ਵਕਤ ਦੀ ਤੱਤੀ ਤਵੀ 'ਤੇ
ਸੜਦੇ ਭੁੱਜਦੇ ਮਜ਼ਦੂਰੋ
ਮਰਦੇ ਬਜ਼ੁਰਗੋ
ਵਿਲਕਦੇ ਬੱਚਿਓ
ਤੁਹਾਡਾ ਗੁਨਾਹ ਹੈ ਕਿਰਤੀ ਹੋਣਾ
ਇਸ ਸਜ਼ਾ ਲਈ ਇਹ ਗੁਨਾਹ
ਕਾਫ਼ੀ ਹੈ ਅੱਜ ਕੱਲ੍ਹ
ਕਾਨੂੰਨ ਤੋਂ ਨਾਬਰ ਜਾਂ
ਹਕੂਮਤ ਤੋਂ ਬਾਗੀ ਹੋਣ ਦੀ ਸ਼ਰਤ ਨਹੀਂ
ਮੁਲਕ ਤਰੱਕੀ 'ਤੇ ਹੈ
ਤੁਸੀਂ ਕਿਰਤੀ ਹੋਣ ਦੀ ਬਜਾਏ
ਹੁੰਦੇ ਹਿੰਦੂ ਸਿੱਖ ਜਾਂ ਮੁਸਲਮਾਨ
ਨਹੀਂ ਨਹੀਂ, ਮੁਸਲਮਾਨ ਵੀ ਨਾ ਹੁੰਦੇ
ਅੱਜ ਕੱਲ੍ਹ ਸਰਕਾਰੀ ਹਵਾ ਤੰਤਰ
ਮੁਸਲਮਾਨੀ ਨੂੰ ਸੁੰਘ ਕੇ
ਆਦਮ ਬੋਅ ਆਦਮ ਬੋਅ ਕਰਦਾ
ਕਿਰਤੀ ਹੋਣ ਦੀ ਬਜਾਏ
ਕੋਰੋਨਾ ਕਾਲ ਦੇ ਹਿੰਦੂ ਜਾਂ ਸਿੱਖ ਹੁੰਦੇ
ਕਿਰਤ ਦੀ ਬਜਾਏ ਕਰਨ ਨਿਕਲੇ ਹੁੰਦੇ
ਦੂਰ ਦੁਰਾਡੇ ਦਰਸ਼ਨ ਦੀਦਾਰੇ
ਜਾਂ ਤੀਰਥ ਯਾਤਰਾ
ਫਿਰ ਤਾਂ ਕਰਦੀਆਂ ਸੈਕੂਲਰ ਸੰਵਿਧਾਨ ਦੀਆਂ ਸਰਕਾਰਾਂ
ਤੁਹਾਨੂੰ ਘਰੀਂ ਪਹੁੰਚਾਉਣ ਲਈ
ਸਪੈਸ਼ਲ ਏ.ਸੀ. ਬੱਸਾਂ ਦਾ ਪ੍ਰਬੰਧ
ਪੂਰੀ ਸ਼ਰਧਾ ਸਹਿਤ
ਵਕਤ ਦੀ ਤੱਤੀ ਤਵੀ 'ਤੇ
ਸੜਦੇ ਭੁੱਜਦੇ ਮਰਦੇ ਮਜ਼ਦੂਰੋ
ਤੁਹਾਡਾ ਕਸੂਰ ਹੈ ਮਜ਼ਦੂਰ ਹੋਣਾ
ਏਨਾ ਕਸੂਰ ਇਸ ਸਜ਼ਾ ਲਈ ਕਾਫ਼ੀ ਹੁਣ
ਦੁਨੀਆਂ ਤਰੱਕੀ ਕਰ ਗਈ ਹੈ
Add a review