ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
ਮੈਂ ਤਾਂ ਜਦ ਵੀ ਕੀਤੀ-ਖਾਦ ਦੇ ਘਾਟੇ
ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਹੀ ਕਰਾਂਗਾ
ਮੈਂ ਦਲਾਨ ਦੇ ਖੂੰਜੇ ‘ਚ ਪਈ ਸੌਣੀ ਦੀ ਫਸਲ
ਤੇ ਦਲਾਨ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ।
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਸਰਦੀ ਦੀ ਰੁੱਤੇ ਖਿੜਨ ਵਾਲੇ
ਫੁੱਲਾਂ ਦੀਆਂ ਕਿਸਮਾਂ ਦੇ ਨਾਂ ‘ਤੇ
ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾਂ ਧਰਾਂਗਾ
ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ
ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ
ਤੇ ਉਸ ਪੂਰੇ ਚਿੜੀਆ-ਘਰ ਦੀ
ਜੋ ਮੈਂ ਆਪਣੀ ਹਿੱਕ ਉੱਤੇ ਪਾਲ ਰੱਖਿਆ ਹੈ
ਜਾਂ ਉਸ ਅਜਾਇਬ ਘਰ ਦੀ
ਜੋ ਮੈਂ ਅਪਣੀ ਹਿੱਕ ਅੰਦਰ ਸਾਂਭ ਰੱਖਿਆ ਹੈ
ਜਾਂ ਏਦਾਂ ਦੀ ਹੀ ਕੋਈ ਕਰੜ ਬਰੜੀ ਗੱਲ ਕਰਾਂਗਾ
ਮੇਰੇ ਲਈ ਦਿਲ ਤਾਂ ਬੱਸ ਇਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ
ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜਿਹੀ ਲੱਜ਼ਤ ਹੈ
ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ
ਲੁਕ ਲੁਕ ਪੀਣ ਦੀ ਕੋਈ ਸ਼ੈਅ ਹੈ
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖਰਗੋਸ਼ ਵਾਂਗ
ਰੋਹੀਆਂ ਦੀ ਕੂਲੀ ਮਹਿਕ ਨੂੰ ਪੋਲੇ ਜਹੇ ਸੁੰਘਾਂ
ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਲਦਾਂ ਦੇ ਵਾਂਗ
ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ ਹਾਂ
ਮੈਂ ਜੱਟਾਂ ਦੇ ਸਾਧ ਹੋਣ ਤੋਂ ਉਰ੍ਹਾਂ ਦਾ ਸਫਰ ਹਾਂ
ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਅ ਹਾਂ
ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ
ਮੈਂ ਪਿੰਡੇ ਵਕਤ ਦੇ, ਚੱਪਾ ਸਦੀ ਦਾ ਦਾਗ ਹਾਂ ਕੇਵਲ
ਤੇ ਮੇਰੀ ਕਲਪਣਾ, ਉਸ ਲੁਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ
ਜੋ ਬੇਰਹਿਮ ਅਸਮਾਨ ਤੇ ਖਿਝਿਆ ਰਹੇ, ਇਕ ਹਵਾ ਦੇ ਬੁੱਲੇ ਲਈ
ਜੀਹਦੇ ਹੱਥ ਵਿਚਲਾ ਚਊ ਦਾ ਫਾਲਾ
ਕਦੀ ਤਲਵਾਰ ਬਣ ਜਾਵੇ, ਕਦੀ ਬੱਸ ਪੱਠਿਆਂ ਦੀ ਪੰਡ ਰਹਿ ਜਾਵੇ
ਮੈਂ ਹੁਣ ਤੁਹਾਡੇ ਲਈ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ
ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉਂਗਲਾਂ ‘ਚੋਂ ਸਿੰਮਦਾ ਰਾਗ ਹਾਂ ਕੇਵਲ
ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰ੍ਹੇ
ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ
ਅਜੇ ਮੈਂ ਧਰਤ ਤੇ ਚਾਈ
ਕਿਸੇ ਸੀਰੀ ਦੇ ਕਾਲੇ-ਸ਼ਾਹ ਬੁੱਲ੍ਹਾਂ ਜਹੀ ਰਾਤ ਦੀ ਹੀ ਗੱਲ ਕਰਾਂਗਾ
ਉਸ ਇਤਿਹਾਸ ਦੀ
ਜੋ ਮੇਰੇ ਬਾਪ ਦੇ ਧੁੱਪ ਨਾਲ ਲੂਸੇ ਮੌਰਾਂ ਉੱਤੇ ਉੱਕਰਿਆ ਹੈ
ਜਾਂ ਅਪਣੀ ਮਾਂ ਦੇ ਪੈਰੀਂ ਪਾਟੀਆਂ ਬਿਆਈਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
Add a review