ਬਾਪੂ ਬਾਜ ਘਰ ਦਾ ਬਾਹਰਲਾ ਬੂਹਾ ਖੋਲ੍ਹ ਕੇ ਆਪਣੇ ਘਰ ਅੰਦਰ ਆ ਵੜਿਆ। ਇਹ ਉਹੀ ਘਰ ਸੀ ਜੋ ਪੰਜ ਮਹੀਨੇ ਪਹਿਲਾਂ ਸਾਫ਼ ਸੁਥਰਾ ਸੀ। ਘਰ ਦਾ ਵਿਹੜਾ ਕੱਚਾ ਹੋਣ ਦੇ ਬਾਵਜੂਦ ਸਾਫ਼ ਹੀ ਨਜ਼ਰੀਂ ਪੈਂਦਾ ਸੀ, ਪਰ ਇਸ ਥੋੜ੍ਹੇ ਜਿਹੇ ਸਮੇਂ ਵਿੱਚ ਇਸ ਘਰ ਦਾ ਸਾਰਾ ਨਕਸ਼ਾ ਹੀ ਜਿਵੇਂ ਬਦਲ ਗਿਆ ਹੋਵੇ। ਬਾਪੂ ਦੀ ਘਰਵਾਲੀ ਬੰਤੀ ਨੂੰ ਗੁਜ਼ਰਿਆਂ 30 ਵਰ੍ਹੇ ਹੋ ਗਏ ਸਨ। ਸੁਖਜੀਤ ਮਸਾਂ ਹੀ ਉਦੋਂ ਤਿੰਨ ਵਰ੍ਹਿਆਂ ਦਾ ਹੋਵੇਗਾ, ਜਦੋਂ ਉਸ ਦੀ ਮਾਂ ਇਸ ਜਹਾਨ ਤੋਂ ਰੁਖਸਤ ਹੋ ਗਈ। ਪਰ ਬਾਪੂ ਨੇ ਆਪਣੇ ਪੁੱਤ ਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ। ਅਤਿ ਦੀ ਗ਼ਰੀਬੀ ਵਿੱਚ ਦਿਹਾੜੀ ਕਰ ਕੇ ਪੁੱਤ ਨੂੰ ਚੰਗੀ ਪੜ੍ਹਾਈ ਲਿਖਾਈ ਕਰਵਾਈ। ਮਾਲਕ ਦੀ ਮਿਹਰ ਨਾਲ ਉਹ ਚੰਡੀਗੜ੍ਹ ਵਿਖੇ ਸਰਕਾਰੀ ਅਫ਼ਸਰ ਜਾ ਲੱਗਿਆ। ਕੁਝ ਚਿਰ ਮਗਰੋਂ ਉਹ ਉੱਥੇ ਹੀ ਚੰਗੇ ਕਾਰੋਬਾਰੀ ਦੇ ਘਰ ਵਿਆਹਿਆ ਗਿਆ ਤੇ ਚੰਡੀਗੜ੍ਹ ਜੋਗਾ ਹੀ ਹੋ ਕੇ ਰਹਿ ਗਿਆ। ਪਰ ਬਾਪੂ ਆਪਣੇ ਪਿੰਡ ਵਾਲੇ ਘਰ ਹੀ ਰਹਿੰਦਾ ਰਿਹਾ।
ਅਜੇ ਕੁਝ ਚਿਰ ਪਹਿਲਾਂ ਦੀ ਹੀ ਗੱਲ ਹੈ ਕਿ ਪੋਹ-ਮਾਘ ਮਹੀਨੇ ਵੀ ਬਾਪੂ ਤਾਜ਼ੇ ਪਾਣੀ ਨਾਲ ਹੀ ਨਹਾਉਂਦਾ ਰਿਹਾ ਤੇ ਠੰਢ ਲੱਗਣ ਨਾਲ ਬਿਮਾਰ ਪੈ ਗਿਆ। ਪਤਾ ਲੱਗਣ ’ਤੇ ਸੁਖਜੀਤ ਆਪਣੇ ਪਿਤਾ ਦੇ ਘਰ ਮਿਲਣ ਆ ਪੁੱਜਾ ਤੇ ਕਹਿੰਦਾ, ‘‘ਬਾਪੂ ਜੀ, ਤੁਹਾਨੂੰ ਮੈਂ ਬਥੇਰੀ ਵਾਰ ਕਿਹਾ ਕਿ ਤੁਸੀਂ ਮੇਰੇ ਨਾਲ ਹੀ ਸ਼ਹਿਰ ਆ ਕੇ ਰਹੋ। ਪਰ ਤੁਸੀਂ ਮੇਰੀ ਕੋਈ ਗੱਲ ਨਹੀਂ ਮੰਨਦੇ।’’
‘‘ਨਾ ਪੁੱਤ, ਮੈਨੂੰ ਕਿਹੜਾ ਏਥੇ ਕੋਈ ਤੰਗੀ ਐ ਭਲਾ। ਦੋ ਟੁੱਕਰ ਖਾਣੇ ਹੁੰਦੇ ਨੇ ਮੈਂ। ਸਵੇਰੇ ਰੋਟੀਆਂ ’ਕੱਠੀਆਂ ਹੀ ਪਕਾ ਕੇ ਸ਼ਾਮ ਨੂੰ ਤੱਤੀਆਂ ਕਰ ਕੇ ਖਾ ਲੈਨਾ।’’ ਬਾਪੂ ਬਾਜ ਨੇ ਆਪਣਾ ਪਰਨਾ ਢਾਹ ਕੇ ਦੁਬਾਰਾ ਬੰਨ੍ਹਦਿਆਂ ਕਿਹਾ।
‘‘ਬਾਪੂ ਜੀ, ਮੈਂ ਹੁਣ ਕੁਝ ਨਹੀਂ ਜੇ ਸੁਣਨਾ। ਤੁਸੀਂ ਬੈਗ ’ਚ ਕੱਪੜੇ ਪਾਓ ਤੇ ਚੱਲੋ ਮੇਰੇ ਨਾਲ ਬੈਠੋ ਗੱਡੀ ’ਚ।’’ ਸੁਖਜੀਤ ਨੇ ਬਾਪੂ ਨੂੰ ਬਾਂਹ ਤੋਂ ਫੜ੍ਹ ਕੇ ਮੰਜੇ ਤੋਂ ਉਠਾਉਂਦਿਆਂ ਕਿਹਾ।
ਪੁੱਤ ਦੀ ਜ਼ਿੱਦ ਵੇਖ ਕੇ ਬਾਪੂ ਇਨਕਾਰ ਨਾ ਕਰ ਸਕਿਆ ਤੇ ਉਹ ਕੱਪੜੇ ਇੱਕ ਥੈਲੇ ’ਚ ਪਾ ਸੁਖਜੀਤ ਨਾਲ ਗੱਡੀ ’ਚ ਬੈਠ ਗਿਆ।
ਆਪਣੇ ਮੁੰਡੇ ਦੇ ਘਰ ਆ ਕੇ ਬਾਪੂ ਨੂੰ ਇੱਕ ਦੋ ਦਿਨਾਂ ਵਿੱਚ ਹੀ ਜਿਵੇਂ ਬੇਗਾਨਾਪਣ ਮਹਿਸੂਸ ਹੋਣ ਲੱਗ ਪਿਆ। ਬਾਪੂ ਦੀ ਨੂੰਹ ਕਾਫ਼ੀ ਅਮੀਰ ਘਰ ਦੀ ਧੀ ਸੀ ਤੇ ਉਸ ਨੂੰ ਆਪਣੇ ਪਿਓ ਦੀ ਅਮੀਰੀ ਤੇ ਆਪਣੇ ਘਰ ਵਾਲੇ ਦੀ ਅਫ਼ਸਰੀ ਦਾ ਬੜਾ ਮਾਣ ਸੀ। ਉਸ ਨੇ ਕਦੇ ਵੀ ਦਿਲੋਂ ਬਾਪੂ ਜੀ ਦਾ ਸਤਿਕਾਰ ਨਾ ਕੀਤਾ। ਦੋ ਰੋਟੀਆਂ ਪਲੇਟ ਵਿੱਚ ਰੱਖ ਕੇ ਹੀ ਉਹ ਪੁੱਛਣ ਲੱਗ ਲੈਂਦੀ, ‘‘ਬਾਪੂ ਜੀ, ਕਿਆ ਆਪ ਔਰ ਰੋਟੀ ਲੋਗੇ?’’ ਭਲਾ ਪਿੰਡ ਦੀਆਂ ਮੋਟੀਆਂ ਮੋਟੀਆਂ 5-7 ਰੋਟੀਆਂ ਖਾਣ ਵਾਲਾ ਬਾਪੂ ਕਿੱਥੇ ਦੋ ਰੋਟੀਆਂ ਨਾਲ ਰੱਜਦਾ। ਬਾਪੂ ਸੱਚੀਂ ਤੀਜੀ ਰੋਟੀ ਮੰਗਣ ਲੱਗਾ ਵੀ ਸ਼ਰਮ ਮਹਿਸੂਸ ਕਰਨ ਲੱਗ ਪਿਆ।
ਬਾਪੂ ਦੀ ਨੂੰਹ ਆਪਣੇ ਮੁੰਡੇ ਕੁੜੀ ਨੂੰ ਆਪਣੇ ਸਹੁਰੇ ਕੋਲ ਜਾਣ ਤੋਂ ਵਰਜਦੀ ਰਹਿੰਦੀ। ਜਦੋਂ ਰਾਤ ਨੂੰ ਬਾਪੂ ਉਦਾਸ ਹੁੰਦਾ ਤਾਂ ਆਪਣੇ ਪੋਤੇ ਪੋਤਰੀ ਨੂੰ ਕੋਲ ਬਿਠਾ ਕੇ ਕੋਈ ਕਹਾਣੀ ਸੁਣਾਉਣ ਬੈਠ ਜਾਂਦਾ ਜਾਂ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗ ਜਾਂਦਾ। ਪਰ ਉਸ ਦੀ ਨੂੰਹ ਇਸ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਸਮਝਦੀ ਸੀ ਤੇ ਬਿਨਾਂ ਬਾਪੂ ਤੋਂ ਪੁੱਛੇ ਆਪਣੇ ਨਿਆਣਿਆਂ ਨੂੰ ਉਠਾ ਕੇ ਲੈ ਜਾਂਦੀ।
ਬਾਪੂ ਨੂੰ ਸ਼ਹਿਰ ਆਏ ਨੂੰ ਤਕਰੀਬਨ ਦੋ ਮਹੀਨੇ ਹੋ ਗਏ ਸਨ। ਸੁਖਜੀਤ ਨੇ ਗੌਰ ਕੀਤੀ ਕਿ ਹੱਸਮੁੱਖ ਸੁਭਾਅ ਵਾਲਾ ਉਸ ਦਾ ਪਿਤਾ ਹੁਣ ਬੁਝਿਆ-ਬੁਝਿਆ ਰਹਿੰਦਾ ਹੈ। ਇੱਕ ਦਿਨ ਉਹ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, ‘‘ਬਾਪੂ ਜੀ ਆਪਣੇ ਘਰ ਤੋਂ ਥੋੜ੍ਹੀ ਦੂਰ ਹੀ ਪਾਰਕ ਹੈ, ਤੁਸੀਂ ਸਵੇਰੇ ਸ਼ਾਮ ਉੱਥੇ ਘੁੰਮ ਆਇਆ ਕਰੋ। ਤੁਹਾਡਾ ਵੀ ਚੰਗਾ ਟਾਈਮ ਪਾਸ ਹੋ ਜਾਵੇਗਾ।’’ ਬਾਪੂ ਨੇ ਇਹ ਸੁਣ ਕੇ ਝੱਟ ਹਾਂ ਵਿੱਚ ਸਿਰ ਹਿਲਾ ਦਿੱਤਾ।
ਬਾਪੂ ਬਾਜ ਰੋਜ਼ਾਨਾ ਸਵੇਰੇ ਸ਼ਾਮ ਪਾਰਕ ਚਲਾ ਜਾਂਦਾ ਤੇ ਤੁਰ ਫਿਰ ਕੇ ਘਰ ਵਾਪਸ ਪਰਤ ਆਉਂਦਾ। ਇੱਕ ਦਿਨ ਪਾਰਕ ਦੇ ਅੱਗੋਂ ਲੰਘਦਿਆਂ ਉਸ ਨੂੰ ਪਿੰਡ ਦਾ ਸੂਬਾ ਤੇ ਉਸ ਦਾ ਮੁੰਡਾ ਪਾਲੀ ਮਿਲ ਗਏ। ਬਾਪੂ ਨੂੰ ਜਿਵੇਂ ਕੋਈ ਖਜ਼ਾਨਾ ਮਿਲ ਗਿਆ ਹੋਵੇ।
‘‘ਓਏ ਸੂਬਿਆ, ਤੂੰ ਇੱਥੇ ਕੀ ਕਰਦੈਂ ਭਲਾ?’’ ਬਾਪੂ ਨੇ ਉਸ ਨੂੰ ਘੁੱਟ ਕੇ ਜੱਫ਼ੀ ਪਾਉਂਦਿਆਂ ਕਿਹਾ।
‘‘ਓ ਯਾਰ ਬਾਜ ਸਿਆਂ, ਸ਼ਰੀਕਾਂ ਨੇ ਜਮੀਨ ਦਾ ਕੇਸ ਹੁਣ ਹਾਈਕੋਰਟ ’ਚ ਕਰ ਦਿੱਤੈ। ਬੱਸ ਉਸੇ ਦੀ ਤਰੀਕ ਭੁਗਤਣ ਆਈਦੈ ਚੰਡੀਗੜ੍ਹ।’’ ਸੂਬੇ ਨੇ ਭਰੇ ਮਨ ਨਾਲ ਕਿਹਾ।
‘‘ਲੈ ਕਾਹਦਾ ਪਿਆਰ ਰਹਿ ਗਿਆ ਭਰਾਵਾ ਅੱਜਕੱਲ੍ਹ। ਪੈਸਾ ਹੀ ਪਿਓ ਐ ਸਭ ਦਾ ਹੁਣ ਤਾਂ। ਚੱਲ ਛੱਡ ਯਾਰ, ਸੁਣਾ ਪਿੰਡ ਦੀ ਕੋਈ ਨਵੀਂ ਤਾਜ਼ੀ। ਚੱਲ ਆ ਘਰ ਚੱਲੀਏ।’’ ਰਸਤੇ ’ਚ ਪਤਾ ਨਹੀਂ ਬਾਪੂ ਕਿੰਨੀਆਂ ਕੁ ਗੱਲਾਂ ਕਰਦਾ ਰਿਹਾ। ਘਰ ਪਿੰਡ ਵਾਲੇ ਬਿਨ ਬੁਲਾਏ ਮਹਿਮਾਨ ਵੇਖ ਕੇ ਬਾਪੂ ਦੀ ਨੂੰਹ ਨੂੰ ਜਿਵੇਂ ਸੱਪ ਹੀ ਸੁੰਘ ਗਿਆ ਹੋਵੇ। ਉਸ ਨੇ ਪਿੰਡ ਵਾਲਿਆਂ ਨੂੰ ਬੱਸ ਦੂਰੋਂ ਦੂਰੋਂ ਹੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਤੇ ਸ਼ਰਮੋਂ ਸ਼ਰਮੀ ਢਾਬੇ ਤੋਂ ਰੋਟੀਆਂ ਮੰਗਵਾ ਕੇ ਪਿੰਡ ਵਾਲਿਆਂ ਨੂੰ ਰੋਟੀ ਤਾਂ ਖੁਆ ਕੇ ਘਰ ਤੋਰ ਦਿੱਤਾ। ਬਾਪੂ ਨੂੰ ਉਸ ਦਾ ਵਿਹਾਰ ਬਹੁਤ ਬੁਰਾ ਲੱਗਿਆ।
ਕੁਝ ਦਿਨਾਂ ਬਾਅਦ ਘਰ ਦੀ ਛੱਤ ’ਤੇ ਚੜ੍ਹੇ ਬਾਪੂ ਨੂੰ ਨਾਲ ਦੇ ਘਰ ਗਹਿਮਾ ਗਹਿਮੀ ਹੁੰਦੀ ਵਿਖਾਈ ਦਿੱਤੀ। ਗਹੁ ਨਾਲ ਵੇਖਿਆ ਤਾਂ ਨਾਲ ਦੇ ਘਰ ਲੈਂਟਰ ਪੈਣ ਦੀ ਤਿਆਰੀ ਹੋ ਰਹੀ ਸੀ। ਬਾਪੂ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ ਹੋਵੇ। ਬਾਪੂ ਬਿਨਾਂ ਕਿਸੇ ਨੂੰ ਦੱਸੇ ਗੁਆਂਢੀਆਂ ਦੇ ਘਰ ਚਲਾ ਗਿਆ ਤੇ ਸਾਰਾ ਦਿਨ ਬੱਠਲਾਂ ’ਚ ਬੱਜਰੀ ਭਰ ਭਰ ਕੇ ਚੁਕਾਉਂਦਾ ਰਿਹਾ। ਬਾਪੂ ਨੇ ਅੱਜ ਕਈ ਮਹੀਨਿਆਂ ਬਾਅਦ ਹੱਥੀਂ ਕੰਮ ਕੀਤਾ ਸੀ। ਸ਼ਾਮ ਨੂੰ ਜਦੋਂ ਲਿੱਬੜਿਆ ਤਿੱਬੜਿਆ ਬਾਪੂ ਘਰ ਆਇਆ ਤਾਂ ਨੂੰਹ ਨੇ ਫਿਰ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ, ‘‘ਬਾਪੂ ਜੀ, ਆਪ ਕੀ ਤੋ ਰੈਪੂਟੇਸ਼ਨ ਹੈ ਨਹੀਂ ਸਮਾਜ ਮੇਂ। ਹਮਾਰੇ ਸਟੇਟਸ ਕਾ ਤੋ ਧਿਆਨ ਰਖ ਲੀਆ ਕਰੋ। ਆਪ ਕਿਆ ਮਜ਼ਦੂਰੋਂ ਕੀ ਤਰਹਾ ਕਾਮ ਕਰ ਰਹੇ ਥੇ ਉਨਕੇ ਘਰ। ਮੁਝੇ ਤੋ ਸੱਚ ਮੇਂ ਬਹੁਤ ਸ਼ਰਮ ਆ ਰਹੀ ਥੀ।’’
‘‘ਨਾ ਪੁੱਤ, ਇਸ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਐ ਭਲਾ। ਪਿੰਡ ’ਚ ਤਾਂ ਲੋਕ ਆਪਣੇ ਆਪ ਈ ਲੈਂਟਰ ਆਲੇ ਘਰ ਜਾ ਕੇ ਕੰਮ ਕਰਨ ਲੱਗ ਪੈਂਦੇ ਨੇ। ਇਹ ਤਾਂ ਸੇਵਾ ਹੁੰਦੀ ਐ ਸੇਵਾ।’’ ਬਾਪੂ ਨੇ ਆਪਣੇ ਕੱਪੜੇ ਝਾੜਦਿਆਂ ਕਿਹਾ। ਬਾਪੂ ਦੀ ਨੂੰਹ ਬੁੜ-ਬੁੜ ਕਰਦੀ ਆਪਣੇ ਕਮਰੇ ਵਿੱਚ ਵੜ ਗਈ।
ਬਾਪੂ ਬਾਜ ਦਾ ਹੁਣ ਇਸ ਘਰ ਦਿਲ ਨਹੀਂ ਸੀ ਲੱਗਦਾ। ਉਹ ਆਪਣੇ ਆਪ ਨੂੰ ਘਰ ਦਾ ਕੈਦੀ ਸਮਝਣ ਲੱਗ ਪਿਆ ਸੀ। ਕਈ ਵਾਰ ਰਾਤ ਨੂੰ ਪਿਆ ਸੋਚਦਾ, ‘‘ਕਾਸ਼! ਮੈਂ ਪੰਛੀ ਹੋਵਾਂ ਤਾਂ ਪਲ ਛਿਣ ’ਚ ਚਲਾ ਜਾਵਾਂ ਆਪਣੇ ਘਰ, ਆਪਣੇ ਪਿੰਡ। ਉਹ ਘਰ ਜਿਹੜਾ ਮੈਂ ਤੇ ਬੰਤੋ ਨੇ ’ਕੱਠੇ ਬਣਾਇਆ ਸੀ।’’
ਇੱਕ ਦਿਨ ਐਨਾ ਉਦਾਸ ਸੀ ਕਿ ਸੋਚਾਂ ’ਚ ਗੁਆਚਾ ਹੋਇਆ ਹੀ ਪਾਰਕ ਤੋਂ ਅੱਗੇ ਲੰਘ ਗਿਆ। ਮਾੜੀ ਕਿਸਮਤ ਨੂੰ ਸੜਕ ’ਤੇ ਗ਼ਲਤ ਪਾਸੇ ਤੋਂ ਆਉਂਦੇ ਸ਼ਰਾਬੀ ਮੋਟਰ ਸਾਈਕਲ ਵਾਲੇ ਨੇ ਆਪਣਾ ਮੋਟਰ ਸਾਈਕਲ ਬਾਪੂ ਵਿੱਚ ਮਾਰ ਦਿੱਤਾ। ਬਾਪੂ ਸੜਕ ’ਤੇ ਡਿੱਗ ਪਿਆ। ਗੋਡੇ ਅਤੇ ਮੋਢੇ ’ਤੇ ਥੋੜ੍ਹੀਆਂ ਬਹੁਤ ਰਗੜਾਂ ਲੱਗ ਗਈਆਂ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੀ ਮੱਲ੍ਹਮ ਪੱਟੀ ਕਰਵਾਈ ਤੇ ਉਸ ਨੂੰ ਘਰ ਛੱਡ ਆਏ। ਐਤਵਾਰ ਦਾ ਦਿਨ ਹੋਣ ਕਰਕੇ ਸੁਖਜੀਤ ਵੀ ਘਰ ਹੀ ਸੀ। ਬਾਪੂ ਨੂੰ ਜ਼ਖ਼ਮੀ ਵੇਖ ਕੇ ਉਹ ਘਬਰਾ ਗਿਆ ਤੇ ਬੈੱਡ ’ਤੇ ਲੰਮੇ ਪਾ ਦਿੱਤਾ। ਬਾਪੂ ਨੇ ਸਾਰੀ ਵਿੱਥਿਆ ਸੁਣਾ ਦਿੱਤੀ।
‘‘ਨਾ ਬਾਪੂ ਜੀ, ਆਪ ਇਤਨੇ ਟਰੈਫਿਕ ਮੇਂ ਕਿਆ ਕਰਨੇ ਗਏ ਥੇ। ਅਗਰ ਆਪ ਕੋ ਸੜਕ ਕੇ ਦਾਏਂ ਬਾਏਂ ਕਾ ਪਤਾ ਨਹੀਂ ਤੋ ਕਿਉਂ ਗਏ ਥੇ ਵਹਾਂ!’’ ਪਤਾ ਨਹੀਂ ਉਸ ਦੀ ਭਰੀ ਪੀਤੀ ਨੂੰਹ ਨੇ ਕਿੰਨੀਆਂ ਕੁ ਗੱਲਾਂ ਕਰ ਦਿੱਤੀਆਂ।
‘‘ਕੁੜੀਏ ਐਨਾ ਵੀ ਪਾਗਲ ਨਾ ਸਮਝਿਆ ਕਰ ਮੈਨੂੰ। ਆਹ ਜਿਹੜਾ ਤੇਰਾ ਘਰ ਆਲਾ ਅਫ਼ਸਰ ਬਣਿਐ ਹੈ ਨਾ, ਮੈਨੂੰ ਪਤੈ ਇਹਦੀ ਮਾਂ ਦੇ ਮਰਨ ਮਗਰੋਂ ਕਿਵੇਂ ਪਾਲਿਐ ਮੈਂ। ਹੁਣ ਮੈਂ ਨਹੀਂ ਰਹਿਣਾ ਇਸ ਘਰ। ਪੁੱਤ ਸੁਖਜੀਤ ਮੈਨੂੰ ਕੱਲ੍ਹ ਪਹਿਲੀ ਬੱਸੇ ਚੜ੍ਹਾ ਦੇਵੀਂ ਮੈਂ ਪਿੰਡ ਮੁੜ ਜਾਣੈ ਹੁਣ।’’ ਬਾਪੂ ਪਤਾ ਨਹੀਂ ਕਿੰਨੇ ਮਹੀਨਿਆਂ ਦਾ ਗੁਭਾਰ ਬਾਹਰ ਕੱਢ ਰਿਹਾ ਸੀ। ਮੁੰਡੇ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਬਾਪੂ ਨੂੰ, ਪਰ ਬਾਪੂ ਨੇ ਜਿਵੇਂ ਪਿੰਡ ਵਾਪਸ ਜਾਣ ਦੀ ਜ਼ਿੱਦ ਹੀ ਫੜ੍ਹ ਲਈ ਹੋਵੇ।
ਅਗਲੀ ਸਵੇਰ ਸੁਖਜੀਤ ਨੇ ਕਾਰ ਵਿੱਚ ਪਿੰਡ ਛੱਡ ਆਉਣ ਬਾਰੇ ਕਿਹਾ, ਪਰ ਬਾਪੂ ਜੀ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਜਿਸ ’ਤੇ ਉਹ ਬਾਪੂ ਨੂੰ ਆਪਣੀ ਕਾਰ ਰਾਹੀਂ ਬੱਸ ਸਟੈਂਡ ਛੱਡਣ ਲਈ ਤੁਰ ਪਿਆ। ‘‘ਬਾਪੂ ਜੀ, ਮੈਨੂੰ ਪਤੈ ਕਿ ਤੁਹਾਡੀ ਨੂੰਹ ਤੁਹਾਨੂੰ ਚੰਗਾ ਨਹੀਂ ਸਮਝਦੀ। ਮੈਂ ਤੁਹਾਡਾ ਸਾਰਾ ਦੁੱਖ ਸਮਝਦਾਂ। ਕੀ ਕਰਾਂ ਜੇ ਕੁਝ ਕਿਹਾ ਤਾਂ ਫੇਰ ਕਲੇਸ਼ ਪਾਏਗੀ ਘਰ।’’
‘‘ਨਾ ਪੁੱਤ, ਕਲੇਸ਼ ਕਾਹਨੂੰ ਪਾਉਣੈ ਭਲਾ। ਮੈਂ ਸਮਝਦਾਂ ਤੇਰੀ ਮਜਬੂਰੀ। ਤੂੰ ਪੁੱਤ ਆਪਣਾ ਘਰ ਸਾਂਭ। ਮੇਰੀ ਆਪੇ ਵੇਖੀ ਜਾਊ। ਪਤਾ ਨਹੀਂ ਕੀ ਹੋ ਗਿਐ ਅੱਜਕੱਲ੍ਹ ਕੁੜੀਆਂ ਆਵਦੇ ਪਿਓ ਨੂੰ ਦੇਵਤਾ ਸਮਝਦੀਐਂ, ਪਰ ਸਹੁਰੇ ਨੂੰ ਬੰਦਾ ਵੀ ਨਹੀਂ।’’
ਏਨੇ ਨੂੰ ਬੱਸ ਸਟੈਂਡ ਆ ਗਿਆ ਤੇ ਬਾਪੂ ਬੱਸ ’ਤੇ ਬੈਠ ਕੇ ਸ਼ਾਮ ਵੇਲੇ ਘਰ ਪਰਤ ਆਇਆ। ਰਾਤ ਨੂੰ ਚੁੱਲੇ ’ਚ ਲੱਕੜਾਂ ਬਾਲ ਕੇ ਇੱਕ ਪੱਥਰ ਗਰਮ ਕਰ ਕੇ ਗੋਡੇ ’ਤੇ ਟਕੋਰ ਕਰਨ ਲੱਗ ਪਿਆ। ਉਸ ਨੂੰ ਜਿਵੇਂ ਪਿੰਡ ਵਾਲੇ ਘਰ ਪਰਤ ਕੇ ਸਵਰਗ ਹੀ ਮਿਲ ਗਿਆ ਹੋਵੇ। ਆਪਮੁਹਾਰੇ ਹੀ ਆਪਣੀ ਮਰੀ ਹੋਈ ਘਰਵਾਲੀ ਬੰਤੋ ਨਾਲ ਜਿਵੇਂ ਗੱਲੀਂ ਲੱਗ ਗਿਆ, ‘‘ਲੈ ਬੰਤੋ, ਆ ਗਿਆ ਮੈਂ ਆਪਣੇ ਘਰ। ਇਹ ਘਰ ਤੂੰ ਤੇ ਮੈਂ ਰਲ ਕੇ ਬਣਾਇਆ ਸੀ। ਦੱਸ ਕਿਵੇਂ ਛੱਡ ਦਿੰਦਾ ਇਹਨੂੰ? ਆਪਣਾ ਘਰ ਤਾਂ ਆਪਣਾ ਈ ਹੁੰਦੈ ਚਾਹੇ ਮਾੜਾ ਹੀ ਕਿਉਂ ਨਾ ਹੋਵੇ। ਹੁਣ ਤਾਂ ਇਹਦੀ ਤੇ ਮੇਰੀ ਸਾਂਝ ਸਿਵਿਆਂ ਤੱਕ ਚੱਲੂ...।’’ ਇਹ ਬੋਲਦਾ ਹੋਇਆ ਬਾਪੂ ਮੰਜੇ ’ਤੇ ਦਰੀ ਵਿਛਾ ਲੰਮਾ ਪੈ ਗਿਆ।
Add a review