ਅਸੀਂ ਜਿਹੋ ਜਿਹੇ ਵੀ ਹੋਈਏ ਬਚਪਨ ਵਿਚ ਖਾਣ-ਪੀਣ ਦੇ ਪ੍ਰਬੰਧ ਦਾ ਕੋਈ ਫਿਕਰ ਨਹੀਂ ਹੁੰਦਾ। ਇਹ ਸਾਨੂੰ ਮਾਤਾ-ਪਿਤਾ ਅਤੇ ਘਰ ਦੇ ਵੱਡੇ ਜੀਆਂ ਤੋਂ ਹੱਕ ਦੇ ਤੌਰ 'ਤੇ ਪ੍ਰਾਪਤ ਹੁੰਦਾ ਹੈ।
ਮਰਨ ਤੋਂ ਬਾਅਦ ਸੰਤਾਨ ਮੂੰਹ 'ਚ ਬੜੇ ਘਿਉ ਆਦਿ ਪਾਉਂਦੀ ਹੈ। ਸਰਾਧ ਜਾਂ ਪਿੰਡ ਭਰਾਈ ਕਰਾਉਂਦੀ ਜਾਂ ਲੰਗਰ ਲਾਉਂਦੀ ਹੈ।
ਇਹਨਾਂ ਦੋਹਾਂ ਦੇ ਵਿਚਕਾਰਲੇ ਸਮੇਂ ਵਿਚ ਸਾਨੂੰ ਆਪਣੇ ਖਾਣ-ਪੀਣ ਦਾ ਪ੍ਰਬੰਧ ਕਰਨ ਲਈ ਆਪ ਕੰਮ, ਉਦਮ, ਮਿਹਨਤ ਅਤੇ ਦੌੜ-ਭੱਜ ਕਰਨੀ ਪੈਂਦੀ ਹੈ। ਸਾਡੀ ਆਪਣੀ ਜਿੰਮੇਵਾਰੀ ਹੁੰਦੀ ਹੈ।
ਇਸੇ ਤਰ੍ਹਾਂ ਅਸੀਂ ਜਿਹੋ ਜਿਹੇ ਵੀ ਹੋਈਏ ਬਚਪਨ ਵਿਚ ਸਾਡੇ ਮਾਤਾ-ਪਿਤਾ, ਭੈਣ-ਭਰਾ ਅਤੇ ਘਰ ਦੇ ਹੋਰ ਜੀਅ ਆਪਣੇ ਆਪ ਹੀ ਖ਼ੂਬ ਪਿਆਰ ਕਰਦੇ ਰਹਿੰਦੇ ਹਨ।ਮਰਨ ਤੋਂ ਬਾਅਦ ਸੰਤਾਨ ਅਤੇ ਹੋਰ ਕਰੀਬੀ ਮ੍ਰਿਤਕ ਸਰੀਰ ਨੂੰ ਜੱਫੀਆ ਪਾ ਕੇ ਅਤੇ ਹੋਰ ਕਈ ਤਰੀਕਿਆਂ ਨਾਲ ਪਿਆਰ-ਸਤਿਕਾਰ ਦਾ ਇਜ਼ਹਾਰ ਕਰਦੇ ਹਨ।
ਇਹਨਾਂ ਦੋਹਾਂ ਦੇ ਵਿਚਕਾਰਲੇ ਦੇ ਸਮੇਂ ਵਿਚ ਪਿਆਰ ਪ੍ਰਾਪਤੀ ਲਈ ਸਾਨੂੰ ਆਪਣੇ ਵਤੀਰੇ, ਲਿਆਕਤ, ਮਿਹਨਤ, ਕਮਾਈ, ਹੁਨਰ, ਸਿਰਜਨਾ, ਸੋਹਜ-ਸਲੀਕੇ, ਬੋਲ-ਬਾਣੀ, ਉਪਯੋਗਤਾ, ਸਹਿਯੋਗ ਆਦਿ ਨਾਲ ਹਰ ਤਰ੍ਹਾਂ ਦੇ ਪਿਆਰ ਦੇ ਯੋਗ ਹੋਣਾ ਪੈਂਦਾ ਹੈ। ਭਾਵ ਬਚਪਨ ਤੋਂ ਬਾਅਦ ਪਿਆਰ ਵੀ ਰੋਟੀ ਵਾਂਗ ਕਮਾਉਣਾ ਹੁੰਦਾ ਹੈ।ਰੋਂਦੂ ਜਿਹੀਆਂ ਪਿਆਰ ਕਵਿਤਾਵਾਂ ਕਵੀ ਨੂੰ ਤਰਸ ਦਾ ਪਾਤਰ ਅਤੇ ਪਾਠਕ ਨੂੰ ਪਿਆਰ-ਕਮਾਊ ਦੀ ਬਜਾਏ ਪਿਆਰ-ਮੰਗਤਾ ਬਣਾਉਂਦੀਆਂ ਹਨ।
ਅੱਜ ਕੱਲ੍ਹ ਪੰਜਾਬੀ ਦੇ ਬਹੁਤੇ ਹਿੱਟ ਗਾਣੇ ਨੌਜਵਾਨਾਂ ਨੂੰ ਪਿਆਰ-ਕਮਾਊ ਦੀ ਬਜਾਏ ਪਿਆਰ ਦੇ ਲੁਟੇਰੇ ਜਾਂ ਡਾਕੂ ਬਣਨ ਲਈ ਉਕਸਾਉਂਦੇ ਹਨ।
ਮੈਨੂੰ ਕਮਾਊ ਜੀਊੜੇ ਹੀ ਭਾਉਂਦੇ ਹਨ, ਮੰਗਤੇ ਅਤੇ ਡਾਕੂ ਦੋਵੇਂ ਚੰਗੇ ਨਹੀਂ ਲੱਗਦੇ।
Add a review