ਜਸਵੰਤ ਕੰਵਲ ਪੰਜਾਬੀ ਸਾਹਿਤ ਦਾ ਇਕ ਪੂਰੇ ਦਾ ਪੂਰਾ ਅਧਿਆਇ ਸੀ। ਪੰਜਾਬੀ ਪਾਠਕਾਂ ਨੇ ਜਿੰਨਾ ਕੰਵਲ ਨੂੰ ਪੜ੍ਹਿਆ ਹੈ, ਸ਼ਾਇਦ ਹੀ ਕਿਸੇ ਹੋਰ ਲੇਖਕ ਨੂੰ ਪੜ੍ਹਿਆ ਹੋਵੇ ਅਤੇ ਜਿੰਨਾ ਚਾਅ ਅਤੇ ਉਤਸ਼ਾਹ ਨਾਲ ਪੜ੍ਹਿਆ, ਇਹ ਵੀ ਅਲੋਕਾਰੀ ਗੱਲ ਹੀ ਹੋ ਨਿਬੜਦੀ ਹੈ। ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲ੍ਹਾ ਮੋਗਾ) ਵਿਖੇ ਮਾਹਲਾ ਸਿੰਘ ਦੇ ਘਰ ਹੋਇਆ। 1943 ਵਿਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇਕ ਪੁੱਤਰ ਨੇ ਜਨਮ ਲਿਆ। ਕੰਵਲ ਹੁਰਾਂ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਭੂਪਿੰਦਰਾ ਹਾਈ ਸਕੂਲ ਤੋਂ ਗਿਆਨੀ ਪਾਸ ਕੀਤੀ।
ਪਿਤਾ ਦੀ ਮੌਤ ਤੋਂ ਬਾਅਦ ਆਰਥਿਕ ਹਾਲਤ ਡਾਵਾਂਡੋਲ ਹੋਈ ਤਾਂ ਰੋਜ਼ੀ ਰੋਟੀ ਖ਼ਾਤਰ ਮਲਾਇਆ ਚਲਾ ਗਿਆ। ਮਲਾਇਆ ਵਿਚ ਚੌਕੀਦਾਰ ਦੀ ਨੌਕਰੀ ਕਰਦਿਆਂ ਜ਼ਿੰਦਗੀ ਵਿਚ ਪਹਿਲੀ ਵਾਰ ਕਿਸੇ ਕੁੜੀ ਨਾਲ ਪਿਆਰ ਹੋਇਆ। ਇਹ ਕੁੜੀ ਚੀਨੀ ਸੀ। ਕੁੜੀ ਕੰਵਲ ਨਾਲ ਵਿਆਹ ਤਾਂ ਕਰਨਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਮਲਾਇਆ ਵਿਚ ਪੱਕਾ ਰਹਿਣ ਦਾ ਕੰਵਲ ਦਾ ਵੀ ਕੋਈ ਮਨ ਨਹੀਂ ਸੀ, ਸੋ ਉਸ ਦਾ ਇਹ ਪਹਿਲਾ ਪਿਆਰ ਕਿਸੇ ਸਿਰੇ ਨਾ ਲੱਗਿਆ, ਪਰ ਸਾਹਿਤ ਰਚਣ ਦੀ ਚੇਟਕ ਇੱਥੋਂ ਹੀ ਲੱਗ ਚੁੱਕੀ ਸੀ ਜੋ ਪੰਜਾਬ ਆ ਕੇ ਪ੍ਰਵਾਨ ਚੜ੍ਹੀ।
ਮਲਾਇਆ ਤੋਂ ਵਾਪਸ ਆ ਕੇ ਕੁਝ ਚਿਰ ਖੇਤੀ ਵਿਚ ਆਪਣੇ ਭਰਾ ਨਾਲ ਹੱਥ ਵਟਾਇਆ। ਇਸ ਤੋਂ ਬਾਅਦ, ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਵਿਖੇ ਕਲਰਕ ਦੀ ਨੌਕਰੀ ਮਿਲ ਗਈ। ਇਹ ਨੌਕਰੀ ਕਰਦਿਆਂ ਉਸ ਨੂੰ ਲਿਖਣ ਪੜ੍ਹਨ ਦਾ ਵਧੇਰੇ ਮੌਕਾ ਮਿਲਿਆ। ਆਪਣੀ ਡਿਊਟੀ ਤੋਂ ਬਾਅਦ ਉਹ ਸ਼੍ਰੋਮਣੀ ਕਮੇਟੀ ਦੀ ਲਾਇਬ੍ਰੇਰੀ ਚਲਾ ਜਾਂਦਾ ਅਤੇ ਆਪਣੀ ਪੜ੍ਹਨ ਦੀ ਭੁੱਖ ਨੂੰ ਸ਼ਾਂਤ ਕਰਦਾ।
ਕੰਵਲ ਨੇ ਤੀਹ ਦੇ ਲਗਪਗ ਨਾਵਲਾਂ ਦੀ ਰਚਨਾ ਕੀਤੀ ਅਤੇ ਪ੍ਰਕਾਸ਼ਿਤ ਕਰਵਾਏ, ਜਿਨ੍ਹਾਂ ਵਿੱਚੋਂ ਪੂਰਨਮਾਸ਼ੀ, ਹਾਣੀ, ਲਹੂ ਦੀ ਲੋਅ, ਰੂਪਧਾਰਾ, ਮਨੁੱਖਤਾ, ਐਨਿਆਂ ’ਚੋਂ ਉਠੋ ਸੂਰਮਾ, ਇਕ ਹੋਰ ਹੈਲਨ, ਰਾਤ ਬਾਕੀ ਹੈ ਅਤੇ ਤੋਸ਼ਾਲੀ ਦੀ ਹੰਸੋ’ ਪ੍ਰਸਿੱਧ ਨਾਵਲ ਹਨ। ਨਾਵਲ ‘ਪੂਰਨਮਾਸ਼ੀ’ ਸਭ ਤੋਂ ਵੱਧ ਚਰਚਿਤ ਰਿਹਾ ਜੋ ਇਕ ਪਿਆਰ ਕਹਾਣੀ ਤੇ ਅਧਾਰਿਤ ਸੀ ਅਤੇ ਮਲਵਈ ਖਿੱਤੇ ਦੀ ਬੋਲੀ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਕਰਦਾ ਸੀ। ਨਾਵਲ ‘ਰਾਤ ਬਾਕੀ ਹੈ’ ਜੋ ਕਿ ਉਸ ਦਾ ਚੌਥਾ ਨਾਵਲ ਸੀ, ਉਸ ਨੇ ਓਦੋਂ ਲਿਖਿਆ ਜਦ ਕਮਿਊਨਿਸਟ ਲਹਿਰ ਜ਼ੋਰਾਂ ’ਤੇ ਸੀ। ਉਸ ਤੋਂ ਬਾਅਦ ਇਸ ਲਹਿਰ ਵਿਚ ਗਿਰਾਵਟ ਆਉਣੀ ਸ਼ੁਰੂ ਹੋਈ। ਇਸ ਨਾਵਲ ਨੇ ਪੰਜਾਬ ਦੀ ਜਵਾਨੀ ਨੂੰ ਹਲੂਣ ਕੇ ਰੱਖ ਦਿੱਤਾ। ਇਸ ਨਾਵਲ ਨੇ ਉਸ ਦੇ ਜੀਵਨ ਵਿਚ ਇਕ ਹੋਰ ਘਟਨਾ ਅੰਜਾਮ ਦਿੱਤੀ। ਹੋਇਆ ਇਹ ਕਿ ਨਾਵਲ ਤੋਂ ਪ੍ਰਭਾਵਿਤ ਹੋ ਕੇ ਸੂਰਜਪੁਰ ਫੈਕਟਰੀ ਵਿਚ ਮੈਡੀਕਲ ਇੰਚਾਰਜ ਵਜੋਂ ਕੰਮ ਕਰਦੀ ਲੜਕੀ ਡਾ. ਜਸਵੰਤ ਗਿੱਲ ਉਸ ਵੱਲ ਖਿੱਚੀ ਗਈ ਅਤੇ ਬਾਅਦ ਵਿਚ ਕੰਵਲ ਨੇ ਉਸ ਨਾਲ ਦੂਸਰੀ ਸ਼ਾਦੀ ਰਚਾਈ। ਕੰਵਲ ਅਤੇ ਜਸਵੰਤ ਗਿੱਲ 1955 ਤੋਂ 1997 ਤਕ ਲਗਪਗ 42 ਸਾਲ ਇਕੱਠੇ ਰਹੇ। ਬਾਅਦ ਵਿਚ ਜਸਵੰਤ ਗਿੱਲ ਸਮੇਂ ਤੋਂ ਪਹਿਲਾਂ ਹੀ ਉਸਨੂੰ ਸਦੀਵੀ ਵਿਛੋੜਾ ਦੇ ਗਈ।
ਮੁਹੱਬਤ, ਪੀੜ, ਵੇਦਨਾ ਨੂੰ ਰੂਪਮਾਨ ਕਰਦਾ ਉਸ ਦਾ ਦੂਸਰਾ ਨਾਵਲ ‘ਪਾਲੀ’ ਸੀ। ਉਸ ਵਕਤ ਉਹ ਹਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਵਿਖੇ ਨੌਕਰੀ ਕਰ ਰਿਹਾ ਸੀ। ਇਸੇ ਨਾਵਲ ਨੂੰ ਪੜ੍ਹ ਕੇ ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੇ ਖ਼ੁਦ ਉਸ ਕੋਲ ਆ ਕੇ ਉਸ ਦੀ ਹੌਸਲਾ ਅਫ਼ਜ਼ਾਈ ਇਨ੍ਹਾਂ ਸ਼ਬਦਾਂ ਨਾਲ ਕੀਤੀ,“ਮੈਂ ਤੈਨੂੰ ਇਹੀ ਕਹਿਣ ਆਇਆ ਹਾਂ, ਤੂੰ ਬਹੁਤ ਵਧੀਆ ਲਿਖਦਾ ਹੈਂ, ਲਿਖਣਾ ਨਾ ਛੱਡੀਂ।’’
ਕੰਵਲ ਸਿਦਕੀ ਸੀ, ਸਾਹਸੀ ਸੀ ਅਤੇ ਸਿਰੜੀ ਮਰਦ ਸੀ। ਪੰਜਾਬ ਦੇ ਉਸ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਉਸਨੇ ਨਾਵਲ ‘ਲਹੂ ਦੀ ਲੋਅ’ ਰਚਿਆ। 1971-72 ’ਚ ਉਸ ਨੇ ਇਸ ਨਾਵਲ ਦੇ ਖਰੜੇ ਤਿਆਰ ਕਰ ਲਏ ਪਰ ਦੇਸ਼ ਵਿਚ ਐਮਰਜੈਂਸੀ ਲੱਗਣ ਕਾਰਨ ਇਸ ਨੂੰ ਛਾਪਣ ਲਈ ਕਿਸੇ ਪ੍ਰਕਾਸ਼ਕ ਦਾ ਹੀਆ ਨਾ ਪਿਆ, ਕਿਉਂਕਿ ਸਖ਼ਤ ਸੈਂਸਰਸ਼ਿਪ ਲਾਗੂ ਹੋ ਗਈ ਸੀ ਅਤੇ ਛਾਪੇਖਾਨਿਆਂ ’ਤੇ ਛਾਪੇ ਵੱਜਣਾ ਆਮ ਗੱਲ ਸੀ। ਅਖੀਰ ‘ਲਹੂ ਦੀ ਲੋਅ’ ਸਿੰਗਾਪੁਰ ਵਿਚ ਛਪਿਆ ਅਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਦੁਆਰਾ ਪੜ੍ਹਿਆ ਗਿਆ। ਬਾਅਦ ਵਿਚ ਕੁਛ ਕਾਪੀਆਂ ਭਾਰਤ ਵਿਚ ਸਮਗਲ ਹੋਈਆਂ ਅਤੇ ਹੱਥੋ ਹੱਥ ਵਿਕ ਗਈਆਂ। ਜੇ ਮੋਟਾ ਜਿਹਾ ਹਿਸਾਬ ਲਾਈਏ ਤਾਂ ਉਸ ਦੀਆਂ ਪ੍ਰਕਾਸ਼ਿਤ ਹੋਈਆਂ ਕੁੱਲ ਪੁਸਤਕਾਂ ਜੋ ਕਿ ਨਾਵਲਾਂ ਸਣੇ ਸੌ ਕੁ ਹੋਣਗੀਆਂ, ਦੀਆਂ ਸਾਰੇ ਐਡੀਸ਼ਨਾਂ ਦੀਆਂ, ਕੋਈ ਦਸ ਲੱਖ ਕਾਪੀਆਂ ਛਪੀਆਂ ਹੋਣਗੀਆਂ। ਇਸ ਹਿਸਾਬ ਨਾਲ ਕੰਵਲ ਨੇ ਜਿੰਨੀ ਰਾਇਲਟੀ ਆਪਣੇ ਨਾਵਲਾਂ ਅਤੇ ਹੋਰ ਰਚਨਾਵਾਂ ਤੋਂ ਪ੍ਰਾਪਤ ਕੀਤੀ, ਕੋਈ ਹੋਰ ਪੰਜਾਬੀ ਨਾਵਲਕਾਰ, ਉਸ ਦੇ ਨੇੜੇ ਤੇੜੇ ਵੀ ਨਹੀਂ ਠਹਿਰਦਾ।
ਨਾਵਲਾਂ ਤੋਂ ਬਿਨਾਂ ਕੰਵਲ ਨੇ ਕਹਾਣੀਆਂ, ਸਿਆਸੀ ਫੀਚਰ, ਰੇਖਾ ਚਿੱਤਰ, ਜੀਵਨ ਅਨੁਭਵ, ਵਾਰਤਕ ਸੰਗ੍ਰਹਿ, ਕਾਵਿ ਸੰਗ੍ਰਹਿ ਆਦਿ ਕਿਤਾਬਾਂ ਦੀ ਰਚਨਾ ਕੀਤੀ। ਉਹ ਸਿਆਸੀ ਸੂਝ ਬੂਝ ਰੱਖਣ ਵਾਲਾ, ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਲੇਖਕ ਸੀ।
ਪੰਜਾਬ ਸਮੇਂ ਸਮੇਂ ਅਨੁਸਾਰ ਵੱਖ-ਵੱਖ ਹਾਲਾਤ ਵਿੱਚੋਂ ਗੁਜ਼ਰਦਾ ਰਿਹਾ ਹੈ। ਕੰਵਲ ਨੇ ਇਨ੍ਹਾਂ ਹਾਲਤਾਂ ਅਨੁਸਾਰ ਹੀ ਪੰਜਾਬ ਦੀ ਜਵਾਨੀ ਨੂੰ ਆਪਣੀਆਂ ਲਿਖਤਾਂ ਰਾਹੀਂ ਸੇਧ ਦੇਣੀ ਚਾਹੀ। ਕੁੱਝ ਲੋਕ ਕਹਿੰਦੇ ਹਨ ਕਿ ਕੰਵਲ ਨੇ ਹਾਲਾਤ ਅਨੁਸਾਰ ਆਪਣੀ ਵਿਚਾਰਧਾਰਾ ਬਦਲ ਲਈ ਸੀ ਪਰ ਨਹੀਂ, ਉਹ ਤਾਂ ਪਹਿਲਾਂ ਵੀ, ਜਦ ਉਸ ਨੇ ਨਾਵਲ ‘ਲਹੂ ਦੀ ਲੋਅ’ ਲਿਖਿਆ, ਉਸ ਪੰਜਾਬ ਅਤੇ ਪੰਜਾਬੀਅਤ ਦਾ ਪੱਖ ਲਿਆ ਅਤੇ ਬਾਅਦ ਵਿਚ ਜਦ ਉਸਨੇ ‘ਐਨਿਆਂ ’ਚੋਂ ਉਠੋ ਸੂਰਮਾ’ ਲਿਖਿਆ ਓਦੋਂ ਵੀ ਉਸਦੀ ਵਿਚਾਰਧਾਰਾ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸੀ। ਉਸ ਨੇ, ਪੰਜਾਬੀ ਧਰਾਤਲ ’ਤੇ ਵੱਖ- ਵੱਖ ਸ਼੍ਰੇਣੀਆਂ ਦੇ ਆਪਸੀ ਵਿਰੋਧ ’ਚੋਂ ਉਪਜੀਆਂ ਘਟਨਾਵਾਂ ਨੂੰ ਆਪਣੇ ਨਾਵਲਾਂ ਦਾ ਬਿਰਤਾਂਤਕ ਪਸਾਰ ਦਾ ਜਰੀਆ ਬਣਾਇਆ। ਉਸ ਨੇ ਸ਼੍ਰੇਣੀ ਸੰਘਰਸ਼ ਨੂੰ ਪਿੱਠ ਭੂਮੀ ਵਿਚ ਰੱਖ ਕੇ ਆਪਣੇ ਨਾਵਲਾਂ ਵਿਚਲੀ ਪਿਆਰ ਕਹਾਣੀ ਨੂੰ ਅੱਗੇ ਵਧਾਇਆ। ‘ਸਮਾਜਿਕ ਯਥਾਰਥਵਾਦ’ ਕੇਵਲ ਸਮਾਜਿਕ ਸੁਧਾਰਾਂ ਦੀ ਗੱਲ ਕਰਦਾ ਹੈ ਪਰ ‘ਸਮਾਜਵਾਦੀ ਯਥਾਰਥਵਾਦ’ ਕਿਸੇ ਸਮਾਜ ਵਿਚ ਮਜ਼ਦੂਰ ਵਰਗ ਦੇ ਯੋਗਦਾਨ ਨੂੰ ਉਭਾਰਦਾ ਹੈ। ਕੰਵਲ ਦੇ ਨਾਵਲ ਪਿਆਰ ਦੇ ਨਾਲ-ਨਾਲ ਸਮਾਜਵਾਦੀ ਯਥਾਰਥਵਾਦ ਦੀ ਹਾਮੀ ਭਰਦੇ ਹਨ। ਇਸੇ ਕਰਕੇ ਉਸਦੇ ਨਾਵਲ ਪੰਜਾਬ ਦੇ ਨੌਜਵਾਨ ਮੁੰਡੇ, ਕੁੜੀਆਂ ਅਤੇ ਮਜ਼ਦੂਰ ਜਮਾਤ ਵਿਚ ਬਹੁਤ ਹਰਮਨ ਪਿਆਰੇ ਹੋਏ।
ਕੰਵਲ ਪੰਜਾਬੀ ਸਾਹਿਤ ਟਰੱਸਟ ਢੁਡੀਕੇ ਦਾ ਬਾਨੀ ਅਤੇ ਜਨਰਲ ਸਕੱਤਰ ਰਿਹਾ, ਜਿਸ ਵੱਲੋਂ ਹਰ ਸਾਲ ਬਾਵਾ ਬਲਵੰਤ, ਬਲਰਾਜ ਸਾਹਨੀ ਅਤੇ ਜਸਵੰਤ ਗਿੱਲ ਐਵਾਰਡ ਦਿੱਤੇ ਜਾਂਦੇ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੀਤ ਪ੍ਰਧਾਨ ਵੀ ਰਿਹਾ ਅਤੇ ਲੰਮਾ ਸਮਾਂ ਪਿੰਡ ਦੀ ਸਰਪੰਚੀ ਵੀ ਕੀਤੀ। ਮਾਣ ਸਨਮਾਨ ਦੀ ਗੱਲ ਕਰੀਏ ਤਾਂ ਇਤਿਹਾਸ ਨੂੰ ਗਲਪੀ ਬਿਰਤਾਂਤ ਰਾਹੀਂ ਪੇਸ਼ ਕਰਨ ਦੀ ਵਿਧੀ ਨਾਲ ਲਿਖੇ ਉਸ ਦੇ ਨਾਵਲ ‘ਤੌਸ਼ਾਲੀ ਦੀ ਹੰਸੋ’ ਨੂੰ 1993 ਵਿਚ ਭਾਰਤੀ ਸਾਹਿਤ ਅਕਾਦਮੀ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਬਿਨਾਂ ਕੰਵਲ ਨੂੰ 1986 ਵਿਚ ਪੰਜਾਬੀ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ ਐਵਾਰਡ’ ਮਿਲਿਆ ਅਤੇ 1990 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਆ ਗਿਆ।
ਚੀੜ੍ਹੀ ਹੱਡੀ ਵਾਲਾ, ਪੰਜਾਬੀ ਸਾਹਿਤ ਦਾ ਇਹ ਬਾਬਾ ਬੋਹੜ ਪੂਰੀ ਇਕ ਸਦੀ ਦੀ ਉਮਰ ਭੋਗ ਕੇ ਇਕ ਫਰਵਰੀ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਹਰ ਸਾਲ ਇਸ ਦਿਨ ਉਨ੍ਹਾਂ ਦੇ ਚਾਹੁਣ ਵਾਲੇ ਲੇਖਕ ਪਾਠਕ ਮਿਲ ਕੇ ਉਨ੍ਹਾਂ ਦੀ ਬਰਸੀ, ਉਨ੍ਹਾਂ ਦੇ ਜੱਦੀ ਪਿੰਡ ਢੁਡੀਕੇ ਵਿਖੇ ਮਨਾਉਂਦੇ ਹਨ। ਪਿੱਛੇ ਉਨ੍ਹਾਂ ਦੇ ਸਾਹਿਤਕ ਭੰਡਾਰ ਅਤੇ ਯਾਦਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪੋਤਰੇ ਹਰਮੀਤ ਸਿੰਘ ਨੇ ਉਠਾਈ ਹੈ।
ਸਾਹਿਤਕ ਸਫ਼ਰ ਦੀ ਸ਼ੁਰੂਆਤ
ਕੰਵਲ ਦਾ ਸਾਹਿਤਕ ਸਫ਼ਰ ਉਸਦੀ ਵਾਰਤਕ ਪੁਸਤਕ ‘ਜੀਵਨ ਕਣੀਆਂ’ ਤੋਂ ਸ਼ੁਰੂ ਹੁੰਦਾ ਹੈ, ਜੋ 1941-42 ਵਿਚ ਛਪੀ। ਇਸੇ ਪੁਸਤਕ ਦੇ ਪ੍ਰਕਾਸ਼ਕ ਨੇ, ਉਸਦੀ ਲੇਖਣੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਨਾਵਲ ਲਿਖਣ ਲਈ ਪ੍ਰੇਰਿਤ ਕੀਤਾ, ਜਿਸ ਦਾ ਨਤੀਜਾ, ਕੰਵਲ ਦਾ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ ਸੀ। ਇਹ ਨਾਵਲ ਇਕ ਅਜਿਹੀ ਘਟਨਾ ਦੀ ਉਪਜ ਸੀ ਜੋ ਓਦੋਂ ਵਾਪਰੀ ਸੀ ਜਦੋਂ ਹਾਲੇ ਉਹ ਪੜ੍ਹ ਰਿਹਾ ਸੀ। 1912 ਦੇ ਲਾਗੇ ਚਾਗੇ ਜ਼ਿਲ੍ਹਾ ਮਿੰਟਗੁਮਰੀ ਵਿਚ ਇਕ ਰਸਾਲਦਾਰ ਦਾ ਕਤਲ ਹੋਇਆ ਸੀ। ਇਸ ਘਟਨਾ ਦੇ ਦੁਆਲੇ ਕਾਲਪਨਿਕ ਬੁਣਤੀ ਬੁਣ ਕੇ ਕੰਵਲ ਨੇ ਇਸ ਨਾਵਲ ਦੀ ਰਚਨਾ ਕੀਤੀ ਜੋ ਬੇਹੱਦ ਮਕਬੂਲ ਹੋਇਆ। ਇਸ ਤੋਂ ਬਾਅਦ ਕੰਵਲ ਨੇ ਲਗਾਤਾਰ ਲਿਖਿਆ।
Add a review