ਅੱਜ ਦਾ ਯੁੱਗ ਤਕਨਾਲੋਜੀ ਦਾ ਯੁੱਗ ਹੈ ਤੇ ਇਸ ਤਕਨਾਲੋਜੀ ਦੇ ਯੁੱਗ ਵਿਚ ਨੌਜਵਾਨ ਪੀੜ੍ਹੀ ਲਈ ਮੋਬਾਈਲ ਸਭ ਤੋਂ ਵੱਧ ਪਸੰਦੀਦਾ ਸਾਧਨ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤਕ ਇਸ ’ਤੇ ਨਿਰਭਰਤਾ ਬਹੁਤ ਵੱਧ ਗਈ ਹੈ। ਘਰਾਂ ਵਿਚ ਛੋਟੇ-ਛੋਟੇ ਬੱਚੇ ਵੀ ਮੋਬਾਈਲ ਦੀ ਵਰਤੋਂ ਕਰ ਰਹੇ ਹਨ ਅਤੇ ਉਹ ਯੂਟਿਊਬ, ਡਾਊਨਲੋਡ ਗੇਮਾਂ ਦੇ ਨਾਲ-ਨਾਲ ਆਨਲਾਈਨ ਗੇਮਾਂ ਵੀ ਖੇਡ ਰਹੇ ਹਨ।
ਬੱਚਿਆਂ ’ਚ ਆਨਲਾਈਨ ਗੇਮਾਂ ਦਾ ਰੁਝਾਨ ਖ਼ਤਰਨਾਕ ਹੱਦ ਤਕ ਵੱਧ ਚੁੱਕਿਆ ਹੈ, ਜਿਸ ਨਾਲ ਜਿੱਥੇ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਵਾਰ ਆਨਲਾਈਨ ਗੇਮ ਖੇਡਣ ਸਮੇਂ ਮਾਪਿਆਂ ਦੀ ਕਮਾਈ ਵੀ ਲੁਟਾਈ ਜਾ ਰਹੀ ਹੈ, ਜਿਸ ਨਾਲ ਆਰਥਿਕ ਨੁਕਸਾਨ ਹੋ ਰਿਹਾ ਹੈ। ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ।
ਆਨਲਾਈਨ ਗੇਮ ਦੇ ਅਗਲੇ ਲੈਵਲ ਦੇ ਨਾਂ ’ਤੇ ਬੱਚੇ ਲੱਖਾਂ ਰੁਪਏ ਲੁਟਾ ਦਿੰਦੇ ਹਨ। ਅੱਜ ਦੇ ਇਸ ਮੁਕਾਬਲੇ ਦੇ ਯੁੱਗ ’ਚ ਬੱਚਿਆਂ ਨੂੰ ਇੰਝ ਲੱਗਦਾ ਹੈ ਕਿ ਆਨਲਾਈਨ ਗੇਮ ਦੇ ਅਗਲੇ ਲੈਵਲ ਨੂੰ ਪਾਰ ਕਰ ਕੇ ਉਹ ਕੋਈ ਵੱਡੀ ਪ੍ਰਾਪਤੀ ਕਰ ਰਿਹਾ ਹੈ, ਜਦੋਂਕਿ ਅਜਿਹਾ ਕੁਝ ਵੀ ਨਹੀਂ ਹੈ। ਬੱਚਾ ਇਸ ਗੱਲ ’ਚ ਫ਼ਰਕ ਨਹੀਂ ਸਮਝਦਾ ਕਿ ਵੱਡੀ ਪ੍ਰਾਪਤੀ ਕਰਨ ਲਈ ਖੇਡ ਮੈਦਾਨ ’ਚ ਜਾ ਕੇ ਲਗਾਤਾਰ ਮਿਹਨਤ ਕਰਨ ਦੀ ਲੋੜ ਪੈਂਦੀ ਹੈ ਅਤੇ ਆਨਲਾਈਨ ਗੇਮਾਂ ’ਚ ਅਜਿਹੀ ਕੋਈ ਪ੍ਰਾਪਤੀ ਸੰਭਵ ਨਹੀਂ ਹੈ।
ਕੁਝ ਬੱਚਿਆਂ ਨੇ ਆਨਲਾਈਨ ਗੇਮ ਦੇ ਚੱਕਰਾਂ ’ਚ ਆਪਣੇ ਮਾਪਿਆਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਲੁਟਾ ਲਿਆ ਹੈ ਅਤੇ ਹੁਣ ਉਨ੍ਹਾਂ ਕੋਲ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਬਚਿਆ। ਇਸ ਸਭ ਪਿੱਛੇ ਕਾਰਨ ਇਹ ਹੈ ਕਿ ਮਾਤਾ-ਪਿਤਾ ਦੋਵੇਂ ਨੌਕਰੀ ਪੇਸ਼ਾ ਵਾਲੇ ਹੋਣ ਕਰਕੇ ਉਨ੍ਹਾਂ ਕੋਲ ਬੱਚਿਆਂ ਲਈ ਪੂਰਾ ਸਮਾਂ ਨਹੀਂ ਹੈ ਤੇ ਬਾਹਰ ਦੇ ਅਣਸੁਖਾਵੇਂ ਮਾਹੌਲ ਕਰਕੇ ਮਾਤਾ-ਪਿਤਾ ਖ਼ੁਦ ਮਜਬੂਰੀ ਵੱਸ ਬੱਚਿਆਂ ਨੂੰ ਮੋਬਾਈਲ ਦੇ ਰਹੇ ਹਨ, ਜਿਸ ਕਰਕੇ ਬੱਚੇ ਜਿੱਥੇ ਇਕਲਾਪੇ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਮੋਬਾਈਲ ਨੂੰ ਆਪਣਾ ਸਾਥੀ ਸਮਝ ਬੈਠੇ ਹਨ। ਸਾਰਾ-ਸਾਰਾ ਦਿਨ ਗੇਮ ਖੇਡਣ ਕਾਰਨ ਬੱਚਿਆਂ ’ਚ ਅੱਖਾਂ ਦੀ ਰੋਸ਼ਨੀ, ਚਿੜਚਿੜਾਪਨ, ਝੂਠ ਬੋਲਣ ਅਤੇ ਜ਼ਿੱਦ ਕਰਨ ਦੀ ਆਦਤ ਵੱਧਦੀ ਜਾ ਰਹੀ ਹੈ।
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕੁਝ ਸਮਾਂ ਆਪਣੇ ਬੱਚਿਆਂ ਲਈ ਜ਼ਰੂਰ ਕੱਢਣ, ਉਨ੍ਹਾਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ। ਜੇ ਸੰਭਵ ਹੋ ਸਕੇ ਤਾਂ ਬਚਪਨ ਵਿਚ ਖੇਡੀਆਂ ਖੇਡਾਂ ਬੱਚਿਆਂ ਨਾਲ ਜ਼ਰੂਰ ਖੇਡਣ। ਬੱਚੇ ਨੂੰ ਕੋਈ ਰਚਨਾਤਮਕ ਕੰਮ ਨੂੰ ਕਰਨ ਲਈ ਪ੍ਰੇਰਿਤ ਕਰਨ। ਬੱਚਿਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਉਣ ਤੇ ਮਹਾਨ ਇਨਸਾਨਾਂ ਦੀ ਜੀਵਨੀ ਬਾਰੇ ਜ਼ਰੂਰ ਜਾਣਕਾਰੀ ਦੇਣ। ਮਾਤਾ-ਪਿਤਾ ਨੂੰ ਖ਼ੁਦ ਵੀ ਚਾਹੀਦਾ ਹੈ ਕਿ ਉਹ ਘਰ ਆ ਕੇ ਜ਼ਿਆਦਾ ਸਮਾਂ ਮੋਬਾਈਲ ’ਤੇ ਨਾ ਬਿਤਾਉਣ ਕਿਉਂਕਿ ਬੱਚੇ ਜੋ ਦੇਖਦੇ ਹਨ, ਉਹੀ ਕਰਦੇ ਹਨ। ਇਸ ਲਈ ਮਾਤਾ-ਪਿਤਾ ਖ਼ੁਦ ਉਨ੍ਹਾਂ ਲਈ ਰੋਲ ਮਾਡਲ ਬਣਨ। ਅਜਿਹਾ ਕਰਕੇ ਆਨਲਾਈਨ ਗੇਮ ਦੀ ਲਤ ਤੋਂ ਬੱਚਿਆਂ ਨੂੰ ਕਾਫ਼ੀ ਹੱਦ ਤਕ ਦੂਰ ਰੱਖਿਆ ਹੈ ਸਕਦਾ ਹੈ।
ਇਕ ਸਰਵੇ ਅਨੁਸਾਰ ਦੇਸ਼ ਦੇ 86 ਫ਼ੀਸਦੀ ਬੱਚੇ ਇਹ ਮੰਨਦੇ ਹਨ ਕਿ ਵਿਹਲਾ ਸਮਾਂ ਬਤੀਤ ਕਰਨ ਲਈ ਕਿਸੇ ਹੋਰ ਕੰਮ ਨੂੰ ਕਰਨ ਬਦਲੇ ਉਹ ਆਨਲਾਈਨ ਗੇਮ ਖੇਡਣਾ ਵੱਧ ਪਸੰਦ ਕਰਦੇ ਹਨ। ਮਨੋਵਿਗਿਆਨੀਆਂ ਅਨੁਸਾਰ ਆਨਲਾਈਨ ਗੇਮ ਖੇਡਣ ਦੀ ਲਤ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਦਸ ਮਿੰਟ ਆਨਲਾਈਨ ਗੇਮ ਖੇਡਣ ਤੋਂ ਸ਼ੁਰੂ ਹੋ ਕੇ ਇਹ ਆਦਤ ਘੰਟਿਆਂਬੱਧੀ ਹੋ ਜਾਂਦੀ ਹੈ, ਜੋ ਬੱਚਿਆਂ ਦੇ ਵਿਕਾਸ ਵਿਚ ਵੱਡੀ ਪਰੇਸਾਨੀ ਹੈ। ਇਸ ਕਰਕੇ ਬੱਚਿਆਂ ਦਾ ਬਚਪਨ ਖੋਹ ਗਿਆ ਜਾਪਦਾ ਹੈ। ਘਰ ਤੋਂ ਬਾਹਰ ਖੇਡਣਾ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
Add a review