ਵਿਵੇਕ ਲੁਧਿਆਣੇ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਚ ਪੜ੍ਹਦਾ ਸੀ। ਗੁਰਮੁਖ ਸਿੰਘ ਐਂਡ ਸਨਜ਼ ਵਾਲਿਆਂ ਦਾ ਹੈ ਇਹ ਸਕੂਲ। ਇਥੇ ਜ਼ਿਆਦਾ 'ਸਿੱਖਾਂ' ਦੇ ਬੱਚੇ ਪੜ੍ਹਦੇ ਹਨ। ਇਹਨਾਂ ਵਿਚੋਂ ਵੀ ਬਹੁ ਗਿਣਤੀ ਖੱਤਰੀ, ਅਰੋੜੇ ਅਤੇ ਰਾਮਗੜ੍ਹੀਆਂ ਦੇ ਬੱਚਿਆਂ ਦੀ ਹੈ। ਇਕ ਦਿਨ ਵਿਵੇਕ ਕਹਿੰਦਾ, "ਸਾਡੀ ਕਲਾਸ ਵਿਚ ਇਕ ਚਾਰ-ਪੰਜ ਮੁੰਡਿਆਂ ਦਾ ਗਰੁੱਪ ਹੈ, ਉਹ ਬੜੇ ਆਕੜ ਜਿਹੀ ਵਾਲੇ ਨੇ, ਆਪਣੇ ਆਪ ਨੂੰ ਜੱਟ ਦੱਸਦੇ ਆ, ਬਾਕੀ ਕਿਸੇ ਨੂੰ ਭਾਪਾ ਕਿਸੇ ਨੂੰ ਤਖਾਣ ਕਹਿ ਕੇ ਬੁਲਾਉਂਦੇ ਆ।"
ਮੈਂ ਪੁੱਛਿਆ, "ਤੈਨੂੰ ਕੀ ਕਹਿ ਕੇ ਬੁਲਾਉਂਦੇ?"
ਕਹਿੰਦਾ, "ਮੈਨੂੰ ਨਹੀਂ ਕੁਛ ਕਹਿੰਦੇ। ਵੈਸੇ ਆਪਾਂ ਕੀ ਹੁੰਨੇਂ ਆਂ?"
ਮੈਂ ਕਿਹਾ, "ਆਪਾਂ ਕੁਛ ਨਹੀਂ ਹੁੰਦੇ। ਤਾਂ ਹੀ ਤੈਨੂੰ ਕੁਛ ਨਹੀਂ ਸੱਦਦੇ।"
ਪੰਜਵੀ ਤੋਂ ਬਾਅਦ ਉਸ ਨੂੰ ਡੀ ਏ ਵੀ ਸਕੂਲ ਵਿਚ ਪੜ੍ਹਨ ਲਾ ਦਿੱਤਾ। ਜਦੋਂ ਸੱਤਵੀਂ-ਅੱਠਵੀਂ ਵਿਚ ਸੀ ਤਾਂ ਇਕ ਦਿਨ ਕਹਿੰਦਾ, " ਪਾਪਾ, ਯਾਰ ਬੜਾ ਅਫ਼ਸੋਸ ਹੋਇਆ, ਪਤਾ ਲੱਗਾ ਆਪਾਂ ਵੀ ਜੱਟ ਹੁੰਨੇਂ ਆਂ।"
ਮੈਂ ਕਿਹਾ, "ਨਹੀਂ, ਤੈਨੂੰ ਕੌਣ ਕਹਿੰਦਾ?"
"ਮੇਰੀ ਕਲਾਸ ਦਾ ਇਕ ਬੱਚਾ ਦੱਸ ਰਿਹਾ ਸੀ, ਕਹਿੰਦਾ ਪੰਧੇਰ ਜੱਟ ਹੁੰਦੇ ਆ। ਉਹ ਮੈਨੂੰ ਬੜਾ ਪੰਧੇਰ ਸਾਹਿਬ, ਪੰਧੇਰ ਸਾਹਿਬ ਕਰ ਕੇ ਬੁਲਾਉਂਦਾ।"
ਮੈਂ ਕਿਹਾ, "ਨਹੀਂ ਹੁਣ ਜਦ ਕਹੂ ਤਾਂ ਉਹਨੂੰ ਦੱਸੀਂ ਅਸੀਂ ਨਕਲੀ ਪੰਧੇਰ ਹਾਂ, ਬਿਨਾਂ ਜੱਟ ਵਾਲੇ।"
ਪਰ ਉਹਨੂੰ ਦੱਸਣ ਵਾਲੇ ਨੇ ਦੱਸਿਆ, "ਜੇ ਤੁਹਾਡਾ ਕੋਈ ਪਿੰਡ ਹੈਗਾ, ਉਥੇ ਤੁਹਾਡੀ ਜ਼ਮੀਨ ਹੈਗੀ ਤਾਂ ਤੁਸੀਂ ਪੱਕੇ ਜੱਟ ਹੋ।"
ਇਸ ਬਾਰੇ ਮੈਂ ਉਸ ਨੂੰ ਆਖਰੀ ਗੱਲ ਦੱਸੀ ਕਿ ਜਦੋਂ ਅਸੀਂ ਪਿੰਡ ਰਹਿੰਦੇ ਸੀ, ਖੇਤੀ ਕਰਦੇ ਸੀ, ਪਸ਼ੂ ਚਾਰਦੇ ਸੀ, ਆਲੂ ਬੀਜਦੇ ਸੀ, ਕਣਕ ਵੱਢਦੇ, ਝੋਨਾ ਲਾਉਂਦੇ ਤੇ ਝਾੜਦੇ ਸੀ, ਓਦੋਂ ਅਸੀਂ ਜੱਟ ਸੀ। ਹੁਣ ਮੈਂ ਇੰਜਨੀਅਰ ਹਾਂ, ਤੂੰ ਪੜ੍ਹ ਕੇ ਜੋ ਬਣੇਂਗਾ ਉਹ ਹੋਏਂਗਾ। ਇਸ ਬਾਰੇ ਮੁੜ ਕਦੀ ਗੱਲ ਨਹੀਂ ਹੋਈ। ਉਸ ਨੂੰ ਅਸਲ ਵਿਚ ਜੱਟ ਹੋਣ ਅਤੇ ਜੱਟ ਹੋਣ ਦੀ ਫੋਕੀ ਆਕੜ ਦਾ ਫਰਕ ਪਤਾ ਲੱਗ ਗਿਆ ਸੀ। ਅਖੀਰ ਤੱਕ ਆਪਣੇ ਪਿਓ ਵਾਂਗ ਉਸ ਨੇ ਵੀ ਕਦੀ ਜਾਤ ਪਾਤ ਨੂੰ ਧਿਆਨ ਵਿਚ ਰੱਖ ਕੇ ਦੋਸਤ ਨਹੀਂ ਬਣਾਏ।
ਇਹ ਗੱਲ ਬਹੁਤ ਤਸੱਲੀ ਭਰੀ ਹੈ ਕਿ ਉਸ ਦੇ ਸੱਤ ਅੰਗ ਵੱਖ ਵੱਖ ਲੋੜਵੰਦਾਂ ਨੂੰ ਰੰਗ, ਨਸਲ, ਮਜ਼ਹਬ, ਕੌਮ ਅਤੇ ਜਾਤ-ਗੋਤ ਦੇ ਵਿਤਕਰੇ ਤੋਂ ਬਿਨਾਂ ਪ੍ਰਾਪਤ ਹੋਏ।
Add a review