ਭਗਤ ਕਬੀਰ ਸਾਹਿਬ ਦਾ ਜਨਮ ਚੌਧਵੀਂ ਸਦੀ ਦੇ ਆਖਰੀ ਦਹਾਕੇ ਕਾਸ਼ੀ (ਬਨਾਰਸ) ਜਾਂ ਇਸ ਦੇ ਲਾਗਲੇ ਨਗਰ ਮਗਹਰ ਵਿਖੇ ਹੋਇਆ। ਪੂਰਬ ਦਿਸ਼ਾ ਵਿਚ ਕੀਤੀ ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਨੇ ਆਪ ਦੀ ਬਾਣੀ ਕਾਸ਼ੀ ਤੋਂ ਪ੍ਰਾਪਤ ਕੀਤੀ। ਗੁਰੂ ਗਰੰਥ ਸਾਹਿਬ ਵਿਚ ਜਿਹੜੇ ਪੰਦਰਾਂ ਭਗਤ ਸਾਹਿਬਾਨ ਦੀ ਬਾਣੀ ਸ਼ਾਮਲ ਹੈ ਉਹਨਾਂ ਵਿਚੋਂ ਕਬੀਰ ਸਾਹਿਬ ਦੀ ਬਾਣੀ ਸਾਰਿਆਂ ਤੋਂ ਅੱਗੇ ਅਤੇ ਸਭ ਤੋਂ ਵੱਧ ਮਾਤਰਾ ਵਿਚ ਦਰਜ ਹੈ। ਗੁਰੂ ਗਰੰਥ ਸਾਹਿਬ ਦੇ 17 ਰਾਗਾਂ ਵਿਚ ਆਪ ਦੇ 298 ਸ਼ਬਦ ਤੇ ਪਦੇ ਅਤੇ 243 ਸਲੋਕ ਸ਼ਾਮਲ ਹਨ। ਇਸ ਬਾਣੀ ਦਾ ਅਧਿਅਨ ਆਪ ਨੂੰ ਗੁਰਮਤਿ ਵਿਚਾਰਧਾਰਾ ਅਤੇ ਖਾਲਸਾ ਪੰਥ ਦੇ ਸੰਕਲਪ ਦੇ ਮੋਢੀ ਸਿਧਾਂਤਕਾਰਾਂ ਵਿਚੋਂ ਅਹਿਮ ਸਿੱਧ ਕਰਦਾ ਹੈ। ਆਪ ਦਾ ਜਨਮ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਤੋਂ ਪੌਣੀ ਸਦੀ ਅਤੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਲਗਪਗ ਪੌਣੇ ਤਿੰਨ ਸਦੀਆਂ ਪਹਿਲਾਂ ਹੋਇਆ। ਆਪ ਖਾਲਸੇ ਨੂੰ ਇਹਨਾ ਸ਼ਬਦਾਂ ਨਾਲ ਪ੍ਰੀਭਾਸ਼ਤ ਕਰਦੇ ਹਨ:
ਕਹੁ ਕਬੀਰ ਜਨੁ ਭਏ ਖਾਲਸੇ ਪ੍ਰੇਮ ਭਗਤਿ ਜਿਹ ਕੀਨੀ॥(655)
ਖਾਲਸਾ-ਸਿਰਜਕ ਗੁਰੂ ਗੋਬਿੰਦ ਸਿੰਘ ਜੀ ਇਹੀ ਗੱਲ ਖਾਲਸੇ ਨੂੰ ਦ੍ਰਿੜ ਕਰਵਾਈ:
ਸਾਚ ਕਹੂੰ ਸੁਨ ਲੇਹ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਗੁਰੂ ਸਾਹਿਬ ਪ੍ਰੇਮ ਦੇ ਇਹਨਾਂ ਖਿਡਾਰੀਆਂ ਤੋਂ ਗੁਰੂ ਨਾਨਕ ਦੇ ਸ਼ਬਦਾਂ ਵਿਚ ਸੀਸ ਭੇਟ ਮੰਗਦੇ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ॥ (ਗੁਰੂ ਨਾਨਕ, 1412)
ਗੁਰੂ ਨਾਨਕ ਜੀ ਦੇ ਉਪਰੋਕਤ ਬੋਲ ਕਬੀਰ ਜੀ ਦੇ ਹੇਠ ਲਿਖੇ ਸਲੋਕ ਦੇ ਵਿਚਾਰ ਦਾ ਪੁਨਰ-ਪ੍ਰਗਟਾਵਾ ਹਨ:
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ॥
ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ॥ (ਕਬੀਰ ਜੀ, 1377)
ਆਮ ਤੌਰ 'ਤੇ ਪਾਠਕ ਹੇਠ ਲਿਖੇ ਬਚਨ ਨੂੰ ਗੁਰੂ ਗੋਬਿੰਦ ਸਿੰਘ ਵਲੋਂ ਆਪਣੇ ਖਾਲਸੇ ਦੇ ਚ੍ਰਿਤਰ ਪ੍ਰਥਾਏ ਉਚਾਰਿਆ ਗਿਆ ਖਿਆਲ ਕਰਦੇ ਹਨ ਕਿਉਂਕਿ ਇਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਨਾਲ ਬਹੁਤ ਮੇਲ ਖਾਂਦਾ ਹੈ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਪ੍ਰੰਤੂ ਇਹ ਕਬੀਰ ਸਾਹਿਬ ਦੀ ਬਾਣੀ ਹੈ ਜੋ ਗੁਰੂ ਗਰੰਥ ਸਾਹਿਬ ਦੇ ਪੰਨਾ 1105 'ਤੇ ਦਰਜ ਹੈ। ਗੁਰੂ ਸਾਹਿਬ ਖਾਲਸੇ ਦੇ ਨਿਆਰੇਪਨ ਨੂੰ ਵੀ ਕਬੀਰ ਸਾਹਿਬ ਦੇ ਵਿਚਾਰ ਨਾਲ ਇਸ ਤਰ੍ਹਾਂ ਸਮਝਾ ਕੇ ਸਥਾਪਤ ਕਰਦੇ ਹਨ:
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ (1377, ਕਬੀਰ ਜੀ)
ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋਂ ਇਨ ਕੀ ਪ੍ਰਤੀਤ॥ ਗੁਰੂ ਗੋਬਿੰਦ ਸਿੰਘ)
ਕਬੀਰ ਜੀ ਦੇ ਵੇਲੇ ਸਮਾਜ ਉਤੇ ਸੱਭਿਆਚਾਰਕ ਚੌਧਰ ਅਤੇ ਜਾਂ ਸਮਾਜਕ ਧੌਂਸ ਬ੍ਰਾਹਮਣ ਦੀ ਸੀ। ਉਹਨਾਂ ਨੇ ਬ੍ਰਾਹਮਣ ਦੀ ਸਮਾਜਕ ਸੱਤਾ ਨਾ ਪਰਵਾਨ ਕਰਦੇ ਹੋਏ ਇਸ ‘ਤੇ ਬਹੁਤ ਜ਼ੋਰਦਾਰ ਹਮਲਾ ਕੀਤਾ। ਬ੍ਰਾਹਮਣ ਨੂੰ ਬਾਕੀ ਲੋਕਾਂ ਵਾਂਗ ਹੀ ਪੈਦਾ ਹੋਇਆ ਅਤੇ ਬਾਕੀ ਲੋਕਾਂ ਵਾਂਗ ਹੀ ਲਹੂ ਮਾਸ ਦਾ ਬਣਿਆਂ ਆਖ ਕੇ ਉਸ ਨੂੰ ਹੋਰਾਂ ਵਾਂਗ ਸਧਾਰਨ ਹੋਣਾ ਯਾਦ ਕਰਾਇਆ। ਉਸ ਕੋਲ ਕੇਵਲ ਜਾਤ ਕਾਰਨ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ ਨੂੰ ਕਬੀਰ ਸਾਹਿਬ ਨੇ ਨਜਾਇਜ਼ ਦੱਸਿਆ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥ (324)
ਬ੍ਰਾਹਮਣ ਦਾ ਵਿਰੋਧ ਉਸ ਦੀ ਜਾਤ ਕਰਕੇ ਨਹੀਂ ਸਗੋਂ ਉਸ ਕੋਲ ਸਮਾਜੀ ਸੱਤਾ ਹੋਣ ਕਰਕੇ ਕੀਤਾ ਗਿਆ। ਉਸ ਦੇ ਗਿਆਨ ਅਤੇ ਵਿਦਿਆ ਕਰਕੇ ਤਾਂ ਉਸ ਦਾ ਆਦਰ ਹੈ। ਬ੍ਰਾਹਮਣ ਹੋਣ ਦਾ ਮਤਲਬ ਸਮਾਜਕ ਚੌਧਰ, ਧੌਂਸ ਜਾਂ ਸੋਸ਼ਨ ਦੀ ਬਜਾਏ ਵਿਦਿਆ, ਗਿਆਨ, ਸਰਬ ਕਲਿਆਣਕਾਰੀ ਸਿਆਣਪ ਜਾਂ ਅਧਿਆਪਨ ਨਾਲ ਜੋੜਿਆ:
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ (324)
ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਲੋਕਾਂ ਤੇ ਰਾਜ ਕਰਨ ਦਾ ਅਧਿਕਾਰ, ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ, ਪ੍ਰਾਪਤ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜ ‘ਤੇ ਚੌਧਰ ਦਾ ਅਧਿਕਾਰ ਹੈ। ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗਰੀਬੀ, ਖੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ ਆਦਿ ਸਭ ਦੇਵੀ ਦੇਵਤੇ ਨਿਰਧਾਰਤ ਕਰਦੇ ਹਨ। ਕਬੀਰ ਸਾਹਿਬ ਨੇ ਇਹਨਾਂ ਤਿੰਨਾਂ ਭਾਵ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਸਾਂਝੀਵਾਲਤਾ ਦੀ ਦੁਸ਼ਮਨ ਤਸਲੀਮ ਕੀਤਾ। ਉਹਨਾਂ ਨੇ ਇਕ ਨਿਰੰਕਾਰ ਦੀ ਸੱਤਾ ਸਥਾਪਤ ਕਰਕੇ ਇਹਨਾਂ ਤਿੰਨਾਂ ਦੀ ਸੱਤਾ ਨੂੰ ਮਿੱਟੀ ‘ਚ ਮਿਲਾਉਣ ਦਾ ਕਾਰਜ ਆਰੰਭ ਕੀਤਾ। ਇਸ ਇੱਕ ਦੇ ਆਵਾਜ਼ੇ ਨਾਲ ਸਭ ਦੇਵੀ ਦੇਵਤਿਆਂ ਦੀ ਸੱਤਾ ਨੂੰ ਇਸ ਪਰਮ–ਸੱਤਾ ਵਿਚ ਵਲੀਨ ਕਰ ਦਿੱਤਾ। ਉਹਨਾਂ ਪਰਮ ਸੱਤਾ ਦੇ ਮੰਨੇ ਜਾਂਦੇ ਤਿੰਨ ਅੰਗਾਂ ਬ੍ਰਹਮਾਂ ਵਿਸ਼ਨੂੰ ਮਹੇਸ਼ ਨੂੰ ਵੀ ਅਲਹਿਦਾ ਅਲਹਿਦਾ ਨਹੀਂ ਰਹਿਣ ਦਿੱਤਾ:
ਓਅੰਕਾਰ ਆਦਿ ਮੈ ਜਾਨਾ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ॥ (340)
ਨਾ ਓਹੁ ਬਢੈ ਨ ਘਟਤਾ ਜਾਇ॥ ਅਕੁਲ ਨਿਰੰਜਨ ਏਕੈ ਭਾਇ॥ (343)
ਤੀਨਿ ਦੇਵ ਏਕ ਸੰਗਿ ਲਾਇ॥ (344)
ਜੀਉ ਏਕੁ ਅਰੁ ਸਗਲ ਸਰੀਰਾ॥ (330)
ਕਬੀਰ ਜੀ ਅਨੁਸਾਰ ਓਅੰਕਾਰ ਦੀ ਇਕਲੌਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ। ਸਭ ਅੰਦਰ ਉਸ ਦੀ ਮੌਜੂਦਗੀ ਕਾਰਨ ਸਭ ਬਰਾਬਰ ਦੇ ਸੱਤਾਵਾਨ ਹਨ। ਇਸ ਤਰ੍ਹਾਂ ਜਿਥੇ ਨਿਰੰਜਨ ਜਾਂ ਓਅੰਕਾਰ ਦੀ ਇਕਲੌਤੀ ਹਸਤੀ ਨਾਲ ਸੱਤਾ ਦਾ ਕੇਂਦਰੀਕਰਨ ਕੀਤਾ ਗਿਆ ਉਥੇ ਇਸ ਦਾ ਸਾਰੇ ਜੀਵਾਂ ਅੰਦਰ ਸਮਾਨ ਵਾਸਾ ਕਹਿ ਕੇ ਇਸ ਸੱਤਾ ਨੂੰ ਸਭਨਾਂ ਦਰਮਿਆਨ ਬਰਾਬਰ ਵਰਤਾਅ ਕੇ ਸੱਤਾ ਦਾ ਵਿਆਪਕ ਅਤੇ ਇਕਸਾਰ ਵਿਕੇਂਦਰੀਕਰਨ ਕੀਤਾ ਗਿਆ। ਨਿਰੰਕਾਰ ਦੀ ਇਕਲੌਤੀ ਸੱਤਾ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ ਅਤੇ ਸਾਂਝੀਵਾਲਤਾ ਦੀ ਲਿਖਾਇਕ ਹੈ। ਉਹਨਾਂ ਮੁਤਾਬਕ ਸਾਂਝੀਵਾਲਤਾ ਵਾਲੇ ਸਮਾਜ ਦੇ ਲੋਕ ਸੰਪੂਰਨ ਸੁਤੰਤਰ ਹਨ, ਬਰਾਬਰ ਦੇ ਸੱਤਾਵਾਨ ਹਨ, ਕਿਸੇ ਰਾਜੇ ਦੇ ਅਧੀਨ ਨਹੀਂ ਹਨ। ਕਬੀਰ ਜੀ ਨੇ ਉਹਨਾਂ ਦੇ ਰੋਹਬ, ਸ਼ਕਤੀ ਆਦਿ ਸਭ ਨੂੰ ਪਰਮਾਤਮਾ ਦੀ ਹਸਤੀ ਸਾਹਮਣੇ ਨਿਗੂਣੇ ਕਿਹਾ। ਇਹਨਾਂ ‘ਹੁਕਮਰਾਨਾਂ’ ਨੂੰ ਪ੍ਰਮਾਤਮਾ ਦੀ ਹਸਤੀ ਜਾਂ ਸੱਤਾ ਨਾਲ ਤੁਲਨਾਉਣਯੋਗ ਵੀ ਨਹੀਂ ਸਮਝਿਆ ਗਿਆ:
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ॥ (336)
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ (856)
ਇਸ ਤਰ੍ਹਾਂ ਇਹਨਾਂ ਰਾਜਿਆਂ ਨੂੰ ਸਥਾਪਤ ਸੱਤਾ ਤੋਂ ਹੇਠਾਂ ਖਿੱਚ ਕੇ ਆਮ ਬੰਦੇ ਦੀ ਪੱਧਰ ਤੇ ਲਿਆਂਦਾ ਗਿਆ ਜਾਂ ਆਮ ਬੰਦੇ ਨੂੰ ਰਾਜਿਆਂ ਬਰਾਬਰ ਹੋਣ ਦਾ ਵਿਸ਼ਵਾਸ ਦਿੱਤਾ ਗਿਆ। ਅਸਲ ਰਾਜਾ ਤਾਂ ਸਿਰਫ ਸਭੈ ਘਟ ਬੋਲਣ ਵਾਲੇ ਰਾਮ ਨੂੰ ਕਿਹਾ ਗਿਆ[ ਬਰਾਬਰੀ ਵਾਲੇ ਜਾਂ ਸਾਂਝੀਵਾਲਤਾ ਵਾਲੇ ਸਮਾਜ ਦੇ ਨਿਰਮਾਣ ਅਤੇ ਸੰਚਾਲਨ ਲਈ ਹਰ ਬੰਦੇ ਦਾ ਗਿਆਨੀ ਹੋਣਾ ਜ਼ਰੂਰੀ ਹੈ। ਵਿਦਿਆ ਸਾਰੇ ਲੋਕਾਂ ਲਈ ਹਵਾ ਪਾਣੀ ਵਾਂਗ ਉਪਲਭਦ ਹੋਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੈ ਜੇ ਵਿਦਿਆ ਕੋਈ ਮੰਡੀ ਦੀ ਵਿਕਾਊ ਵਸਤੂ ਨਹੀਂ ਹੋਵੇਗੀ। ਮਾਨਵੀ ਜੀਵਨ ਦੀ ਸੱਚੀ ਸਫਲਤਾ ਅਤੇ ਵਿਕਾਸ ਲਈ ਵਿਦਿਆ ਨੂੰ ਵਪਾਰ ਦੇ ਤਹਿਤ ਵੇਚਣ ਖਰੀਦਣ ਵਾਲਾ ਧੰਦਾ ਨਹੀਂ ਬਣਾਇਆ ਜਾ ਸਕਦਾ:
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥ (1103)
ਕਬੀਰ ਸਾਹਿਬ ਨੇ ਆਪਣੀ ਰਚਨਾ ਵਿਚ ਧਰਮ ਦੇ ਬਾਹਰੀ ਚਿੰਨਾਂ ਦੀ ਨਿਰਾਰਥਕਤਾ ਉੱਤੇ ਵੱਡਾ ਹਮਲਾ ਕੀਤਾ। ਇਨ੍ਹਾਂ ਚਿੰਨ੍ਹਾਂ ਦੇ ਆਡੰਬਰ ਦੀ ਬਜਾਏ ਮਨੁੱਖ ਦੇ ਆਚਾਰ, ਵਿਹਾਰ ਅਤੇ ਕਿਰਦਾਰ ਦੀ ਸ਼ੁੱਧਤਾ ‘ਤੇ ਜ਼ੋਰ ਦਿੱਤਾ। ਕਬੀਰ ਜੀ ਮੁਤਾਬਕ ਧਰਮ ਭੇਖ ਦਾ ਨਹੀਂ ਸਗੋਂ ਅਮਲ ਦਾ ਵਿਸ਼ਾ ਹੈ। ਉਹ ਦਿਖਾਵੇ ਦੀ ਬਜਾਏ ਅਮਲੀ ਧਰਮ ਦੇ ਝੰਡਾ ਬਰਦਾਰ ਬਣੇ। ਉਹਨਾਂ ਜੋਗੀ ਨੂੰ ਭੇਖ ਕਰਕੇ ਨਹੀਂ ਸਗੋਂ ਆਪਣੇ ਆਚਾਰ ਅਤੇ ਵਿਹਾਰ ਦੇ ਭਾਵ ਨਾਲ ਜੋਗੀ ਹੋਣ ਦੀ ਪ੍ਰੇਰਨਾ ਕੀਤੀ। ਕਿ ਮੋਨ (ਘੱਟ ਬੋਲਣ) ਦੀਆਂ ਮੁੰਦਰਾਂ ਪਾ, ਦਇਆ ਦੀ ਬਗਲੀ ਪਾ, ਭਗਤੀ ਦਾ ਕਾਸਾ ਫੜ, ਦੇਹੀ ਨੂੰ ਯੋਗ-ਵਸਤਰ ਸਮਝ ਕੇ ਇਸ ਦੀ ਸੰਭਾਲ ਕਰ ਅਤੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਅਜਿਹਾ ਕਹਿੰਦਿਆਂ ਕਬੀਰ ਸਾਹਿਬ ਨੇ ਮਜ਼ਹਬੀ ਚਿੰਨਾਂ ਨੂੰ ਵਿਸਥਾਪਿਤ ਕਰਨ ਦੀ ਨਵੀਂ ਵਿਧੀ ਵੀ ਈਜਾਦ ਕੀਤੀ:
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥ (970)
ਇਹ ਗੱਲ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਜੋਗੀਆਂ ਨਾਲ ਹੋਈੇ ਗੋਸ਼ਟ ਦੌਰਾਨ ਵਿਚਾਰੀ ਗਈ। ਗੁਰੂ ਸਾਹਿਬ ਨੇ ਇਸ ਵਿਚਾਰ ਨੂੰ ਉਪਰੋਕਤ ਵਿਧੀ ਰਾਹੀਂ ਆਪਣੀ ਜਪੁ ਬਾਣੀ ਵਿਚ ਦਰਜ ਕੀਤਾ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ (6, ਮ.1)
ਕਬੀਰ ਸਾਹਿਬ ਇਸਲਾਮੀ ਰਹਿਤ ਦੇ ਫੋਕੇਪਨ ਨੂੰ ਵੀ ਸੰਬੋਧਿਤ ਹੋਏ ਕਿ ਰੋਜੇ ਰੱਖਣ, ਨਿਵਾਜ ਗੁਜ਼ਾਰਨ ਅਤੇ ਕਲਮਾ ਪੜ੍ਹਨ ਨਾਲ ਜੰਨਤ ਨਸੀਬ ਨਹੀਂ ਹੁੰਦੀ, ਮੱਕਾ ਕਿਧਰੇ ਬਾਹਰ ਨਹੀਂ ਤੁਹਾਡੇ ਅੰਦਰ ਹੈ, ਨਮਾਜ਼ ਨਿਆਂ ਦੀ ਹੋਣੀ ਚਾਹੀਦੀ ਹੈ, ਉਸ ਬੇਅੰਤ ਨੂੰ ਜਾਣਨ ਦਾ ਯਤਨ ਹੀ ਕਲਮਾ ਹੈ, ਮੁਸੱਲੇ ਦਾ ਭਾਵ ਤਾਂ ਪੰਜ ਵਿਕਾਰਾਂ ਤੇ ਕਾਬੂ ਪਾਉਣਾ ਹੈ:
ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥
ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ॥
ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ॥ (480)
ਗੁਰੂ ਨਾਨਕ ਸਾਹਿਬ ਇਸ ਵਿਚਾਰ ਦੀ ਪ੍ਰੋੜਤਾ ਕਰਦੇ ਆਖਦੇ ਹਨ:
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ (140, ਮ.1)
ਕਬੀਰ ਸਾਹਿਬ ਸਥਾਪਿਤ ਧਰਮਾਂ ਨਾਲ ਜੁੜੇ ਅੰਧ ਵਿਸ਼ਵਾਸਾਂ, ਮਰਿਯਾਦਾਵਾਂ, ਭਾਵਨਾਵਾਂ ਅਤੇ ਰਹੁਰੀਤਾਂ ਦਾ ਸਤਿਕਾਰ ਕਰਨ ਦੇ ਉੱਕਾ ਹੀ ਕਾਇਲ ਨਹੀਂ ਸਨ। ਉਹ ਧਾਰਮਿਕ ਕਰਮਕਾਂਡਾਂ, ਧਾਰਮਿਕ ਭੇਖ ਅਤੇ ਧਾਰਮਿਕ ਰਸਮਾਂ ਦੀ ਪੂਰੀ ਬੇਕਿਰਕੀ ਨਾਲ ਨਿਖੇਧੀ ਕਰਦੇ ਅਤੇ ਖਿੱਲੀ ਉਡਾਉਂਦੇ ਰਹੇ। ਉਨ੍ਹਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਵੱਖ ਵੱਖ ਮਜ਼ਹਬਾਂ ਦੇ ਪੈਰੋਕਾਰ ਆਪੋ ਆਪਣੇ ਡੱਬਿਆਂ ਵਿਚ ਬੰਦ ਰਹਿਣ ਅਤੇ ਦੂਸਰਿਆਂ ਲਈ ਓਪਰੇ ਹੋਣ। ਉਹ ਤਰਕ ਦੀ ਛੁਰੀ ਨੂੰ ਕਟਾਕਸ਼ ਦੀ ਸਾਣ ਤੇ ਲਾ ਕੇ ਗੱਲ ਕਰਦੇ ਰਹੇ। ਅਜਿਹਾ ਕਰਦਿਆਂ ਉਹਨਾਂ ਨਾ ਕਿਸੇ ਫਿਰਕੇ ਨਾਲ ਵਿਤਕਰਾ ਕੀਤਾ ਅਤੇ ਨਾ ਕਿਸੇ ਨਾਲ ਲਿਹਾਜ਼। ਕਬੀਰ ਜੀ ਨੇ ਉਸ ਵੇਲੇ ਦੇ ਦੋਵਾਂ ਸਥਾਪਿਤ ਧਰਮਾਂ ਦੇ ਪਾਖੰਡਾਂ ਅਤੇ ਝਮੇਲਿਆਂ ਨੂੰ ਰੱਦ ਕਰਦਿਆਂ ਇਨ੍ਹਾਂ ਦੀ ਇਜ਼ਾਰੇਦਾਰੀ ਨੂੰ ਚੁਣੌਤੀ ਦਿੱਤੀ ਅਤੇ ਇਹਨਾਂ ਦੇ ਗਲਬੇ ਤੋਂ ਸੁਤੰਤਰ ਮਨੁੱਖ ਦੀ ਹਸਤੀ ਦੀ ਜ਼ੋਰਦਾਰ ਤਰੀਕੇ ਨਾਲ ਵਕਾਲਤ ਕੀਤੀ:
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ (477)
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥ (654)
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥ (1349)
ਮਜ਼ਹਬੀ ਵਲਗਣਾਂ ਤੋਂ ਸੁਤੰਤਰ ਮਨੁੱਖ ਨੂੰ ਕਬੀਰ ਸਾਹਿਬ ਨੇ ਗੁਰਮੁਖ ਦਾ ਨਾਮ ਦਿੱਤਾ। ਗੁਰੂ ਨਾਨਕ ਸਾਹਿਬ ਨੇ ਅਜਿਹੇ ਗੁਰਮੁਖ ਦੇ ਗੁਣਾਂ ਅਤੇ ਲੱਛਣਾਂ ਦੀ ਆਪਣੀ ਸਿਧ ਗੋਸਟਿ ਬਾਣੀ ਵਿਚ ਬੜੇ ਵਿਸਥਾਰ ਨਾਲ ਚਰਚਾ ਕੀਤੀ। ਕਬੀਰ ਬਾਣੀ ਵਿਚ ਚਾਰ ਵਾਰ ਗੁਰਮੁਖ ਦਾ ਜ਼ਿਕਰ ਆਇਆ ਹੈ:
ਜਾ ਕਉ ਗੁਰਮੁਖਿ ਆਪਿ ਬੁਝਾਈ॥ ਤਾ ਕੇ ਹਿਰਦੈ ਰਹਿਆ ਸਮਾਈ॥ (655)
ਕਹੈ ਕਬੀਰੁ ਏਕੈ ਕਰਿ ਕਰਨਾ॥ ਗੁਰਮੁਖਿ ਹੋਇ ਬਹੁਰਿ ਨਹੀ ਮਰਨਾ॥ (872)
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ॥ (970)
ਐਸਾ ਜੋਗੁ ਕਮਾਵਹੁ ਜੋਗੀ॥ ਜਪ ਤਪ ਸੰਜਮੁ ਗੁਰਮੁਖਿ ਭੋਗੀ॥ (970)
ਹਿੰਦੂਆਂ ਅਤੇ ਮੁਸਲਮਾਨਾ ਦੀਆਂ ਰਹੁ-ਰੀਤਾਂ ਅਤੇ ਮਰਿਯਾਦਾਵਾਂ ਤੋਂ ਸੁਤੰਤਰ ਗੁਰਮੁਖ ਦੀ ਸਿਰਜਨਾ ਕਰਨ ਵਾਲੇ ਗਿਆਨ ਵਿਚਾਰ ਨੂੰ ਕਬੀਰ ਸਾਹਿਬ ਨੇ ਵਾਰ ਵਾਰ ਗੁਰਮਤਿ ਕਹਿ ਕੇ ਸਥਾਪਿਤ ਕੀਤਾ ਸੀ:
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ॥ ਰਾਮੈ ਰਾਮ ਰਮਤ ਸੁਖੁ ਪਾਵੈ॥ (326)
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ॥ (332)
ਗੁਰਮਤਿ ਰਾਮੈ ਨਾਮਿ ਬਸਾਈ॥ ਅਸਥਿਰੁ ਰਹੈ ਨ ਕਤਹੂੰ ਜਾਈ॥ (481)
ਇਹ ਗੁਰਮਤਿ ਵਿਚਾਰਧਾਰਾ ਜਿਸ ਇਕ ਪਰਮਾਤਮਾ ਦੀ ਭਗਤੀ ਤੇ ਜ਼ੋਰ ਦਿੰਦੀ ਹੈ, ਉਸ ਦੇ ਸੰਕਲਪ ਦਾ ਤੱਤ ਸਾਰ ਮੂਲ ਮੰਤਰ ਦੇ ਰੂਪ ਵਿਚ ਸੂਤਰਤ ਕੀਤਾ ਹੋਇਆ ਹੈ ਜੋ ਸ੍ਰੀ ਗੁਰੂ ਗਰੰਥ ਸਾਹਿਬ ਦੇ ਅਰੰਭ ਵਿੱਚ ਦਰਜ ਹੈ। ਮੂਲ ਮੰਤਰ ਦੇ ਅੰਸ਼ਾਂ ਅਤੇ ਭਾਵਾਂ ਦੀ ਗੂੰਜ ਕਬੀਰ ਜੀ ਦੀ ਬਾਣੀ ਵਿਚ ਥਾਂ ਪੁਰ ਥਾਂ ਮਿਲਦੀ ਹੈ। ਕਬੀਰ ਸਾਹਿਬ ਦੀ ਬਾਣੀ ਦੀ ਬਹੁਤ ਸਾਰੀ ਸ਼ਬਦਾਵਲੀ ਸਿੱਖੀ ਦੀ ਪਛਾਣ ਦੀ ਸ਼ਬਦਾਵਲੀ ਹੈ, ਜਿਵੇਂ ਗੁਰਮਤਿ, ਗੁਰਮੁਖ, ਗੁਰਪ੍ਰਸਾਦਿ, ਸੰਤ, ਗੁਰੂ, ਸਤਿਗੁਰ, ਨਾਮ, ਸਾਧਸੰਗਤ, ਸਤਿਸੰਗਤ, ਗੋਬਿੰਦ, ਅੰਮ੍ਰਿਤ, ਕੀਰਤਨ, ਖਾਲਸਾ, ਸਿਮਰਨੁ ਆਦਿ। ਅੱਜ ਇਹ ਨਰੋਲ ਸਿੱਖੀ ਦੇ ਸ਼ਬਦ ਜਾਪਦੇ ਜਾਂ ਸਮਝੇ ਜਾਂਦੇ ਹਨ ਜੋ ਗੁਰੂ ਸਾਹਿਬਾਨ ਤੋਂ ਪਹਿਲਾਂ ਕਬੀਰ ਬਾਣੀ ਵਿਚ ਕਈ ਕਈ ਵਾਰ ਵਰਤੇ ਗਏ।
ਗੁਰੂ ਸਾਹਿਬਾਨ ਨੇ ਪੂਰੀ ਖੁਲ੍ਹਦਿਲੀ ਨਾਲ ਕਬੀਰ ਸਾਹਿਬ ਦੇ ਕਬੀਰਪਨ (ਵਡੱਪਨ) ਨੂੰ ਅਮਲੀ ਰੂਪ ਵਿਚ ਤਸਲੀਮ ਕੀਤਾ ਅਤੇ ਉਨ੍ਹਾਂ ਦੇ ਵਡੱਪਨ ਦਾ ਮਾਨਵ ਕਲਿਆਣ ਦੇ ਵੱਡੇ ਮਨੋਰਥ ਲਈ ਲਾਹਾ ਲਿਆ। ਉੁਹਨਾਂ ਦੇ ਸਮਕਾਲੀ ਅਤੇ ਬਾਅਦ ਦੇ ਬਾਣੀਕਾਰਾਂ ਨੇ ਆਪਣੀ ਬਾਣੀ ਵਿਚ ਕਈ ਵਾਰ ਉਹਨਾਂ ਪ੍ਰਤੀ ਗਹਿਰੇ ਆਦਰ ਦਾ ਪ੍ਰਗਟਾਵਾ ਕੀਤਾ।
Add a review