‘‘ਮੈਂ ਮਿਹਨਤ ਪੱਖੋਂ ਕਦੇ ਕੋਈ ਕਸਰ ਨਹੀਂ ਛੱਡੀ ਪਰ ਕਿਸਮਤ ਦਾ ਸਾਥ ਨਾ ਮਿਲਣ ਕਰਕੇ ਮੈਂ ਉਹ ਮੁਕਾਮ ਹਾਸਿਲ ਨਹੀਂ ਕਰ ਸਕਿਆ ਜਿਸ ਦਾ ਕਿ ਮੈਂ ਹੱਕਦਾਰ ਸੀ’’। ਉਮਰ ਦੇ 75ਵੇਂ ਵਰ੍ਹੇ ਵਿੱਚੋਂ ਲੰਘ ਰਹੇ ਪੰਜਾਬੀ ਸਾਹਿਤਕਾਰ ਅਤੇ ਸ਼ਿਵ ਬਟਾਲਵੀ ਦੀ ਕਰਮਭੂਮੀ ਬਟਾਲਾ ਦੇ ਵਸਨੀਕ ਅਜੀਤ ਕਮਲ ਦੇ ਉਕਤ ਬੋਲਾਂ ਵਿੱਚੋਂ ਹਾਲਾਤ ਵੱਲੋਂ ਉਸ ਨਾਲ ਕੀਤੀ ਜ਼ਿਆਦਤੀ ਅਤੇ ਸਮਾਜ ਵੱਲੋਂ ਉਸਨੂੰ ਬਣਦਾ ਮਾਣ-ਸਤਿਕਾਰ ਨਾ ਦੇਣ ਪ੍ਰਤੀ ਨਿਰਾਸ਼ਾ ਝਲਕਦੀ ਹੈ। ਅਜੀਤ ਕਮਲ ਹੁਣ ਤਕ ਦੋ ਕਾਵਿ ਸੰਗ੍ਰਹਿ ਅਤੇ ਦੋ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ ਤੇ ਉਸਦੇ ਲਿਖੇ ਛੇ ਪੰਜਾਬੀ ਗੀਤਾਂ ਨੂੰ ਬਾਲੀਵੁੱਡ ਦੇ ਸਿਰਤਾਜ ਗਾਇਕਾਂ ਮੁਹੰਮਦ ਰਫ਼ੀ, ਆਸ਼ਾ ਭੌਂਸਲੇ, ਮੀਨੂੰ ਪੁਰਸ਼ੋਤਮ, ਦਿਲਰਾਜ ਕੌਰ ਅਤੇ ਸੁਰਿੰਦਰ ਕੋਹਲੀ ਆਦਿ ਵੱਲੋਂ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾਇਆ ਜਾ ਚੁੱਕਾ ਹੈ। ਅਜੀਤ ਕਮਲ ਦਾ ਅਸਲ ਨਾਂ ਅਜੀਤ ਸਿੰਘ ਹੈ ਤੇ ਉਸ ਦਾ ਜਨਮ 14 ਅਪ੍ਰੈਲ, ਸੰਨ 1947 ਨੂੰ ਬਟਾਲਾ ਨੇੜਲੇ ਪਿੰਡ ਡੁੱਲਟ ਵਿਖੇ ਵੱਸਦੇ ਫ਼ਕੀਰ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਹੋਇਆ ਸੀ।
ਅਜੀਤ ਕਮਲ ਨੇ ਮੁੱਢਲੀ ਪੜ੍ਹਾਈ ਡੁਲਟ ਅਤੇ ਸੀੜ੍ਹਾ ਆਦਿ ਪਿੰਡਾਂ ਵਿਚ ਸਥਿਤ ਪ੍ਰਾਇਮਰੀ ਸਕੂਲਾਂ ਤੋਂ ਕੀਤੀ ਤੇ ਫਿਰ ਪਰਿਵਾਰ ਦੇ ਬਟਾਲਾ ਵਿਖੇ ਸ਼ਿਫ਼ਟ ਹੋ ਜਾਣ ’ਤੇ ਡੀ.ਏ.ਵੀ.ਸਕੂਲ ਬਟਾਲਾ ਤੋਂ ਛੇਵੀਂ ਅਤੇ ਉਪਰੰਤ ਗੁਰੂ ਨਾਨਕ ਸਕੂਲ ਨਾਰੋਵਾਲ ਬਟਾਲਾ ਤੋਂ ਸੱਤਵੀਂ ਤੋਂ ਲੈ ਕੇ ਹਾਇਰ ਸੈਕੰਡਰੀ ਤਕ ਦੀ ਵਿੱਦਿਆ ਹਾਸਿਲ ਕੀਤੀ ਅਤੇ ਉਪਰੰਤ ਆਪਣੇ ਪਿਤਾ ਨਾਲ ਦੁਕਾਨ ਦੇ ਕੰਮਕਾਜ ਵਿਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਆਪਣੇ ਹਮਉਮਰ ਪਰ ਰਿਸ਼ਤੇਦਾਰੀ ਵਿਚ ਚਾਚਾ ਲੱਗਦੇ ਕੇ.ਸ਼ਰਨਜੀਤ ਸਿੰਘ ਜੋ ਕਿ ਬਾਅਦ ਵਿਚ ਫ਼ਿਦਾ ਬਟਾਲਵੀ ਦੇ ਨਾਂ ਨਾਲ ਮਕਬੂਲ ਹੋਏ, ਦੇ ਪ੍ਰਭਾਵ ਹੇਠ ਅਜੀਤ ਕਮਲ ਨੇ ਰਾਮ ਲੀਲ੍ਹਾ ਦੇ ਵੱਖ ਵੱਖ ਦਿ੍ਰਸ਼ਾਂ ਲਈ ਲੋੜੀਂਦੇ ਭਾਵਪੂਰਤ ਗੀਤ ਰਚਣੇ ਸ਼ੁਰੂ ਕਰ ਦਿੱਤੇ ਜੋ ਕਿ ਹਿੰਦੀ ਵਿਚ ਸਨ। ਫਿਰ ਹਿੰਦੀ ਵਿਚ ਹੀ ਗੀਤ ਤੇ ਗ਼ਜ਼ਲਾਂ ਰਚਣ ਦਾ ਸਿਲਸਿਲਾ ਕੁਝ ਸਮੇਂ ਤਕ ਚੱਲਦਾ ਰਿਹਾ। ਸਾਹਿਤਕਾਰ ਸਰਿੰਦਰ ਕਾਹਲੋਂ ਦੀ ਪ੍ਰੇਰਨਾ ਸਦਕਾ ਅਜੀਤ ਕਮਲ ਨੇ ਪੰਜਾਬੀ ਵਿਚ ਸ਼ਾਇਰੀ ਦਾ ਆਗ਼ਾਜ਼ ਕੀਤਾ ਤੇ ਫਿਰ ਅੱਗੇ ਚੱਲ ਕੇ ‘ਸਾਵੀਆਂ ਮੁੰਜਰਾਂ’ ਅਤੇ ‘ਹੂਕ’ ਨਾਮਕ ਦੋ ਕਾਵਿ ਸੰਗ੍ਰਹਿ ਪਾਠਕਾਂ ਦੇ ਰੂਬਰੂ ਕਰ ਦਿੱਤੇ।
ਅਜੀਤ ਕਮਲ ਦਾ ਕਹਿਣਾ ਹੈ ਕਿ ਉਹ ਜਦੋਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਉਸਦੀ ਰਚੀ ਪਹਿਲੀ ਬਾਲ ਕਹਾਣੀ ‘ਤਰਬੂਜ਼ ਦੇ ਦੋ ਹਿੱਸੇ’ ਉਸ ਵਕਤ ਪ੍ਰੀਤਲੜੀ ਵੱਲੋਂ ਛਾਪੇ ਜਾਂਦੇ ਰਸਾਲੇ ‘ਬਾਲ ਸੰਦੇਸ਼’ ਵਿਚ ਪ੍ਰਕਾਸ਼ਿਤ ਹੋਈ ਸੀ ਜਿਸਦੇ ਫ਼ਲਸਰੂਪ ਉਸਦੇ ਸਕੂਲ ਮੁਖੀ ਸਰਦਾਰਾ ਸਿੰਘ ਨੇ ਉਸਨੂੰ ਸਮੁੱਚੇ ਸਕੂਲ ਸਾਹਮਣੇ ਸਨਮਾਨਿਤ ਵੀ ਕੀਤਾ ਸੀ। ਸੰਨ 1960 ਦੇ ਦਹਾਕੇ ਵਿਚ ‘ ਬੀਬਾ ਰਾਣਾ ’ ਨਾਮਕ ਮੈਗ਼ਜ਼ੀਨ ਅਤੇ ਉਪਰੰਤ ‘ਸਮਾਜਿਕ ਦਰਪਣ’ ਨਾਮਕ ਪੰਦਰਾ ਰੋਜ਼ਾ ਅਖ਼ਬਾਰ ਵਿਚ ਉਸਦੇ ਰਚੇ ਦੋ ਨਾਵਲ ‘ਸੋ ਕਿਉਂ ਮੰਦਾ ਆਖੀਐ’ ਅਤੇ ‘ਜਗਤ ਜਲੰਦਾ ਰਖ ਲੈ’ ਲੜੀਵਾਰ ਰੂਪ ਵਿਚ ਛਪੇ ਸਨ।
ਸੰਨ 1971 ਵਿਚ ਅਜੀਤ ਕਮਲ ਨੂੰ ਫ਼ਿਦਾ ਬਟਾਲਵੀ ਨਾਲ ਮੁੰਬਈ ਜਾਣ ਦਾ ਮੌਕਾ ਮਿਲਿਆ ਜਿੱਥੇ ਉਸਨੇ ਧਰਮਿੰਦਰ, ਰੇਖਾ, ਰਜਿੰਦਰ ਸਿੰਘ ਬੇਦੀ, ਹੰਸ ਰਾਜ ਬਹਿਲ, ਦਿਲੀਪ ਕੁਮਾਰ, ਅਦਾਕਾਰ ਅਜੀਤ, ਆਸ਼ਾ ਭੌਂਸਲੇ ਅਤੇ ਜੈਦੇਵ ਆਦਿ ਸਣੇ ਕਈ ਫਨਕਾਰਾਂ ਨਾਲ ਮੁਲਾਕਾਤਾਂ ਕੀਤੀਆਂ। ਉਹ ਬਤੌਰ ਸਹਾਇਕ ਨਿਰਦੇਸ਼ਕ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ ਤੇ ਇਸ ਵਾਸਤੇ ਆਪਣੇ ਵਾਕਿਫ਼ ਅਤੇ ਬਟਾਲਾ ਵਿਖੇ ਕੁਝ ਸਮਾਂ ਨੌਕਰੀ ਕਰਨ ਵਾਲੇ ਅਜੀਤ ਸਿੰਘ ਦਿਓਲ ਜੋ ਕਿ ਅਦਾਕਾਰ ਧਰਮਿੰਦਰ ਦੇ ਭਾਈ ਸਨ, ਦੀ ਸਿਫ਼ਾਰਿਸ਼ ਨਾਲ ਉਸਨੂੰ ਕੁਝ ਨਿਰਦੇਸ਼ਕਾਂ ਜਿਵੇਂ ਕਿ ਅਰਜੁਨ ਹਿੰਗੋਰਾਨੀ, ਜਗਦੇਵ ਭਾਂਬੜੀ ਅਤੇ ਕਈ ਹੋਰਾਂ ਨੇ ਆਪਣੀਆਂ ਅਗਲੀਆਂ ਫ਼ਿਲਮਾਂ ਲਈ ਬਤੌਰ ਸਹਾਇਕ ਨਿਰਦੇਸ਼ਕ ਮੌਕਾ ਦੇਣ ਦਾ ਵਾਅਦਾ ਵੀ ਕਰ ਦਿੱਤਾ ਸੀ ਪਰ ਸੰਨ 1971 ਵਿਚ ਭਾਰਤ-ਪਾਕਿ ਜੰਗ ਦੇ ਮਾਹੌਲ ਤੋਂ ਡਰੇ ਉਸਦੇ ਮਾਪਿਆਂ ਨੇ ਉਸਨੂੰ ਵਾਪਿਸ ਬਟਾਲਾ ਬੁਲਾ ਲਿਆ ਤੇ ਅਗਲੇ ਸਾਲ ਉਸਦੀ ਸ਼ਾਦੀ ਅੰਮਿ੍ਰਤਸਰ ਦੀ ਵਸਨੀਕ ਰਾਜ ਰਾਣੀ ਨਾਲ ਕਰ ਦਿੱਤੀ। ਫਿਰ ਗ੍ਰਹਿਸਥੀ ’ਚ ਪੈ ਕੇ ਲੰਮੇ ਸਮੇਂ ਤਕ ਉਹ ਮੁੰਬਈ ਨਾ ਜਾ ਸਕਿਆ ਤੇ ਫ਼ਿਲਮ ਨਿਰਦੇਸ਼ਕ ਬਣਨ ਦਾ ਉਸਦਾ ਸੁਫ਼ਨਾ ਸਮੇਂ ਦੀ ਧੂੜ ਵਿੱਚ ਕਿਧਰੇ ਗੁਆਚ ਗਿਆ।
ਕੁਝ ਸਮੇਂ ਬਾਅਦ ਅਜੀਤ ਕਮਲ ਦੀ ਮੁਲਾਕਾਤ ਅਦਾਕਾਰ-ਨਿਰਦੇਸ਼ਕ ਦਾਰਾ ਸਿੰਘ ਦੇ ਸਹਾਇਕ ਐਮ.ਐਸ.ਗਿੱਲ ਨਾਲ ਹੋਈ ਜੋ ਕਿ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਨਾਵਲ ‘ਰਾਤ ਬਾਕੀ ਹੈ’ ਦੀ ਕਹਾਣੀ ‘ਤੇ ਫਿਲਮ ਬਣਾਉਣਾ ਚਾਹੁੰਦੇ ਸਨ। ਉਨ੍ਹਾ ਦੇ ਕਹਿਣ ‘ਤੇ ਅਜੀਤ ਕਮਲ ਨੇ ਫ਼ਿਲਮ ਦੀ ਪਟਕਥਾ ਲਿਖ ਦਿੱਤੀ ਤੇ ਆਪ ਜਾ ਕੇ ਜਸਵੰਤ ਸਿੰਘ ਕੰਵਲ ਨੂੰ ਸੁਣਾਈ ਜੋ ਕਿ ਉਨ੍ਹਾਂ ਨੂੰ ਪਸੰਦ ਆ ਗਈ ਤੇ ਉਨ੍ਹਾਂ ਨੇ ਫ਼ਿਲਮ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਪਰ ਕੁਝ ਇਕ ਕਾਰਨਾਂ ਕਰਕੇ ਇਹ ਫ਼ਿਲਮ ਸ਼ੁਰੂ ਨਾ ਹੋ ਸਕੀ। ਫਿਰ ਸੰਗੀਤਕਾਰ ਹੰਸਰਾਜ ਬਹਿਲ ਹੁਰਾਂ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਦੀ ਹਾਮੀ ਭਰੀ ਪਰ ਸ਼ਰਤ ਰੱਖ ਦਿੱਤੀ ਕਿ ਕਹਾਣੀ ਦਾ ਕਲਾਈਮੈਕਸ ਬਦਲ ਦਿੱਤਾ ਜਾਵੇ।
ਜਦ ਇਸ ਸਬੰਧ ਵਿਚ ਜਸਵੰਤ ਸਿੰਘ ਕੰਵਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਕਲਾਈਮੈਕਸ ਬਦਲਣ ਦੀ ਪ੍ਰਵਾਨਗੀ ਨਾ ਦਿੱਤੀ ਤੇ ਇਹ ਪ੍ਰਾਜੈਕਟ ਠੱਪ ਹੋ ਗਿਆ। ਇਸ ਤੋਂ ਬਾਅਦ ਅਜੀਤ ਕਮਲ ਨੂੰ ਫ਼ਿਲਮ ‘ਚੰਨੀ’ ਲਈ ਗੀਤ ਲਿਖਣ ਦਾ ਮੌਕਾ ਮਿਲਿਆ। ਉਨ੍ਹਾਂ ਇਸ ਫ਼ਿਲਮ ਲਈ ਛੇ ਗੀਤ ਲਿਖੇ ਜੋ ਕਿ ਮੁਹੰਮਦ ਰਫ਼ੀ,ਆਸ਼ਾ ਭੌਂਸਲੇ, ਮੀਨੂੰ ਪੁਰਸ਼ੋਤਮ, ਦਿਲਰਾਜ ਕੌਰ ਅਤੇ ਸੁਰਿੰਦਰ ਕੋਹਲੀ ਆਦਿ ਵੱਲੋਂ ਗਾਏ ਗਏ। ਇਸ ਫ਼ਿਲਮ ਲਈ ਸੁਰਿੰਦਰ ਸਿੰਘ ਨਿਰਦੇਸ਼ਕ ਅਤੇ ਸਟਾਰ ਕਾਸਟ ਵਿੱਚ ਸੋਮ ਦੱਤ,ਸ਼ੋਭਨਾ ਸਿੰਘ,ਮੇਹਰ ਮਿੱਤਲ,ਕੰਚਨ ਮੱਟੂ ਆਦਿ ਕਲਾਕਾਰਾਂ ਨੂੰ ਲੈ ਲਿਆ ਗਿਆ। ਸ਼ੂਟਿੰਗ ਲਈ ਸਾਰਾ ਯੂਨਿਟ ਪੰਜਾਬ ਆ ਗਿਆ ਪਰ ਫ਼ਾਇਨੈਂਸਰ ਨਾਲ ਕਿਸੇ ਗੱਲੋਂ ਵਿਵਾਦ ਹੋ ਜਾਣ ਕਰਕੇ ਸ਼ੂਟਿੰਗ ਰੱਦ ਕਰਨੀ ਪਈ ਤੇ ਸਾਰਾ ਯੂਨਿਟ ਮੁੰਬਈ ਪਰਤ ਗਿਆ। ਸੰਨ 1983 ਵਿੱਚ ਇਹ ਫ਼ਿਲਮ ਮੁੜ ਸ਼ੁਰੂ ਹੋ ਗਈ ਪਰ ਸਭ ਕੁਝ ਬਦਲ ਦਿੱਤਾ ਗਿਆ। ਅਜੀਤ ਕਮਲ ਦੇ ਲਿਖੇ ਛੇ ਗੀਤ ਤਾਂ ਫ਼ਿਲਮ ਵਿੱਚ ਹਾਜ਼ਰ ਰਹੇ ਪਰ ਨਿਰਦੇਸ਼ਨ ਸੁਭਾਸ਼ ਭਾਖੜੀ ਵੱਲੋਂ ਕੀਤਾ ਗਿਆ ਜਦੋਂ ਕਿ ਸਟਾਰ ਕਾਸਟ ਵਿਚ ਸਤੀਸ਼ ਕੌਲ, ਭਾਵਨਾ ਭੱਟ, ਰਜ਼ਾ ਮੁਰਾਦ, ਮਿਹਰ ਮਿੱਤਲ ਅਤੇ ਕੰਚਨ ਮੱਟੂ ਨੂੰ ਲਿਆ ਗਿਆ।
ਫ਼ਿਲਮ ਪੂਰੀ ਹੋ ਗਈ ਪਰ ਸੰਨ 1984 ਦੇ ਦਿੱਲੀ ਦੰਗਿਆਂ ਕਰ ਕੇ ਇਹ ਫ਼ਿਲਮ ਸਹੀ ਤਰ੍ਹਾਂ ਰਿਲੀਜ਼ ਨਹੀਂ ਹੋ ਪਾਈ। ਬਾਅਦ ਵਿਚ ਪਾਲਕੋ ਵੀਡੀਓਜ਼ ਦਿੱਲੀ ਵੱਲੋਂ ਇਹ ਫ਼ਿਲਮ ‘ਯਾਰ ਯਾਰਾਂ ਦੇ’ ਟਾਈਟਲ ਹੇਠ ਰਿਲੀਜ਼ ਕਰ ਦਿੱਤੀ ਗਈ ਜਿਸ ਵਿਚ ਦਰਜ ਅਜੀਤ ਕਮਲ ਦੇ ਲਿਖੇ ਭਾਵਪੂਰਤ ਗੀਤ ਅੱਜ ਵੀ ਯੂਟਿਊਬ ਤੋਂ ਸੁਣੇ ਜਾ ਸਕਦੇ ਹਨ। ਉਦਯੋਗ ਵਿਭਾਗ ਪੰਜਾਬ ਵਿਚ ਬਤੌਰ ਸਟੈਨੋ ਨੌਕਰੀ ਮਿਲਣ ਤੋਂ ਬਾਅਦ ਅਜੀਤ ਕਮਲ ਫ਼ਿਲਮੀ ਦੁਨੀਆ ਵਿਚ ਸਰਗਰਮ ਨਾ ਰਹਿ ਸਕਿਆ ਪਰ ਸ਼ਾਇਰੀ ਦਾ ਪੱਲਾ ਉਸਨੇ ਨਾ ਛੱਡਿਆ ਤੇ ਕਾਵਿ ਸੰਗ੍ਰਹਿ ਰਚਣ ਦਾ ਸਿਲਸਿਲਾ ਜਾਰੀ ਰੱਖਿਆ।
ਸੰਨ 2005 ਵਿਚ ਉਕਤ ਵਿਭਾਗ ਵਿੱਚੋਂ ਬਤੌਰ ਸੀਨੀਅਰ ਸਹਾਇਕ ਸੇਵਾਮੁਕਤ ਹੋਣ ਵਾਲੇ ਇਸ ਪ੍ਰਤਿਭਾਵਾਨ ਸਾਹਿਤਕਾਰ ਨੂੰ 2019 ਵੱਚ ਦਿਲ ਦੇ ਰੋਗ ਨੇ ਆ ਘੇਰਿਆ ਤੇ ਪੇਸਮੇਕਰ ਅਤੇ ਸਟੰਟ ਪਾਉਣ ਤੋਂ ਬਾਅਦ ਵੀ ਉਸਨੇ ਸਾਹਿਤ ਰਚਨਾ ਦਾ ਲੜ ਨਹੀਂ ਛੱਡਿਆ ਤੇ ਗ਼ਜ਼ਲਾਂ ਦੇ ਨਾਲ ਨਾਲ ਪੰਜਾਬੀ ਅਖ਼ਬਾਰਾਂ ਵਿਚ ਮਿਡਲ ਲਿਖਣੇ ਸ਼ੁਰੂ ਕਰ ਦਿੱਤੇ ਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਉੱਘੇ ਬਾਲੀਵੁੱਡ ਗਾਇਕ ਮੁਹੰਮਦ ਰਫ਼ੀ ਅਤੇ ਆਸ਼ਾ ਭੌਂਸਲੇ ਨਾਲ ਬਿਤਾਏ ਪਲ ਉਸਦੇ ਜੀਵਨ ਦਾ ਸਰਮਾਇਆ ਹਨ। ਉਸਨੂੰ ਕਿਸਮਤ ਨਾਲ ਗਿਲਾ ਹੈ ਕਿ ਜੇਕਰ ਰਫ਼ੀ ਸਾਹਿਬ ਦੇ ਗਾਏ ਗੀਤਾਂ ਦੀ ਬਦੌਲਤ ਉਸਨੂੰ ਹੋਰ ਫ਼ਿਲਮਾਂ ਬਤੌਰ ਗੀਤਕਾਰ ਮਿਲ ਜਾਂਦੀਆਂ ਜਾਂ ਬਤੌਰ ਸਹਾਇਕ ਨਿਰਦੇਸ਼ਕ ਉਸਨੂੰ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਤਾਂ ਉਸਦੀ ਸ਼ੁਹਰਤ ਦਾ ਆਲਮ ਕੁਝ ਹੋਰ ਹੀ ਹੋਣਾ ਸੀ ਪਰ ਕਿਸਮਤ ਦੇ ਗੇੜ ਅਤੇ ਗ੍ਰਹਿਸਥੀ ਦੇ ਬੰਧਨਾਂ ਨੇ ਉਸਨੂੰ ਮੁੜ ਕਦੇ ਮੁੰਬਈ ਦਾ ਰੁਖ਼ ਨਾ ਕਰਨ ਦਿੱਤਾ ਜਿਸ ਕਰਕੇ ਉਸਦੇ ਕਈ ਅਰਮਾਨ ਅਧੂਰੇ ਹੀ ਰਹਿ ਗਏ।
ਉਂਜ ਅਸਲ ਵਿੱਚ ਵਡੇਰੀ ਉਮਰ ਅਤੇ ਬਿਮਾਰ ਸਰੀਰ ਦੇ ਬਾਵਜੂਦ ਉਹ ਬਟਾਲਾ ਦੀਆਂ ਸਾਹਿਤਕ ਮਹਿਫ਼ਲਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਤੇ ਹਾਜ਼ਰ ਸਰੋਤਿਆਂ ਤੋਂ ਆਪਣੀ ਪਾਏਦਾਰ ਸ਼ਾਇਰੀ ਲਈ ਭਰਪੂਰ ਦਾਦ ਹਾਸਿਲ ਕਰਦਾ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ,ਆਈ.ਪੀ.ਆਰ.ਐਸ ਮੁੰਬਈ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਲੋਕ ਲਿਖਾਰੀ ਮੰਚ ਬਟਾਲਾ ਦਾ ਸਥਾਈ ਮੈਂਬਰ ਅਜੀਤ ਕਮਲ ਜਲਦੀ ਹੀ ਆਪਣਾ ਅਗਲਾ ਕਾਵਿ ਸੰਗ੍ਰਹਿ ਲੈ ਕੇ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ। ਉਸਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ ਹੈ।
Add a review