਾ।’’
‘‘ਕੋਈ ਹੋਰ ਗੱਲ?’’
‘‘ਉਸ ਦੇ ਸਿਰ ’ਤੇ ਬੈਂਕ ਦਾ ਬਾਰ੍ਹਾਂ ਲੱਖ ਦਾ ਲੋਨ ਵੀ ਆ।’’
ਮੈਨੂੰ ਇਕਦਮ ਕ੍ਰਿਸ਼ਨਾ ਸੋਬਤੀ ਦੇ ਨਾਵਲ ‘ਮਿੱਤਰੋ ਮਰਜਾਣੀ’ ਦੀ ਮਿੱਤਰੋ ਯਾਦ ਆਈ। ਕਮਾਲ ਦੀ ਔਰਤ ਸੀ ਮਿੱਤਰੋ। ਜੇਠਾਣੀ, ਦਰਾਣੀ ਤੇ ਸੱਸ ਨੂੰ ਅੰਗੂਠਾ ਦਿਖਾਉਣ ਵਾਲੀ। ਆਪਣੀ ਹੀ ਤਰ੍ਹਾਂ ਦੀ ਖੁੱਲ੍ਹ ਵਿੱਚ ਜਿਊਣ ਵਾਲੀ। ਉਹ ਦੁਨੀਆ ਦੀ ਪ੍ਰਵਾਹ ਨਹੀਂ ਕਰਦੀ। ਜਿੱਦਾਂ ਦਾ ਚਾਹੁੰਦੀ ਹੈ, ਉੱਦਾਂ ਦਾ ਹੀ ਜਿਊਂਦੀ ਹੈ।
ਮੇਰੇ ਲਈ ਇਹ ਅਜੀਬ ਔਰਤ ਸੀ। ਇੰਨਾ ਸੱਚ ਬੋਲਣ ਵਾਲੀ ਦਲੇਰ ਔਰਤ। ਰਿਸ਼ਤਾ ਕਰਨ ਲੱਗਾ ਕੋਈ ਇੰਨਾ ਸੱਚ ਨਹੀਂ ਬੋਲਦਾ ਹੁੰਦਾ। ਲੋਕ ਤਾਂ ਧਾਰਮਿਕ ਅਸਥਾਨਾਂ ਵਿੱਚ ਬੈਠੇ ਝੂਠ ਬੋਲ ਜਾਂਦੇ ਹਨ। ਮੈਂ ਅਨੇਕਾਂ ਅਜਿਹੇ ਰਿਸ਼ਤੇ ਹੁੰਦੇ ਦੇਖੇ ਹਨ, ‘‘ਅਸੀਂ ਰੱਬ ਦੇ ਘਰ ’ਚ ਬੈਠ ਕੇ ਝੂਠ ਨ੍ਹੀਂ ਬੋਲਣਾ। ਗੱਲ ਸੋਲ੍ਹਾਂ ਆਨੇ ਸੱਚੀ ਦੱਸ ਰਹੇ ਹਾਂ। ਭਾਵੇਂ ਕਿਸੇ ਹੋਰ ਕੋਲੋਂ ਦਰਿਆਫਤ ਕਰਾ ਲਓ। ਰੱਬ ਨੂੰ ਜਾਣ ਦੇਣੀ ਆ। ਝੂਠ ਬੋਲ ਕੇ ਕੀ ਲੱਭਣਾ। ਸਾਡੀ ਕੁੜੀ ਤਾਂ ਲਕਸ਼ਮੀ ਆ। ਜਿਸ ਘਰੇ ਜਾਊ- ਉਸ ਦੀ ਕੁੱਲ ਤਾਰ ਦਊ। ਸੁਆਲ ਹੀ ਨ੍ਹੀਂ ਪੈਦਾ ਹੁੰਦਾ ਕਿ ਕਦੇ ਅੱਖ ਚੁੱਕ ਕੇ ਕਿਸੇ ਦੂਜੇ ਵੱਲ ਦੇਖਿਆ ਹੋਵੇ।’’ ਇਹ ਔਰਤ ਬੜੀ ਬੇਬਾਕ ਔਰਤ ਹੋਵੇਗੀ ਜਿਹੜੀ ਉਹਲਿਆਂ ਵਿੱਚ ਨਹੀਂ ਜਿਊਣਾ ਚਾਹੁੰਦੀ ਸੀ। ਉਹ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਾਰਿਗ ਹੋਣਾ ਚਾਹੁੰਦੀ ਹੋਵੇਗੀ। ਫੇਰ ਆਪਣੇ ਬਾਰੇ ਸੋਚੇਗੀ। ਅਜਿਹੀ ਔਰਤ ਨੂੰ ਸਾਡਾ ਸਮਾਜ ਸਵੀਕਾਰ ਨਹੀਂ ਕਰਦਾ। ਉਹ ਨੂੰ ਬਦਜਾਤ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਉਪ-ਨਾਂ ਦਿੱਤੇ ਜਾਂਦੇ ਹਨ।
ਸਤਵਿੰਦਰ ਕਿੱਦਾਂ ਫ਼ੈਸਲਾ ਕਰੇਗੀ? ਉਸ ਨੂੰ ਤਾਂ ਇਸ ਗੱਲ ਦੀ ਹੀ ਸੰਤੁਸ਼ਟੀ ਹੋਣੀ ਕਿ ਬੜੇ ਚਿਰ ਮਗਰੋਂ ਰਿਸ਼ਤਾ ਆਇਆ। ਪਰ ਉਹ ਦੂਰ ਦੀ ਨਹੀਂ ਸੋਚਦੀ। ਜੇ ਸੋਚਦੀ ਹੁੰਦੀ ਤਾਂ ਮੈਥੋਂ ਕਿਉਂ ਸਲਾਹ ਲੈਂਦੀ। ਆਪਣਾ ਫ਼ੈਸਲਾ ਖ਼ੁਦ ਨਾ ਕਰ ਲੈਂਦੀ। ਉਹ ਵੀ, ਮੇਰੇ ਵਾਂਗੂੰ, ਦੋਚਿਤੀ ਵਿੱਚ ਫਸ ਗਈ ਹੋਵੇਗੀ। ਜੇ ਮੈਂ ਉਸ ਔਰਤ ਦਾ ਫਿਰਾਕਪੁਣਾ ਦੇਖਦਾ ਤਾਂ ਮਨ ਵਿੱਚੋਂ ਨਿਕਲਦਾ, ‘‘ਵਾਹ ਨੀ ਕਮਾਲ ਦੀ ਹੈਂ ਤੂੰ।’’
ਮੈਂ ਕਿਸੇ ਵੀ ਫ਼ੈਸਲੇ ’ਤੇ ਨਹੀਂ ਪਹੁੰਚ ਰਿਹਾ ਸੀ।
ਮੈਂ ਪੁੱਛਿਆ, ‘‘ਰਾਜਨ ਕੀ ਕਹਿੰਦਾ?’’
‘‘ਉਹ ਤਾਂ ਕਾਹਲਾ ਪਿਆ। ਉਸ ਦੇ ਵੱਸ ’ਚ ਹੋਵੇ ਤਾਂ ਸ਼ਾਮ ਨੂੰ ਹੀ ਮੋਟਰਸਾਈਕਲ ’ਤੇ ਬਿਠਾ ਲਿਆਵੇ। ਜਨਾਨੀ ਨੂੰ ਤਰਸਿਆ ਪਿਆ। ਉਸ ਦੇ ਨਾਲ ਜੰਮਿਆਂ ਦੇ ਦੋ-ਦੋ ਨਿਆਣੇ ਹੋ ਗਏ। ਉਹ ਉੱਥੇ ਦਾ ਉੱਥੇ ਹੀ ਖੜ੍ਹਾ। ਉਸ ਨੂੰ ਵਹਿਮ ਹੋ ਗਿਆ ਕਿ ਪਤਾ ਨ੍ਹੀਂ ਉਸਦਾ ਵਿਆਹ ਹੋਣਾ ਆ ਕਿ ਨ੍ਹੀਂ। ਮੇਰੇ ਕੋਲੋਂ ਉਸ ਦਾ ਉਤਰਿਆ ਹੋਇਆ ਚਿਹਰਾ ਦੇਖਿਆ ਨ੍ਹੀਂ ਜਾਂਦਾ। ਕੰਮ ਤੋਂ ਆ ਕੇ ਚਾਦਰ ’ਚ ਮੂੰਹ ਲੁਕੋ ਕੇ ਪੈ ਜਾਂਦੈ।’’
‘‘ਮੈਨੂੰ ਸੋਚਣ ਦਾ ਸਮਾਂ ਦੇ। ਥੋੜ੍ਹਾ ਕੁ ਚਿਰ ਠਹਿਰ ਕੇ ਫੋਨ ਕਰਦਾਂ,’’ ਮੈਂ ਕਿਸੇ ਕਾਹਲ ਵਿੱਚ ਪੈ ਕੇ ਕੋਈ ਫ਼ੈਸਲਾ ਨਹੀਂ ਕਰਨਾ ਚਾਹੁੰਦਾ ਸੀ। ਆਖ਼ਰ ਰਾਜਨ ਦੀ ਜ਼ਿੰਦਗੀ ਦਾ ਸੁਆਲ ਸੀ। ਸਤਵਿੰਦਰ ਦੇ ਬੁਢਾਪੇ ਬਾਰੇ ਵੀ ਸੋਚਣਾ ਬਣਦਾ ਸੀ।
ਉਸ ਨੇ ਅੱਧੇ ਘੰਟੇ ਮਗਰੋਂ ਫੇਰ ਫੋਨ ਕੀਤਾ, ‘‘ਹਾਂ ਜੀ, ਜੀਜਾ ਜੀ, ਫੇਰ ਕਿੱਦਾਂ ਕਰਾਂ? ਕੁੜੀ ਦੇਖਣ ਜਾਵਾਂ ਜਾਂ ਨਾ ਜਾਵਾਂ?’’
‘‘ਗੱਲ ਮਨ ਨੂੰ ਨ੍ਹੀਂ ਲੱਗੀ।’’ ਮੈਨੂੰ ਪੁਰਾਣੀਆਂ ਸੋਚਾਂ ਨੇ ਜਕੜ ਰੱਖਿਆ ਸੀ।
ਉਸ ਕਿਹਾ, ‘‘ਮੈਂ ਵੀ ਇਹੀ ਸੋਚਦੀ ਸੀ। ਇਹੀ ਸੋਚਿਆ ਸੀ। ਐਦਾਂ ਦੀ ਜਨਾਨੀ ਦੀ ਕੁੜੀ ਨਾਲ ਆਪਣੇ ਮੁੰਡੇ ਦਾ ਵਿਆਹ ਕਰ ਕੇ ਮੈਂ ਆਪਣਾ ਬੁਢਾਪਾ ਰੋਲਣਾ।’’ ਉਹ ਤਾਂ ਆਪਣੀ ਗੱਲ ਕਹਿ ਕੇ ਚੁੱਪ ਹੋ ਗਈ ਸੀ। ਪਰ ਮੇਰੇ ਮਨ ਵਿੱਚ ਵਾਰ-ਵਾਰ ਇਹੀ ਵਿਚਾਰ ਆ ਰਿਹਾ ਸੀ ਕਿ ਇੱਕ ਵਾਰ ਉਸ ਔਰਤ ਨੂੰ ਅਵੱਸ਼ ਹੀ ਮਿਲਿਆ ਜਾਵੇ।
ਹੁਣ ਤੁਸੀਂ ਮੈਨੂੰ ਇਹ ਨਾ ਪੁੱਛਣਾ ਕਿ ਮੈਂ ਉਸ ਔਰਤ ਨੂੰ ਮਿਲਿਆ ਸੀ ਜਾਂ ਕਿ ਨਹੀਂ।
Add a review