ਅਵਤਾਰ ਸਿੰਘ ਸੰਧੂ, ਤਖੱਲਸ ਪਾਸ਼ (9 ਸਤੰਬਰ 1950 – 23 ਮਾਰਚ 1988) ਇੱਕ ਪੰਜਾਬੀ ਕਵੀ ਸੀ ਜੋ ਜੁਝਾਰਵਾਦੀ ਲਹਿਰ ਨਾਲ ਜੁੜਿਆ ਹੋਇਆ ਸੀ। ਪਾਸ਼ ਨੂੰ 23 ਮਾਰਚ 1988 ਨੂੰ ਸ਼ਹੀਦ ਕੀਤਾ ਗਿਆ ਸੀ। ਪਾਸ਼ ਦਾ ਜ਼ਨਮ ਪਿੰਡ ਤਲਵੰਡੀ ਸਲੇਮ ਜ਼ਿਲਾ ਜਲੰਧਰ ਵਿੱਚ ਹੋਇਆ। ਮੇਜ਼ਰ ਸੋਹਣ ਸਿੰਘ ਸੰਧੂ ਦਾ ਪੁੱਤਰ ਪਾਸ਼, ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਪ੍ਰਭਾਵਿਤ ਹੋਇਆ ਅਤੇ ਅੱਲੜ੍ਹ ਉਮਰ ਵਿੱਚ ਹੀ ਵਿਦਰੋਹੀ ਕਵਿਤਾ ਲਿਖਣ ਲੱਗਿਆ। ਉਸ ਦੀ ਜਵਾਨੀ ਦੇ ਦਿਨਾਂ ਵਿੱਚ, ਪੰਜਾਬ ਦੇ ਵਿਦਿਆਰਥੀ, ਕਿਸਾਨ ਅਤੇ ਮਜ਼ਦੂਰ, ਸਮੇਂ ਦੇ ਪ੍ਰਸ਼ਾਸਨ ਦੇ ਵਿਰੁੱਧ ਨਕਸਲਬਾੜੀ ਅੰਦੋਲਨ ਨਾਂ ਦਾ ਹਥਿਆਰਬੰਦ ਸੰਘਰਸ਼ ਲੜ ਰਹੇ ਸਨ। 1970ਵਿਆਂ ਦਾ ਸਮਾਂ, ਪੰਜਾਬ ਦੀ ਰਾਜਨੀਤੀ ਵਿੱਚ ਜੁਝਾਰੂ ਯੁੱਗ ਵਜੋਂ ਵੀ ਜਾਣਿਆ ਜਾਂਦਾ ਹੈ।
ਬਚਪਨ ਤੋਂ ਹੀ ਪਾਸ਼ ਸੰਵੇਦਨਸ਼ੀਲ ਬੱਚਾ ਸੀ। ਛੇ ਸਾਲ ਦੀ ਉਮਰ ਵਿੱਚ ਉਸਨੂੰ ਗੁਆਂਢੀ ਪਿੰਡ ਖੀਵਾ ਵਿਖੇ ਪੜ੍ਹਨ ਲਾ ਦਿੱਤਾ। ਜਿਥੋਂ ਪਾਸ਼ ਨੇ 1964 ਵਿੱਚ ਅੱਠਵੀਂ ਦੀ ਪ੍ਰੀਖਿਆ ਪਾਸ ਕਰ ਲਈ। ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿੱਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿੱਚ ਦਾਖਲਾ ਲੈ ਲਿਆ। ਜਿਸ ਤੋਂ ਇੱਕ ਵਾਰ ਤਾਂ ਇਹ ਵੀ ਜਾਪਦਾ ਹੈ ਕਿ ਜਿਵੇਂ ਪਾਸ਼ ਰੋਜ਼ਗਾਰ ਪ੍ਰਤੀ ਚੇਤੰਨ ਹੋਵੇ। ਪਰ ਪਾਸ਼ ਨੇ ਡਿਪਲੋਮਾ ਪਾਸ ਨਹੀਂ ਕੀਤਾ ਅਤੇ ਉਸ ਦੀ ਖੱਬੇ ਪੱਖੀ ਰਾਜਨੀਤਿਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ। ਤੇ ਜਿਵੇਂ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਹੀ ਬਦਲ ਲਿਆ।
1976 ਵਿੱਚ ਇੱਕ ਵਾਰ ਫਿਰ ਪਾਸ਼ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸਨੇ ਦਸਵੀਂ ਅਤੇ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਈਵਨਿੰਗ ਕਾਲਜ ਜਲੰਧਰ ਤੋਂ ਬੀ.ਏ. ਭਾਗ – ਪਹਿਲਾ ਵੀ ਪਾਸ ਕਰ ਲਈ। 1978 ਵਿੱਚ ਪਾਸ਼ ਨੇ ਜੇ.ਬੀ.ਟੀ. ਜੰਡਿਆਲੇ ਸ਼ੁਰੂ ਕੀਤੀ ਪਰ ਪਾਸ ਕੀਤੀ ਸੇਖ਼ੂਪੁਰੇ (ਕਪੂਰਥਲਾ) ਤੋਂ। ਪਾਸ਼ ਭਾਵੇਂ ਆਪਣੀਆਂ ਚਿੱਠੀਆਂ ‘ਚ ਇੱਕ ਕੁੜੀ ਨਾਲ ਆਪਣੇ ਪਿਆਰ ਦੀ ਗੱਲ ਵੀ ਕਰਦਾ ਹੈ ਪਰ ਜੂਨ 1978 ਨੂੰ ਪਾਸ਼ ਦਾ ਵਿਆਹ ਮਾਪਿਆਂ ਦੀ ਮਰਜ਼ੀ ਅਤੇ ਸਮਾਜਿਕ ਬੰਧਨਾਂ ਅਨੁਸਾਰ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਗਿਆ।
ਪਾਸ਼ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਲੋਹ ਕਥਾ 1970 ਵਿੱਚ ਛਪੀ, ਉਸ ਵੇਲੇ ਪਾਸ਼ ਦੀ ਉਮਰ ਅਜੇ 20 ਸਾਲ ਤੋਂ ਵੀ ਘੱਟ ਸੀ। ਉਸ ਦੀ ਕਵਿਤਾ ਦੇ ਉਕਸਾਊ ਸੁਭਾਅ ਅਤੇ ਹਥਿਆਰਬੰਦ ਲਹਿਰ ਨਾਲ ਹਮਦਰਦੀ ਰੱਖਣ ਕਰ ਕੇ,ਪਾਸ਼ ਨੂੰ ਝੂਠੇ ਕਤਲ ਕੇਸ ਵਿੱਚ ਫਸਾ ਦਿੱਤਾ ਗਿਆ। ਜਿਸ ਕਰ ਕੇ ਉਸਨੂੰ 2 ਸਾਲ ਜੇਲ ਕੱਟਣੀ ਪਈ। ਬਰੀ ਹੋਣ ਤੋਂ ਬਾਅਦ, ਉਹ ਪੰਜ਼ਾਬ ਦੀਆਂ ਮਾਓਵਾਦੀ ਜੱਥੇਬੰਦੀਆਂ ਵਿੱਚ ਸਰਗਰਮ ਹੋ ਗਿਆ। ਇਸ ਤੋਂ ਬਾਅਦ ਉਸ ਨੇ ਸਿਆੜ ਨਾਮੀ ਪਰਚੇ ਦੀ ਸੰਪਾਦਨਾ ਕੀਤੀ। ਪਾਸ਼ ਦੀ ਪ੍ਰਗਤੀਵਾਦੀ ਕਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ।
ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰ ਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ/ਦ੍ਰਿਸ਼ਟੀ ਉਸ ਦੀ ਕਵਿਤਾ ’ਚ ਢਲਦੀ ਰਹੀ, ਜਿਸ ਕਰ ਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, “ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਰਬ ਲੋਚਾ ਸੀ।”
1967 ਵਿੱਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਂਵੀਂ ਜਮਾਤ ਪਾਸ ਕੀਤੀ। ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ। ਪਾਸ਼ ਸ਼ਬਦ ਫਾਰਸੀ ਭਾਸ਼ਾ ਦਾ ਹੈ ਅਤੇ ਇਸ ਦੇ ਅਰਥ ‘ਛਿੜਕਣ ਵਾਲੇ’ ਜਾਂ ‘ਫੈਲਾਉਣ ਵਾਲੇ’ ਹਨ। ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ,“ਸ਼ੋਲੋਖੋਵ ਦੇ ਉਪਨਿਆਸ ‘ਤੇ ਡਾਨ ਵਹਿੰਦਾ ਰਿਹਾ’ ਦੇ ਨਾਇਕ ਪਾਸ਼ਾ ਨਾਲ ਲੋਹੜੇ ਦਾ ਲਗਾਵ ਅਨੁਭਵ ਕਰ ਕੇ ਉਸਨੇ ਆਪਣਾ ਨਾਮ ਅਵਤਾਰ ਸਿੰਘ ਸੰਧੂ ਤਾਂ ਬਿਲਕੁਲ ਅਲੋਪ ਹੀ ਕਰ ਲਿਆ ਸੀ।”
1968 ਵਿੱਚ ਨਕਸਲਬਾੜੀ ਲਹਿਰ ਪੰਜਾਬ ਵਿੱਚ ਜ਼ੋਰ ਫੜਨ ਲੱਗੀ। ਇਸ ਸਮੇਂ ਪਾਸ਼ ਦੀ ਉਮਰ 18 ਸਾਲ ਸੀ ਅਤੇ ਉਸ ਦਾ ਨਾਂ ਇਸ ਲਹਿਰ ਨਾਲ ਜੁੜ ਗਿਆ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਪਾਸ਼ ਨਕਸਲਬਾੜੀ ਲਹਿਰ ਵਿੱਚ ਸ਼ਾਮਿਲ ਹੋ ਗਿਆ।ਨਕਸਲਬਾੜੀ ਲਹਿਰ ਨਾਲ ਜੁੜਨ ਦਾ ਭਾਵ ਸੀ ਮਾਰਕਸਵਾਦ ਨਾਲ ਸਹਿਮਤ ਹੋਣਾ ਜਾਂ ਮਾਰਕਸਵਾਦ ਤੋਂ ਪ੍ਰਭਾਵਿਤ ਹੋਣਾ। ਉਸ ਵੇਲੇ ਰੂਸ ਅਤੇ ਚੀਨ ਦਾ ਸਮਾਜਵਾਦੀ ਇਨਕਲਾਬ ਦੁਨੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦਾ ਹੋਇਆ ਇਸਨੂੰ ਆਪਣੀ ਕਵਿਤਾ ਦਾ ਧੁਰਾ ਬਣਾਉਂਦਾ ਹੈ।
ਉਸ ਦੇ ਤੱਤੇ ਖੂਨ’ਚੋਂ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪਾਸ਼ ਰਾਜਸੀ ਗਤੀਵਿਧੀਆਂ ਵਿੱਚ ਵੀ ਸਰਗਰਮ ਹੋ ਗਿਆ ਸੀ। ਭਾਵੇਂ ਪਾਸ਼ ਦੀ ਕਿਸੇ ਡਾਇਰੀ, ਚਿੱਠੀ, ਮੁਲਾਕਾਤ ’ਚੋਂ ਉਸ ਦੇ ਹਥਿਆਰਬੰਦ ਹੋਣ ਦੀ ਪੁਸ਼ਟੀ ਨਹੀਂ ਹੁੰਦੀ, ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ “ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉੱਪਰੰਤ 10 ਮਈ, 1970 ਨੂੰ ਪਾਸ਼ ਨੂੰ ਗਰਿਫ਼ਤਾਰ ਕਰ ਲਿਆ ਗਿਆ” ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ। ਇਸ ਤੋਂ ਬਾਅਦ ਉਹ ਨਕਸਲਬਾੜੀ ਲਹਿਰ ਨਾਲ ਜੁੜੀਆਂ ਸਾਹਿਤਕ ਅਤੇ ਰਾਜਸੀ ਗਤੀਵਿਧੀਆਂ ਵਿੱਚ ਸਰਗਰਮ ਰਿਹਾ। 1970 ਵਿੱਚ ਛਪਿਆ ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ਲੋਹ ਕਥਾ ਨਿਰਸੰਦੇਹ ਉਸ ਦੀਆਂ ਨਕਸਲਬਾੜੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਦਾ ਹੀ ਸਾਹਿਤਕ ਸਿੱਟਾ ਕਿਹਾ ਜਾ ਸਕਦਾ ਹੈ।
ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤੱਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿੱਚ ਪਾਸ਼ ਨੇ ਸਿਆੜ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸੇ ਵੇਲੇ ਉਸਨੂੰ ਮੋਗਾ-ਕਾਂਡ ਵਿੱਚ ਗਰਿਫ਼ਤਾਰ ਕਰ ਲਿਆ ਗਿਆ। 1973 ਵਿੱਚ ‘ਸਿਆੜ’ ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉਡਦੇ ਬਾਜਾਂ ਮਗਰ’ ਛਪੀ। ਮਈ 1974 ਵਿੱਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗਰਿਫ਼ਤਾਰੀ ਹੋਈ। ਰਿਹਾਅ ਹੋ ਕੇ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਕੁਝ ਸਮਾਂ ‘ਦੇਸ-ਪ੍ਰਦੇਸ’ (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖ ਕੇ ਦਿੱਤੀ।
ਇਨ੍ਹੀਂ ਦਿਨੀਂ ਸਤੰਬਰ 1978 ਨੂੰ ਪਾਸ਼ ਦਾ ਤੀਜਾ ਤੇ ਆਖ਼ਰੀ ਕਾਵਿ-ਸੰਗ੍ਰਹਿ ਸਾਡੇ ਸਮਿਆਂ ਵਿੱਚ ਛਪਦਾ ਹੈ। ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਤੋਰਨ ਲਈ ਪਾਸ਼ ਨੇ 1979 ਵਿੱਚ ਗੁਆਂਢੀ ਪਿੰਡ ਉੱਗੀ ਵਿਖੇ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ੍ਹ ਲਿਆ ਅਤੇ ਇਸੇ ਸਾਲ ਉਸਨੇ ਹੱਥ ਲਿਖਤ ਪਰਚਾ ‘ਹਾਕ’ ਕੱਢਣਾ ਸ਼ੁਰੂ ਕੀਤਾ। ਪਰ ਪਾਸ਼ ਪੰਜਾਬ ਦੇ ਵਿਗੜ ਰਹੇ ਮਾਹੌਲ ਅਤੇ ਪ੍ਰਤੀਕੂਲ ਸਥਿਤੀਆਂ ਕਾਰਨ ਨਾ ਸਕੂਲ ਹੀ ਚਲਾ ਸਕਿਆ ਅਤੇ ਨਾ ‘ਹਾਕ’ ਪਰਚੇ ਨੂੰ ਲਗਾਤਾਰ ਕੱਢ ਸਕਿਆ।
ਨਕਸਲਬਾੜੀ ਲਹਿਰ ਦੇ ਪੰਜਾਬ ਵਿਚੋਂ ਬਿਖਰਨ ਅਤੇ ਵਿਚਾਰਧਾਰਕ ਵਖਰੇਵਿਆਂ/ਵਿਰੋਧਾਂ ਵਾਲੀ ਲਹਿਰ (ਖਾਲਿਸਤਾਨੀ ਲਹਿਰ) ਦੇ ਪੰਜਾਬ ਵਿੱਚ ਜ਼ੋਰ ਫੜ੍ਹਨ ਨੇ ਪਾਸ਼ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ। ਇਸੇ ਵੇਲੇ 19 ਜਨਵਰੀ 1982 ਨੂੰ ਪਾਸ਼ ਦੇ ਘਰ ਧੀ ਵਿੰਕਲ ਦਾ ਜਨਮ ਹੋਇਆ, ਜਿਸ ਨੇ ਪਾਸ਼ ਦੀਆਂ ਜਿੰਮੇਵਾਰੀਆਂ ਨੂੰ ਵਧਾ ਦਿੱਤਾ। ਅਜਿਹੇ ਮਾਹੌਲ ਵਿੱਚ ਪਾਸ਼ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਪਰ ਫਿਰ ਵੀ ਉਸਨੇ ਜ਼ਿੰਦਗੀ ਦਾ ਸਾਹਮਣਾ ਕੀਤਾ ਜਿਸ ਦਾ ਵਰਣਨ ਉਸ ਦੀ ਡਾਇਰੀ ਵਿੱਚ ਕਈ ਥਾਈਂ ਆਉਂਦਾ ਹੈ।ਉਹ ਦੋਸਤੀਆਂ ਨਿਭਾਉਂਦਾ, ਜ਼ਿੰਦਗੀ ਦੀਆਂ ਧੁਪਾਂ-ਛਾਵਾਂ ਹੰਢਾਉਂਦਾ, ਤਿਉਹਾਰ ਮਨਾਉਂਦਾ, ਚਿੰਤਨ ਕਰਦਾ, ਵਰਜਿਸ਼ ਕਰਦਾ, ਘਰ ਦੇ ਫਿਕਰਾਂ ’ਚ ਰੁੱਝਿਆ ਉਮਰ ਦੇ ਹਰ ਪਲ ਨਾਲ ਖਹਿ ਕੇ ਲੰਘਦਾ ਰਿਹਾ। ਅਸਲ ਵਿੱਚ ਪਾਸ਼ ਭਰਪੂਰ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ। ਉਸ ਦੇ ਹਰ ਸਾਲ ਦਾ ਹਿਸਾਬ, ਉਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ, ਭਵਿੱਖ ਨੂੰ ਹੋਰ ਮਾਨਣ ਦੀ ਇੱਛਾ, ਪਾਸ਼ ਦੇ ਆਮ ਮਨੁੱਖ ਨਾਲੋਂ ਵਿਸ਼ੇਸ਼ ਤੇ ਵਿਲੱਖਣ ਹੋਣ ਦਾ ਪ੍ਰਮਾਣ ਹੈ।
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫੇਰੀ ਉੱਤੇ ਸੀ। ਇੱਥੋਂ ਉਸ ਨੇ ਐਂਟੀ 47 ਫਰੰਟ ਨਾਮੀ ਪਰਚਾ ਕੱਢਿਆ।
ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਦੀ, ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ। ਇਸ ਕਾਰਨ 23 ਮਾਰਚ1988 ਨੂੰ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ। ਇਤਫ਼ਾਕ ਨਾਲ 23 ਮਾਰਚ ਨੂੰ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦਾ ਸ਼ਹੀਦੀ ਦਿਨ ਵੀ ਹੈ।ਇਨ੍ਹਾਂ ਇਨਕਲਾਬੀਆਂ ਨੂੰ ਅੰਗਰੇਜ਼ਾਂ ਨੇ, ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵੇਲੇ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ।
ਸਾਹਿਤਕ ਸਫ਼ਰ
ਲੋਹ ਕਥਾ (1970),
ਉੱਡਦੇ ਬਾਜ਼ਾਂ ਮਗਰ (1973),
ਸਾਡੇ ਸਮਿਆਂ ਵਿੱਚ (1978), ਅਤੇ
ਖਿਲਰੇ ਹੋਏ ਵਰਕੇ (ਮੌਤ ਉੱਪਰੰਤ, 1989)
ਕੁਝ ਕਵਿਤਾਵਾਂ
ਸਭ ਤੋਂ ਖ਼ਤਰਨਾਕ
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ -ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।
ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।
ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।
ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ ‘ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।
ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।
ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ ।
ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ ‘ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ ‘ਤੇ
ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ ‘ਚ ਖੁੱਭ ਜਾਵੇ ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।
1. ਇਨਕਾਰ
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
ਮੈਂ ਤਾਂ ਜਦ ਵੀ ਕੀਤੀ-ਖਾਦ ਦੇ ਘਾਟੇ
ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਹੀ ਕਰਾਂਗਾ
ਮੈਂ ਦਲਾਨ ਦੇ ਖੂੰਜੇ ‘ਚ ਪਈ ਸੌਣੀ ਦੀ ਫਸਲ
ਤੇ ਦਲਾਨ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ।
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਸਰਦੀ ਦੀ ਰੁੱਤੇ ਖਿੜਨ ਵਾਲੇ
ਫੁੱਲਾਂ ਦੀਆਂ ਕਿਸਮਾਂ ਦੇ ਨਾਂ ‘ਤੇ
ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾਂ ਧਰਾਂਗਾ
ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ
ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ
ਤੇ ਉਸ ਪੂਰੇ ਚਿੜੀਆ-ਘਰ ਦੀ
ਜੋ ਮੈਂ ਆਪਣੀ ਹਿੱਕ ਉੱਤੇ ਪਾਲ ਰੱਖਿਆ ਹੈ
ਜਾਂ ਉਸ ਅਜਾਇਬ ਘਰ ਦੀ
ਜੋ ਮੈਂ ਅਪਣੀ ਹਿੱਕ ਅੰਦਰ ਸਾਂਭ ਰੱਖਿਆ ਹੈ
ਜਾਂ ਏਦਾਂ ਦੀ ਹੀ ਕੋਈ ਕਰੜ ਬਰੜੀ ਗੱਲ ਕਰਾਂਗਾ
ਮੇਰੇ ਲਈ ਦਿਲ ਤਾਂ ਬੱਸ ਇਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ
ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜਿਹੀ ਲੱਜ਼ਤ ਹੈ
ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ
ਲੁਕ ਲੁਕ ਪੀਣ ਦੀ ਕੋਈ ਸ਼ੈਅ ਹੈ
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖਰਗੋਸ਼ ਵਾਂਗ
ਰੋਹੀਆਂ ਦੀ ਕੂਲੀ ਮਹਿਕ ਨੂੰ ਪੋਲੇ ਜਹੇ ਸੁੰਘਾਂ
ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਲਦਾਂ ਦੇ ਵਾਂਗ
ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ ਹਾਂ
ਮੈਂ ਜੱਟਾਂ ਦੇ ਸਾਧ ਹੋਣ ਤੋਂ ਉਰ੍ਹਾਂ ਦਾ ਸਫਰ ਹਾਂ
ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਅ ਹਾਂ
ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ
ਮੈਂ ਪਿੰਡੇ ਵਕਤ ਦੇ, ਚੱਪਾ ਸਦੀ ਦਾ ਦਾਗ ਹਾਂ ਕੇਵਲ
ਤੇ ਮੇਰੀ ਕਲਪਣਾ, ਉਸ ਲੁਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ
ਜੋ ਬੇਰਹਿਮ ਅਸਮਾਨ ਤੇ ਖਿਝਿਆ ਰਹੇ, ਇਕ ਹਵਾ ਦੇ ਬੁੱਲੇ ਲਈ
ਜੀਹਦੇ ਹੱਥ ਵਿਚਲਾ ਚਊ ਦਾ ਫਾਲਾ
ਕਦੀ ਤਲਵਾਰ ਬਣ ਜਾਵੇ, ਕਦੀ ਬੱਸ ਪੱਠਿਆਂ ਦੀ ਪੰਡ ਰਹਿ ਜਾਵੇ
ਮੈਂ ਹੁਣ ਤੁਹਾਡੇ ਲਈ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ
ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉਂਗਲਾਂ ‘ਚੋਂ ਸਿੰਮਦਾ ਰਾਗ ਹਾਂ ਕੇਵਲ
ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰ੍ਹੇ
ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ
ਅਜੇ ਮੈਂ ਧਰਤ ਤੇ ਚਾਈ
ਕਿਸੇ ਸੀਰੀ ਦੇ ਕਾਲੇ-ਸ਼ਾਹ ਬੁੱਲ੍ਹਾਂ ਜਹੀ ਰਾਤ ਦੀ ਹੀ ਗੱਲ ਕਰਾਂਗਾ
ਉਸ ਇਤਿਹਾਸ ਦੀ
ਜੋ ਮੇਰੇ ਬਾਪ ਦੇ ਧੁੱਪ ਨਾਲ ਲੂਸੇ ਮੌਰਾਂ ਉੱਤੇ ਉੱਕਰਿਆ ਹੈ
ਜਾਂ ਅਪਣੀ ਮਾਂ ਦੇ ਪੈਰੀਂ ਪਾਟੀਆਂ ਬਿਆਈਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
2. ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ
ਮੁੰਡਿਓ, ਮੈਂ ਵੀ ਕਦੇ ਤੁਹਾਡੇ ਵਰਗਾ ਸਾਂ
ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਹੋਇਆ ਵੀ ਚੋਰ ਨਹੀਂ ਸਾਂ
ਗੱਲ ਗੱਲ ਤੇ ਪੱਜ ਲਾਉਂਦਾ ਸਾਂ, ਮੈਂ ਪਰ ਝੂਠਾ ਨਹੀਂ ਸਾਂ
ਨੰਗਾ ਨਹੀਂ ਸਮਝਿਆ ਜਾਂਦਾ ਸਾਂ, ਭਾਵੇਂ ਨਿੱਤ ਹੀ ਕਪੜੇ ਲੰਗਾਰ ਪਰਤਦਾ।
ਬੁੜ੍ਹੀ ਪੁੰਨਾ ਦਾ ਵਿੰਗਾ ਚਰਖੇ ਦਾ ਤੱਕਲਾ ਸਦਾ ਈ ਮੇਰੇ ਸਿਰ ਲਗਦਾ
ਪਰ ਥਾਣੇ ਦੀਆਂ ਕਿਤਾਬਾਂ ਵਿਚ ਮੇਰਾ ਨਾਮ ਨਾ ਚੜ੍ਹਦਾ
ਘਰ ਦੇ ਚੌਂਕੇ ਦੀ ਨਿੱਕੀ ਜਹੀ ਮੁੰਡੇਰ,
ਜਾਂ ਵੜੇਵਿਆਂ ਵਾਲੀ ਬੋਰੀ ਜਾਂ ਗਵਾਂਢੀਆਂ ਦੀ ਪੌੜੀ ਥਲੜਾ ਰਖਨਾ
ਮੇਰੇ ਲੁਕਣ ਲਈ ਕਾਫੀ ਸਨ,
ਮੈਂ ਤਿਤਲੀਆਂ ਨੂੰ ਸੂਈ ਵਿਚ ਪਰੋ ਕੇ ਨੱਚਦਾ ਸਾਂ
ਸੋਨ-ਚਿੜੀਆਂ ਨੂੰ ਪਟਾ ਧਾਗੇ ਦਾ ਪਾ ਕੇ ਹਿੱਕਦਾ ਸਾਂ
ਪਰ ਕਦੀ ਹਿੰਸਾਵਾਦੀ ਨਹੀਂ ਅਖਵਾਇਆ
ਗੱਲ ਕੀ ਇਨ ਬਿਨ ਤੁਹਾਡੇ ਵਰਗਾ ਸਾਂ
ਫੇਰ ਇੰਜ ਹੋਇਆ-ਹੌਲੀ ਹੌਲੀ ਮੈਂ ਤੁਹਾਡੇ ਵਰਗਾ ਨਾ ਰਿਹਾ
ਮੈਨੂੰ ਦੱਸਿਆ ਗਿਆ ਕਿ ਝੂਠ ਬੋਲਣਾ ਪਾਪ ਹੈ
ਵਿੱਦਿਆ ਮਨੁੱਖ ਦੀ ਤੀਸਰੀ ਅੱਖ ਹੈ
ਚੋਰੀ ਕਰਨਾ ਬੁਰਾ ਹੈ
ਪ੍ਰਮਾਤਮਾਂ ਇੱਕ ਹੈ,
ਸਾਰੇ ਮਨੁੱਖ ਬਰਾਬਰ ਹੁੰਦੇ ਹਨ-
ਮੈਂ ਇਹਨਾਂ ਸਾਰੇ ਫਿਕਰਿਆਂ ਦੇ,
ਅਜੀਬੋ ਗ਼ਰੀਬ ਆਪਸੀ ਸੰਬੰਧਾਂ ਅੱਗੇ ਸਹਿਮ ਜਿਹਾ ਗਿਆ
ਮੈਂਨੂੰ ਲੱਗਿਆ-ਮੇਰੇ ਖ਼ਿਲਾਫ,
ਕਿਸੇ ਬਹੁਤ ਹੀ ਭਿਆਨਕ ਸਾਜ਼ਿਸ਼ ਦਾ ਸ਼ੁਰੂ ਹੋਣ ਵਾਲਾ ਹੈ
ਮੈਂ ਘਬਰਾ ਕੇ ਤੁਹਾਡੀ ਕਰੰਘੜੀ ‘ਚੋਂ ਹੱਥ ਖਿੱਚ ਲਿਆ
ਤੇ ਜੀਅ ਭਿਆਣਾ ਦੌੜਦਾ ਹੋਇਆ, ਕਿਤਾਬਾਂ ਦੇ ਮਲ੍ਹਿਆਂ ‘ਚ ਫਸ ਗਿਆ
ਕਾਲੇ ਕਾਲੇ ਅੱਖਰ ਤਿੱਖੀਆਂ ਸੂਲਾਂ ਵਾਂਗ ਮੇਰੇ ਬਦਨ ਅੰਦਰ ਉੱਤਰਦੇ ਗਏ
ਮੈਂ ਜਿਵੇਂ ਝਾੜੀਆ ‘ਚ ਲੁਕਦਾ ਫਿਰਦਾ ਕੋਈ ਖ਼ਰਗੋਸ਼ ਸਾਂ
ਜਿਦ੍ਹੇ ਮਗਰ ਲੱਗੇ ਹੋਏ ਸੀ ਇਮਤਿਹਾਨਾਂ ਦੇ ਸ਼ਿਕਾਰੀ ਕੁੱਤੇ।
ਮੈਂ ਕੁਝ ਬੌਂਦਲ ਜਿਹਾ ਗਿਆ, ਜਦੋਂ ਮੈਂਨੂੰ ਪਤਾ ਲੱਗਾ
ਕਿ ਏਥੇ ਤਾਂ ਪੂਰਬ ਹੈ ਜਾਂ ਪੱਛਮ
ਕਿਤੇ ਵੀ ਨਾ ਕੁਝ ਚੜ੍ਹਦਾ ਹੈ, ਨਾ ਲਹਿੰਦਾ ਹੈ
ਜਦੋਂ ਮੈਨੂੰ ਪਤਾ ਲੱਗਾ ਰੱਬ ਰਾਤ-ਬਰਾਤੇ
ਸਾਡੇ ਖ਼ਰਬੂਜਿਆਂ ‘ਚ ਖੰਡ ਪਾਉਣ ਨਹੀਂ ਆਉਂਦਾ
ਨਾ ਸਾਡੇ ਨਰਮੇ ਦੇ ਟੀਂਡਿਆਂ ਨੂੰ
ਚੋਗ ਮੰਗਦੇ ਬੋਟਾਂ ਦੀਆਂ ਚੁੰਝਾਂ ਵਾਂਗ ਖੋਲ੍ਹਣ,
ਜਦੋਂ ਮੈਂਨੂੰ ਪਤਾ ਲੱਗਾ, ਕਿ ਧਰਤੀ ਰੋਟੀ ਦੇ ਵਰਗੀ ਨਹੀਂ ਹੈ, ਗੇਂਦ ਵਰਗੀ ਹੈ
ਅੰਬਰਾਂ ‘ਚ ਨੀਲ਼ੀ ਜਹੀ ਦੀਂਹਦੀ ਖਿਲਾਅ ਹੈ, ਰੱਬ ਨਹੀਂ
ਜਦੋਂ ਮੈਂਨੂੰ ਪਤਾ ਲੱਗਾ, ਵਿੱਦਿਆ ਮਨੁੱਖ ਦੀ ਤੀਸਰੀ ਅੱਖ ਨਹੀਂ
ਸਗੋਂ ਦੋ ਹੀ ਅੱਖਾਂ ਦਾ ਟੀਰ ਹੈ-
ਤੇ ਇੰਜ ਦੀਆਂ ਬੇਸ਼ੁਮਾਰ ਗੱਲਾਂ ਦਾ ਪਤਾ ਲੱਗਾ
ਮੇਰੇ ਅੰਦਰ ਕਿਤੇ ਕੁਝ ਡਿੱਗ ਪਿਆ ਸੀ।
ਅਤੇ ਇਕ ਤੜੱਅਕ ਜਹੀ ਆਵਾਜ਼, ਤੇ ਮੈਂ ਤੱਕਿਆ
ਮੇਰੀਆਂ ਆਂਦਰਾਂ ਵਿਚ ਖੁੱਭੇ ਹੋਏ ਸਨ
ਰੰਗਾਂ ਤੇ ਭੇਤਾਂ ਦੀ ਲੋਅ ਵਾਲੀ ਅਲੋਕਾਰ ਕਵਿਤਾ ਦੇ ਕਿੱਚਰ
ਫੇਰ ਮੁੰਡਿਓ, ਤੁਸੀਂ ਕੌਣ ਤੇ ਮੈਂ ਕੌਣ ਸਾਂ
ਫੇਰ ਮੈਂ ਖੂਬਸੂਰਤ ਕੋਠੀਆਂ ਤੇ ਬਾਜ਼ਾਰਾਂ ਨੂੰ
ਹਸਰਤ ਜਹੀ ਦੀਆਂ ਨਜ਼ਰਾਂ ਨਾਲ ਵੇਂਹਦਾ ਹੋਇਆ ਵੀ ਚੋਰ ਸਮਝਿਆ ਗਿਆ
ਪਿੰਜੇ ਜਾਣ ਦੇ ਦਰਦ ਵਿਚ ਕਰਾਹੁੰਦੇ ਹੋਏ ਨੂੰ ਵੀ ਮਕਰ ਹੀ ਆਖਿਆ ਗਿਆ
ਬਣਦੇ ਜੁੜਦੇ ਬਸਤਰਾਂ ਉਤੇ ਵੀ ਨਜ਼ਰਾਂ ਇਸ ਤਰਾਂ ਉੱਠੀਆਂ,
ਕਿ ਜਿਵੇਂ ਅਲਫ ਨੰਗਾ ਹਾਂ
ਜ਼ਰਾ ਵੀ ਆਪਣੇ ਬਾਰੇ ਬੋਲਣ ਉਤੇ ਤੋਹਮਤਾਂ ਨਾਲ ਵਿੰਨ੍ਹਿਆ ਗਿਆ
ਜਦ ਮੈਂ ਝੂਠ, ਚੋਰੀ, ਮਿਹਰਬਾਨ ਪ੍ਰਮਾਤਮਾਂ
ਤੇ ਸਭ ਮਨੁੱਖਾਂ ਦੇ ਬਰਾਬਰ ਹੋਣ ਦੀਆਂ ਧਾਰਨਾਵਾਂ ਤੇ
ਦੁਬਾਰਾ ਸੋਚਣਾ ਚਾਹਿਆ ਤਾਂ ਮੇਰੇ ਇੰਜ ਸੋਚਣ ਨੂੰ, ਹਿੰਸਾ ਗਰਦਾਨਿਆ ਗਿਆ-
ਯਾਰਾਂ ਦੇ ਤਹਿਖ਼ਾਨਿਆਂ ਵਰਗੇ ਚੁਬਾਰੇ,
ਸੰਘਣੀ ਧੁੰਦ ਜਿਹਾ ਮੇਰੀ ਮਹਿਬੂਬ ਦਾ ਹਿਰਦਾ
ਅਤੇ ਘਟਾ-ਟੋਪ ਕਮਾਦੀਆਂ ਵੀ ਮੈਂਨੂੰ ਲੁਕਾ ਨਾ ਸਕੀਆਂ
ਮੈਂ ਜੋ ਲੁਕ ਜਾਂਦਾ ਸਾਂ ਘਰ ਦੇ ਚੌਂਕੇ ਦੀ ਨਿੱਕੀ ਜਹੀ ਮੁੰਡੇਰ
ਜਾਂ ਵੜੇਵਿਆਂ ਵਾਲੀ ਬੋਰੀ ਜਾਂ ਗਵਾਂਢੀਆਂ ਦੀ ਪੌੜੀ ਥਲੜੇ ਰਖਨੇ ਦੇ ਓਹਲੇ..
ਤੇ ਹੁਣ ਮੈਂ ਐਨ ਉਨ੍ਹਾਂ ਦੇ ਸਾਹਮਣੇ ਸਾਂ
ਅਣ-ਉਦਘਾਟਣੇ ਪੁਲਾਂ ਵਾਂਗ,
ਅਣਪੀਤੀ ਸ਼ਰਾਬ, ਜਾਂ ਅਣਟੋਹੀਆਂ ਛਾਤੀਆਂ ਵਾਂਗ
ਫਿਰ ਉਹ ਆਏ-ਸਚਾਈਆਂ ਦੇ ਅਲਮਬਰਦਾਰ
ਉਨ੍ਹਾਂ ਦੇ ਹੱਥਾਂ ਵਿਚ ਵਿਵਸਥਾ ਦਾ ਟੋਕਾ ਸੀ- ਬੱਸ ਓਦੋਂ ਹੀ ਮੈਂਨੂੰ ਤੱਥਾਂ ਦੇ ਤੱਥ ਦਾ ਇਲਮ ਹੋਇਆ
ਕਿ ਟੋਕੇ ਦੀ ਸ਼ਕਲ ਝੰਡੇ ਵਰਗੀ ਹੁੰਦੀ ਹੈ।
ਮੁੰਡਿਓ, ਮੇਰਾ ਸੱਚ ਨਾ ਮੰਨਣਾ-ਜੇ ਆਖਾਂ ਸਿਰਫ ਕਪੜੇ ਦਾ ਟੋਕਾ ਛਾਂਗ ਸਕਦਾ ਹੈ ਮਨੁੱਖੀ ਹਿੱਕ ਅੰਦਰਲੀ ਗੂੰਜ ਨੂੰ
ਜੇ ਆਖਾਂ-ਹਰ ਸੱਚਾਈ ਕੇਵਲ ਛਾਂਗੀ ਹੋਈ ਡਾਡ ਹੁੰਦੀ ਹੈ ਜੇ ਆਖਾਂ- ਪੰਦਰਵੇਂ ਤੋਂ ਬਾਦ ਹਰ ਵਰ੍ਹਾ ਸਿਵਿਆਂ ‘ਚੋਂ ਉਠਦੀ ਭਾਫ ਦਾ ਗ਼ੁਬਾਰ ਹੁੰਦਾ ਹੈ
ਮੈਂ ਮੁੰਡਿਓ, ਹੁਣ ਤੁਹਾਡੇ ‘ਚੋਂ ਨਹੀਂ ਹਾਂ
ਮੈਂ ਇੱਲ ਦੇ ਪੰਜਿਆਂ ‘ਚ ਉਡ ਰਿਹਾ ਆਜ਼ਾਦ ਚੂਹਾ ਹਾਂ
ਘੁਸਮੁਸੇ ਦੀ ਚੁੰਭਲੀ ਹੋਈ ਅੱਖ ਹਾਂ
ਇਤਿਹਾਸ ਦੇ ਤਾਲਾ ਲੱਗੇ ਹੋਏ ਬੂਹੇ ਤੇ ਬੈਠਾ ਪ੍ਰਾਹੁਣਾ ਹਾਂ
ਬਾਰਾਂ ਮਾਹ ਚੋਂ ਵਰਜਤ ਕੋਈ ਮਸਾਂਦ ਹਾਂ ਜਿਸ ਤੇ ਕੁਝ ਵੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ-
ਕਵਿਤਾ ਨਹੀਂ, ਮੇਰੀ ਆਵਾਜ਼ ਕੇਵਲ ਗੰਦ ਤੇ ਵਰ੍ਹਦਾ ਮੀਂਹ ਹੈ
ਤੁਹਾਡੇ ਲਈ ਅਸੀਸ ਨਾ ਨਸੀਹਤ
ਮੇਰੇ ਸ਼ਬਦ ਧੁਲਾਈ ਕਰਦੇ ਹੋਏ ਵੀ ਬਦਬੂ ਖਿੰਡਾ ਰਹੇ ਨੇ
ਅਸਲ ਵਿਚ ਮੁੰਡਿਓ, ਮੈਂ ਬਹੁਤ ਦਹਿਲ ਗਿਆ ਹਾਂ ਇਸ ਭਿਆਨਕ ਤਸੀਹੇ ਤੋਂ
ਕਿ ਅਜ ਕਲ ਪਰਬਤਾਂ ਤੇ’ਚੜ੍ਹਨਾ ਵੀ ਇਓਂ ਲਗਦਾ ਹੈ
ਜਿਵੇਂ ਕਿਸੇ ਲੰਮੀ ਢਲਾਨ ਤੋਂ ਉਤਰ ਰਿਹਾ ਹੋਵਾਂ
ਸਾਗਰ ਦੀ ਛਾਤੀ ‘ਤੇ ਤਰਨਾ ਇੰਝ ਹੈ
ਜਿਵੇਂ ਡੁੱਬਣ ਦੀ ਬੜੀ ਹੀ ਧੀਮੀ ਜਹੀ ਕਿਰਿਆ ਹੋਵੇ।
ਇਹ ਕੇਹਾ ਤਸੀਹਾ ਹੈ,
ਕਿ ਤੁਸੀਂ ਕੁੜੀਆਂ, ਫੁੱਲਾਂ ਤੇ ਪਰਿੰਦਿਆਂ ਨੂੰ ਤਕਦੇ ਪਏ ਹੋਵੋ
ਤੇ ਅਗੋਂ ਖਿਲਾਅ ਹੀ ਖਿਲਾਅ, ਤੁਹਾਡੀਆਂ ਅੱਖਾਂ ਵਿਚ ਮਿਰਚਾਂ ਦੇ ਵਾਂਗ ਲੜੇ
ਮੈਂ ਸਾਰੇ ਦਾ ਸਾਰਾ ਅੰਬ ਗਿਆ ਹਾਂ,
ਇਸ ਮਸ਼ੀਂਨੀ ਜਹੀ ਹਫੜਾ ਦਫੜੀ ‘ਚ ਤੁਰਦੇ ਹੋਏ
ਜਿੱਥੇ ਰਿਸ਼ਤੇ ਅੰਨੇ ਵੇਗ ‘ਚ, ਆਪਣੇ ਅਰਥਾਂ ਨਾਲ ਟਕਰਾ ਗਏ ਹਨ
ਮੈਂ-ਜੋ ਸਿਰਫ ਇਕ ਆਦਮੀ ਬਣਨਾ ਚਾਹੁੰਦਾ ਸਾਂ,
ਇਹ ਕੀ ਬਣਾ ਦਿੱਤਾ ਗਿਆ ਹਾਂ ?
ਤੇ ਹੁਣ ਮੈਂ ਚਾਹੁੰਦਾ ਹਾਂ, ਸੜਕ ਤੇ ਜਾ ਰਹੇ ਕਿਸੇ ਮਾਡਲ ਸਕੂਲ ਦੇ ਰਿਖਸ਼ਾ ਵਿਚ
ਛੜੱਪ ਦੇਣੀਂ ਚੜ੍ਹ ਜਾਵਾਂ, ਤੇ ਟਾਫੀ ਚੂਸਦਾ ਹੋਇਆ
ਇਸ ਉਧੜੇ ਗੁਧੜੇ ਫੈਲੇ ਹੋਏ ਸੰਸਾਰ ਨੂੰ, ਮਸੂਮ ਜਹੀ ਤੱਕਣੀ ਨਾਲ ਘੂਰਾਂ
ਤੇ ਸਾਰੀਆਂ ਆਲਮੀ ਸੱਚਾਈਆਂ ਉੱਤੇ,
ਨਵੇਂ ਸਿਰਿਓਂ ਯਕੀਨ ਕਰਨਾ ਸ਼ੁਰੂ ਕਰਾਂ
ਜਿਵੇਂ ਉਹ ਇਨ ਬਿਨ ਸੱਚੀਆਂ ਹੀ ਹੋਣ ।
3. ਮੈਂ ਹੁਣ ਵਿਦਾ ਹੁੰਦਾ ਹਾਂ
ਮੈਂ ਹੁਣ ਵਿਦਾ ਹੁੰਦਾ ਹਾਂ
ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਹਾਂ।
ਮੈਂ ਇਕ ਕਵਿਤਾ ਲਿਖਣੀ ਚਾਹੀ ਸੀ।
ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ
ਉਸ ਕਵਿਤਾ ਵਿਚ
ਮਹਿਕਦੇ ਹੋਏ ਧਨੀਏ ਦਾ ਜ਼ਿਕਰ ਹੋਣਾ ਸੀ
ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ
ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ।
ਉਸ ਕਵਿਤਾ ਵਿਚ ਰੁੱਖਾਂ ਉੱਤੋਂ ਚੋਂਦੀਆਂ ਧੁੰਦਾਂ
ਅਤੇ ਬਾਲਟੀ ਵਿਚ ਚੋਏ ਦੁੱਧ ‘ਤੇ ਗੌਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ
ਤੇ ਜੋ ਵੀ ਹੋਰ
ਮੈਂ ਤੇਰੇ ਜਿਸਮ ਵਿਚੋਂ ਤੱਕਿਆ
ਉਸ ਸਾਰੇ ਕਾਸੇ ਦਾ ਜ਼ਿਕਰ ਹੋਣਾ ਸੀ
ਉਸ ਕਵਿਤਾ ਵਿਚ ਮੇਰੇ ਹੱਥਾਂ ਉਤਲੇ ਰੱਟਣਾਂ ਨੇ ਮੁਸਕਰੌਣਾ ਸੀ
ਮੇਰੇ ਪੱਟਾਂ ਦੀਆਂ ਮਛਲੀਆਂ ਨੇ ਤੈਰਨਾ ਸੀ
ਤੇ ਮੇਰੇ ਹਿੱਕ ਦੇ ਵਾਲਾਂ ਦੇ ਨਰਮ ਸ਼ਾਲ ਵਿਚ
ਨਿੱਘ ਦੀਆਂ ਲਪਟਾਂ ਉਠਣੀਆਂ ਸਨ,
ਉਸ ਕਵਿਤਾ ਵਿਚ
ਤੇਰੇ ਲਈ
ਮੇਰੇ ਲਈ
ਤੇ ਜ਼ਿੰਦਗੀ ਦੇ ਸਾਰੇ ਸਾਕਾਂ ਲਈ ਬਹੁਤ ਕੁਝ ਹੋਣਾ ਸੀ ਮੇਰੀ ਦੋਸਤ,
ਪਰ ਬੜਾ ਈ ਬੇਸਵਾਦਾ ਏ
ਦੁਨੀਆ ਦੇ ਇਸ ਉਲਝੇ ਹੋਏ ਨਕਸ਼ੇ ਨਾਲ ਨਿਪਟਣਾ।
ਤੇ ਜੇ ਮੈਂ ਲਿਖ ਵੀ ਲੈਂਦਾ
ਉਹ ਸ਼ਗਨਾਂ ਭਰੀ ਕਵਿਤਾ
ਤਾਂ ਉਸ ਨੇ ਉਂਝ ਹੀ ਦਮ ਤੋੜ ਦੇਣਾ ਸੀ
ਤੈਨੂੰ ਤੇ ਮੈਨੂੰ ਛਾਤੀ ਉੱਤੇ ਵਿਲਕਦੇ ਛੱਡ ਕੇ,
ਮੇਰੀ ਦੋਸਤ ਕਵਿਤਾ ਬਹੁਤ ਹੀ ਨਿਸੱਤੀ ਹੋ ਗਈ ਹੈ
ਜਦ ਕਿ ਹਥਿਆਰਾਂ ਦੇ ਨੌਂਹ ਭੈੜੀ ਤਰ੍ਹਾਂ ਵਧ ਆਏ ਹਨ
ਤੇ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ
ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ
ਯੁੱਧ ਵਿਚ
ਹਰ ਚੀਜ਼ ਨੂੰ ਬੜੀ ਸੌਖੀ ਤਰਾਂ ਸਮਝ ਲਿਆ ਜਾਂਦਾ ਹੈ
ਆਪਣਾ ਜਾਂ ਦੁਸ਼ਮਨ ਦਾ ਨਾਂ ਲਿਖਣ ਵਾਂਗ
ਤੇ ਇਸ ਹਾਲਤ ‘ਚ
ਮੇਰੇ ਚੁੰਮਣ ਲਈ ਵਧੇ ਹੋਏ ਬੁੱਲ੍ਹਾਂ ਦੀ ਗੋਲਾਈ ਨੂੰ
ਧਰਤੀ ਦੇ ਆਕਾਰ ਦੀ ਉਪਮਾ
ਜਾਂ ਤੇਰੇ ਲੱਕ ਦੇ ਲਹਿਰਨ ਨੂੰ
ਸਮੁੰਦਰ ਦੇ ਸਾਹ ਲੈਣ ਦੀ ਤੁਲਨਾ ਦੇਣਾ
ਬੜਾ ਮਜ਼ਾਕ ਜਿਹਾ ਲੱਗਣਾ ਸੀ।
ਸੋ ਮੈਂ ਅਜਿਹਾ ਕੁਝ ਨਹੀਂ ਕੀਤਾ,
ਤੈਂਨੂੰ,
ਤੇਰੀ ਮੇਰੇ ਵਿਹੜੇ ਵਿਚ ਬੱਚੇ ਖਿਡਾ ਸਕਣ ਦੀ ਖ਼ਾਹਿਸ਼ ਨੂੰ
ਤੇ ਯੁੱਧ ਦੀ ਸਮੁੱਚਤਾ ਨੂੰ
ਇਕੋ ਕਤਾਰ ਵਿਚ ਖੜਾ ਕਰਨਾ ਮੇਰੇ ਲਈ ਸੰਭਵ ਨਹੀਂ ਹੋ ਸਕਿਆ
ਤੇ ਮੈਂ ਹੁਣ ਵਿਦਾ ਹੁੰਦਾ ਹਾਂ।
ਮੇਰੀ ਦੋਸਤ, ਆਪਾਂ ਯਾਦ ਰੱਖਾਂਗੇ
ਕਿ ਦਿਨੇ ਲੁਹਾਰ ਦੀ ਭੱਠੀ ਦੇ ਵਾਂਗ ਤਪਣ ਵਾਲੇ
ਆਪਣੇ ਪਿੰਡ ਦੇ ਟਿੱਬੇ
ਰਾਤ ਨੂੰ ਫੁੱਲਾਂ ਵਾਂਗ ਮਹਿਕ ਉੱਠਦੇ ਹਨ,
ਤੇ ਚਾਂਦਨੀ ਵਿਚ ਰਸੇ ਹੋਏ ਟੋਕੇ ਦੇ ਢੇਰਾਂ ਤੇ ਲੇਟ ਕੇ
ਸਵਰਗ ਨੂੰ ਗਾਹਲ ਕੱਢਣਾ, ਬੜਾ ਸੰਗੀਤਮਈ ਹੁੰਦਾ ਹੈ
ਹਾਂ ਇਹ ਸਾਨੂੰ ਯਾਦ ਰੱਖਣਾ ਪਏਗਾ ਕਿਓੁਂਕਿ
ਜਦੋਂ ਦਿਲ ਦੀਆਂ ਜੇਬਾਂ ‘ਚ ਕੁਝ ਨਹੀਂ ਹੁੰਦਾ
ਯਾਦ ਕਰਨਾ ਬੜਾ ਹੀ ਸੁਖਾਵਾਂ ਲਗਦਾ ਹੈ।
ਮੈਂ ਇਸ ਵਿਦਾਈ ਦੀ ਘੜੀ ਧੰਨਵਾਦ ਕਰਨਾ ਚਾਹੁੰਦਾ ਹਾਂ
ਉਨ੍ਹਾਂ ਸਾਰੀਆਂ ਹੁਸੀਨ ਚੀਜ਼ਾਂ ਦਾ
ਜੋ ਸਾਡੀਆਂ ਮਿਲਣੀਆਂ ਤੇ ਤੰਬੂ ਵਾਂਗ ਤਣਦੀਆਂ ਰਹੀਆਂ
ਤੇ ਉਹਨਾਂ ਆਮ ਥਾਵਾਂ ਦਾ
ਜੋ ਸਾਡੇ ਮਿਲਣ ਤੇ ਹੁਸੀਨ ਹੋ ਗਈਆਂ,
ਮੈਂ ਧੰਨਵਾਦ ਕਰਦਾ ਹਾਂ-
ਆਪਣੇ ਸਿਰ ਤੇ ਠਹਿਰ ਜਾਣ ਵਾਲੀ
ਤੇਰੇ ਵਾਂਗ ਹੌਲੀ ਤੇ ਗੀਤਾਂ ਭਰੀ ਹਵਾ ਦਾ
ਜੋ ਮੇਰਾ ਚਿੱਤ ਲਾਈ ਰੱਖਦੀ ਰਹੀ ਤੇਰੀ ਉਡੀਕ ਕਰਦਿਆਂ
ਆਡ ਉੱਤੇ ਉੱਗੇ ਹੋਏ ਰੇਸ਼ਮੀ ਘਾਹ ਦਾ
ਜੋ ਤੇਰੀ ਰੁਮਕਦੀ ਹੋਈ ਤੋਰ ਦੇ ਅੱਗੇ ਸਦਾ ਵਿਛ ਵਿਛ ਗਿਆ,
ਟੀਂਡਿਆਂ ‘ਚੋਂ ਕਿਰੀਆਂ ਕਪਾਹਾਂ ਦਾ
ਜਿਨ੍ਹਾਂ ਨੇ ਕਦੇ ਕੋਈ ਉਜ਼ਰ ਨਾ ਕੀਤਾ
ਤੇ ਸਦਾ ਮੁਸਕਰਾ ਕੇ ਆਪਣੇ ਲਈ ਸੇਜ ਬਣ ਗਈਆਂ,
ਗੰਨਿਆਂ ਉੱਤੇ ਤੈਨਾਤ ਪਿੱਦੀਆਂ ਦਾ
ਜਿਨ੍ਹਾਂ ਨੇ ਆਉਂਦੇ ਜਾਂਦੇ ਦੀ ਬਿੜਕ ਰੱਖੀ
ਜਵਾਨ ਹੋਈਆਂ ਕਣਕਾਂ ਦਾ
ਜੋ ਸਾਨੂੰ ਬੈਠਿਆਂ ਨਾ ਸਹੀ, ਲੇਟਿਆਂ ਤਾਂ ਢੱਕਦੀਆਂ ਰਹੀਆਂ।
ਮੈਂ ਧੰਨਵਾਦ ਕਰਦਾਂ, ਸਰ੍ਹੋਂ ਦੇ ਨਿੱਕਿਆਂ ਫੁੱਲਾਂ ਦਾ
ਜਿਨ੍ਹਾਂ ਮੈਂਨੂੰ ਕਈ ਵਾਰੀ ਬਖਸ਼ਿਆ ਮੌਕਾ
ਪਰਾਗ ਕੇਸਰ ਤੇਰਿਆਂ ਵਾਲਾਂ ਚੋਂ ਝਾੜਨ ਦਾ।
ਮੈਂ ਮਨੁੱਖ ਹਾਂ, ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ
ਤੇ ਉਹਨਾਂ ਸਾਰੀਆਂ ਚੀਜ਼ਾਂ ਲਈ
ਜਿਨ੍ਹਾਂ ਮੈਂਨੂੰ ਖਿੰਡਰ ਜਾਣ ਤੋਂ ਬਚਾਈ ਰੱਖਿਆ
ਮੇਰੇ ਕੋਲ ਬਹੁਤ ਸ਼ੁਕਰਾਨਾ ਹੈ
ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ।
ਪਿਆਰ ਕਰਨਾ ਬੜਾ ਹੀ ਸਹਿਜ ਹੈ
ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਇਆਂ
ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ,
ਜਾਂ ਜਿਵੇਂ ਗੁਪਤਵਾਸ ਵਿਚ ਵੱਜੀ ਹੋਈ ਗੋਲੀ ਤੋਂ
ਕਿਸੇ ਛੰਨ ਅੰਦਰ ਪਏ ਰਹਿ ਕੇ
ਜ਼ਖਮ ਦੇ ਭਰਨ ਦੀ ਕੋਈ ਕਲਪਣਾ ਕਰੇ
ਪਿਆਰ ਕਰਨਾ
ਤੇ ਲੜ ਸਕਣਾ
ਜੀਣ ਤੇ ਈਮਾਨ ਲੈ ਆਉਣਾ ਮੇਰੀ ਦੋਸਤ, ਇਹੋ ਹੁੰਦਾ ਹੈ।
ਧੁੱਪਾਂ ਵਾਂਗ ਧਰਤੀ ਤੇ ਖਿੜ ਜਾਣਾ,
ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ,
ਬਰੂਦ ਵਾਂਗ ਭੜਕ ਉੱਠਣਾ
ਤੇ ਚੌਹਾਂ ਕੂਟਾਂ ਅੰਦਰ ਗੂੰਜ ਜਾਣਾ-
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ।
ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ।
ਜਿਸਮਾਂ ਦਾ ਰਿਸ਼ਤਾ ਸਮਝ ਸਕਣਾ-
ਖ਼ੁਸ਼ੀ ਤੇ ਨਫਰਤ ਵਿਚ ਕਦੇ ਵੀ ਲੀਕ ਨਾ ਖਿੱਚਣਾ
ਜ਼ਿੰਦਗੀ ਦੇ ਫੈਲੇ ਹੋਏ ਆਕਾਰ ਤੇ ਫ਼ਿਦਾ ਹੋਣਾ-
ਸਹਿਮ ਨੂੰ ਚੀਰ ਕੇ ਮਿਲਨਾ ਤੇ ਵਿਦਾ ਹੋਣਾ-
ਬੜਾ ਸੂਰਮਗਤੀ ਦਾ ਕੰਮ ਹੁੰਦਾ ਹੈ ਮੇਰੀ ਦੋਸਤ
ਮੈਂ ਹੁਣ ਵਿਦਾ ਹੰਦਾ ਹਾਂ।
ਤੂੰ ਭੁੱਲ ਜਾਵੀਂ
ਮੈਂ ਤੈਨੂੰ ਕਿਸ ਤਰ੍ਹਾਂ ਝਿੰਮਣਾਂ ਦੇ ਅੰਦਰ ਪਾਲ ਕੇ ਜਵਾਨ ਕੀਤਾ
ਕਿ ਮੇਰੀਆਂ ਨਜ਼ਰਾਂ ਨੇ ਕੀ ਕੁਝ ਨਹੀਂ ਕੀਤਾ
ਤੇਰੇ ਨਕਸ਼ਾਂ ਦੀ ਧਾਰ ਬੰਨ੍ਹਣ ਵਿਚ,
ਕਿ ਮੇਰੇ ਚੁੰਮਣਾਂ ਨੇ ਕਿੰਨਾ ਖ਼ੂਬਸੂਰਤ ਕਰ ਦਿੱਤਾ ਤੇਰਾ ਚਿਹਰਾ
ਕਿ ਮੇਰੀਆਂ ਜੱਫੀਆਂ ਨੇ
ਤੇਰਾ ਮੋਮ ਵਰਗਾ ਪਿੰਡਾ ਕਿੰਜ ਸੰਚੇ ‘ਚ ਢਾਲਿਆ
ਤੂੰ ਇਹ ਸਾਰਾ ਈ ਕੁਝ ਭੁੱਲ ਜਾਵੀਂ ਮੇਰੀ ਦੋਸਤ
ਸਿਵਾ ਇਸ ਤੋਂ
ਕਿ ਮੈਂਨੂੰ ਜੀਣ ਦੀ ਬਹੁਤ ਲੋਚਾ ਸੀ
ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿਚ ਡੁੱਬਣਾ ਚਾਹੁੰਦਾ ਸਾਂ
ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ,
ਮੇਰੇ ਵੀ ਹਿੱਸੇ ਦਾ ਜੀਅ ਲੈਣਾ।
4. ਪ੍ਰਤੀਬੱਧਤਾ
ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ
ਜਿਸ ਤਰ੍ਹਾਂ ਸਾਡੇ ਡੌਲਿਆਂ ਵਿਚ ਖੱਲੀਆਂ ਹਨ,
ਜਿਸ ਤਰ੍ਹਾਂ ਬਲਦਾਂ ਦੀ ਪਿੱਠ ਤੇ ਉਭਰੀਆਂ,
ਪਰਾਣੀਆਂ ਦੀਆਂ ਲਾਸਾਂ ਹਨ,
ਜਿਸ ਤਰ੍ਹਾਂ ਕਰਜ਼ੇ ਦੇ ਕਾਗ਼ਜ਼ਾਂ ਵਿਚ,
ਸਾਡਾ ਸਹਿਮਿਆ ਤੇ ਸੁੰਗੜਿਆ ਭਵਿੱਖ ਹੈ
ਅਸੀਂ ਜ਼ਿੰਦਗੀ, ਬਰਾਬਰੀ ਜਾਂ ਕੁਝ ਵੀ ਹੋਰ
ਏਸੇ ਤਰ੍ਹਾਂ ਸੱਚੀ-ਮੁੱਚੀ ਦਾ ਚਾਹੁੰਦੇ ਹਾਂ
ਜਿਸ ਤਰ੍ਹਾਂ ਸੂਰਜ, ਹਵਾ ਤੇ ਬੱਦਲ
ਘਰਾਂ ਤੇ ਖੇਤਾਂ ਵਿਚ ਸਾਡੇ ਅੰਗ ਸੰਗ ਰਹਿੰਦੇ ਹਨ,
ਅਸੀਂ ਓਸ ਤਰ੍ਹਾਂ
ਹਕੂਮਤਾਂ, ਵਿਸ਼ਵਾਸਾਂ ਤੇ ਖ਼ੁਸ਼ੀਆਂ ਨੂੰ
ਆਪਣੇ ਨਾਲ ਨਾਲ ਤੱਕਣਾ ਚਾਹੁੰਦੇ ਹਾਂ
ਡਾਢਿਓ, ਅਸੀਂ ਸਾਰਾ ਕੁਝ ਸੱਚੀ-ਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ।
ਅਸੀਂ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਚਾਹੁੰਦੇ
ਜਿਵੇਂ ਸ਼ਰਾਬ ਦੇ ਮਕੱਦਮੇ ‘ਚ
ਕਿਸੇ ਟਾਊਟ ਦੀ ਗਵਾਹੀ ਹੁੰਦੀ ਹੈ,
ਜਿਵੇਂ ਪਟਵਾਰੀ ਦਾ ਈਮਾਨ ਹੁੰਦਾ ਹੈ,
ਜਾਂ ਜਿਵੇਂ ਆੜ੍ਹਤੀ ਦੀ ਕਸਮ ਹੁੰਦੀ ਹੈ-
ਅਸੀਂ ਚਾਹੁੰਦੇ ਹਾਂ ਆਪਣੀ ਤਲੀ ਤੇ ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ‘ਚ ਕਣ ਹੁੰਦਾ ਹੈ
ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਠਾਂ ਤੇ
ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ
ਅਸੀਂ ਨਹੀਂ ਚਾਹੁੰਦੇ
ਪੁਲਸ ਦੀਆਂ ਲਾਠੀਆਂ ਤੇ ਟੰਗੀਆਂ ਕਿਤਾਬਾਂ ਨੂੰ ਪੜ੍ਹਨਾ
ਅਸੀਂ ਨਹੀਂ ਚਾਹੁੰਦੇ
ਹੁਨਰ ਦਾ ਗੀਤ, ਫੌਜੀ ਬੂਟਾਂ ਦੀਆਂ ਟਾਪਾਂ ਤੇ ਗਾਉਣਾ
ਅਸੀਂ ਤਾਂ ਰੁੱਖਾਂ ਉੱਤੇ ਚਣਕਦੇ ਸੰਗੀਤ ਨੂੰ
ਸਧਰਾਏ ਹੋਏ ਪੋਟਿਆਂ ਦੇ ਨਾਲ ਛੂਹ ਕੇ ਦੇਖਣਾ ਚਾਹੁੰਦੇ ਹਾਂ
ਅੱਥਰੂ ਗੈਸ ਦੇ ਧੂੰਏਂ ‘ਚ ਲੂਣ ਚੱਟਣਾ
ਜਾਂ ਆਪਣੀ ਜੀਭ ਉੱਤੇ ਆਪਣੇ ਹੀ ਲਹੂ ਦਾ ਸਵਾਦ ਚੱਖਣਾ
ਕਿਸੇ ਲਈ ਵੀ ਮਨੋਰੰਜਕ ਨਹੀਂ ਹੋ ਸਕਦਾ
ਪਰ
ਅਸੀਂ ਐਵੇਂ ਮੁੱਚੀਂ ਦਾ ਕੁਝ ਨਹੀਂ ਚਾਹੁੰਦੇ
ਤੇ ਅਸੀਂ ਸਾਰਾ ਕੁਝ ਸੱਚੀਂ ਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ
ਜ਼ਿੰਦਗੀ, ਸਮਾਜਵਾਦ ਜਾਂ ਕੁਝ ਵੀ ਹੋਰ…
5. ਕੱਲ੍ਹ
ਕੱਲ੍ਹ ਸਾਡੇ ਪਿੰਡ ਵਿਚ ਕੁਝ ਵੀ ਨਹੀਂ ਹੋਇਆ
ਪਰਸੋਂ ਨੂੰ ਖਵਰੇ ਨਾਜਾਇਜ਼ ਗਰਭ ਸੀ
ਕਿ ਪਿੰਡ ਦੀਆਂ ਰੂੜੀਆਂ ਤੇ ਸੁੱਟ ਕੇ ਚਲੀ ਗਈ
ਕਿਰਨਾਂ ਦੀ ਕਿਆਂ ਕਿਆਂ,
ਐਵੇਂ ਘਰ ਦਿਆਂ ਤੋਂ ਝਿੜਕ ਖਾਣੀ ਸੀ
ਕਿ ਉਸ ਨੂੰ ਤਰਸ ਖਾ ਕੇ ਬੱਠਲਾਂ ‘ਚ ਪਾ ਲਿਆਈਆਂ
ਗੋਹਾ ਕੂੜਾ ਕਰਦੀਆਂ ਕੁੜੀਆਂ।
ਉਂਝ ਕੱਲ੍ਹ ਦੀ ਕਿਸੇ ਨੂੰ ਉਡੀਕ ਨਾ ਸੀ-
ਦੋਧੀ ਦੇ ਸਾਈਕਲ ਦੀ ਚੇਨ
ਬਹੁਤ ਹੀ ਪੁਰਾਣੀ ਸੀ ਕਿ ਵਲੂੰਧਰੇ ਗਏ
ਬੂਰੀਆਂ ਦੇ ਰੇਸ਼ਮ ਵਰਗੇ ਥਣ,
ਜਾਂ ਖੁੱਭ ਗਈ ਹਾਲੀ ਦੇ ਨੰਗੇ ਪੈਰ ਵਿਚ
ਘਸ ਕੇ ਲੱਥੀ ਬਲਦ ਦੀ ਖੁਰੀ,
ਜਾਂ ਮਰ ਗਿਆ ਟਰੱਕ ਹੇਠਾਂ ਆਣ ਕੇ
ਭੱਤੇ ਦੇ ਮਗਰ ਜਾ ਰਿਹਾ ਕੁੱਤਾ
ਨਿਆਣੇ ਬੰਟਿਆਂ ਦੇ ਨਾਲ ਖੇਡਦੇ ਰਹੇ
ਛੱਤ ਤੇ ਖੜੀ ਸਰਪੰਚ ਦੀ ਕੁੜੀ
ਬੜਾ ਚਿਰ ਕੇਸ ਵਾਹੁੰਦੀ ਰਹੀ-
ਕੱਲ੍ਹ ਸਾਡੇ ਪਿੰਡ ਵਿਚ ਕੁਝ ਨਹੀਂ ਹੋਇਆ
ਕੱਲ੍ਹ ਵੀ ਸਾਡੇ ਮੂੰਹ ਸਨ-ਚਿਹਰੇ ਨਹੀਂ ਸਨ
ਕੱਲ੍ਹ ਵੀ ਅਸੀਂ ਸਮਝਦੇ ਰਹੇ ਕਿ ਦਿਲ ਹੀ ਸੋਚਦਾ ਹੈ।
ਰੱਬ ਕੱਲ੍ਹ ਵੀ ਅੰਬਰ ਦੀਆਂ ਨੀਲੱਤਣਾਂ ਵਿਚ ਕੈਦ ਹੀ ਰਿਹਾ,
ਨਿਰਾਸ਼ ਆਜੜੀ ਦੇ ਵਾੜੇ ਵਿਚ
ਉਹਦੀ ਕੱਲ੍ਹ ਵੀ ਗ਼ੈਰ-ਹਾਜ਼ਰੀ ਲੱਗੀ
ਕੱਲ੍ਹ ਵੀ ਸਾਨੂੰ ਰਿਹਾ ਯਕੀਨ
ਕਿ ਮਥਰਾ ਦਾ ਰਾਜਾ ਸੱਚਮੁੱਚ ਸੁਦਾਮੇ ਦਾ
ਮਿੱਤਰ ਹੀ ਹੋਵੇਗਾ ਨਹੀਂ ਤਾਂ
ਪੈਰ ਧੋ ਕੇ ਕਿਓਂ ਪੀਂਦਾ-
ਕੱਲ੍ਹ ਵੀ ਸਾਨੂੰ ਕ੍ਰਿਸ਼ਨ ਦੀ ਝਾਕਾ ਜਹੀ ਰਹੀ
ਕੱਲ੍ਹ ਸਾਡੇ ਪਿੰਡ ਵਿਚ ਕੁਝ ਵੀ ਨਹੀਂ ਹੋਇਆ
ਕੱਲ੍ਹ ਦੀ ਕਿਸ ਨੂੰ ਉਡੀਕ ਸੀ
ਕੱਲ੍ਹ ਤੋਂ ਜ਼ਿਆਦਾ ਸਾਨੂੰ ਚੰਗੇ ਜਹੇ ਤਮਾਖੂ ਦੀ ਚਾਹਨਾ ਸੀ
ਕੀ ਸੀ ਨਾ ਵੀ ਖੜਕਦਾ, ਜੇ ਦੋ ਵਾਰ ਮੰਦਰ ਦਾ ਟੱਲ ?
6. ਅੱਜ ਦਾ ਦਿਨ
ਲਗਦਾ ਹੈ ਇਹ ਸਵੇਰ ਨਹੀਂ ਹੈ
ਮੌਤ ਦੀ ਹਥੇਲੀ ਉੱਤੇ ਆਠਰੀ ਹੋਈ ਮੁਸਕਰਾਹਟ ਹੈ
ਰਾਤ ਦੀ ਰੋ ਰੋ ਸੁੱਜੀ ਅੱਖ ਹੈ
ਸੂਰਜ ਵਰਗਾ ਕੁਝ ਕਿਧਰੇ ਨਹੀਂ ਹੈ
ਘੁੱਗੀਆਂ ਦੇ ਗੁਟਕਣ ਤੇ ਕੁਝ ਵੀ ਸ਼ੁਰੂ ਨਹੀਂ ਹੋਇਆ
ਸ਼ਾਇਦ ਅੱਜ ਦਾ ਦਿਨ ਬਚਨੇ ਅਮਲੀ ਦੇ ਹਾਉਕੇ ਤੋਂ ਸ਼ੁਰੂ ਹੋਇਆ ਹੈ
ਬਿੱਲੀ ਰੋਹੜ ਗਈ ਜੀਹਦਾ,
ਭਿਓਂ ਕੇ ਰੱਖੇ ਡੋਡਿਆਂ ਦਾ ਛੰਨਾ
ਅੱਜ ਦਾ ਦਿਨ ਸ਼ਾਇਦ ਕਰਮੂ ਦੀ ਸੁਕਦੀ ਜਾ ਰਹੀ ਰੌਣੀ ‘ਚ ਉੱਗਿਆ ਹੈ
ਖੁਰਲੀ ਤੇ ਬੱਝਿਆ ਬੀਬਾ ਬਲਦ ਜਿਸਦਾ
ਰਾਤੀਂ ਮਾਰ ਗਿਆ ਸੀ ਸਾਹਨ ਸਰਕਾਰੀ।
ਅੱਜ ਦਾ ਦਿਨ ਫਟੇ ਹੋਏ ਦੁੱਧ ਦੀ ਚਾਹ ਵਾਂਗ
ਰੰਡੀ ਰਤਨੀ ਦੇ ਗਲੇ ‘ਚ ਮਸਾਂ ਹੀ ਉਤਰਦਾ ਹੈ
ਅੱਜ ਦਾ ਦਿਨ ਸ਼ੁਦਾਈ ਹਰੀ ਕਿਸ਼ਨ ਦੀਆਂ
ਗਾਹਲਾਂ ਦੇ ਕਿੰਗਰਿਆਂ ਉੱਤੇ ਲੜਖੜਾਉਂਦਾ ਤੁਰ ਰਿਹਾ ਹੈ
ਅੱਜ ਦਾ ਦਿਨ ਅਮਰੋ ਚੂਹੜੀ ਦੇ ਗਲ ਪਾਏ ਹੋਏ ਉਤਾਰ ਵਾਂਗ
ਨੰਗੇਜ ਦੀ ਨਮੋਸ਼ੀ ਤਰਦਾ ਪਿਆ ਹੈ
ਲਗਦਾ ਹੈ ਅੱਜ ਦਾ ਦਿਨ ਕਿਸੇ ਮੁਰਦੇ ਦਾ ਲਹੂ ਹੈ
ਜਾਂ ਰੱਦ ਹੋਈ ਵੋਟ ਦੀ ਪਰਚੀ ਹੈ
ਜਾਂ ਪਿੰਡ ਦੀ ਅੱਲ੍ਹੜ ਕੁੜੀ ਦੀ ਬਹੁਤ ਘੱਟ ਤੱਕ ਸਕਣ ਵਾਲੀ
ਬਹੁਤ ਡੂੰਘੀ ਨੈਣਾਂ ਦੀ ਨੀਝ ਹੈ
ਜਾਂ ਉਦਾਸ ਬੁੱਢੇ ਦੀ
ਸਿਓਂਕ ਖਾਧੀ ਬੂਹੇ ਦੀ ਚੁਗਾਠ ਉਤੇ ਲੱਗੀ ਹੋਈ ਟਿਕਟਕੀ ਹੈ
ਜਾਂ ਕਿਸੇ ਬਾਂਝ ਔਰਤ ਦਾ
ਚੁਰਾਹੇ ਵਿਚ ਕੀਤਾ ਟੂਣਾ ਹੈ
ਅੱਜ ਦਾ ਦਿਨ ਕਿਸੇ ਜ਼ਾਲਮ ਵਜ਼ੀਰ ਦਾ
ਅਣਚਾਹਿਆ ਦਫਤਰੀ ਮਾਤਮ ਹੈ
ਜਾਂ ਕਿਸੇ ਬੋ ਮਾਰਦੇ ਬੋਝੇ ਅੰਦਰ
ਬੁਝਾ ਕੇ ਰੱਖਿਆ ਬੀੜੀ ਦਾ ਟੋਟਾ ਹੈ
ਜਾਂ ਸ਼ਾਇਦ
ਸੱਤਵੀਂ ਚੋਂ ਫੇਹਲ ਹੋਈ ਜਵਾਕੜੀ ਦੀ
ਚੁੰਨੀ ਵਿਚ ਸੁੱਕਿਆ ਅੱਖਾਂ ਦਾ ਨੀਰ ਹੈ
ਅੱਜ ਦਾ ਦਿਨ ਧਾਰਮਕ ਮਾਨਤਾ ਦਾ ਦਿਨ ਨਹੀਂ ਹੈ।
ਅੱਜ ਦਾ ਦਿਨ ਧਾਰਮਕ ਮਾਨਤਾ ਦਾ ਦਿਨ ਨਹੀਂ ਹੈ
ਕਿਸੇ ਬੱਚੇ ਦੀ ਬੁੜਬੁੜਾਉਂਦੀ ਹੋਈ ਨੀਂਦ ਹੈ
ਅੱਜ ਦਾ ਦਿਨ ਤਾਂ ਕੋਈ ਸਾਂਭ ਸਾਂਭ ਪਾਲਿਆ ਦਹਿਸ਼ਤ ਦਾ ਦਰਖਤ ਹੈ
ਰਾਜਸੀ ਹਿੰਸਾ ਦੀ ਸ਼ਿੰਗਾਰੀ ਹੋਈ ਘੋੜੀ ਹੈ
ਅੱਜ ਦਾ ਦਿਨ ਕਿਸੇ ਦੁਸ਼ਮਣ ਵੱਲੋਂ
ਵਾਹਣਾਂ ‘ਚ ਬੁਲਾਇਆ ਬੱਕਰਾ ਹੈ।
ਅੱਜ ਦਾ ਦਿਨ ਭਾਈ ਦੇ ਸੰਖ ਪੂਰਨ ਤੇ ਖਤਮ ਨਹੀਂ ਹੋਵੇਗਾ
ਅੱਜ ਦਾ ਦਿਨ ਖਵਰਿਆ ਬਹੁਤ ਲੰਮਾ ਚਲਾ ਜਾਏ
ਤੇ ਪੰਛੀ ਸੰਝ ਦੀ ਉਡਾਣ ਲਈ ਉਡੀਕਦੇ ਥੱਕ ਜਾਣ
ਅੱਜ ਦਾ ਦਿਨ ਖਵਰਿਆ ਬਹੁਤ ਲੰਮਾ ਚਲਿਆ ਜਾਏ
7. ਛੰਨੀ
ਛੰਨੀ ਵੇ ਲੋਕੜੀਓ-ਛੰਨੀ
ਰੱਬ ਦੇਵੇ ਵੇ ਵੀਰਾ ਤੈਂਨੂੰ ਬੰਨੀ-ਲੋਕ ਗੀਤ
ਛੰਨੀ ਤਾਂ ਛੰਨੀ ਹੋਈ
ਪਰ ਗੁੱਡੀਏ ਤੇਰੇ ਗੀਤਾਂ ਨਾਲ
ਤੇਰੇ ਵੀਰ ਨੂੰ ਬੰਨੀ ਨਹੀਂ ਲੱਭਣੀ
ਉਸ ਨੂੰ ਤਾਂ ਮਾਰ ਜਾਵੇਗਾ
ਬਾਬਲ ਦੀ ਘੱਟ ਜ਼ਮੀਨ ਦਾ ਪਰਛਾਵਾ
ਉਸਦੀਆਂ ਪਾਸ ਕੀਤੀਆਂ ਦਸਾਂ ਨੂੰ
ਚਰ ਜਾਣਗੇ ਮਰੀਅਲ ਜਹੇ ਝੋਟੇ
ਤੇ ਉਸਦੀ ਚਕਲੇਦਾਰ ਹਿੱਕ ਤੇ
ਫੁਲਕੇ ਵੇਲਦੀ ਰਹੇਗੀ
ਸਦਾ ਹੀ ਵਿਗੜੇ ਰਹਿੰਦੇ ਇੰਜਣ ਦੀ ਤਕਾਵੀ
ਹੌਲੀ ਹੌਲੀ ਪੈ ਜਾਏਗੀ ਮੱਠੀ
ਉਸਦੇ ਪੱਟਾਂ ਦੀਆਂ ਘੁੱਗੀਆਂ ਦੀ ਉਡਾਰ
ਮੁੱਕ ਜਾਵੇਗਾ ਚੋਗ ਚਾਵਾਂ ਦੇ ਭੜੋਲੇ ਚੋਂ-
ਉਹ ਬੜਾ ਚਟਪਟਾਏਗਾ
ਜਿਸ ਦਿਨ ਪਹਿਲੀ ਵਾਰ ਅਫੀਮ ਦੀ ਕੀੜੀ
ਉਹਦੀਆਂ ਅੰਤੜੀਆਂ ਤੇ ਤੁਰੇਗੀ,
ਉਹ ਸੱਥ ਚੋਂ ਆਪਣੇ ਅਮਲੀ ਹੋਣ ਦੀਆਂ
ਕਣਸੋਆਂ ਨੂੰ ਸੁੰਘ ਸੁੰਘ ਕੇ ਲੰਘੇਗਾ
ਫਿਰ ਹੌਲੀ ਹੌਲੀ ਬਦਲ ਜਾਣਗੀਆਂ ਸੱਥ ਦੀਆਂ ਗੱਲਾਂ
ਤੇ ਫਿਰਨੀ ਤੋਂ ਹੀ ਮੁੜਨ ਲੱਗਣਗੇ
ਉਸ ਨੂੰ ਵੇਖਣ ਵਾਲੇ
ਗੁੱਡੀਏ, ਦੂਰ ਦਿਸਹੱਦੇ ਵੱਲ
ਜਿਥੇ ਮਗਰਾਂ ਦੇ ਜੁਬਾੜੇ ਮਿਲਦੇ ਹਨ
ਨੱਕ ਦੀ ਸੇਧੇ ਤੁਰਿਆ ਜਾਏਗਾ ਤੇਰਾ ਵੀਰ
ਤੂੰ ਜਿਸ ਨੂੰ ਦਿਨ ਸਮਝਦੀ ਏਂ
ਸ਼ਿਕਾਰੀਆਂ ਦੀ ਮੁੱਠ ਵਿਚ ਘੁੱਟੇ ਹੋਏ
ਧਾਗੇ ਦਾ ਸਿਰਾ ਹੈ
ਤੇ ਰਾਤ ਹੋਰ ਕੁਝ ਨਹੀਂ
ਡੋਰ ਵਿਚ ਛੱਡੀ ਹੋਈ ਮੱਕਾਰ ਢਿੱਲ ਹੈ
ਗੁੱਡੀਏ ਆਪਣੇ ਤਾਂ ਸਿਰਫ ਗੀਤ ਹਨ
ਸਮਾਂ ਆਪਣਾ ਨਹੀਂ ਹੈ
ਜੇ ਸਮਾਂ ਆਪਣਾ ਹੁੰਦਾ
ਤਾਂ ਤੈਂਨੂੰ ਸੱਖਣੀਆਂ ਕਲਾਈਆਂ ਨੂੰ
ਢਕ ਢਕ ਰੱਖਣ ਦਾ ਫਿਕਰ ਨਾ ਹੁੰਦਾ
ਹਾਲਾਂ ਸਮਾਂ ਕੋਈ ਲਹੂ ਮੰਗਦੀ ਸੂਈ ਹੈ
ਜੋ ਪੁੜ ਤਾਂ ਸਕਦੀ ਹੈ
ਤੇਰੇ ਫੁੱਲਾਂ ਦਾ ਭਰਮ ਉਣ ਰਹੇ ਪੋਟੇ ਦੇ ਫੁੱਲ ‘ਚ
ਪਰ ਸਿਊਂ ਨਹੀਂ ਸਕਦੀ
ਤੇਰੀ ਵੱਖੀ ਤੋਂ ਘਸਦੀ ਜਾ ਰਹੀ ਕੁੜਤੀ
ਛੰਨੀ ਤਾਂ ਛੰਨੀ ਹੋਈ
ਪਰ ਗੁੱਡੀਏ ਹੋ ਸਕੇ ਤਾਂ
ਵੀਰੇ ਦੇ ਧੁੜਕੂ ਨੂੰ
ਗੀਤਾਂ ਦੇ ਮੋਹ ਦੀ ਵਾੜ ਨਾ ਕਰੀਂ
ਉਸ ਨੂੰ ਲੱਭ ਲੈਣ ਦਈਂ
ਗਲ ‘ਚ ਪਏ ਰੱਸੇ ਦੀ ਗੰਢ
ਉਹਦੇ ਮੱਥੇ ਉਤੇ ਝੁਕ ਗਈਆਂ ਸਦੀਆਂ ਦਾ ਕੁੱਬ
ਕਰ ਲੈਣ ਦਈਂ ਸੰਮਾਂ ਵਾਲੀ ਡਾਂਗ ਨਾਲ ਸਿੱਧਾ
ਉਹਨੂੰ ਪਾ ਲੈਣ ਦੇਈਂ
ਰਿਜ਼ਕ ਦੇ ਪਿੜਾਂ ‘ਚ ਕੱਢੀਆ ਸੱਪਾਂ ਦੀਆਂ ਖੁੱਡਾਂ ‘ਚ ਹੱਥ।
ਸਿਲਸਿਲਾ ਸ਼ਾਇਦ ਤੁਹਾਡੇ ਖੂਹ ਤੇ ਉਤਰੀ
ਪੁਲਸੀਆਂ ਦੀ ਧਾੜ ਤੋਂ’ਚੱਲੇ
ਜਾਂ ਚਲਦੇ ਪੁਰਜ਼ੇ ਪੰਚ ਦੇ
ਤਿਰੰਗੇ ਵਾਂਗੂ ਲਹਿਰਦੇ ਤੁਰਲ੍ਹੇ ਤੋਂ
ਜਾਂ ਭੁਚਾਲਾਂ ਵਾਂਗ ਕੰਧਾਂ ਨੂੰ ਕੰਬਾਉਂਦੀ ਹੋਈ,
ਇਲੈਕਸ਼ਨ ਦੀ ਮੋਟਰ ਤੋਂ-
ਸਿਲਸਿਲਾ ਕਿਤੋਂ ਵੀ ਤੁਰ ਸਕਦਾ ਹੈ ਗੁੱਡੀਏ
ਆਪਣੇ ਗੀਤਾਂ ਨੂੰ ਜਾ ਭਿੜਨ ਦੇਈਂ
ਗੰਦੀ ਹਵਾੜ ਛੱਡਦੀਆਂ ਗਾਹਲਾਂ ਦੀ ਹਿੱਕ ਵਿੱਚ
ਫੇਰ ਇਕ ਵਾਰ ਛਿੜੇਗਾ
ਸੱਥਾਂ ਦੇ ਵਿਚ ਉਸਦਾ ਜ਼ਿਕਰ
ਜੋ ਹਨ੍ਹੇਰੇ ਵਿਚ ਉਹਦੇ ਕਦਮਾਂ ਅੱਗੇ
ਰੋਸ਼ਨੀ ਦੀ ਲੀਕ ਬਣ ਕੇ ਤੁਰੇਗਾ
ਛੰਨੀ ਤਾਂ ਛੰਨੀ ਹੋਈ
ਗੁੱਡੀਏ ਹੋ ਸਕੇ ਤਾਂ ਵੀਰ ਦੇ ਧੁੜਕੂ ਨੂੰ
ਬੱਸ ਗੀਤਾਂ ਦੇ ਮੋਹ ਦੀ ਵਾੜ ਨਾ ਕਰੀਂ
8. ਚਿੜੀਆਂ ਦਾ ਚੰਬਾ
ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ,
ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ
ਤੇ ਮੈਲੀਆਂ’ਚੁੰਨੀਆਂ ਭਿਓਂ ਕੇ
ਲੋਆਂ ਨਾਲ ਲੂਸੇ ਚਿਹਰਿਆਂ ਤੇ ਫੇਰੇਗਾ।
ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਲੁਕ ਕੇ
ਕੱਲਮ ਕੱਲਿਆਂ ਰੋਇਆ ਕਰੇਗਾ
ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ।
ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਾ ਹੋਵੇਗੀ
ਅਚਾਨਕ ਕਿਤਿਓਂ ਲੋਹੇ ਦੀਆਂ’ਚੁੰਝਾਂ ਦਾ ਜਾਲ
ਉਸ ਜੋਗੇ ਅਸਮਾਨ ਤੇ ਵਿਛ ਜਾਵੇਗਾ
ਅਤੇ ਲੰਮੀ ਉਡਾਰੀ ਦਾ ਉਹਦਾ ਸੁਫਨਾ
ਉਹਦੇ ਹਰਨੋਟਿਆਂ ਨੈਣਾਂ ਤੋਂ ਭੈਅ ਖਾਵੇਗਾ।
ਚਿੜੀਆਂ ਦਾ ਚੰਬਾ ਮੁਫਤ ਹੀ ਪਰੇਸ਼ਾਨ ਹੁੰਦਾ ਹੈ
ਬਾਬਲ ਤਾਂ ਡੋਲੇ ਨੂੰ ਤੋਰ ਕੇ
ਉੱਖੜੇ ਬੂਹੇ ਨੂੰ ਇੱਟਾਂ ਲਵਾਏਗਾ
ਤੇ ਗੁੱਡੀਆਂ ਪਾੜ ਕੇ
ਪਸੀਨੇ ਨਾਲ ਗਲੇ ਹੋਏ ਕੁੜਤੇ ਉੱਤੇ ਟਾਕੀ ਸੰਵਾਏਗਾ
ਜਦੋਂ ਉਹ ਆਪ ਹੀ ਗਲੋਟਿਆਂ ਜਿਓਂ ਕੱਤਿਆ ਜਾਵੇਗਾ
ਚਿੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਉੱਕਾ ਨਹੀਂ ਸਤਾਏਗਾ।
ਚਿੜੀਆਂ ਦਾ ਚੰਬਾ ਉੱਡ ਕੇ
ਕਿਸੇ ਵੀ ਦੇਸ ਨਹੀਂ ਜਾਏਗਾ
ਸਾਰੀ ਉਮਰ ਕੰਡ ਚਰ੍ਹੀਆਂ ਦੀ ਹੰਡਾਏਗਾ
ਤੇ ਚਿੱਟੇ ਚਾਦਰੇ ਤੇ ਲੱਗਿਆ
ਉਹਦੀ ਮਾਹਵਾਰੀ ਦਾ ਖੂਨ ਉਸ ਦਾ ਮੂੰਹ ਚਿੜਾਏਗਾ।
9. ਚਿੱਟੇ ਝੰਡਿਆਂ ਦੇ ਹੇਠ
ਮੈਂ ਸਵੇਰਿਆਂ ਨੂੰ ਅੰਬਰਾਂ ਤੋਂ ਬੋਚ ਬੋਚ,
ਸਹਿਜੇ ਜਹੇ ਧਰਤੀ ਤੇ ਰੱਖਿਆ।
ਮੈਨੂੰ ਕੀ ਪਤਾ ਸੀ ਮੇਰੇ ਇੰਝ ਉਤਾਰੇ ਹੋਏ ਦਿਨ
ਕਿਸੇ ਲਈ ਹਫ਼ਤੇ ਮਹੀਨੇ ਤੇ ਵਰ੍ਹੇ ਬਣਨਗੇ
ਤੇ ਇਓਂ ਸੰਸਾਰ ਵਿਚ ਕਤਲਾਂ ਦਾ
ਇਕ ਘਿਨਾਉਣਾ ਸਿਲਸਿਲਾ ਸਾਹ ਲੈਣ ਲੱਗੇਗਾ
ਲੋਕ ਜਾਗਣਗੇ-ਤੇ ਉਨ੍ਹਾਂ ਨੂੰ ਘੁੱਗੂਆਂ ਅੱਗੇ,
ਮਤਹਿਤਾਂ ਵਾਂਗ ਸਲਾਮੀ ਦੇਣੀ ਪਵੇਗੀ
ਰੋਜ਼ਨਾਮਚੇ ਖੁਲ੍ਹਣਗੇ-ਤੇ ਅੱਖਾਂ ਬੰਦ ਕਰਕੇ,
ਗਰਮ ਤੇ ਗਾਹੜੇ ਲਹੂ ਬਾਰੇ ਸੋਚਿਆ ਜਾਏਗਾ
ਮਸ਼ੂਕਾ ਖਤ ਲਿਖੇਗੀ
ਚੌਂਕਿਆਂ ਦੀ ਭੁੱਬਲ ਉੱਤੇ
ਜਿਸ ਨੂੰ ਭੋਰਾ ਵੀ ਉਤੇਜਿਤ ਹੋਏ ਬਗੈਰ
ਅੱਧੀ ਛੁੱਟੀ ਉਂਗਲ ਨਿਗਲ ਕੇ ਪੜ੍ਹੇਗੀ
ਸਾਰਾ ਦਿਨ ਨਿਆਣੇ ਇਕ ਦਹਾਕੇ ਭਰ ਦੀ ਵਿੱਥ ਤੇ
ਸ਼ੁਰਲੀਆਂ ਛੱਡਣਗੇ, ਫਤਿਹ ਦਾ ਕਿਲਾ ਸਮਝ ਕੇ ਕਤਲਗਾਹ ਨੂੰ।
ਤੇ ਆਖਰ ਗੱਲ ਗੱਲ ਤੇ ਦਿਲ ਭਰ ਲੈਣ ਵਾਲੇ ਬੱਦਲ,
ਬਿਨਾ ਭਬਾਕੇ ਤੋਂ ਮਚ ਉੱਠਣਗੇ
ਸਭ ਦੇ ਸਿਰਾਂ ਤੋਂ ਇਕ ਸੜਦਾ ਹੋਇਆ ਜਹਾਜ਼ ਲੰਘੇਗਾ
ਅਤੇ ਇਕ ਠੰਡੀ ਜੰਗ ਵਿਚ ਝੋਕੇ ਬੇਵਰਦੀ ਸਿਪਾਹੀ,
ਖੰਦਕਾਂ ਨੂੰ ਪਰਤਦੇ ਹੋਏ ਸੋਚਣਗੇ
ਕਿ ਸ਼ਾਇਦ ਕਦੀ ਝੰਡਿਆਂ ਚੋਂ ਨਿਕਲਕੇ,
ਉਡਾਨਾਂ ਭਰਨਗੇ ਚਿੱਟੇ ਕਬੂਤਰ ਵੀ
ਅਤੇ ਮੈਂ ਸੜੇ ਹੋਏ ਜਹਾਜ਼ ਦੇ ਧੂਏਂ ‘ਚ ਖੰਘਦਾ ਸੋਚਾਂਗਾ
ਸਵੇਰਿਆਂ ਨੂੰ ਧਰਤੀ ਤੇ ਧੜੰਮ ਦੇਣੀ ਡਿਗਣ ਦੇਵਾਂ
ਹੋ ਸਕੇ ਤਾਂ ਬੱਸ ਨੋਕੀਲੇ ਸ਼ਬਦਾਂ ਨਾਲ,
ਸ਼ਿਕਾਰੀ ਝੰਡਿਆਂ ਨੂੰ ਕੁਰੇਦਣ ਦੀ ਕੋਸ਼ਿਸ਼ ਕਰਾਂ
ਜਿਨ੍ਹਾਂ ਵਿਚ ਜਕੜੇ ਗਏ ਹਨ,
ਮੇਰੀ ਲਾਡੋ ਦੀਆਂ ਛਾਤੀਆਂ ਵਰਗੇ ਕਬੂਤਰ।
10. ਤੈਨੂੰ ਪਤਾ ਨਹੀਂ
ਤੈਨੂੰ ਪਤਾ ਨਹੀਂ, ਮੈਂ ਸ਼ਾਇਰੀ ਵਿਚ ਕਿਵੇਂ ਗਿਣਆ ਜਾਂਦਾ ਹਾਂ
ਜਿਵੇਂ ਕਿਸੇ ਭਖੇ ਹੋਏ ਮੁਜਰੇ ‘ਚ
ਕੋਈ ਹੱਡਾਂ-ਰੋੜੀ ਦਾ ਕੁੱਤਾ ਆ ਵੜੇ।
ਤੇਰੇ ਭਾਣੇ ਮੈਂ ਕਿਸੇ ਖਤਰਨਾਕ ਪਾਰਟੀ ਲਈ
ਖਵਰੇ ਕੀ ਲਿਖਦਾ ਰਹਿੰਦਾ ਹਾਂ ਅੱਧੀ ਰਾਤ ਤਕ ਲਾਟੂ ਜਗਾਈ
ਤੈਨੂੰ ਪਤਾ ਨਹੀਂ ਮੈਂ ਕਵਿਤਾ ਕੋਲ ਕਿਵੇਂ ਜਾਂਦਾ ਹਾਂ-
ਕੋਈ ਪੇਂਡੂ ਰਕਾਨ ਘਸ ਚੁੱਕੇ ਫੈਸ਼ਨ ਦਾ ਨਵਾਂ ਸੂਟ ਪਾਈ
ਜਿਵੇਂ ਭਵੰਤਰੀ ਹੋਈ ਸ਼ਹਿਰ ਦੀਆਂ ਹੱਟੀਆਂ ‘ਤੇ ਚੜ੍ਹਦੀ ਹੈ
ਮੈਂ ਕਵਿਤਾ ਕੋਲੋਂ ਮੰਗਦਾ ਹਾਂ
ਤੇਰੇ ਲਈ ਨੌਂਹ ਪਾਲਿਸ਼ ਦੀ ਸ਼ੀਸ਼ੀ
ਛੋਟੀ ਭੈਣ ਲਈ ਰੰਗਦਾਰ ਕਢਾਈ ਵਾਲਾ ਧਾਗਾ
ਤੇ ਬਾਪੂ ਦੇ ਮੋਤੀਏ ਲਈ ਕੌੜਾ ਦਾਰੂ
ਕਵਿਤਾ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਸ਼ਰਾਰਤ ਸਮਝਦੀ ਹੈ
ਤੇ ਮਹੀਨੇ ਦੇ ਮਹੀਨੇ ਆਪਣੇ ਰਾਖਿਆਂ ਨੂੰ
ਬੈਂਤ ਦੇ ਡੰਡੇ
ਤੇ ਮੁਲੈਮ-ਬੱਟਾਂ ਵਾਲੀਆਂ ਰਫਲਾਂ ਦੇ ਕੇ ਘੱਲਦੀ ਹੈ
ਰਾਤ-ਬਰਾਤੇ ਮੇਰੀ ਵੱਲ
ਜੋ ਨਾਲ ਲੈ ਜਾਂਦੇ ਹਨ
ਮੇਰੀਆਂ ਮਨ ਪਸੰਦ ਕਿਤਾਬਾਂ
ਤਾਕ ‘ਚ ਪਈ ਨਿੱਕੇ ਹੁੰਦੇ ਦੀ ਫੋਟੋ
ਤੇ ਘਰ ਦੀਆਂ ਪੌੜੀਆਂ ਤੋਂ ਡਿਗ ਕੇ ਜ਼ਖਮੀ ਹੋਈ
ਮੇਰੀ ਪਹਿਲੀ ਮੁਹੱਬਤ ਦੀ ਉਦਾਸ ਰੰਗਾਂ ਵਿਚ ਬਿਖਰ ਗਈ ਚੀਕ
ਤੈਂਨੂੰ ਪਤਾ ਨਹੀਂ ਕਿ ਸਿਪਾਹੀ ਮੈਂਨੂੰ ਜਾਣਦੇ ਹੋਏ ਵੀ
ਕਿਵੇਂ ਅਜਨਬੀ ਬਣ ਜਾਂਦੇ ਹਨ
ਤਲਾਸ਼ੀ ਲੈ ਰਿਹਾ ਕੋਈ ਜਾਹਿਲ ਜਿਹਾ ਪੰਜਾ
ਕਿਵੇਂ ਜਾ ਪੈਂਦਾ ਹੈ
ਮੇਰੇ ਚਾਨਣੀਆਂ ਰਾਤਾਂ ਨਾਲ ਕੀਤੇ ਅਹਿਦਨਾਮੇ ਤੇ
ਤੈਨੂੰ ਪਤਾ ਨਹੀਂ ਮੇਰੀ ਰੀੜ ਦੀ ਹੱਡੀ ਦਾ ਪੁਰਾਣਾ ਜ਼ਖਮ
ਕਿਵੇਂ ਟਸਕਣ ਲਗਦਾ ਹੈ, ਉਨ੍ਹਾਂ ਦੇ ਜਾਣ ਮਗਰੋਂ
ਤੈਂਨੂੰ ਪਤਾ ਨਹੀਂ ਉਹ ਖਤਰਨਾਕ ਪਾਰਟੀ ਕੀ ਕਰਦੀ ਹੈ
ਉਥੇ ਸ਼ਾਹ ਕਾਲੀਆਂ ਰਾਤਾਂ ਵਿਚ
ਮੁਹੱਬਤ ਦਾ ਇਕ ਉਨੀਂਦਰਾ ਦਸਤਾਵੇਜ਼
ਸੁੱਤੀ ਪਈ ਧਰਤੀ ਤੇ ਫੜਫੜਾਉਂਦਾ ਹੈ
ਲਗਾਤਾਰ ਕੁਰੇਦਦੀ ਹੋਈ ਹਵਾ ਸਾਹਵੇਂ
ਨੰਗੀ ਹਿੱਕੇ ਖੜ੍ਹਨ ਦਾ ਇਕ ਸਿਲਸਿਲਾ ਹੈ-
ਉਥੇ ਹਥਿਆਰਾਂ ਵਰਗੇ ਆਦਮੀ ਹਨ
ਅਤੇ ਆਦਮੀਆਂ ਵਰਗੇ ਹਥਿਆਰ
ਅਸਲ ਵਿਚ ਨਾ ਉਹ ਆਦਮੀ ਹਨ ਨਾ ਹਥਿਆਰ
ਉਥੇ ਹਥਿਆਰਾਂ ਨਾਲੋਂ ਆਦਮੀ ਦੇ
ਟੁੱਟ ਰਹੇ ਯਰਾਨੇ ਦੀ ਕੜ ਕੜ ਹੈ
ਅਸਲ ਵਿਚ ਉੱਥੇ ਲੋਕ ਹਨ
ਦੁਰੇਡੇ ਖੂਹ ਨੂੰ ਜਾਂਦੇ ਰਾਹ ਦੀ ਰੇਤ ਵਰਗੇ
ਜਿਸ ਤੇ ਕਈ ਸਦੀਆਂ ਸਵਾਣੀਆਂ ਭੱਤਾ’ਚੁੱਕੀ ਤੁਰੀਆਂ
ਸੋਚਦੀਆਂ ਹੋਈਆਂ ਕਿ ਸ਼ਾਇਦ ਕਦੀ
ਇਥੇ ਸੜਕ ਬਣ ਜਾਵੇ,
ਪਰ ਸੜਕ ਉੱਤੇ’ਚਲਣ ਵਾਲੇ ਟਰੈਕਟਰ ਦੇ ਚਾਲਕ ਨੂੰ
ਨਾ ਸਵਾਣੀਆਂ ਦਾ ਪਤਾ ਹੋਵੇਗਾ
ਨਾ ਲੁੱਕ ਹੇਠਾਂ ਵਿਛੀ ਹੋਈ ਰੇਤ ਦਾ-
ਉਨ੍ਹਾਂ ਨੂੰ ਸਾਈਕਲ ਚਾਹੀਦੇ ਹਨ
ਤੇ ਰੋਟੀ ਦੀ ਥਾਂ ਖਾਣ ਨੂੰ ਕੋਈ ਵੀ ਚੀਜ਼
ਜਾਂ ਮੌਤ ਦੇ ਨਕਸ਼ਾਂ ਵਾਲੀ ਚਾਹ
ਤੇ ਮੇਰੇ ਕੋਲ ਕੁਝ ਨਹੀਂ ਹੈ
ਅੱਕ ਦਿਆਂ ਬੂਟਿਆਂ ਵਰਗੀ ਕਵਿਤਾ ਤੋਂ ਸਿਵਾ
ਜੋ ਅੰਬਾਂ ਵਾਂਗ ਦੀਂਹਦੇ ਹੋਏ ਵੀ’ਚੂਪੇ ਨਹੀਂ ਜਾ ਸਕਦੇ।
ਤੈਨੂੰ ਪਤਾ ਨਹੀਂ ਮੈਂ ਕੁੱਟੇ ਹੋਏ ਗਿੱਦੜ ਵਾਂਗ
ਕਿਓੁਂ ਦੌੜ ਆਇਆ ਹਾਂ ਵਲਾਇਤੀ ਅਖਬਾਰ ਦੇ ਸੰਪਾਦਕ ਕੋਲੋਂ
ਜਿਸਦੇ ਬੇ-ਰੱਟਣੇ ਹੱਥ ਬਹੁਤ ਕੂਲੇ ਸਨ
ਮਹਿੰਦੀ ਚੱਟ ਕੇ ਸਾਫ ਕੀਤੀ ਨਥਣੀ ਵਾਂਗ,
ਪਰ ਉਸ ਦੀ ਕਤਰੀ ਦਾਹੜੀ
ਜਿਵੇਂ ਕੋਈ ਤਪੀ ਹੋਈ ਸਲਾਖ ਸੀ
ਜੋ ਆਜ਼ਾਦੀ ਦੀ ਪਹਿਲੀ ਸਵੇਰ ਵਰਗੀਆਂ ਮੇਰੀਆਂ ਅੱਖਾਂ ਵਿਚ
ਘੁਸ ਜਾਣ ਲੱਗੀ ਸੀ,
ਉਸ ਦੇ ਬੈਗ ਵਿਚ ਤਹਿ ਕੀਤੇ ਹੋਏ ਬੱਦਲਾਂ ਦੇ ਥਾਨ ਸਨ
ਤੇ ਕੈਮਰੇ ਵਿਚ ਲਾਲ੍ਹਾਂ ਦਾ ਇਕ ਬੁਸਿਆ ਹੋਇਆ ਛੱਪੜ
ਮੈਂ ਉਸ ਦੀ ਫੀਅਟ ਦੀ ਡਿੱਗੀ ‘ਚ
ਆਪਣੇ ਬਚਪਨ ‘ਚ ਹਾਰੇ ਬੰਟਿਆਂ ਦੀ ਕੁੱਜੀ ਦੇਖੀ ਸੀ
ਪਰ ਉਸ ਵੱਲ ਜਿੰਨੀ ਵਾਰੀ ਹੱਥ ਵਧਾਇਆ
ਕਦੇ ਸਿਹਤ ਮੰਤਰੀ ਖੰਘ ਪਿਆ
ਕਦੇ ਹਰਿਆਣੇ ਦਾ ਆਈ.ਜੀ. ਹੰਗੂਰਿਆ
ਤੈਨੂੰ ਪਤਾ ਨਹੀਂ ਕਿੰਨਾ ਅਸੰਭਵ ਸੀ
ਉਸ ਦੀ ਬੇ-ਸਿਆਸੀ ਸਿਆਸਤ ਦੇ
ਸੁਰਾਲ ਵਾਂਗੂ ਸ਼ੂਕਦੇ ਸ਼ਬਦ-ਬਾਗਾਂ ‘ਚੋਂ ਬਚਾ ਕੇ
ਆਪਣੇ ਆਪ ਨੂੰ
ਤੇਰੇ ਲਈ ਸਬੂਤਾ ਲੈ ਆਉਣਾ
ਉਹ ਸੰਪਾਦਕ ਤੇ ਉਸ ਵਰਗੇ ਹਜ਼ਾਰਾਂ ਲੋਕ
ਆਪਣੀ ਭੱਦੀ ਦੇਹ ‘ਤੇ ਸਵਾਰ ਹੋ ਕੇ ਆਉਂਦੇ ਹਨ
ਤਾਂ ਪਿੰਡਾਂ ਦੀਆਂ ਪਗਡੰਡੀਆਂ ਤੇ
ਘਾਹ ਚੋਂ ਹਰੀ ਚਮਕ ਮਰ ਜਾਂਦੀ ਹੈ।
ਇਹ ਲੋਕ ਅਸਲ ਵਿਚ ਚਾਨਣ ਦੇ ਭਮੱਕੜਾਂ ਵਰਗੇ ਹਨ
ਜੋ ਦੀਵਾ ਸੀਖੀ ਪੜ੍ਹ ਰਹੇ ਜਵਾਕਾਂ ਦੀਆਂ ਨਾਸਾਂ ‘ਚ
ਕਚਿਆਣ ਦਾ ਭੰਬਾਕਾ ਬਣ ਕੇ ਚੜ੍ਹਦੇ ਹਨ
ਮੇਰੇ ਸ਼ਬਦ ਉਸ ਦੀਵੇ ਅੰਦਰ
ਤੇਲ ਦੀ ਥਾਂ ਸੜਨਾ ਚਾਹੁੰਦੇ ਹਨ
ਮੈਨੂੰ ਕਵਿਤਾ ਦੀ ਇਸ ਤੋਂ ਸਹੀ ਵਰਤੋਂ ਨਹੀਂ ਪਤਾ
ਤੇ ਤੈਨੂੰ ਪਤਾ ਨਹੀਂ
ਮੈਂ ਸ਼ਾਇਰੀ ਵਿਚ ਕਿਵੇਂ ਗਿਣਿਆ ਜਾਂਦਾ ਹਾਂ
11. ਯੁੱਧ ਤੇ ਸ਼ਾਂਤੀ
ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ
ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ
ਉਂਝ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ
ਅਸੀਂ ਦੋ ਰੋਟੀਆਂ ਤੇ ਮਾੜੀ ਜਹੀ ਰਜ਼ਾਈ ਬਦਲੇ
ਯੁੱਧ ਦੇ ਆਕਾਰ ਨੂੰ ਸੰਗੋੜਨਾ ਚਾਹਿਆ,
ਅਸੀਂ ਬੇਅਣਖੀ ਦੀਆਂ ਤੰਦਾਂ ‘ਚ ਅਮਨ ਵਰਗਾ ਕੁੱਝ ਉਣਦੇ ਰਹੇ
ਅਸੀਂ ਬਰਛੀ ਦੇ ਵਾਂਗ ਹੱਡਾਂ ਵਿਚ ਖੁੱਭੇ ਹੋਏ ਸਾਲਾਂ ਨੂੰ ਉਮਰ ਕਹਿੰਦੇ ਰਹੇ
ਜਦ ਹਰ ਘੜੀ ਕਿਸੇ ਬਿੱਫਰੇ ਸ਼ਰੀਕ ਵਾਂਗ ਸਿਰ ਤੇ ਗੜ੍ਹਕਦੀ ਰਹੀ
ਅਸੀਂ ਸੰਦੂਕ ਵਿਚ ਲੁਕ ਲੁਕ ਕੇ ਯੁੱਧ ਨੂੰ ਟਾਲਦੇ ਰਹੇ।
ਯੁੱਧ ਤੋਂ ਬਚਣੇ ਦੀ ਲਾਲਸਾ ‘ਚ ਬਹੁਤ ਨਿੱਕੇ ਹੋ ਗਏ ਅਸੀਂ
ਕਦੇ ਤਾਂ ਹੰਭੇ ਹੋਏ ਪਿਓ ਨੂੰ ਅੰਨ ਖਾਣੇ ਬੁੜ੍ਹੇ ਦਾ ਨਾਮ ਦਿੱਤਾ
ਕਦੇ ਫਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ
ਸਦਾ ਦਿਸਹੱਦੇ ਤੇ ਨੀਲਾਮੀ ਦੇ ਦ੍ਰਿਸ਼ ਤਰਦੇ ਰਹੇ
ਤੇ ਅਸੀਂ ਸੁਬਕ ਜਹੀਆਂ ਧੀਆਂ ਦੀਆਂ ਅੱਖਾਂ ‘ਚ ਅੱਖ ਪਾਉਣੋਂ ਡਰੇ
ਯੁੱਧ ਸਾਡੇ ਸਿਰਾਂ ਤੇ ਆਕਾਸ਼ ਵਾਂਗ ਛਾਇਆ ਰਿਹਾ
ਅਸੀਂ ਧਰਤੀ ‘ਚ ਪੁੱਟੇ ਭੋਰਿਆਂ ਨੂੰ ਮੋਰਚੇ ਵਿਚ ਬਦਲਨੋਂ ਜਕਦੇ ਰਹੇ।
ਡਰ ਕਦੇ ਸਾਡੇ ਹੱਥਾਂ ਤੇ ਵਗਾਰ ਬਣ ਕੇ ਉੱਗ ਆਇਆ
ਡਰ ਕਦੇ ਸਾਡੇ ਸਿਰਾਂ ਉੱਤੇ ਪੱਗ ਬਣ ਕੇ ਸਜ ਗਿਆ
ਡਰ ਕਦੇ ਸਾਡੇ ਮਨਾਂ ਅੰਦਰ ਸੁਹਜ ਬਣ ਕੇ ਮਹਿਕਿਆ
ਡਰ ਕਦੇ ਰੂਹਾਂ ‘ਚ ਸੱਜਣਤਾਈ ਬਣ ਗਿਆ
ਕਦੇ ਬੁੱਲ੍ਹਾਂ ਤੇ ਚੁਗਲੀ ਬਣ ਕੇ ਬੁਰੜਾਇਆ
ਅਸੀਂ ਹੇ ਜ਼ਿੰਦਗੀ, ਜਿਨ੍ਹਾਂ ਯੁੱਧ ਨਹੀਂ ਕੀਤਾ
ਤੇਰੇ ਬੜੇ ਮੱਕਾਰ ਪੁੱਤਰ ਹਾਂ।
ਯੁੱਧ ਤੋਂ ਬਚਣੇ ਦੀ ਲਾਲਸਾ ਨੇ
ਸਾਨੂੰ ਲਿਤਾੜ ਦਿੱਤਾ ਹੈ ਘੋੜਿਆਂ ਦੇ ਸੁੰਬਾਂ ਹੇਠ,
ਅਸੀਂ ਜਿਸ ਸ਼ਾਂਤੀ ਲਈ ਰੀਂਘਦੇ ਰਹੇ
ਉਹ ਸ਼ਾਂਤੀ ਬਘਿਆੜਾਂ ਦੇ ਜਬਾੜਿਆਂ ਵਿਚ
ਸਵਾਦ ਬਣ ਕੇ ਟਪਕਦੀ ਰਹੀ।
ਸ਼ਾਂਤੀ ਕਿਤੇ ਨਹੀਂ ਹੁੰਦੀ ਹੈ-
ਰੂਹਾਂ ‘ਚ ਲੁਕੇ ਗਿੱਦੜਾਂ ਦਾ ਹਵਾਂਕਣਾ ਹੀ ਸਭ ਕੁਝ ਹੈ।
ਸ਼ਾਂਤੀ
ਗੋਡਿਆਂ ਵਿਚ ਧੌਣ ਦੇ ਕੇ ਜ਼ਿੰਦਗੀ ਨੂੰ ਸੁਫਨੇ ਵਿਚ ਦੇਖਣ ਦਾ ਯਤਨ ਹੈ।
ਸ਼ਾਂਤੀ ਉਂਝ ਕੁਝ ਨਹੀਂ ਹੈ
ਗੁਪਤਵਾਸ ਸਾਥੀ ਤੋਂ ਅੱਖ ਬਚਾਉਣ ਲਈ
ਸੜਕ ਕੰਢਲੇ ਨਾਲੇ ਵਿਚ ਨਿਓਂ ਜਾਣਾ ਹੀ ਸਭ ਕੁਝ ਹੈ।
ਸ਼ਾਂਤੀ ਕਿਤੇ ਨਹੀਂ ਹੁੰਦੀ ਹੈ
ਨਾਹਰਿਆਂ ਦੀ ਗਰਜ ਤੋਂ ਘਬਰਾ ਕੇ
ਆਪਣੀ ਚੀਕ ਚੋਂ ਸੰਗੀਤ ਦੇ ਅੰਸ਼ਾਂ ਨੂੰ ਲੱਭਣਾ ਹੀ ਸੱਭ ਕੁਝ ਹੈ
ਹੋਰ ਸ਼ਾਂਤੀ ਕਿਤੇ ਨਹੀਂ ਹੁੰਦੀ।
ਤੇਲ ਘਾਟੇ ਸੜਦੀਆਂ ਫਸਲਾਂ
ਬੈਂਕ ਦੀਆਂ ਮਿਸਲਾਂ ਦੇ ਜਾਲ ਅੰਦਰ ਫੜਫੜਾਉਂਦੇ ਪਿੰਡ
ਤੇ ਸ਼ਾਂਤੀ ਲਈ ਫੈਲੀਆਂ ਬਾਹਾਂ
ਸਾਡੇ ਯੁੱਗ ਦਾ ਸਭ ਤੋਂ ਕਮੀਨਾ ਚੁਟਕਲਾ ਹੈ
ਸ਼ਾਂਤੀ ਵੀਣੀ ‘ਚ ਖੁੱਭੀ ਵੰਗ ਦਾ ਹੰਝੂ ਦੇ ਜੇਡਾ ਜ਼ਖਮ ਹੈ,
ਸ਼ਾਂਤੀ ਢੋਏ ਫਾਟਕ ਦੇ ਪਿੱਛੇ
ਮੱਛਰੀਆਂ ਹਵੇਲੀਆਂ ਦਾ ਹਾਸਾ ਹੈ,
ਸ਼ਾਂਤੀ ਸੱਥਾਂ ‘ਚ ਰੁਲਦੀਆਂ ਦਾਹੜੀਆਂ ਦਾ ਹਾਉਕਾ ਹੈ
ਹੋਰ ਸ਼ਾਂਤੀ ਕੁੱਝ ਨਹੀਂ ਹੈ।
ਸ਼ਾਂਤੀ ਦੁੱਖਾਂ ਤੇ ਸੁੱਖਾਂ ਵਿਚ ਬਣੀ ਸਰਹਦ ਉਤਲੇ ਸੰਤਰੀ ਦੀ ਰਫਲ ਹੈ
ਸ਼ਾਂਤੀ ਚਗਲੇ ਹੋਏ ਵਿਦਵਾਨਾਂ ਦੇ ਮੂੰਹਾਂ ‘ਚੋਂ ਡਿਗਦੀ ਰਾਲ੍ਹ ਹੈ
ਸ਼ਾਂਤੀ ਪੁਰਸਕਾਰ ਲੈਂਦੇ ਕਵੀਆਂ ਦੀਆਂ ਵਧੀਆਂ ਹੋਇਆਂ ਬਾਹਾਂ ਦਾ ਟੁੰਡ ਹੈ
ਸ਼ਾਂਤੀ ਵਜ਼ੀਰਾਂ ਦੇ ਪਹਿਨੇ ਹੋਏ ਖੱਦਰ ਦੀ ਚਮਕ ਹੈ
ਸ਼ਾਤੀ ਹੋਰ ਕੁੱਝ ਨਹੀਂ ਹੈ
ਜਾਂ ਸ਼ਾਂਤੀ ਗਾਂਧੀ ਦਾ ਜਾਂਘੀਆ ਹੈ
ਜਿਸ ਦੀਆਂ ਤਣੀਆਂ ਨੂੰ ਚਾਲੀ ਕਰੋੜ ਬੰਦੇ ਫਾਹੇ ਲਾਉਣ ਖਾਤਰ
ਵਰਤਿਆ ਜਾ ਸਕਦਾ ਹੈ
ਸ਼ਾਂਤੀ ਮੰਗਣ ਦਾ ਅਰਥ
ਯੁੱਧ ਨੂੰ ਜ਼ਲੀਲਤਾ ਦੇ ਪੱਧਰ ਤੇ ਲੜਨਾ ਹੈ
ਸ਼ਾਂਤੀ ਕਿਤੇ ਨਹੀਂ ਹੁੰਦੀ ਹੈ।
ਯੁੱਧ ਤੋਂ ਬਿਨਾਂ ਅਸੀਂ ਬਹੁਤ ਕੱਲੇ ਹਾਂ
ਆਪਣੇ ਹੀ ਮੂਹਰੇ ਦੌੜਦੇ ਹਫ ਰਹੇ ਹਾਂ
ਯੁੱਧ ਤੋਂ ਬਿਨਾਂ ਬਹੁਤ ਸੀਮਤ ਹਾਂ ਅਸੀਂ
ਬੱਸ ਹੱਥ ਭਰ ‘ਚ ਮੁਕ ਜਾਂਦੇ ਹਾਂ
ਯੁੱਧ ਤੋਂ ਬਿਨਾਂ ਅਸੀਂ ਦੋਸਤ ਨਹੀਂ ਹਾਂ
ਝੂਠੇ ਮੂਠੇ ਜਜ਼ਬਿਆਂ ਦਾ ਖੱਟਿਆ ਖਾਂਦੇ ਹਾਂ।
ਯੁੱਧ ਇਸ਼ਕ ਦੀ ਸਿਖਰ ਦਾ ਨਾਂ ਹੈ
ਯੁੱਧ ਲਹੂ ਦੇ ਲਾਡ ਦਾ ਨਾਂ ਹੈ
ਯੁੱਧ ਜੀਣ ਦੇ ਨਿੱਘ ਦਾ ਨਾਂ ਹੈ
ਯੁੱਧ ਕੋਮਲ ਹਸਰਤਾਂ ਦੀ ਮਾਲਕੀ ਦਾ ਨਾਂ ਹੈ
ਯੁੱਧ ਅਮਨ ਦੇ ਸ਼ੁਰੂ ਦਾ ਨਾਂ ਹੈ
ਯੁੱਧ ਵਿਚ ਰੋਟੀ ਦੇ ਹੁਸਨ ਨੂੰ
ਨਿਹਾਰਨ ਜਹੀ ਸੂਖਮਤਾ ਹੈ
ਯੁੱਧ ਵਿਚ ਸ਼ਰਾਬ ਨੂੰ ਸੁੰਘਣ ਜਿਹਾ ਅਹਿਸਾਸ ਹੈ
ਯੁੱਧ ਇਕ ਯਾਰੀ ਲਈ ਵਧਿਆ ਹੱਥ ਹੈ
ਯੁੱਧ ਕਿਸੇ ਮਹਿਬੂਬ ਲਈ ਅੱਖਾਂ ‘ਚ ਲਿਖਿਆ ਖਤ ਹੈ
ਯੁੱਧ ਕੁੱਛੜ ਚਾਏ ਹੋਏ ਬੱਚੇ ਦੀਆਂ
ਮਾਂ ਦੇ ਦੁੱਧ ਤੇ ਟਿਕੀਆਂ ਮਾਸੂਮ ਉਂਗਲਾਂ ਹਨ
ਯੁੱਧ ਕਿਸੇ ਕੁੜੀ ਦੀ ਪਹਿਲੀ
ਹਾਂ ਦੇ ਵਰਗੀ ਨਾਂਹ ਹੈ
ਯੁੱਧ ਆਪਣੇ ਆਪ ਨੂੰ ਮੋਹ ਭਿੱਜਿਆ ਸੰਬੋਧਨ ਹੈ
ਯੁੱਧ ਸਾਡੇ ਬੱਚਿਆਂ ਲਈ
ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ
ਯੁੱਧ ਸਾਡੀਆਂ ਭੈਣਾਂ ਲਈ
ਕਢਾਈ ਦੇ ਸੁੰਦਰ ਨਮੂਨੇ ਲਿਆਏਗਾ
ਯੁੱਧ ਸਾਡੀਆਂ ਬੀਵੀਆਂ ਦੇ ਥਣਾਂ ਅੰਦਰ
ਦੁੱਧ ਬਣ ਕੇ ਉਤਰੇਗਾ
ਯੁੱਧ ਬੁੱਢੀ ਮਾਂ ਲਈ ਨਿਗ੍ਹਾ ਦੀ ਐਨਕ ਬਣੇਗਾ
ਯੁੱਧ ਸਾਡਿਆਂ ਵੱਡਿਆਂ ਦੀਆਂ ਕਬਰਾਂ ਉੱਤੇ
ਫੁੱਲ ਬਣ ਕੇ ਖਿੜੇਗਾ
ਵਕਤ ਬੜਾ ਚਿਰ
ਕਿਸੇ ਬੇਕਾਬੂ ਘੋੜੇ ਵਰਗਾ ਰਿਹਾ ਹੈ
ਜੋ ਸਾਨੂੰ ਘਸੀਟਦਾ ਹੋਇਆ ਜ਼ਿੰਦਗੀ ਤੋਂ ਬਹੁਤ ਦੂਰ ਲੈ ਗਿਆ ਹੈ
ਕੁਝ ਨਹੀਂ ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ
ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ।
12. ਐਮਰਜੈਂਸੀ ਲੱਗਣ ਤੋਂ ਬਾਅਦ
ਇਸ ਭੇਤ ਭਰੀ ਮੌਤ ਵਿਚ ਸਿਵਾਅ ਇਸ ਤੋਂ
ਕਿ ਕੋਈ ਮਰ ਗਿਆ ਹੈ, ਕੁਝ ਵੀ ਸੱਚ ਨਹੀਂ
ਬਾਕੀ ਸਭ ਅਫਵਾਹਾਂ ਹਨ
ਕੰਨ ਰਸੀ ਹੈ
ਜਾਂ ਉਤਰਦੇ ਸਿਆਲ ਦਾ ਸੱਨਾਟਾ ਹੈ।
ਹੁਣ ਮਾਤਮ ਹੋਵੇਗਾ, ਜਾਂ ਅੰਦਰੋ ਅੰਦਰ ਘਿਓ ਦੇ ਦੀਵੇ ਬਲਣਗੇ,
ਤੇ ਇਕ ਉਦਾਸੀ-ਚੁਗੀ ਹੋਈ ਕਪਾਹ ਦੇ ਖੇਤ ਵਰਗੀ
ਜੋ ਮਰਨ ਵਾਲੇ ਦੇ ਜਿਉਂਦਿਆਂ ਵੀ ਸੀ
ਏਥੇ ਸਾਡੇ ਬੂਹਿਆਂ ਦੇ ਕਬਜ਼ਿਆਂ ਨਾਲ
ਜੋ ਖੁੱਲ੍ਹਦਿਆਂ ਤੇ ਬੰਦ ਹੁੰਦਿਆਂ ਲਗਾਤਰ ਚੀਕਦੀ।
ਇਸ ਭੇਤ ਭਰੀ ਮੌਤ ਵਿਚ ਕੁਝ ਵੀ ਸੱਚ ਨਹੀਂ ਸਿਵਾ ਇਸ ਤੋਂ
ਕਿ ਕਬਰਾਂ ਤਿਆਰ ਨਹੀਂ ਆਪਣੇ ਸੁਭਾਓ ਬਦਲਣ ਲਈ
ਤੇ ਆਦਮੀ ਪੀਂਘ ਦੇ ਮੁੜਦੇ ਹੁਲਾਰੇ ਦੇ ਆਖਰੀ ਅੱਧ ਵਾਂਗ
ਉਤੇਜਨਾ ਨਾਲ ਕੱਠਾ ਹੋਇਆ ਰਹਿੰਦਾ ਹੈ
ਖੁਸ਼ੀ ਤੇ ਡਰ ਨੂੰ,ਆਪਣੇ ਪੱਟਾਂ ਵਿਚ ਦਬਾਏ
ਨਿਰਵਿਘਨ ਸਮਾਪਤ ਹੋਣ ਦੀ ਅਰਦਾਸ
ਸਾਡਿਆਂ ਕੰਨਾਂ ਅੰਦਰ ਸਿੱਕਾ ਭਰਦੀ ਰਹਿੰਦੀ ਹੈ
ਅਤੇ ਇਹ ਡਰ, ਕਿ ਹਾਰ ਜਾਏਗਾ ਵੀਰਵਾਰ ਆਖਰ,
ਸ਼ੁਕਰਵਾਰ ਦੇ ਪਹਿਲੇ ਨਗਾਰੇ ਤੇ
ਕੁਝ ਨੂੰ ਕਾਤਲ ਬਨਣ ਦੀ ਸੋਝੀ ਦਿੰਦਾ ਹੈ।
ਤਾਂ ਵੀ ਇਸ ਕਤਲ ਵਿਚ ਦੋਸ਼ੀ ਸਿਰਫ ਬੰਦੂਕਧਾਰੀ ਨਹੀਂ,
ਅਸੀਂ ਵੀ ਹਾਂ ਜਿਨ੍ਹਾਂ ਦੀਆਂ ਅੱਖੀਆਂ ਦਾ ਸੁਰਮਾ,
ਸਾਡੇ ਹੰਝੂਆਂ ਲਈ ਕਰਫਿਊ ਬਣ ਗਿਆ।
ਕੁਝ ਵੀ ਹੋਵੇ, ਇਕ ਉਸ ਦੇ ਮਰਨ ਤੋਂ ਸਿਵਾ,
ਹੁਣ ਬਾਕੀ ਸਭ ਅਫਵਾਹਾਂ ਹਨ, ਕੰਨ-ਰਸੀ ਹੈ।
13. ਆਸ਼ਕ ਦੀ ਅਹਿੰਸਾ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲੇ ਦਾ ਉਜ਼ਰ ਨਾ ਕੋਈ-ਲੋਕ ਗੀਤ
ਗੱਲ ਪਹਿਲੇ ਮੁੰਡੇ ਦੀ ਹੀ ਨਹੀਂ
ਪਹਿਲੀ ਚੁੰਮੀ ਦੀ ਵੀ ਹੈ
ਜਾਂ ਫਿਰ ਇਕ ਵਾਰ ਨਿਗ੍ਹਾ ਭਰ ਕੇ ਤੱਕ ਸਕਣ ਦੀ ਵੀ
ਉਜ਼ਰ ਜਦ ਵੀ ਕਦੇ ਹੋਇਆ
ਤਾਂ ਮਿੱਤਰਾਂ ਦਾ ਹੀ ਹੋਇਆ ਹੈ,
ਲਾਵਾਂ ਵਾਲੇ ਕੋਲ ਤਾਂ ਸਿਰਫ ਡੰਡਾ ਹੁੰਦਾ ਹੈ
ਜਾਂ ਸਣੇ ਬੂਟ ਦੇ ਲੱਤ।
ਗੱਲ ਤਾਂ ਸਿਜਦਿਆਂ ਦੀ ਸੜਕ ਤੇ ਚੱਲਣ ਦੀ ਹੈ,
ਉਂਝ ਮਿੱਤਰਾਂ ਨੂੰ ਕਿਹੜਾ ਲਾਵਾਂ ‘ਤੇ ਬਹਿਣਾ ਨਹੀਂ ਆਉਂਦਾ।
ਮੱਝੀਆਂ ਉਹ ਨਹੀਂ ਤਾਂ ਕੋਈ ਹੋਰ ਚਾਰ ਲਊ
ਅਗਲੀ ਚੂਰੀ ਨਹੀਂ ਤਾਂ ਗੰਢੇ ਨਾਲ ਅਚਾਰ ਲੈ ਆਊ।
ਗੱਲ ਤਾਂ ਚੌਹਧਰੀਆਂ ਦੇ ਸ਼ਮ੍ਹਲੇ ਤੇ, ਪਰਿੰਦਆਿਂ ਵਾਂਗ’ਚਹਿਕਣ ਦੀ ਹੈ,
ਉਂਝ ਮਿੱਤਰਾਂ ਨੂੰ ਕਿਹੜਾ ਵੰਝਲੀਓਂ ਬਗੈਰ ਹਾਜਤ ਨਹੀਂ ਹੁੰਦੀ।
ਐਵੇਂ ਚੰਧੜਾਂ ਦੀ ਫੌਜ ਫਿਰਦੀ ਹੈ
ਅਖੇ ਨੇਜ਼ਿਆਂ ਨਾਲ ਇਸ਼ਕ ਦਾ ਖੁਰਾ ਨੱਪਣਾ
ਅਖੇ ਬੇਲਿਆਂ ਨੂੰ ਟਾਪਾਂ ਦੀ ਮੁਹਾਰਨੀ ਪੜ੍ਹਾਉਣੀ
ਗੱਲ ਤਾਂ ਬੀਆਬਾਨ ਨੂੰ ਸੁਫ਼ਨਿਆਂ ਦਾ ਵਰ ਦੇਣ ਦੀ ਹੈ
ਜਾਂ ਸਦੀਆਂ ਤੋਂ ਉਦਾਸ ਖੜੇ ਜੰਡਾਂ ਨੂੰ
ਧੜਕਣ ਦੀ ਚਾਟ ਲਾਉਣ ਦੀ
ਉਂਝ ਮਿੱਤਰਾਂ ਨੂੰ ਕਿਹੜਾ ਤਰਕਸ਼ ਨੂੰ ਲਾਹੁਣਾ ਨਹੀਂ ਆਉਂਦਾ।
ਬੱਕੀ ਨੂੰ ਕਿਹੜਾ ਹਵਾ ‘ਤੇ ਹੱਸਣਾ ਨਹੀਂ ਆਉਂਦਾ।
ਗੱਲ ਕੋਈ ਵੀ ਹੋਵੇ।
ਲਾਵਾਂ ਵਾਲਿਆਂ ਦੇ ਜਦੋਂ ਵੀ ਅੜਿੱਕੇ ਆਈ
ਮਿੱਤਰਾਂ ਨੂੰ ਤੋਹਮਤਾਂ ਦੇ ਰੋੜ ਚੱਬਣੇ ਪਏ।
ਉਂਝ ਤੁਸੀਂ ਕੱਲ ਨਹੀਂ-ਪਰਸੋਂ ਆਉਣਾ
ਜਾਂ ਜਦੋਂ ਵੀ ਕਿੱਸਿਆਂ ਨੂੰ ਪਾਰ ਕਰਕੇ
ਤੁਹਾਡਾ ਆਉਣਾ ਹੋਵੇ-
ਮਿੱਤਰਾਂ ਕੋਲ ਆਪਣਾ ਹੀ ਲਹੂ ਹੋਵੇਗਾ
ਤੇ ਵਗਣ ਲਈ ਦਰਿਆਵਾਂ ਦੇ ਨਵਿਓਂ ਨਵੇਂ ਮੁਹਾਣੇ
ਲਾਵਾਂ ਵਾਲਿਆਂ ਕੋਲ ਕਦੇ ਵੀ ਕੁਝ ਨਹੀਂ ਹੋਣਾ
ਸਿਵਾ ਡੰਡੇ ਤੇ ਸਣੇ ਬੂਟ ਲੱਤਾਂ ਤੋਂ।
Add a review