ਦੇਸ਼ ਦੀ ਆਜ਼ਾਦੀ ਲਈ ਜਿਥੇ ਪੰਜਾਬੀਆਂ ਨੇ ਸਭ ਤੋਂ ਵਧ ਕੁਰਬਾਨੀਆਂ ਦਿੱਤੀਆਂ, ਉਥੇ ਪੰਜਾਬੀ ਭਾਸ਼ਾ ਆਧਾਰਿਤ ਸੂਬਾ ਲੈਣ ਲਈ ਲੰਮਾ ਸੰਘਰਸ਼ ਕੀਤਾ ਤੇ ਕੁਰਬਾਨੀਆਂ ਕੀਤੀਆਂ ਪਰ ਇਹ ਅਫਸੋਸ! ਪੰਜਾਬੀ ਸੂਬਾ ਪ੍ਰਾਪਤ ਕਰਕੇ ਵੀ ਬਹੁਤੇ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਨਹੀਂ ਅਪਣਾਈ। ਸਰਕਾਰ ਨੇ ਵੀ ਇਸ ਦੀ ਵਰਤੋਂ ਵੱਲ ਪੂਰਾ ਧਿਆਨ ਨਹੀਂ ਦਿੱਤਾ। ਬਹੁਤੇ ਪੰਜਾਬੀ ਆਪਣਾ ਸਾਰਾ ਕਾਰੋਬਾਰ ਅੰਗਰੇਜ਼ੀ ਵਿਚ ਕਰਦੇ ਹਨ। ਇਹ ਪੰਜਾਬ ਹੀ ਹੈ ਜਿਥੇ ਦੁਕਾਨਾਂ ਅਤੇ ਘਰਾਂ ਅੱਗੇ ਲੱਗੇ ਬੋਰਡ ਅੰਗਰੇਜ਼ੀ ਵਿਚ ਹਨ। ਪੜ੍ਹੇ ਲਿਖੇ ਲੋਕ ਜਿਹੜੇ ਮਾਂ ਬੋਲੀ ਦੇ ਹਮਾਇਤੀ ਹਨ, ਆਪਣੇ ਬੱਚਿਆਂ ਨੂੰ ਅਖੌਤੀ ਅੰਗਰੇਜ਼ੀ ਸਕੂਲਾਂ ਵਿਚ ਭੇਜਦੇ ਹਨ ਜਿਥੇ ਪੰਜਾਬੀ ਪੜ੍ਹਾਉਣੀ ਤਾਂ ਦੂਰ, ਬੋਲਣ ਦੀ ਵੀ ਮਨਾਹੀ ਹੈ।
ਬੈਂਕਾਂ, ਡਾਕ ਘਰਾਂ, ਦਫ਼ਤਰਾਂ ਵਿਚ ਫਾਰਮ ਭਰਨ ਤੇ ਅਰਜ਼ੀਆਂ ਲਈ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ। ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਦੀ ਵਰਤੋਂ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਬਹੁਤੇ ਅਫਸਰਾਂ ਨੂੰ ਪੰਜਾਬੀ ਆਉਂਦੀ ਨਹੀਂ। ਪਿਛਲੇ ਦਿਨੀਂ ਸਰਕਾਰ ਨੇ ਭਾਸ਼ਾ ਅਫ਼ਸਰ ਨਿਯੁਕਤ ਕੀਤੇ ਪਰ ਭਾਸ਼ਾ ਵਿਭਾਗ ਦੇ ਕੰਮਕਾਜ ਲਈ ਮਾਇਆ ਵਲੋਂ ਹੱਥ ਖਿੱਚੇ ਹੋਏ ਹਨ। ਪਿਛਲੇ ਬਜਟ ਵਿਚ ਸਰਕਾਰ ਨੇ ਸ੍ਰੋਮਣੀ ਸਾਹਿਤਕਾਰਾਂ ਦੀ ਇਨਾਮ ਰਾਸ਼ੀ ਵਿਚ ਵਾਧਾ ਕੀਤਾ ਪਰ ਪੰਜ ਸਾਲਾਂ ਵਿਚ ਇਨਾਮ ਦਿੱਤੇ ਹੀ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਸ਼ੀ ਵੀ ਮਹੱਤਵਪੂਰਨ ਹੈ ਪਰ ਸਨਮਾਨ ਨੂੰ ਬਾਕਾਇਦਗੀ ਨਾਲ ਦੇਣਾ ਉਸ ਤੋਂ ਵਧ ਮਹੱਤਵਪੂਰਨ ਹੈ। ਹੁਣ ਚੋਣਾਂ ਹੋ ਰਹੀਆਂ ਹਨ ਪਰ ਕਿਸੇ ਵੀ ਪਾਰਟੀ ਨੇ ਪੰਜਾਬੀ ਭਾਸ਼ਾ ਬਾਰੇ ਕੁਝ ਨਹੀਂ ਆਖਿਆ। ਜਦੋਂ ਤਕ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਉਦੋਂ ਤਕ ਉਹ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਅਣਜਾਣ ਹੀ ਰਹਿਣਗੇ। ਉਹ ਸਗੋਂ ਪੰਜਾਬ ਛੱਡਣ ਲਈ ਹਰ ਢੰਗ ਤਰੀਕਾ ਅਪਣਾ ਰਹੇ ਹਨ। ਪੰਜਾਬ ਵਿਚ ਹਰ ਪਾਸੇ ਫ਼ੈਲੇ ਭ੍ਰਿਸ਼ਟਾਚਾਰ ਦਾ ਵਡਾ ਕਾਰਨ ਆਪਣੇ ਵਿਰਸੇ ਨਾਲੋਂ ਟੁੱਟਣਾ ਹੈ। ਪੰਜਾਬ ਨੇ ਭਾਰਤ ਨੂੰ ਹੀ ਨਹੀਂ ਸਗੋਂ ਸਾਰੇ ਸੰਸਾਰ ਨੂੰ ਸੱਚ, ਸੰਤੋਖ, ਇਮਾਨਦਾਰੀ ਤੇ ਸੇਵਾ ਦਾ ਪਾਠ ਪੜ੍ਹਾਇਆ ਪਰ ਸਾਡੇ ਆਗੂ ਇਨ੍ਹਾਂ ਤੋਂ ਦੂਰ ਹਨ।
ਪਿਛੇ ਜਿਹੇ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਅੱਧੇ ਪੰਜਾਬੀ ਹਿੰਦੀ ਬੋਲਦੇ ਹਨ। ਪੰਜਾਬੀ ਹੀ ਅਜਿਹੀ ਭਾਸ਼ਾ ਹੈ ਜਿਸ ਨੂੰ ਪੰਜਾਬੀਆਂ ਨੇ ਨਕਾਰਿਆ ਹੈ। ਪੰਜਾਬੀ ਸਮਰੱਥ ਭਾਸ਼ਾ ਹੈ ਪਰ ਇਸ ਨੂੰ ਕਦੇ ਕਿਸੇ ਸਰਕਾਰ ਦੀ ਸਰਪ੍ਰਸਤੀ ਹਾਸਲ ਨਹੀਂ ਹੋਈ। ਇਹ ਖੁਸ਼ਕਿਸਮਤੀ ਹੈ ਕਿ ਪੰਜਾਬੀ ਨੂੰ ਪੀਰਾਂ, ਫਕੀਰਾਂ, ਪੈਗੰਬਰਾਂ ਅਤੇ ਗੁਰੂਆਂ ਦੀ ਸਰਪ੍ਰਸਤੀ ਪ੍ਰਾਪਤ ਹੋਈ ਹੈ; ਸ਼ਾਇਦ ਇਸੇ ਕਰਕੇ ਆਪਣਿਆਂ ਦੇ ਨਕਾਰਨ ਤੋਂ ਪਿਛੋਂ ਵੀ ਇਹ ਵਧਦੀ ਫੁੱਲਦੀ ਰਹੀ ਹੈ। ਇਹ ਵੀ ਸੱਚ ਹੈ ਕਿ ਇਸ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਦੇ ਪਿੰਡਾਂ ਨੇ ਹੀ ਸੰਭਾਲਿਆ ਸੀ। ਆਰਥਿਕ ਵਿਕਾਸ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚਲੀ ਦੂਰੀ ਲਗਭਗ ਖਤਮ ਹੀ ਹੋ ਗਈ ਹੈ। ਇਸੇ ਸ਼ਹਿਰੀ ਪ੍ਰਭਾਵ ਹੇਠ ਅਤੇ ਵਿਦੇਸ਼ਾਂ ਦੀ ਖਿੱਚ ਕਰਕੇ ਹੁਣ ਪਿੰਡ ਵਾਸੀਆਂ ਵੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪਿੰਡਾਂ ਵਿਚ ਵੀ ਥਾਂ ਥਾਂ ਖੁੱਲ੍ਹ ਰਹੇ ਅਖੌਤੀ ਅੰਗਰੇਜ਼ੀ ਸਕੂਲਾਂ ਵਿਚ ਪਿੰਡ ਵਾਸੀਆਂ ਨੇ ਵੀ ਸਰਕਾਰੀ ਸਕੂਲਾਂ ਦੀ ਥਾਂ ਇਨ੍ਹਾਂ ਵਿਚ ਆਪਣੇ ਬੱਚੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਮੈਰਿਜ ਪੈਲੇਸ ਕਲਚਰ ਹੁਣ ਪਿੰਡਾਂ ਵਿਚ ਵੀ ਪਹੁੰਚ ਗਈ ਹੈ। ਵਿਆਹਾਂ ਵਿਚੋਂ ਆਪਸੀ ਪ੍ਰੇਮ, ਖੁਸ਼ੀ ਅਤੇ ਉਤਸ਼ਾਹ ਖਤਮ ਹੋ ਰਿਹਾ ਹੈ ਪਰ ਦਿਖਾਵਾ ਵਧ ਰਿਹਾ ਹੈ।
ਆਪਣੀ ਪੁਸਤਕ ‘ਪੰਜਾਬੀ ਸਦੀ’ ਵਿਚ ਪ੍ਰਕਾਸ਼ ਟੰਡਨ ਲਿਖਦਾ ਹੈ ਕਿ ਪੰਜਾਬ ਵਾਸੀ ਅਜੀਬ ਲੋਕ ਹਨ ਜਿਹੜੇ ਗੱਲਬਾਤ ਪੰਜਾਬੀ ਵਿਚ ਕਰਦੇ ਹਨ, ਸਰਕਾਰੀ ਕੰਮਕਾਜ ਉਰਦੂ ਵਿਚ ਤੇ ਨਿੱਜੀ ਲਿਖਤ ਪੜ੍ਹਤ ਹਿੰਦੀ ਵਿਚ ਕਰਦੇ ਹਨ। ਪੰਜਾਬੀਆਂ ਦਾ ਇਕ ਹਿੱਸਾ ਹੁਣ ਵੀ ਲਿਖਤ ਪੜ੍ਹਤ, ਧਾਰਮਿਕ ਰਸਮਾਂ ਰਿਵਾਜ਼ ਅਤੇ ਆਪਣੇ ਧਾਰਮਿਕ ਸਥਾਨਾਂ ਉਤੇ ਹਿੰਦੀ ਦੀ ਹੀ ਵਰਤੋਂ ਕਰਦਾ ਹੈ। ਅਸਲ ਵਿਚ ਅਸੀਂ ਪੰਜਾਬੀ ਬੋਲਣ ਦੀ ਥਾਂ ਟੁੱਟੀ ਫੁੱਟੀ ਹਿੰਦੋਸਤਾਨੀ ਬੋਲਣ ਵਿਚ ਮਾਣ ਮਹਿਸੂਸ ਕਰਦੇ ਹਾਂ। ਸਾਰੇ ਦੇਸ਼ ਵਿਚ ਸੂਬਿਆਂ ਦੀ ਹੱਦਬੰਦੀ ਬੋਲੀ ਤੇ ਆਧਾਰਿਤ ਹੋਈ ਸੀ ਪਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾਂ ਸਮਾਂ ਸੰਘਰਸ਼ ਕਰਨਾ ਪਿਆ ਤੇ ਕੁਰਬਾਨੀਆਂ ਦਿੱਤੀਆਂ। ਇਸ ਦੇ ਨਾਲ ਹੀ ਆਪਣੀ ਚੋਖੀ ਧਰਤੀ ਵੀ ਦੇਣੀ ਪਈ ਪਰ ਹੁਣ ਵੀ ਪੰਜਾਬ ਵਿਚ ਪੰਜਾਬੀ ਨੂੰ ਬਣਦਾ ਮਾਣ ਸਨਮਾਨ ਦਿਲਵਾਉਣ ਲਈ ਵਿਦਵਾਨ ਤੇ ਪੰਜਾਬੀ ਹਿਤੈਸ਼ੀਆਂ ਨੂੰ ਧਰਨੇ ਮਾਰਨੇ ਪੈ ਰਹੇ ਹਨ ਤੇ ਸੈਮੀਨਾਰਾਂ ਦੀ ਭਰਮਾਰ ਹੈ।
ਇਸ ਵਿਚ ਕੋਈ ਸ਼ਕ ਨਹੀਂ ਕਿ ਬੋਲੀ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਲੋਕੀਂ ਆਪਣੀ ਭਾਸ਼ਾ ਨੂੰ ਅਪਣਾਉਣ ਲਈ ਆਪ ਪਹਿਲ ਕਰਨ। ਅਸਲ ਵਿਚ ਅੰਗਰੇਜ਼ੀ ਦੇ ਪ੍ਰਭਾਵ ਵਿਚ ਆਏ ਮਾਪੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋਣ ਹੀ ਨਹੀਂ ਦਿੰਦੇ। ਦੋ ਸਾਲ ਦੇ ਬੱਚੇ ਨੂੰ ਹੀ ਅਖੌਤੀ ਨਰਸਰੀ ਸਕੂਲਾਂ ਵਿਚ ਭੇਜ ਦਿੰਦੇ ਹਾਂ। ਖੇਲਣ ਤੇ ਮਾਪਿਆਂ ਨਾਲ ਖੁੱਲ੍ਹਣ ਮਿਲਣ ਦੀ ਉਮਰ ਵਿਚ ਉਹ ਸਕੂਲੀ ਅਨੁਸ਼ਾਸਨ ਵਿਚ ਬੰਨ੍ਹੇ ਜਾਂਦੇ ਹਨ ਤੇ ਧੱਕੇ ਨਾਲ ਉਨ੍ਹਾਂ ਨੂੰ ਅੰਗਰੇਜ਼ੀ ਰਟਾਈ ਜਾਂਦੀ ਹੈ। ਇੰਝ ਉਨ੍ਹਾਂ ਦੀ ਆਪਣੀ ਸੋਚ ਅਤੇ ਬੌਧਿਕਤਾ ਨੂੰ ਬੰਨ੍ਹ ਦਿੱਤਾ ਜਾਂਦਾ ਹੈ। ਸੋਚ ਦੀਆਂ ਉਡਾਰੀਆਂ ਤੇ ਮੁਢਲਾ ਗਿਆਨ ਆਪਣੀ ਮਾਂ ਬੋਲੀ ਰਾਹੀਂ ਪ੍ਰਾਪਤ ਹੋ ਸਕਦੇ ਹਨ। ਪੰਜਵੀਂ ਜਮਾਤ ਵਿਚ ਪਹੁੰਚ ਬੱਚੇ ਨੂੰ ਸੋਝੀ ਆ ਜਾਂਦੀ ਹੈ ਤੇ ਵਿਦੇਸ਼ੀ ਭਾਸ਼ਾ ਉਹ ਸਹਿਜ ਨਾਲ ਸਿੱਖ ਸਕਦਾ ਹੈ। ਸਾਡੇ ਬਜ਼ੁਰਗ ਤੱਪੜਾਂ ਵਾਲੇ ਪੇਂਡੂ ਸਕੂਲਾਂ ਵਿਚ ਪੜ੍ਹੇ ਹਨ। ਉਨ੍ਹਾਂ ਅੰਗਰੇਜ਼ੀ ਵੀ ਪੰਜਵੀਂ ਜਮਾਤ ਵਿਚ ਆ ਕੇ ਹੀ ਸਿੱਖਣੀ ਸ਼ੁਰੂ ਕੀਤੀ ਸੀ ਪਰ ਉਹ ਅੰਗਰੇਜ਼ੀ ਵਿਚ ਕਿਸੇ ਪਾਸਿਉਂ ਘਟ ਨਹੀਂ ਹਨ। ਅੱਜ ਦੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹੇ ਬੱਚੇ ਅੰਗਰੇਜ਼ੀ ਬੋਲ ਤਾਂ ਭਾਵੇਂ ਸਕਦੇ ਹੋਣ ਪਰ ਸ਼ੁੱਧ ਅੰਗਰੇਜ਼ੀ ਲਿਖਣ ਤੋਂ ਅਸਮਰੱਥ ਹਨ। ਅਸਲ ਵਿਚ ਉਹ ਆਪਣੀਆਂ ਸੋਚਾਂ ਤੇ ਭਾਵਨਾਵਾਂ ਨੂੰ ਉਜਾਗਰ ਕਰ ਹੀ ਨਹੀਂ ਸਕਦੇ ਕਿਉਂਕਿ ਅੰਗਰੇਜ਼ੀ ਵਿਚ ਇਹ ਹੋਣਾ ਔਖਾ ਹੈ, ਆਪਣੀ ਬੋਲੀ ਉਨ੍ਹਾਂ ਨੂੰ ਆਉਂਦੀ ਨਹੀਂ।
ਇਸੇ ਕਰਕੇ ਅਸੀਂ ਜੁਗਾੜੀ ਤਾਂ ਬਣ ਗਏ ਹਾਂ ਪਰ ਵਧੀਆ ਵਿਗਿਆਨੀ ਨਹੀਂ ਬਣ ਸਕੇ। ਸੂਬੇ ਦੀਆਂ ਬਹੁਤੀਆਂ ਮੁਸ਼ਕਿਲਾਂ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਢੁਕਵੇਂ ਵਿਗਿਆਨਕ ਢੰਗ ਵਿਕਸਤ ਹੀ ਨਹੀਂ ਕਰ ਸਕੇ। ਪੰਜਾਬ ਨੂੰ ਵਿਕਾਸ ਦੇ ਅਗਲੇ ਪੜਾ ਤੇ ਲੈ ਕੇ ਜਾਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਬੋਲੀ ਵਿਚ ਸੋਚੀਏ ਤੇ ਆਪਣੇ ਸੱਭਿਆਚਾਰ ਆਧਾਰਿਤ ਵਿਕਾਸ ਦੀਆਂ ਯੋਜਨਾਵਾਂ ਉਲੀਕੀਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੋਲੀ ਤੇ ਆਧਾਰਿਤ ਬਣੇ ਸੂਬੇ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਕਸਤ ਕਰੇ। ਸਾਰੇ ਸਰਕਾਰੀ ਕੰਮਕਾਜ ਪੰਜਾਬੀ ਵਿਚ ਕੀਤੇ ਜਾਣ ਅਤੇ ਪੰਜਾਬੀ ਗੀਤ ਸੰਗੀਤ ਵਿਚ ਵਧ ਰਹੇ ਲਚਰਪੁਣੇ ਨੂੰ ਠੱਲ੍ਹ ਪਾਈ ਜਾਵੇ ਪਰ ਬੋਲੀ ਅਤੇ ਸੱਭਿਆਚਾਰ ਉਦੋੋਂ ਹੀ ਵਿਕਸਤ ਹੋ ਸਕਣਗੇ ਜਦੋਂ ਪੰਜਾਬੀ ਆਪ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਅਪਣਾਉਣਗੇ ਅਤੇ ਇਸ ਉਤੇ ਮਾਣ ਕਰਨਗੇ। ਆਪਣੇ ਰੋਜ਼ਾਨਾ ਕੰਮਕਾਜ ਵਿਚ ਪੰਜਾਬੀ ਦੀ ਵਰਤੋਂ ਕਰੀਏ। ਘਰਾਂ, ਦਫਤਰਾਂ ਅਤੇ ਦੁਕਾਨਾਂ ਦੇ ਬਾਹਰ ਬੋਰਡ ਪੰਜਾਬੀ ਵਿਚ ਲਗਾਏ ਜਾਣ। ਸਰਕਾਰੀ ਫਾਰਮ ਅਤੇ ਹੋਰ ਚਿੱਠੀ ਪੱਤਰ ਪੰਜਾਬੀ ਵਿਚ ਕੀਤਾ ਜਾਵੇ। ਬੈਂਕਾਂ ਅਤੇ ਡਾਕਘਰਾਂ ਵਿਚ ਫਾਰਮ ਤੇ ਚੈੱਕ ਪੰਜਾਬੀ ਵਿਚ ਲਿਖੇ ਜਾਣ।
ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜੀਏ। ਇਨ੍ਹਾਂ ਸਕੂਲਾਂ ਵਿਚ ਬੇਸ਼ਕ ਸਹੂਲਤਾਂ ਦੀ ਘਾਟ ਹੈ ਪਰ ਅਧਿਆਪਕ ਵਧ ਪੜ੍ਹੇ ਲਿਖੇ ਅਤੇ ਵਧ ਤਨਖਾਹ ਲੈਂਦੇ ਹਨ। ਜੇ ਵੱਡੇ ਘਰਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿਚ ਜਾਣਗੇ ਤਾਂ ਅਧਿਆਪਕ ਵੀ ਪੂਰੀ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾਉਣਗੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਅਖੌਤੀ ਅੰਗਰੇਜ਼ੀ ਸਕੂਲਾਂ ਵਲੋਂ ਮਾਪਿਆਂ ਦਾ ਮੁੱਖ ਮੋੜਿਆ ਜਾ ਸਕੇ। ਸਰਕਾਰ ਦੇ ਅਵੇਸਲੇਪਨ ਨੂੰ ਦੂਰ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ ਪਰ ਸਭ ਤੋਂ ਪਹਿਲਾਂ ਇਹ ਸੰਘਰਸ਼ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਕਿਸੇ ਵੀ ਭਾਸ਼ਾ ਨੂੰ ਕਿਸੇ ਧਰਮ ਨਾਲ ਜੋੜਨਾ ਵਾਜਬ ਨਹੀਂ। ਪੰਜਾਬੀ ਤਾਂ ਸਾਰੇ ਪੰਜਾਬੀਆਂ ਦੀ ਭਾਸ਼ਾ ਹੈ। ਸਾਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਉਤੇ ਮਾਣ ਕਰਨਾ ਚਾਹੀਦਾ ਹੈ। ਜਦੋਂ ਤਕ ਕੋਈ ਆਪਣੀ ਬੋਲੀ ਅਤੇ ਸੱਭਿਆਚਾਰ ਉਤੇ ਮਾਣ ਨਹੀਂ ਕਰਦਾ, ਉਸ ਵਿਚ ਆਤਮ ਵਿਸ਼ਵਾਸ ਨਹੀਂ ਆਉਂਦਾ। ਉਹ ਨਕਲ ਤਾਂ ਚੰਗੀ ਮਾਰ ਸਕਦਾ ਹੈ ਪਰ ਆਪਣੀ ਲੋੜ ਅਨੁਸਾਰ ਨਵੀਆਂ ਕਾਢਾਂ ਨਹੀਂ ਵਿਕਸਤ ਕਰ ਸਕਦਾ। ਮਾਤ ਭਾਸ਼ਾ ਦਿਵਸ ਉਤੇ ਸਾਰੇ ਪੰਜਾਬੀ ਪ੍ਰਣ ਕਰਨ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਅਪਣਾਵਾਂਗੇ ਤੇ ਇਸ ਦੀ ਵਰਤੋਂ ਸਾਰੇ ਕੰਮਾਂ ਕਾਰਾਂ ਲਈ ਵੱਧ ਤੋਂ ਵੱਧ ਕਰਾਂਗੇ।
ਘਰ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰੀਏ, ਉਨ੍ਹਾਂ ਨੂੰ ਸੋਚ ਦੀਆਂ ਉਡਾਰੀਆਂ ਭਰਨ ਲਈ ਤਿਆਰ ਕਰੀਏ। ਨਵੀਂ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਦਾ ਗਿਆਨ ਕਰਵਾਈਏ। ਪੰਜਾਬੀਆਂ ਸਾਹਮਣੇ ਮਹਾਨ ਸ਼ਖਸੀਅਤਾਂ ਜਿਹੜੀਆਂ ਉਨ੍ਹਾਂ ਲਈ ਰੋਲ ਮਾਡਲ ਅਤੇ ਪ੍ਰੇਰਨਾ ਸਰੋਤ ਬਣ ਸਕਣ ਦੀ ਘਾਟ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਇਆ ਹੀਂ ਨਹੀਂ ਹੈ। ਇਹ ਜ਼ਿੰਮੇਵਾਰੀ ਪੰਜਾਬੀ ਲੇਖਕਾਂ ਦੀ ਬਣਦੀ ਹੈ ਕਿ ਉਹ ਬੱਚਿਆਂ ਲਈ ਵਿਰਸੇ ਆਧਾਰਿਤ ਪੁਸਤਕਾਂ, ਟੀਵੀ ਪ੍ਰੋਗਰਾਮ ਅਤੇ ਸੋਸ਼ਲ ਮੀਡੀਆ ਲਈ ਪ੍ਰੋਗਰਾਮ ਤਿਆਰ ਕਰਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਈ ਭੇਜਣ। ਇਹ ਆਮ ਆਖਿਆ ਜਾਂਦਾ ਹੈ ਕਿ ਹਰੇਕ ਅਧਿਆਪਕ ਸਰਕਾਰੀ ਸਕੂਲ ਵਿਚ ਨੌਕਰੀ ਕਰਨੀ ਚਾਹੁੰਦਾ ਹੈ ਪਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਤੋਂ ਕੰਨੀ ਕਤਰਾਉਂਦਾ ਹੈ। ਕਦੇ ਸਮਾਂ ਸੀ ਜਦੋਂ ਬੱਚੇ ਨੂੰ ਪਹਿਲ ਦੇ ਆਧਾਰ ਉਤੇ ਸਰਕਾਰੀ ਸਕੂਲ ਵਿਚ ਭੇਜਿਆ ਜਾਂਦਾ ਸੀ। ਜਦੋਂ ਨੇੜੇ ਤੇੜੇ ਕੋਈ ਸਰਕਾਰੀ ਸਕੂਲ ਨਹੀਂ ਸੀ ਹੁੰਦਾ, ਉਦੋਂ ਹੀ ਮਜਬੂਰੀ ਵਸ ਉਸ ਨੂੰ ਗੈਰ-ਸਰਕਾਰੀ ਸਕੂਲ ਵਿਚ ਭੇਜਿਆ ਜਾਂਦਾ ਸੀ।
ਹੁਣ ਪੰਜਾਬੀ ਵਿਚ ਅਰਜ਼ੀ ਲਿਖਣੀ ਜਾਂ ਫਾਰਮ ਭਰਨਾ ਹੀਣਤਾ ਸਮਝੀ ਜਾਂਦੀ ਹੈ, ਜਦੋਂ ਪੰਜਾਬੀ ਪਿਆਰਿਆਂ ਵਲੋਂ ਅਜਿਹਾ ਸ਼ੁਰੂ ਹੋ ਗਿਆ ਹੈ ਤਾਂ ਫਿਰ ਹੌਲੀ ਹੌਲੀ ਸਾਰੇ ਹੀ ਅਜਿਹਾ ਕਰਨ ਲਗ ਪੈਣਗੇ। ਆਪਣੇ ਸਾਰੇ ਸੱਦਾ ਪੱਤਰ ਪੰਜਾਬੀ ਵਿਚ ਛਾਪੀਏ। ਇਹ ਸਾਦੇ ਤੇ ਸੁੰਦਰ ਬਣਾਏ ਜਾਣ। ਜਦੋਂ ਅਸੀਂ ਪੰਜਾਬੀ ਨੂੰ ਅਪਣਾ ਲਿਆ ਉਦੋਂ ਜਿਹੜੀ ਦਿਖਾਵੇ ਦੀ ਭੈੜੀ ਬਿਮਾਰੀ ਸਾਨੂੰ ਲੱਗੀ ਹੋਈ ਹੈ, ਇਹ ਵੀ ਘੱਟ ਹੋਣ ਲੱਗ ਪਵੇਗੀ। ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਵਿਦਵਤਾ ਦੀ ਨਿਸ਼ਾਨੀ ਹੈ ਪਰ ਆਪਣੀ ਬੋਲੀ ਤੋਂ ਮੁੱਖ ਮੋੜਨਾ ਘਟੀਆਪਨ ਦੀ ਨਿਸ਼ਾਨੀ ਹੈ।
Add a review