ਠਾਕਰਨ – ਇਹ ਜੱਟਾਂ ਦਾ ਇਕ ਬਹੁਤ ਹੀ ਪੁਰਾਣਾ ਗੋਤ ਹੈ। ਇਹ 529 ਈਸਵੀਂ ਦੇ ਲਗਭਗ ਪੰਜਾਬ ਵਿਚ ਮੱਧ ਏਸ਼ੀਆ ਤੋਂ ਹੀ ਆਏ। ਸ਼ੁਰੂ ਸ਼ੁਰੂ ਵਿਚ ਇਨ੍ਹਾਂ ਦੀਆ ਸਥਾਨਕ ਜੱਟ ਕਬੀਲਿਆਂ ਸੱਭਰਾ ਆਦਿ ਨਾਲ ਲੜਾਈਆਂ ਵੀ ਹੋਈਆਂ। ਠਾਕਰਨ ਬਹੁਤ ਹੀ ਤਾਕਤਵਰ ਤੇ ਲੜਾਕੂ ਜੱਟ ਸਨ।
ਠਾਕਰਨ ਜੱਟ ਰਾਜਪੂਤਾਂ ਵਿਚੋਂ ਨਹੀ ਹਨ। ਬਹੁਤੇ ਮੁਸਲਮਾਨ ਇਤਿਹਾਸਕਾਰ ਵੀ ਠਾਕਰਾਂ ਨੂੰ ਜੱਟ ਕਬੀਲਾ ਹੀ ਲਿਖਦੇ ਹਨ। ਪ੍ਰਸਿਧ ਇਤਿਹਾਸਕਾਰ ਬੁੱਧ ਪ੍ਰਕਾਸ਼ ਨੇ ਠਾਕਰ ਸ਼ਬਦ ਬਾਰੇ ਖੋਜ ਕੀਤੀ ਹੈ। ਉਸ ਦਾ ਵਿਚਾਰ ਹੈ ਕਿ ਠਾਕਰ ਸ਼ਬਦ ਪਹਿਲਾਂ ਪ੍ਰਾਕ੍ਰਿਤ ਭਾਸ਼ਾ ਵਿਚ ਵਰਤਿਆ ਗਿਆ। ਫਿਰ ਸੰਸਕ੍ਰਿਤ ਵਿਚ ਪ੍ਰਚਲਤ ਹੋਇਆ।
ਪਹਿਲਾਂ ਠਾਕਰ ਸ਼ਬਦ ਇਕ ਜੱਟ ਕਬੀਲੇ ਲਈ ਵਰਤਿਆ ਜਾਂਦਾ ਸੀ। ਫਿਰ ਇਹ ਮਾਣ ਸਤਿਕਾਰ ਦਾ ਸ਼ਬਦ ਬਣ ਗਿਆ। ਕੁਝ ਸਮੇਂ ਮਗਰੋਂ ਬ੍ਰਾਹਮਣ ਠਾਕਰ ਸ਼ਬਦ ਪ੍ਰਮਾਤਮਾ ਲਈ ਵੀ ਵਰਤਣ ਲਗ ਪਏ ਸਨ। ਠਾਕਰ ਤੇ ਠਾਕਰਨ ਜਾਤੀ ਵਿਚ ਬਹੁਤ ਫਰਕ ਹੈ।
ਠਾਕਰਨ ਸਾਰੇ ਜੱਟ ਹਨ। ਠਾਕਰ ਰਾਜਪੂਤਾਂ ਦੀ ਇਕ ਜਾਤੀ ਹੈ। ਸ਼ਮਸ਼ੇਰ ਸਿੰਘ ਅਸ਼ੋਕ ਦੇ ਅਨੁਸਾਰ ਬਰਾਹਮਣਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਹਵਨ ਤੇ ਯੱਗ ਆਦਿ ਬ੍ਰਾਹਮਣੀ ਰਸਮਾਂ ਰਾਹੀਂ ਭਾਰਤ ਦੇ ਕੁਝ ਲੋਕਾਂ ਨੂੰ ਅੱਠਵੀਂ ਨੌਂਵੀਂ ਸਦੀ ਦੇ ਲਗਭਗ ਰਾਜਪੂਤ ਬਣਾਇਆ। ਇਸ ਤੋਂ ਪਹਿਲਾਂ ਰਾਜਪੂਤ ਨਹੀਂ ਸਨ ਕੇਵਲ ਜੱਟ ਕਬੀਲੇ ਹੀ ਭਾਰਤ ਦੇ ਬਹੁਤ ਹਿੱਸਿਆਂ ਵਿਚ ਆਬਾਦ ਸਨ। ਉੱਚ ਜਾਤੀ ਦੇ ਰਾਜਪੂਤ ਤੇ ਠਾਕਰ ਜਾਤੀ ਦੇ ਰਾਜਪੂਤ ਵੀ ਕਰੇਵਾ ਕਰਨਾ ਸਹੀ ਨਹੀਂ ਸਮਝਦੇ। ਜੱਟਾਂ ਵਿਚ ਕਰੇਵੇ ਦੀ ਰਸਮ ਪ੍ਰਚਲਤ ਸੀ।
ਉੱਚ ਜਾਤੀ ਦੇ ਰਾਜਪੂਤ ਠਾਕੁਰ ਜਾਤੀ ਦੇ ਲੋਕਾਂ ਦੇ ਰਿਸ਼ਤੇ ਲੈ ਲੈਂਦੇ ਹਨ ਪਰ ਉਨ੍ਹਾਂ ਨੂੰ ਧੀਆਂ ਦਾ ਰਿਸ਼ਤਾ ਦਿੰਦੇ ਨਹੀਂ ਸਨ। ਠਾਕਰ ਤੇ ਠਾਕਰਨ ਜਾਤੀ ਵਿਚ ਬਹੁਤ ਫਰਕ ਹੈ। ਠਾਕਰਨ ਜੱਟ ਹੁੰਦੇ ਹਨ। ਇਸ ਲਈ ਇਹ ਜੱਟਾਂ ਨਾਲ ਹੀ ਰਿਸ਼ਤੇਦਾਰੀਆਂ ਪਾਉਂਦੇ ਹਨ। ਚੌਧਰੀ ਯੁਧਵੀਰ ਸਿੰਘ ਠਾਕਰਨ ਹਰਿਆਣੇ ਦਾ ਪ੍ਰਸਿਧ ਜਾਟ ਨੇਤਾ ਸੀ। ਬੀ ਐੱਸ ਦਾਹੀਆ ਨੇ ਵੀ ਆਪਣੀ ਕਿਤਾਬ ਜਾਟਸ ਵਿਚ ਠਾਕਰਨਾ ਨੂੰ ਜੱਟ ਜਾਤੀ ਹੀ ਦਸਿਆ ਹੈ।
ਠਾਕਰਨ ਜਾਟ ਹਰਿਆਣੇ ਵਿਚ ਗੁੜਗਾਉਂ ਤਕ ਫੈਲ਼ੇ ਹੋਏ ਹਨ। ਕੁਝ ਰਾਜਸਥਾਨ ਵਿਚ ਵੀ ਵਸਦੇ ਹਨ। ਪੰਜਾਬ ਵਿਚ ਠਾਕਰਨ ਜੱਟ ਕੇਵਲ, ਮਲੋਟ ਦੇ ਆਸਪਾਸ ਦਾਨੇ ਵਾਲਾ ਆਦਿ ਪਿੰਡਾਂ ਵਿਚ ਹੀ ਹਨ। ਹਰਿਆਣੇ ਵਿਚ ਠਾਕਰਾਨ ਹਿੰਦੂ ਜਾਟ ਹਨ, ਪੰਜਾਬ ਵਿਚ ਜੱਟ ਸਿੱਖ ਹਨ। ਪੰਜਾਬ ਦੇ ਠਾਕਰਾਨ ਜਟ ਆਪਣਾ ਗੋਤ ਠਾਕਰਨ ਲਿਖਦੇ ਹਨ। ਇਹ ਕੇਵਲ ਬੋਲੀ ਦਾ ਹੀ ਫਰਕ ਹੈ। ਠਾਕਰਾਨ ਤੇ ਠਾਕਰਨ ਇਕੋ ਹੀ ਗੋਤ ਹੈ। ਉਚਾਰਨ ਵਿਚ ਫਰਕ ਹੈ ਠਾਕਰਨ ਗੋਤ ਪੰਜਾਬ ਵਿਚ ਬਹੁਤਾ ਉਘਾ ਨਹੀਂ ਹੈ। ਇਹ ਬਹੁਤਾ ਹਰਿਆਣੇ ਵਿਚ ਹੀ ਪ੍ਰਸਿਧ ਹੈ।
ਜੱਟਾਂ ਦੇ ਹਰਿਆਣੇ, ਪੰਜਾਬ, ਰਾਜਸਤਾਨ, ਪੱਛਮੀ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਆਦਿ ਵਿਚ ਤਿੰਨ ਹਜ਼ਾਰ ਤੋਂ ਉੱਪਰ ਗੋਤ ਹਨ। ਕੁਝ ਗੋਤ ਬਹੁਤ ਪ੍ਰਸਿਧ ਹੁੰਦੇ ਹਨ। ਕੁਝ ਘੱਟ ਪ੍ਰਸਿੱਧ ਹੁੰਦੇ ਹਨ। ਜੱਟ ਆਪਣੀ ਜਾਤੀ ਵਿਚ ਹੀ ਰਿਸ਼ਤੇਦਾਰੀ ਪਾਕੇ ਮਾਣ ਮਹਿਸੂਸ ਕਰਦੇ ਹਨ ਹਿੰਦੂ ਜਾਟ ਵੀ ਸਿੱਖ ਜਟਾਂ ਨਾਲ ਰਿਸ਼ਤੇਦਾਰੀ ਪਾਕੇ ਖੁਸ਼ ਹੁੰਦੇ ਹਨ। ਹਿੰਦੂ ਜੱਟਾਂ ਤੇ ਸਿੱਖ ਜੱਟਾਂ ਵਿਚ ਖੂਨ ਦੀ ਸਾਂਝ ਹੈ।
ਪਿਛੋਕੜ ਸਾਂਝਾ ਹੈ, ਸਭਿਆਚਾਰ ਵੀ ਰਲਦਾ ਮਿਲਦਾ ਹੈ। ਜੱਟ ਮਹਾਨ ਜਾਤੀ ਹੈ। ਪੰਜਾਬ ਵਿਚ ਠਾਕਰਨ ਜੱਟ ਘੱਟ ਹੀ ਹਨ। ਇਸ ਕਾਰਨ ਇਹ ਗੋਤ ਪੰਜਾਬ ਵਿਚ ਉਘਾ ਨਹੀਂ ਹੈ। ਜੱਟਾਂ ਦੀਆਂ ਸਾਰੀਆਂ ਉਪਜਾਤੀਆ ਦਾ ਇਤਿਹਾਸ ਲਿਖਣਾ ਬਹੁਤ ਵੱਡਾ ਪ੍ਰਾਜੈਕਟ ਹੈ। ਇਹ ਕੰਮ ਯੂਨੀਵਰਸਿਟੀਆਂ ਹੀ ਕਰ ਸਕਦੀਆਂ ਹਨ। ਠਾਕਰਨ ਉਪਜਾਤੀ ਬਾਰੇ ਵੀ ਪੰਜਾਬ ਵਿਚ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ।
Add a review