ਅੱਜ ਤੋਂ ਲਗਪਗ ਅਠਾਰਾਂ ਵੀਹ ਸਾਲ ਪਹਿਲਾਂ, ਜਦੋਂ ਪਿੰਡ ਦੀ ਅੰਦਰਲੀ ਗਲੀ ਹੋ ਕੇ ਤੇ ਪਿੰਡ ਦੀ ਅੰਦਰਲੀ ਫਿਰਨੀ ਕੋਲ ਇੱਕ ਨਿੱਕੀਆਂ ਇੱਟਾਂ ਦੇ ਬਣੇ ਦਰਵਾਜ਼ੇ ਮੂਹਰ ਦੀ ਲੰਘੀਦਾ ਸੀ ਤਾਂ ਇੱਕ ਮਾਈ ਨੂੰ ਭੱਠੀ ਤੇ ਦਾਣੇ ਭੁੰਨਦੀ ਨੂੰ ਦੇਖਦੇ ਹੁੰਦੇ ਸੀ।
ਉਦੋਂ ਮੈਂ ਭਾਵੇਂ ਉਸ ਭੱਠੀ ਤੇ ਕਦੇ ਨਹੀਂ ਸੀ ਗਿਆ ਤੇ ਨਾਂ ਹੀ ਕਦੇ ਦਾਣੇ ਚੱਬੇ। ਪਰ ਕੁਝ ਦਿਨ ਪਹਿਲਾਂ ਉਸੇ ਅੰਦਰਲੀ ਗਲੀ ਵਿੱਚ ਦੀ ਗੁਜ਼ਰਿਆ ਤਾਂ ਉਹੀ ਮਾਈ ਭੱਠੀ ਤਪਾਈ ਦਾਣੇ ਭੁੰਨ ਰਹੀ ਸੀ। ਬੱਸ ਫੇਰ ਕੀ ਮਨ ਬਣਾ ਲਿਆ ਕਿ ਹੁਣ ਭੱਠੀ ਤੋਂ ਦਾਣੇ ਭੁੰਨਾਂਕੇ ਜ਼ਰੂਰ ਚੱਬਣੇ ਨੇ। ਘਰੇ ਕੁਝ ਦਿਨ ਪਹਿਲਾਂ ਖੇਤੋਂ ਲਿਆਂਦੀਆਂ ਛੱਲੀਆਂ ਗੇਰ ਕੇ ਵਾਹਵਾ ਦਾਣੇ ਝੋਲਾ ਭਰਕੇ ਅੱਜ ਭੱਠੀ ਤੇ ਲੈ ਗਿਆ। ਮਾਈ ਜੀਤੋ ਨੂੰ ਪੁੱਛਿਆ ਕਿ ਬੇਬੇ ਮੈਂ ਬੜੇ ਚਿਰ ਬਾਅਦ ਪਿੰਡ ਭੱਠੀ ਤਪਦੀ ਵੇਖੀ ਤਾਂ ਬੇਬੇ ਨੇ ਦੱਸਿਆ ਕਿ ਹਾਂ ਪੁੱਤ ਕੋਈ ਵੀਹਾਂ ਵਰ੍ਹਿਆਂ ਬਾਅਦ ਮੈਂ ਦੁਬਾਰਾ ਭੱਠੀ ਤਪਾਈ।
ਮਾਈ ਜੀਤੋ ਝਿਉਰ/ਮਹਿਰਾ ਬਰਾਦਰੀ ਨਾਲ ਸੰਬੰਧ ਰੱਖਦੀ ਹੈ। ਤਸਵੀਰਾਂ ਵਿੱਚ ਜੋ ਬਾਬਾ ਭੱਠੀ ਮੂਹਰੇ ਬੈਠਾ ਬਾਲਣ ਦਾ ਝੋਕਾ ਲਾ ਰਿਹਾ ਹੈ, ਉਹ ਮਾਈ ਦੇ ਘਰਵਾਲ਼ਾ ਬਾਬਾ ਬੰਸਾ ਹੈ। ਦੋਵੇਂ ਜੀਅ ਖ਼ੁਸ਼ੀ ਖ਼ੁਸ਼ੀ ਭੱਠੀ ਤਪਾਕੇ ਆਪਣਾ ਗੁਜ਼ਾਰਾ ਕਰ ਰਹੇ ਨੇ।
ਅੱਜ-ਕੱਲ੍ਹ ਜਿੱਥੇ ਬਜ਼ਾਰਾਂ ਵਿੱਚੋਂ ਪੈਕਟਾਂ ਵਾਲੀਆਂ ਖਿੱਲਾਂ ਤੇ ਮੁਰਮੁਰੇ ਮਿਲਦੇ ਨੇ ਜਿੰਨ੍ਹਾਂ ਉੱਪਰ ਭਾਂਤ ਭਾਂਤ ਦੇ ਮਸਾਲੇ ਲਗਾਏ ਹੁੰਦੇ ਨੇ। ਜਦੋਂਕਿ ਭੱਠੀ ਤੇ ਕੜਾਹੀ ਵਿਚਲੀ ਰੇਤਾ ਵਿੱਚ ਹੀ ਨੂਣ ਮਿਲਾਕੇ ਦਾਣਿਆਂ ਨੂੰ ਨਮਕੀਨ ਫਲੇਵਰ ਦਿੱਤਾ ਜਾਂਦਾ ਹੈ।
ਭੱਠੀ ਤੇ ਦਾਣੇ ਭੁੰਨਣ ਵਾਸਤੇ ਵਾਹਵਾ ਵੱਡਾ ਚੁੱਲ੍ਹਾ, ਕੜਾਹੀ, ਕੱਕਾ ਰੇਤਾ, ਝਾਰਨੀ ਅਤੇ ਦਾਣੇ ਹਿਲਾਉਣ ਲਈ ਬਿਨ੍ਹਾਂ ਦੰਦਿਆਂ ਤੋਂ ਦਾਤੀ ਦੀ ਲੋੜ ਪੈਂਦੀ ਹੈ। ਭੱਠੀ ਤੇ ਦਾਣੇ ਭੁੰਨਣ ਵਾਲੀ ਬੀਬੀ ਨੂੰ ਭਠਿਆਰਣ ਵੀ ਕਹਿ ਦਿੰਦੇ ਨੇ।
ਭੱਠੀ ਕਿਸੇ ਵੇਲੇ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਆਮ ਦੇਖੀ ਜਾਂਦੀ ਸੀ। ਪਰ ਸਾਡੇ ਸੱਭਿਆਚਾਰ ਦਾ ਇਹ ਹਿੱਸਾ ਹੌਲੀ ਹੌਲੀ ਖਤਮ ਹੋ ਰਿਹਾ ਹੈ। ਸ਼ਹਿਰੀ ਤਾਂ ਕੀ, ਹੁਣ ਦੇ ਨਵੇਂ ਪਿੰਡਾਂ ਵਾਲੇ ਨਿਆਣਿਆਂ ਨੂੰ ਵੀ ਭੱਠੀਆਂ ਬਾਰੇ ਬਹੁਤਾ ਨਹੀਂ ਪਤਾ। ਜਦੋਂਕਿ ਮੈਂ ਅੱਜ ਪਿੰਡ ਵਾਲੀ ਮਾਈ ਜੀਤੋ ਦੀ ਭੱਠੀ ਤੇ ਵਾਹਵਾ ਨਿਆਣੇ ਦੇਖੇ ਜਿਹੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।
ਭੱਠੀਆਂ ਤੇ ਇਕੱਠੇ ਹੋਏ ਕੀ ਨਿਆਣੇ ਤੇ ਕੀ ਸਿਆਣੇ ਸਭ ਖ਼ੁਸ਼ੀ ਖ਼ੁਸ਼ੀ ਆਪਣੀ ਵਾਰੀ ਦੀ ਉਡੀਕ ਕਰਦੇ ਸਨ, ਤੇ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਦੌਰ ਵੀ ਜਾਰੀ ਰਹਿੰਦਾ ਸੀ। ਗੱਲਾਂ ਬਾਤਾਂ ਦੇ ਸ਼ੁਕੀਨ ਤੇ ਖਬਰੀ ਕਈ ਵਾਰ ਹੋਰ ਸਮਾਂ ਬਿਤਾਉਣ ਲਈ ਆਪਣੀ ਵਾਰੀ ਕਿਸੇ ਹੋਰ ਨੂੰ ਵੀ ਦੇ ਦਿੰਦੇ ਸਨ। ਉਨ੍ਹਾਂ ਵੇਲਿਆਂ ਵਿੱਚ, ਵੱਡਿਆਂ ਦੇ ਦੱਸਣ ਮੁਤਾਬਕ ਭੱਠੀ ਤੇ ਵਿਆਹ ਜਿੰਨੀ ਰੌਣਕ ਹੁੰਦੀ ਸੀ ਕਿਉਂਕਿ ਲੋਕ ਦਾਣੇ ਭੁਨਾ ਕੇ ਚੱਬਣ ਦੇ ਸ਼ੁਕੀਨ ਹੁੰਦੇ ਸਨ।
ਦੁਪਹਿਰਾ ਢਲਣ ਤੋਂ ਬਾਅਦ ਭੱਠੀਆਂ ਤੇ ਰੌਣਕ ਲੱਗਣੀ ਸ਼ੁਰੂ ਹੋ ਜਾਂਦੀ ਸੀ। ਪਰ ਹੁਣ ਤਾਂ ਇਹ ਸਭ ਕੁਝ ਬੀਤੇ ਵੇਲੇ ਦੀਆਂ ਬਾਤਾਂ ਬਣਕੇ ਹੀ ਰਹਿ ਗਿਆ ਹੈ।
johallakhwinder61
February 12, 2022 at 10:56 pmਬਹੁਤ ਬਹੁਤ ਧੰਨਵਾਦ ਜੀ