ਦੋਸਾਂਝ : ਇਹ ਸਰੋਹਾ ਰਾਜਪੂਤਾਂ ਵਿਚੋਂ ਹਨ। ਰਾਜਸਥਾਨ ਦਾ ਸਰੋਈ ਨਗਰ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਇਹ ਪੰਜਾਬ ਵਿੱਚ ਰਾਜਸਥਾਨ ਤੋਂ ਆਏ ਹਨ। ਪਹਿਲਾਂ ਇਹ ਫਿਰੋਜ਼ਪੁਰ ਦੇ ਖੇਤਰ ਵਿੱਚ ਆਬਾਦ ਹੋਏ ਹਨ। ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘੇ, ਮਲ੍ਹੀ, ਢਿੱਲੋਂ, ਢੀਂਡਸੇ ਤੇ ਦੁਸਾਂਝ ਸਨ। ਮੋਗੇ ਦੇ ਖੇਤਰ ਵਿੱਚ ਇੱਕ ਦੁਸਾਂਝ ਪਿੰਡ ਦੁਸਾਂਝ ਜੱਟਾਂ ਦਾ ਹੈ। ਮਾਨਸਾ ਦੇ ਇਲਾਕੇ ਵਿੱਚ ਦੁਸਾਂਝ ਹਿੰਦੂ ਜਾਟ ਹਨ।
ਹੁਣ ਵੀ ਦੁਸਾਂਝ ਜੱਟ ਸੰਘੇ, ਮਲ੍ਹੀ ਢੀਂਡਸੇ ਤੇ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਫਿਰੋਜ਼ਪੁਰ ਦੇ ਖੇਤਰ ਤੋਂ ਬਹੁਤੇ ਦੁਸਾਂਝ ਗੋਤ ਦੇ ਲੋਕ ਦੁਆਬੇ ਵੱਲ ਚਲੇ ਗਏ। ਜਲੰਧਰ ਜਿਲੇ ਦੇ ਬੰਗਾ ਖੇਤਰ ਵਿੱਚ ਦੁਸਾਂਝ ਕਲਾਂ ਪਿੰਡ, ਦੁਸਾਂਝ ਗੋਤ ਦਾ ਬਹੁਤ ਹੀ ਉਘਾ ਪਿੰਡ ਹੈ। ਨਵਾਂ ਸ਼ਹਿਰ ਖੇਤਰ ਵਿੱਚ ਵੀ ਦੁਸਾਂਝ ਗੋਤ ਦੇ ਜੱਟ ਕਾਫ਼ੀ ਹਨ। ਸਰਦਾਰ ਅਮਰ ਸਿੰਘ ਦੁਸਾਂਝ ਦੁਆਬੇ ਦਾ ਇੱਕ ਉਘਾ ਅਕਾਲੀ ਲੀਡਰ ਸੀ। ਪ੍ਰਸਿੱਧ ਹਾਕੀ ਖਿਡਾਰੀ ਬਲਵੀਰ ਸਿੰਘ ਦੁਸਾਂਝ ਜੱਟ ਸੀ।
ਦੁਸਾਂਝ ਗੋਤ ਦੇ ਬਹੁਤੇ ਲੋਕ ਦੁਆਬੇ ਵਿੱਚ ਵੀ ਵਸਦੇ ਹਨ। ਮਾਲਵੇ ਤੇ ਮਾਝੇ ਵਿੱਚ ਦੁਸਾਂਝ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੁਆਬੇ ਵਿਚੋਂ ਦੁਸਾਂਝ ਭਾਈਚਾਰੇ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਮਲ੍ਹੀ, ਸੰਘੇ ਤੇ ਦੁਸਾਂਝ ਆਦਿ ਜੱਟਾਂ ਦੇ ਪੁਰਾਣੇ ਗੋਤ ਹਨ। ਪੰਜਾਬ ਵਿੱਚ ਦੁਸਾਂਝ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਇੱਕ ਉਪਗੋਤ ਹੈ। ਵਿਦੇਸ਼ਾਂ ਵਿੱਚ ਜਾਕੇ ਦੁਸਾਂਝ ਜੱਟਾਂ ਨੇ ਆਪਣੀ ਮਿਹਨਤ, ਸਿਆਣਪ ਤੇ ਯੋਗਤਾ ਰਾਹੀਂ ਬਹੁਤ ਉਨਤੀ ਕੀਤੀ ਹੈ। ਉਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਭਾਰਤੀ ਤੇ ਪਹਿਲੇ ਪੰਜਾਬੀ ਹਨ। ਢਿੱਲੋਂ, ਮਲ੍ਹੀਆਂ ਅਤੇ ਸੰਘਿਆਂ ਵਾਂਗ ਦੁਸਾਂਝ ਵੀ ਪ੍ਰਾਚੀਨ ਜੱਟਰਾਜ ਘਰਾਣਿਆਂ ਵਿਚੋਂ ਹਨ। ਇਸ ਖ਼ਾਨਦਾਨ ਦੇ ਕੁਝ ਪੁਰਾਣੇ ਸਿੱਕੇ ਵੀ ਮਿਲਦੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ।
Add a review