• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਦੀਵਾਲੀ ਦਾ ਹਨੇਰਾ ਪਾਸਾ

ਜਸਵੰਤ ਸਿੰਘ ਜ਼ਫਰ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Social Issues
  • Report an issue
  • prev
  • next
Article
ਸਾਡੇ ਮੁਲਕ 'ਚ ਤਿਉਹਾਰਾਂ ਦਾ ਕੋਈ ਅੰਤ ਨਹੀਂ। ਲੋਹੜੀ ਵੰਡੀ ਜਾਂਦੀ ਹੈ, ਰੱਖੜੀ ਬੰਨ੍ਹੀ ਜਾਂਦੀ ਹੈ, ਦੁਸਹਿਰਾ ਫੂਕਿਆ ਜਾਂਦਾ ਹੈ, ਮਾਘੀ ਨ੍ਹਾਤੀ ਜਾਂਦੀ ਹੈ ਤੇ ਹੋਲੀ ਖੇਡੀ ਜਾਂਦੀ ਹੈ। ਕ੍ਰਿਸਮਿਸ, ਵਿਸਾਖੀ, ਈਦ, ਜਨਮ ਅਸ਼ਟਮੀ ਆਦਿ ਮਨਾਈਆਂ ਜਾਂਦੀਆਂ ਹਨ। ਸਾਰੇ ਤਿਉਹਾਰਾਂ 'ਚੋਂ ਸਿਰਮੌਰ ਦੀਵਾਲੀ ਦਾ ਤਿਉਹਾਰ ਹੈ। ਪਿੰਡਾਂ ਵਿਚ ਭਾਵੇਂ ਇਹ ਸਿਰਫ ਮਨਾਈ ਜਾਂਦੀ ਹੈ ਪਰ ਸ਼ਹਿਰਾਂ ਤੇ ਕਸਬਿਆਂ ਵਿਚ ਇਹ ਮਨਾਉਣ ਦੇ ਨਾਲ ਨਾਲ ਮੰਗੀ ਵੀ ਜਾਂਦੀ ਹੈ, ਦਿੱਤੀ ਵੀ ਜਾਂਦੀ ਹੈ ਅਤੇ ਇਕੱਠੀ ਵੀ ਕੀਤੀ ਜਾਂਦੀ ਹੈ।
ਸਰਕਾਰੀ ਕੰਪਲੈਕਸਾਂ ਵਿਚ ਤਾਇਨਾਤ ਲੋਕ ਦੀਵਾਲੀ ਮਗਰੋਂ ਅਕਸਰ ਇੱਕ ਦੂਏ ਨੂੰ ਪੁੱਛਦੇ ਹਨ-ਐਤਕੀਂ ਕਿੰਨੀ ਕੁ ਬਣੀ ਦੀਵਾਲੀ? ਕੁਝ ਵਰ੍ਹੇ ਪਹਿਲਾਂ ਅਖ਼ਬਾਰਾਂ ਵਿਚ ਛਪਿਆ ਸੀ ਕਿ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਦਫਤਰ ਯਾਨੀ ਸਿਵਲ ਸਕੱਤਰੇਤ ਚੰਡੀਗੜ੍ਹ ਵਿਚ ਦਰਜਾ ਚਾਰ ਕਰਮਚਾਰੀਆਂ ਨੂੰ ਹੀ ਲੱਖਾਂ ਰੁਪਏ ਦੀ ਦੀਵਾਲੀ ਬਣ ਜਾਂਦੀ ਹੈ। ਦੱਸਦੇ ਹਨ ਕਿ ਜ਼ਿਲਿਆਂ ਦੇ ਵੱਡੇ ਅਫ਼ਸਰਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਣ ਆਏ ਪਤਵੰਤੇ ਸੱਜਣ ਉਹਨਾਂ ਦੇ ਘਰੀਂ ਦਰਸ਼ਣ ਭੇਟਾਵਾਂ ਦੇ ਅੰਬਾਰ ਲਾ ਦਿੰਦੇ ਹਨ। ਜਿਹਨਾਂ ਵਿਚ ਚਾਂਦੀ ਦੇ ਬਰਤਣ ਅਤੇ ਹੀਰੇ, ਸੋਨੇ ਤੇ ਪਲੈਟੀਨਮ ਦੇ ਗਹਿਣੇ ਵੀ ਸ਼ਾਮਲ ਹੁੰਦੇ ਹਨ। ਚੜ੍ਹਾਵੇ ਦਾ ਇਹ ਮਾਲ ਰਿਸ਼ਵਤ ਜਾਂ ਇਨਕਮ ਟੈਕਸ ਦੇ ਘੇਰੇ ਵਿਚ ਨਹੀਂ ਆਉਂਦਾ। ਕਿਸੇ ਸਰਕਾਰੀ ਅਹੁਦੇ ਦੀ ਸ਼ਾਨ ਅਤੇ ਮਹੱਤਵ ਦਾ ਅੰਦਾਜ਼ਾ ਮਿਲਣ ਵਾਲੀ ਦੀਵਾਲੀ ਤੋ ਲਾਇਆ ਜਾਂਦਾ ਹੈ। ਕਈ ਵਾਰ ਸਰਕਾਰੀ ਅਹਿਲਕਾਰਾਂ ਨੂੰ ਸਜ਼ਾ ਦੇ ਤੌਰ ਤੇ ਅਜਿਹੇ ਅਹੁਦੇ ਜਾਂ ਸਟੇਸ਼ਨ ਤੇ ਲਾਇਆ ਜਾਂਦਾ ਹੈ ਜਿਥੇ ਦੀਵਾਲੀ ਨਾ ਮਿਲਦੀ ਹੋਵੇ। ਜੇ ਕਿਸੇ ਮੋਟੀ ਦੀਵਾਲੀ ਵਾਲੇ ਅਹੁਦੇ ਤੇ ਤਾਇਨਾਤ ਅਹਿਲਕਾਰ ਦਾ ਤਬਾਦਲਾ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਕਿਸੇ ਖੁਸ਼ਕ ਜਗ੍ਹਾ ਤੇ ਹੋ ਜਾਏ ਤਾਂ ਇੰਜ ਮਹਿਸੂਸਿਆ ਜਾਂਦਾ ਹੈ ਜਿਵੇਂ ਕਿਸੇ ਸੌਦਾਗਰ ਦਾ ਹੀਰੇ ਮੋਤੀਆਂ ਦਾ ਭਰਿਆ ਬੇੜਾ ਸਮੁੰਦਰ ਦੇ ਵਿਚਾਲੇ ਡੁੱਬ ਗਿਆ ਹੋਵੇ। ਸਾਰਾ ਟੱਬਰ ਮਰਨ ਹਾਕਾ ਹੋ ਜਾਂਦਾ ਹੈ। ਘਰ ਵਿਚ ਸੋਗ ਪੈ ਜਾਂਦਾ ਹੈ। ਦੂਜੇ ਪਾਸੇ ਯਤਨ ਕਰਕੇ ਅਜਿਹੇ ਅਹੁਦੇ ਤੇ ਲੱਗਣ ਵਾਲੇ ਦੇ ਟੱਬਰ ਦੀਆਂ ਵਾਛਾਂ ਖਿੜ ਜਾਂਦੀਆਂ ਹਨ। ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦੇ ਹਨ। ਢਿੱਡਾਂ ਵਿਚ ਲੱਡੂ ਪੱਕਣ ਲੱਗਦੇ ਹਨ। ਦਿਲਾਂ ਵਿਚ ਘਿਓ ਦੇ ਦੀਵੇ ਬਲਦੇ ਹਨ। ਏਨੀ ਖੁਸ਼ੀ ਤਾਂ ਭਗਵਾਨ ਰਾਮ ਦੇ ਪਰਤਣ ਤੇ ਆਯੁਧਿਆ ਵਾਸੀਆਂ ਨੂੰ ਵੀ ਨਹੀਂ ਹੋਈ ਹੋਣੀ।
ਕਈ ਅਹਿਲਕਾਰਾਂ ਦਾ ਪਰਿਵਾਰ ਉਹਨਾਂ ਦੇ ਤਾਇਨਤੀ ਸਥਾਨ ਤੇ ਨਿਵਾਸ ਨਹੀਂ ਕਰਦਾ ਹੁੰਦਾ ਅਤੇ ਉਹ ਆਮ ਤੌਰ ਤੇ ਆਪਣੇ ਸਦਰ ਮੁਕਾਮ ਤੇ ਨਹੀਂ ਰਹਿੰਦੇ। ਪਰ ਉਹ ਦੀਵਾਲੀ ਦੇ ਦਿਨੀਂ ਜ਼ਰੂਰ ਸਰਕਾਰੀ ਰਹਾਇਸ਼ਗਾਹ ਨੂੰ ਝਾੜ ਪੂੰਝ ਕੇ ਇਥੇ ਨਹਾ ਧੋ ਕੇ ਸਜਦੇ ਹਨ, ਭਾਗ ਲਾਉਂਦੇ ਹਨ ਤਾਂ ਕਿ ਦੀਵਾਲੀ ਜਾਂ ਲਕਸ਼ਮੀ ਨੂੰ ਆਉਣ ਵਿਚ ਕੋਈ ਅਸੁਵਿਧਾ ਜਾਂ ਨਿਰਾਸ਼ਾ ਨਾ ਹੋਵੇ। ਗਰਜ਼ਵਾਨ ਸੱਜਣ ਵੇਲੇ ਕੁਵੇਲੇ ਅਹਿਲਕਾਰਾਂ ਦੇ ਮੂੰਹ ਮੱਥੇ ਲੱਗਣ ਦਾ ਨੈਤਿਕ ਅਧਿਕਾਰ ਪ੍ਰਾਪਤ ਕਰਨ ਲਈ ਉਹਨਾਂ ਦੇ ਹਜ਼ੂਰ ਹਾਜ਼ਰ ਹੋ ਕੇ ਦੀਵਾਲੀ ਦੇਣੋਂ ਨਹੀਂ ਉੱਕਦੇ। ਅਹਿਲਕਾਰ ਵੱਡੇ ਅਹਿਲਕਾਰਾਂ ਦੀ ਸਰਪ੍ਰਸਤੀ ਹਾਸਲ ਕਰਨ ਲਈ ਜਾਂ ਉਹਨਾਂ ਦੀ ਕਰੋਪੀ ਤੋਂ ਬਚਣ ਲਈ ਉਚੇਚੀ ਦੀਵਾਲੀ ਦਿੰਦੇ ਹਨ। ਕਈ ਵਾਰ ਬਾਹਲੇ ਕਹਿੰਦ ਅਹਿਲਕਾਰ ਹੇਠਲਿਆਂ ਦੇ ਗਲ਼ 'ਚ 'ਗੂਠਾ ਦੇ ਕੇ ਵੀ ਦੀਵਾਲੀ ਲੈਂਦੇ ਦੇਖੇ ਹਨ। ਫੀਲਡ ਵਿਚ ਤਾਇਨਾਤ ਕਈ ਛੋਟੇ ਅਹਿਲਕਾਰ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਇਲਾਕੇ 'ਚੋਂ ਦੀਵਾਲੀ ਇਕੱਠੀ ਕਰਨ ਲਈ ਗਜਾ ਕਰਨ ਵਾਲਿਆਂ ਵਾਂਗ ਖ਼ੂਬ ਗੇੜਾ ਬੰਨ੍ਹਦੇ ਹਨ। ਕਈ ਵੇਰ ਛੋਟੇ ਮੋਟੇ ਚਮਚੇ ਨੂੰ ਨਾਲ ਲੈ ਕੇ ਜਾਂਦੇ ਹਨ, ਜੋ ਬੂਹਾ ਖੜਕਾਉਂਦਾ ਹੈ ਅਤੇ ਅਗਲੇ ਨੂੰ ਦੱਸਦਾ ਹੈ- 'ਸਾਬ ਆਏ ਹਨ, ਦੀਵਾਲੀ ਹੈ।
ਸਰਕਾਰੀ ਤੰਤਰ ਵਿਚ ਦੀਵਾਲੀ ਹੇਠੋਂ ਉਪਰ ਨੂੰ ਜਾਂਦੀ ਹੈ ਭਾਵ ਹਮੇਸ਼ਾ ਛੋਟੇ ਹੀ ਵੱਡਿਆਂ ਨੂੰ ਦੀਵਾਲੀ ਦਿੰਦੇ ਹਨ। ਪਰ ਬਹੁਤੇ ਪ੍ਰਾਈਵੇਟ ਖੇਤਰਾਂ ਵਿਚ ਇਸ ਤੋਂ ਉਲਟ ਹੁੰਦਾ ਹੈ। ਕੰਪਨੀਆਂ ਮੁੱਖ ਡੀਲਰਾਂ ਨੂੰ, ਮੁੱਖ ਡੀਲਰ ਆਪਣੇ ਹੇਠਲੇ ਡੀਲਰਾਂ ਨੂੰ ਅਤੇ ਡੀਲਰ ਸੇਲਜ਼ ਕ੍ਰਮਚਾਰੀਆਂ ਨੂੰ ਦੀਵਾਲੀ ਦੇ ਤੋਹਫੇ ਦਿੰਦੇ ਹਨ। ਵੱਡੇ ਸ਼ਹਿਰਾਂ ਦੇ ਵੱਡੇ ਨਰਸਿੰਗ ਹੋਮਾਂ ਵਾਲੇ ਛੋਟੇ ਸ਼ਹਿਰਾਂ ਦੇ ਛੋਟੇ ਨਰਸਿੰਗ ਹੋਮਾਂ ਵਾਲਿਆਂ ਨੂੰ, ਨਰਸਿੰਗ ਹੋਮਾਂ ਤੇ ਲੈਬਾਟਰੀਆਂ ਵਾਲੇ ਕਲੀਨਕਾਂ ਵਾਲਿਆਂ ਨੂੰ ਉਚੇਚੀ ਦੀਵਾਲੀ ਦਿੰਦੇ ਹਨ। ਕਹਾਣੀ ਵੱਡੇ ਛੋਟੇ ਦੀ ਨਹੀਂ, ਗਰਜ਼ ਦੀ ਹੈ। ਜਿਸ ਨੂੰ ਗਰਜ਼ ਹੈ, ਉਸ ਦਾ ਦੀਵਾਲੀ ਦੇਣਾ ਫਰਜ਼ ਹੈ। ਜਿਸ ਕੋਲ ਦਿਖਾਉਣ ਲਈ ਪਾਵਰ ਹੈ ਉਸ ਦਾ ਦੀਵਾਲੀ ਬਟੋਰਨਾ ਹੱਕ ਹੈ। ਪਾਵਰ ਦਿਖਾਉਣ ਵਾਲਾ ਜ਼ਰੂਰੀ ਨਹੀਂ ਕਿ ਵੱਡਾ ਅਫ਼ਸਰ ਜਾਂ ਅਮੀਰ ਵਜ਼ੀਰ ਹੀ ਹੋਵੇ: ਮਹੱਲੇ ਦਾ ਡਾਕੀਆ, ਕਮੇਟੀ ਦਾ ਜਮਾਂਦਾਰ ਜਾਂ ਛੋਟੇ ਮੋਟੇ ਸਥਾਨਕ ਅਖਬਾਰ ਦਾ ਛੋਟਾ ਮੋਟਾ ਰਿਪੋਰਟਰ ਵੀ ਹੋ ਸਕਦਾ ਹੈ।
ਕਈ ਵਾਰ ਕੋਈ ਬੰਦਾ ਔਖੇ ਵੇਲੇ ਬਹੁੜਿਆ ਹੰਦਾ, ਜਾਂ ਫਸਿਆ ਬੇੜਾ ਬੰਨੇ ਲਾਇਆ ਹੁੰਦਾ। ਉਸ ਦੇ ਅਹਿਸਾਨ ਦਾ ਭਾਰ ਸਾਰੀ ਉਮਰ ਸਿਰ ਤੇ ਚੁੱਕੀ ਫਿਰਨ 'ਚ ਤਾਂ ਕੋਈ ਅਕਲਮੰਦੀ ਨਹੀਂ। ਅਗਲੀ ਦੀਵਾਲੀ ਮੌਕੇ ਕਿਸੇ ਚੀਜ਼ ਵਸਤ ਮਠਿਆਈ ਨਾਲ ਮੱਥਾ ਡੰਮਿਆਂ, ਹਿਸਾਬ ਬਰਾਬਰ। ਅਹਿਸਾਨ ਕਰਨ ਵਾਲਾ ਵੀ ਕਈ ਵਾਰ ਮੂਹਰੇ ਹੀ ਮੂੰਹ ਚੱਕ ਕੇ ਦੀਵਾਲੀ ਤੇ ਉਡੀਕਦਾ ਹੁੰਦਾ। ਉਸ ਵਾਸਤੇ ਚੀਜ਼ ਵਸਤ ਖ੍ਰੀਦਣ ਦੀ ਵੀ ਲੋੜ ਨਹੀਂ ਹੁੰਦੀ। ਦੀਵਾਲੀ ਵਿਚ ਬਹੁਤ ਸਾਰਾ ਬੇਲੋੜਾ ਨਿੱਕ ਸੁੱਕ ਆਇਆ ਹੁੰਦਾ, ਜੋ ਅੱਗੇ ਤੋਰਨ ਦੇ ਕੰਮ ਆਉਂਦਾ। ਅਜਿਹੇ ਸਟਾਕ 'ਚੋਂ ਭੈਣ ਭੂਆ ਨੂੰ ਮੁਫਤ ਵਿਚ ਦੀਵਾਲੀ ਦੇ ਕੇ ਸੰਧਾਰੇ ਜਾਂ ਥਿਆਰ ਵੇਲੇ ਪੱਲਿਓਂ ਖਰਚ ਕਰਨ ਬਜਾਏ ਘੇਸਲ ਵੱਟੀ ਜਾ ਸਕਦੀ ਹੈ। ਦੀਵਾਲੀ ਦੇ ਕਈ ਤੋਹਫੇ ਤਾਂ ਅੱਗੇ ਤੋਂ ਅੱਗੇ ਛੇਵੇਂ ਘਰ ਪਹੁੰਚ ਜਾਂਦੇ ਹਨ ਅਤੇ ਅਖੀਰ ਥੱਕ ਕੇ ਕਿਸੇ ਘਰ ਦੇ ਸਟੋਰ ਵਿਚ ਅਰਾਮ ਕਰਦੇ ਹਨ। ਫਿਰ ਹੋਰ ਸੁਦ ਤੇ ਜਾਂ ਅਗਲੀ ਦੀਵਾਲੀ ਤੇ ਦਿੱਤੇ ਜਾਣ ਦੇ ਕੰਮ ਆਉਂਦੇ ਹਨ। ਦੀਵਾਲੀ ਦੇ ਤੋਹਫੇ ਖ੍ਰੀਦੇ ਤੇ ਵਰਤੇ ਘੱਟ ਜਾਂਦੇ ਹਨ, ਇਹ ਸੈਰ ਬਾਹਲ਼ੀ ਕਰਦੇ ਹਨ। ਅਜਿਹੇ ਫੇਰੇ ਤੋਰੇ ਕਾਰਨ ਦੀਵਾਲੀ ਦੇ ਦਿਨ ਸ਼ਹਿਰਾਂ ਵਿਚ ਉਸੇ ਤਰ੍ਹਾਂ ਟ੍ਰੈਫਿਕ ਜਾਮ ਲੱਗਦੇ ਹਨ ਜਿਵੇਂ ਵੱਡੇ ਵੱਡੇ ਨਗਰ ਕੀਰਤਨਾਂ ਵੇਲੇ ਲੱਗਦੇ ਹਨ। ਸੁਣਿਆਂ ਹੈ, ਹੇਠੋਂ ਤਰੱਕੀਆਂ ਪਾ ਪਾ ਕੇ ਬਹੁਤ ਉਚੇ ਅਹੁਦੇ ਤੇ ਪਹੁੰਚੇ ਇਕ ਅਫਸਰ ਨੂੰ ਪਤਾ ਸੀ ਕਿ ਕਿਵੇਂ ਹੇਠਲੇ ਅਫਸਰ ਦੀਵਾਲੀ ਨੂੰ ਮੁਫਤ ਵਿਚ ਆਏ ਵਾਧੂ ਮਾਲ ਤੇ ਦੁਬਾਰਾ ਚਮਕੀਲਾ ਪੇਪਰ ਚੜ੍ਹਵਾ ਕੇ ਉਪਰਲੇ ਅਫਸਰਾਂ ਨੂੰ ਦੀਵਾਲੀ ਦੇ ਜਾਂਦੇ ਹਨ। ਉਸ ਨੇ ਸਾਰੇ ਮਾਤੈਹਤਾਂ ਨੂੰ ਬਕਾਇਦਾ ਸੰਦੇਸ਼ ਭਿਜਵਾਇਆ- ਦੀਵਾਲੀ ਤੇ 'ਵਿਸ਼' ਕਰਨ ਆਉਣ ਸਮੇਂ ਕੋਈ ਗਿਫ਼ਟ ਨਾ ਲਿਆਂਦਾ ਜਾਏ। ਨਾ ਕਿਸੇ ਚੀਜ਼ ਦੀ ਜ਼ਰੂਰਤ ਹੈ, ਨਾ ਘਰ ਵਿਚ ਥਾਂ ਹੈ। ਦੀਵਾਲੀ ਸਿਰਫ ਨਕਦ ਰੂਪ 'ਚ ਦਿੱਤੀ ਜਾਏ।
ਦੀਵਾਲੀ ਮੌਕੇ ਦੁਕਾਨਾਂ ਦਾ ਆਕਾਰ ਕਈ ਗੁਣਾ ਵਧ ਜਾਂਦਾ ਹੈ। ਆਮ ਦਿਨਾਂ ਵਿਚ ਸੜਕ ਕਿਨਾਰੇ ਜਿਥੇ ਸਕੂਟਰ ਕਾਰ ਖੜ੍ਹੀ ਕਰਨ ਦੀ ਮਨਾਹੀ ਹੁੰਦੀ ਹੈ, ਦੁਕਾਨਾਂ ਉਸ ਤੋਂ ਵੀ ਅਗਾਂਹ ਸੜਕ ਦੇ ਵਿਚਕਾਰ ਤੱਕ ਆ ਜਾਂਦੀਆਂ ਹਨ। ਸ਼ਾਇਦ ਅਜਿਹੇ ਨਜ਼ਾਇਜ਼ ਕਬਜੇ ਦਾ ਅਧਿਕਾਰ ਪ੍ਰਾਪਤ ਕਰਨ ਲਈ ਕਮੇਟੀ ਵਾਲਿਆਂ, ਟ੍ਰੈਫਿਕ ਵਾਲਿਆਂ ਅਤੇ ਹੋਰ ਸਬੰਧਤ ਅਮਲੇ ਨੂੰ ਸੋਹਣੀ ਦੀਵਾਲੀ ਮਿਲਦੀ ਹੋਵੇਗੀ। ਪਿਛਲੇ ਸਾਲ ਸਾਡੇ ਸ਼ਹਿਰ 'ਚ ਰੌਲਾ ਪਿਆ ਕਿ ਦੀਵਾਲੀ ਦੇ ਪਟਾਕੇ ਬਣਾਉਣ ਅਤੇ ਵੇਚਣ ਦੇ ਲਾਈਸੰਸ ਜਾਰੀ ਕਰਨ ਸਮੇਂ ਪਾਰਦਰਸ਼ਤਾ ਨਹੀਂ ਵਰਤੀ ਗਈ। ਜਿਹੜੇ ਵੱਧ ਦੀਵਾਲੀ ਦੇ ਗਏ ਉਹ ਲਾਇਸੰਸ ਲੈ ਗਏ।
ਪਟਾਕਿਆਂ ਤੋਂ ਯਾਦ ਆਇਆ। ਪੰਜਾਬ ਦੇ ਸਾਰੇ ਸ਼ਹਿਰਾਂ ਕਸਬਿਆਂ ਵਿਚ ਵੈਸੇ ਹੀ ਪ੍ਰਦੂਸ਼ਨ ਦਾ ਪੱਧਰ ਸਾਰੀਆਂ ਨਿਰਧਾਰਤ ਸੀਮਾਵਾਂ ਪਾਰ ਕਰ ਚੁੱਕਾ ਹੈ। ਇਹਨਾਂ ਦਿਨਾਂ ਵਿਚ ਝੋਨੇ ਦੀ ਪਰਾਲ਼ੀ ਸੜਨ ਕਰਕੇ, ਬਦਲਦੇ ਤਾਪਮਾਨ ਕਰਕੇ, ਮੌਸਮ ਦੀ ਖੁਸ਼ਕੀ ਅਤੇ ਉਡਦੀ ਧੂੜ ਕਰਕੇ ਪੰਜਾਬ ਦੀ ਅੱਧੋਂ ਵੱਧ ਵਸੋਂ ਦੇ ਗਲ਼ੇ ਖਰਾਬ ਹੁੰਦੇ ਹਨ, ਨਾਸਾਂ ਚੋਂਦੀਆਂ ਹੁੰਦੀਆਂ ਹਨ। ਫਿਰ ਕਿਹੜੀ ਕਸਰ ਹੁੰਦੀ ਹੈ ਜੋ ਇਹਨਾਂ ਪਟਾਕਿਆਂ ਦੇ ਧੂੰਏਂ ਨਾਲ ਪੂਰੀ ਕਰਨੀ ਹੁੰਦੀ ਹੈ? ਏਨਾ ਧੂੰਆਂ ਹੁੰਦਾ ਹੈ ਕਿ ਦੀਵਾਲੀ ਦੀ ਰਾਤ ਨੂੰ ਕਿਸੇ ਬੱਦਲਵਾਈ ਦੇ ਨਾ ਹੋਣ ਦੇ ਬਾਵਜੂਦ ਤਾਰੇ ਨਜ਼ਰ ਨਹੀਂ ਆਉਂਦੇ। ਪਾਗਲ ਕਰਨ ਵਾਲੇ ਖੜਕੇ ਤੇ ਸ਼ੋਰ ਦਾ ਕੋਈ ਅੰਤ ਹਿਸਾਬ ਨਹੀਂ ਰਹਿੰਦਾ। ਬਰਸਾਤ ਤੋਂ ਮਗਰੋਂ ਕੀੜੇ ਮਕੌੜਿਆਂ ਦੇ ਵਾਰੇ ਪਹਿਰੇ ਦਾ ਦੌਰ ਖਤਮ ਹੋਣ ਤੇ ਦੀਵਾਲੀ ਤੋਂ ਪਹਿਲਾਂ ਘਰਾਂ ਦੀ ਤਾਂ ਖੂਬ ਸਾਫ਼ ਸਫ਼ਾਈ ਕੀਤੀ ਜਾਂਦੀ ਹੈ। ਪਰ ਦੀਵਾਲੀ ਤੋਂ ਅਗਲੀ ਸਵੇਰ ਸਭ ਗਲੀਆਂ, ਸੜਕਾਂ, ਪਾਰਕਾਂ ਪਟਾਕਿਆਂ ਦੀ ਰਹਿੰਦ ਖੂੰਹਦ ਨਾਲ ਨਰਕ ਰੂਪ ਬਣੀਆਂ ਹੁੰਦੀਆਂ ਹਨ।
ਦੀਵਾਲੀ ਕਹਿਣ ਨੂੰ ਰੌਸ਼ਨੀ, ਪਵਿਤਰਤਾ, ਸੋਹਜ ਅਤੇ ਮੁਹੱਬਤ ਦਾ ਤਿਉਹਾਰ ਹੈ। ਪਰ ਅਸੀਂ ਇਸ ਨੂੰ ਆਪਣੇ ਆਤਮਿਕ ਹਨੇਰ, ਵਾਤਾਵਰਨ ਦੇ ਪ੍ਰਦੂਸ਼ਨ, ਮਾਨਸਿਕ ਕੋਹਜ ਅਤੇ ਖੁਦਗਰਜ਼ ਸਬੰਧਾਂ ਦੀ ਮੂੰਹ ਬੋਲਦੀ ਤਸਵੀਰ ਬਣਾ ਲਿਆ ਹੈ। ਜਾਂਦੇ ਜਾਂਦੇ ਬਾਬੇ ਨਾਨਕ ਨੂੰ ਯਾਦ ਕਰਦੇ ਹਾਂ:
ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ ॥
ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥
ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥
  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਕਾਸ਼ ! ਮੈਂ ਮੋਬਾਈਲ ਹੁੰਦਾ

    • ਪ੍ਰਿੰਸੀ. ਵਿਜੈ ਕੁਮਾਰ
    Nonfiction
    • Social Issues

    ਇਸਲਾਮ ਬਨਾਮ ਈਸਾਈਅਤ

    • ਮਨਮੋਹਨ ਬਾਵਾ
    Nonfiction
    • Religion
    • +1

    ਮੰਗਣ ਗਿਆ ਸੋ ਮਰ ਗਿਆ

    • ਡਾ ਕੁਲਦੀਪ ਸਿੰਘ ਦੀਪ
    Nonfiction
    • Social Issues

    ਮੈਂ ਤਰਕਸ਼ੀਲ ਕਿਵੇਂ ਬਣਿਆ?

    • ਕੁਲਵਿੰਦਰ ਨਗਾਰੀ
    Nonfiction
    • Social Issues

    ਖ਼ੁਦਕੁਸ਼ੀ ਕਿਉਂ? ਜ਼ਿੰਦਗੀ ਤਾਂ ਜੀਉਣ ਲਈ ਹੈ…

    • ਸੁਸ਼ੀਲ ਦੋਸਾਂਝ
    Nonfiction
    • Social Issues

    ਸਿਆਸੀ ਪਾਰਟੀਆਂ ਦਾ ਜਾਤੀ ਪੱਤਾ

    • ਜਸਵੰਤ ਸਿੰਘ ਜ਼ਫਰ
    Nonfiction
    • Social Issues

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link