ਪਟਨੇ ਦੀ ਧਰਤੀ ਤੋਂ ਮਾਂ ਗੁਜਰੀ ਦਾ ਚੰਨ
ਚੱਕ ਮਾਤਾ ਨਾਨਕੀ ਆਇਆ
ਤਾਂ ਇਸ ਧਰਤੀ ਦਾ
ਚਾਅ ਨਾਲ ਸਮੁੰਦਰ ਵਾਂਗ ਉਮੜਨ ਨੂੰ
ਉਛਲਣ ਨੂੰ ਚਿੱਤ ਕੀਤਾ
ਇਹ ਧਰਤੀ ਨਿਓਟਿਆਂ ਦੀ ਓਟ
ਤੇ ਨਿਆਸਰਿਆਂ ਦਾ ਆਸਰਾ ਬਣੀ
ਨੌਵੇਂ ਗੁਰਾਂ ਦਾ ਕੱਟਿਆ ਸੀਸ ਰਾਜਧਾਨੀ ਤੋਂ ਆਇਆ
ਤਾਂ ਇਸ ਦਾ ਜ਼ੱਰਾ ਜ਼ੱਰਾ ਰੋਹ ਨਾਲ ਥਰਥਰਾਇਆ
ਗੁਰਾਂ ਦਾ ਇਕ ਸੀਸ ਅਸਤ ਹੋਇਆ
ਅਣਗਿਣਤ ਸਿਰ ਸਤਿ ਸ੍ਰੀ ਅਕਾਲ ਦਾ ਜੈਕਾਰਾ ਬਣ ਉਦੈ ਹੋਏ
ਬਾਹਰ ਫੌਲਾਦੀ ਤੇਗਾਂ ਲਿਸ਼ਕੀਆਂ
ਅੰਦਰ ਸ਼ਬਦ ਬਾਣ ਚੱਲੇ
ਵਾਸਨਾ, ਖ਼ੁਦਗਰਜ਼ੀ, ਹਉਮੈ, ਕਰੋਧ ਤੇ ਲਾਲਚ ਗਏ ਸੱਲੇ
ਕੋਲ ਵਗਦਾ ਸਤਲੁਜ ਧੰਨ ਹੋਇਆ
ਨੈਣਾਂ ਵਿਚ ਤਾਰੇ ਜਗੇ
ਹਰ ਬੁਝਿਆ ਚਿਹਰਾ ਚੰਨ ਹੋਇਆ
ਗ਼ਰੀਬ ਲਈ ਪਾਤਸ਼ਾਹੀ ਦਾ ਫ਼ੁਰਮਾਨ ਹੋਇਆ
ਪੁਰਖਿਆਂ ਦਾ ਬੇਗ਼ਮਪੁਰੇ ਦਾ ਸੁਪਨਾ
ਆਨੰਦਪੁਰ ਦੇ ਨਾਂ ਨਾਲ ਤਾਮੀਲ ਹੋਇਆ
ਦੀਨ ਹੇਤ ਲੜ੍ਹਨਹਾਰਿਆਂ ਦੀ ਖਾਲਸ ਫ਼ਸਲ ਤਿਆਰ ਹੋਈ
ਹੱਕ, ਸੱਚ, ਨਿਆਂ ਦੀ ਸੁਰੱਖਿਆ ਲਈ
ਸਬਰ ਤੇ ਸ਼ੁਕਰ ਦੇ ਕਿਲੇ ਉਸਰੇ
ਬੁਰਜਾਂ ਤੋਂ ਰੋਹੀਲੇ ਬੋਲ ਗਰਜੇ-
ਕੂੜ, ਜਬਰ ਤੇ ਅਨਿਆਂ ਨੂੰ ਮਾਰਨ ਲਈ ਲੜਾਂਗੇ
ਇਹ ਰਹਿਣਗੇ ਜਾਂ ਅਸੀਂ ਰਹਾਂਗੇ
ਸੱਚੇ ਪਾਤਸ਼ਾਹ ਦੀ ਅਰਸ਼ੋਂ ਉੱਚੀ ਕਲਗੀ ਸਾਹਵੇਂ
ਬਾਦਸ਼ਾਹੀਆਂ ਤੁੱਛ ਹੋਈਆਂ
ਸਤਿਗੁਰਾਂ ਛੱਡ ਕੇ ਆਨੰਦਪੁਰ
ਚਹੁੰ ਤਰਫੀਂ ਗੋਬਿੰਦ ਮਾਰਗ ਵਿਛਾ ਦਿੱਤਾ
ਚੱਪੇ ਚੱਪੇ ਨੂੰ ਆਨੰਦਪੁਰੀ ਜਜ਼ਬੇ ਨਾਲ
ਮਹਿਕਣ ਲਾ ਦਿੱਤਾ
Add a review