ਉਸ ਦਿਨ ਪਾਪਾ ਦੇ ਘਰ ਜਦੋਂ ਪਹੁੰਚੀ ਤਾਂ ਸ਼ਾਮ ਢੱਲਣ ਹੀ ਵਾਲੀ ਸੀ ! ਬਰੂਹਾਂ ‘ਤੇ ਤੇਲ ਚੋਅ ਰਹੀ ਛੋਟੀ ਭੈਣ ਦੀਆਂ ਮੋਟੀਆਂ ਮੋਟੀਆਂ ਅੱਖਾਂ ਦੀਆਂ ਕਟੋਰੀਆਂ ਭਰ ਭਰ ਡੁੱਲ੍ਹਦੀਆਂ ਰਹੀਆਂ ! ਪੂਰੇ ਚੌਦ੍ਹਾਂ ਸਾਲਾਂ ਬਾਅਦ ਜੁ ਮਿਲੀਆਂ ਸਾਂ...!
“ਸਦੀਆਂ ਹੀ ਬੀਤ ਗਈਆਂ...!” ਉਸਨੇ ਅੱਖਾਂ ਪੱਲੇ ਨਾਲ ਪੂੰਝਦਿਆਂ ਆਖਿਆ। ਭਾਬੀ ਨੇ ਆ ਕੇ ਕਲਾਵੇ ‘ਚ ਲੈ ਲਿਆ। ਭਤੀਜੇ ਪੈਰਾਂ ਤੇ ਮੱਥਾ ਟੇਕਦੇ ਨਾ ਥੱਕਣ । ਖੂਬ ਚਹਿਲ ਪਹਿਲ ਸੀ ਘਰ ਵਿਚ ਉਸ ਦਿਨ!
ਮੇਰੀਆਂ ਨਜ਼ਰਾਂ ਪਾਪਾ ਨੂੰ ਟੋਲ਼ ਰਹੀਆਂ ਸਨ। ਸਾਰੇ ਜਣੇ ਜਰਾ ਕੁ ਅੱਗੇ-ਪਿੱਛੇ ਨੂੰ ਹੋਏ ਤਾਂ ਸਾਹਮਣੇ ਵ੍ਹੀਲ ਚੇਅਰ ਤੇ ਬੈਠੈ ਹੱਡੀਆਂ ਦੀ ਮੁੱਠ ਬਣੇ ਪਾਪਾ ਦਿਖਾਈ ਦੇ ਗਏ । ਹਾਇ! ਪਾਪਾ ਨੂੰ ਕੀ ਹੋ ਗਿਆ ? ਮੈਂ ਹੈਰਾਨ ਹੋ ਗਈ ਅਤੇ ਦੌੜ ਕੇ ਪਾਪਾ ਜੀ ਦੀ ਕੁਰਸੀ ਦੀਆਂ ਬਾਹਾਂ ਫੜ੍ਹ ਕੇ ਹੇਠਾਂ ਹੀ ਬੈਠ ਗਈ... “ਇਹ ਕੀ ਹੋ ਗਿਐ ਤੁਹਾਨੂੰ ਪਾਪਾ !” ਬਾਰ ਬਾਰ ਕੁੜਤੇ ਦੀਆਂ ਬਾਂਹਾਂ ਨਾਲ ਅੱਖਾਂ ਪੂੰਝੀ ਜਾਂਵਾਂ। ਪਾਪਾ ਸਿਰ ਤੇ ਹੱਥ ਫੇਰਦੇ ਰਹੇ ਅਤੇ ਬਾਰ ਬਾਰ ਆਖਦੇ ਰਹੇ, “ਬੇਟਾ ਚੁੱਪ! ਰੋਣਾ ਕਿਉਂ? ਮੈਂ ਤਾਂ ਚੰਗਾ ਭਲਾ ਹਾਂ... !” ਬੜੇ ਹੌਸਲੇ ਵਾਲੇ ਨੇ ਪਾਪਾ ... ਉਹ ਕਦੇ ਡੋਲਦੇ ਈ ਨਹੀਂ ਅਤੇ ਨਾ ਹੀ ਕਿਸੇ ਨੂੰ ਡੋਲਣ ਦਿੰਦੇ ਨੇ।
ਪਾਪਾ ਵੱਲ ਵੇਖਦੀ ਹਾਂ, ਉਹਨਾਂ ਦਾ ਚਿਹਰਾ ਅਜੇ ਵੀ ਦਗ਼ ਦਗ਼ ਕਰ ਰਿਹੈ। ਉਹਨਾਂ ਦੀ ਵ੍ਹੀਲ ਚੇਅਰ ਨੂੰ ਗਹਿਰੀ ਨਜ਼ਰ ਨਾਲ ਤੱਕਦੀ ਹਾਂ। ਉਹਨਾਂ ਦੇ ਹੱਥ ਫੜ ਲੈਂਦੀ ਹਾਂ, ਮਾਸ ਤਾਂ ਰਿਹਾ ਈ ਨਹੀਂ ਬਿਲਕੁਲ; ਪਾਪਾ ਤਾਂ ਨਿਰਾ ਨਾੜਾਂ ਦਾ ਰੁੱਗ ਅਤੇ ਹੱਡੀਆਂ ਦੀ ਮੁੱਠ ਈ ਬਣ ਗਏ !
ਮੇਰੇ ਅਵਚੇਤਨ ‘ਚ ਕਿੰਨਾਂ ਕੁਝ ਦੌੜਣ ਲੱਗਦੈ; ਜਵਾਨੀ ਵੇਲੇ ਕਿੰਨੇ ਹੈਂਡਸਮ ਹੁੰਦੇ ਸਨ ਪਾਪਾ...ਸਿਰ ‘ਤੇ ਪਰਿੰਟਿਡ ਪੱਗੜੀ... ਅੱਖਾਂ ‘ਤੇ ਕਾਲੇ ਚਸ਼ਮੇ... ‘ਰਾਇਲ ਐਨ ਫੀਲਡ’ ਮੋਟਰ ਸਾਈਕਲ ‘ਤੇ ਜਦੋਂ ਦਿੱਲੀ ਦੇ 'ਕਨੌਟ ਪਲੇਸ' ‘ਚ ਸਥਿਤ ਆਪਣੇ ਆਫ਼ਿਸ ਜਾਂਦੇ ਤਾਂ ਉਂਨ੍ਹਾਂ ਦਾ ਰੋਹਬ ਦੇਖਣ ਵਾਲਾ ਹੁੰਦਾ। ਇਕ ਉਹ 'ਗਜ਼ਟਿਡ ਅਫਸਰ' ਅਤੇ ਇਕ ਆਹ ਬੇਬੱਸ ਬਜ਼ੁਰਗ! ਵਕਤ ਕਿੰਨਾਂ ਬਲਵਾਨ ਹੁੰਦੈ...ਕੀ ਇਹ ਮੇਰੇ ਉਹੀ ਪਾਪਾ ਨੇ ਜੋ ਨੈਸ਼ਨਲ ਲੈਵਲ ‘ਤੇ ਹਾਕੀ ਦੇ ਖਿਡਾਰੀ ਹੁੰਦੇ ਸਨ...ਸੌ ਮੀਟਰ ਰੇਸ ਵਿਚ ਹਮੇਸ਼ਾ ਅੱਵਲ ਆਉਂਦੇ ...ਉਂਝ ਵੀ ਪਾਪਾ ਇੰਨਾਂ ਤੇਜ਼ ਤੁਰਦੇ ਕਿ ਅਸੀਂ ਦੌੜ ਦੌੜ ਕੇ ਉਨ੍ਹਾਂ ਨਾਲ ਰਲ਼ਦੇ ...। ਚੌਦ੍ਹਾਂ ਵਰ੍ਹੇ ਪਹਿਲਾਂ ਜਦੋਂ ਅਮਰੀਕਾ ਗਈ ਸਾਂ ਤਾਂ ਉਦੋਂ ਉਹਨਾਂ ਦੀ ਉਮਰ ਛਿਆਸੀ ਵਰ੍ਹਿਆਂ ਦੀ ਸੀ ...ਬੜੀ ਵਧੀਆ ਸਿਹਤ ਸੀ... ਉਦੋਂ ਵੀ ਵੈਸਪਾ ਸਕੂਟਰ ਭਜਾਈ ਫਿਰਦੇ ਸਨ...ਪਰ ਹੁਣ ਤਾਂ ਤੁਰਨੋਂ ਈ ਰਹਿ ਗਏ...ਤੇ ਇਹ ਵੀਲ੍ਹ ਚੇਅਰ...?’
“ਉੱਠ ਬੇਟਾ! ਉੱਠ ਕੇ ਕੁਰਸੀ ਤੇ ਬੈਠ, ਤ੍ਰਿਕਾਲਾਂ ਵੇਲੇ ਭੁੰਜੇ ਕਿਉਂ ਬੈਠਣਾ? ਹੋਰ ਸੁਣਾ ਸਫ਼ਰ ਕਿਵੇਂ ਰਿਹਾ!” ਪਾਪਾ ਦੀ ਆਵਾਜ਼ ਨਾਲ ਸੋਚਾਂ ਦੀ ਦੁਨੀਆ ‘ਚੋਂ ਵਾਪਿਸ ਆਈ ਤੇ ਵਿਹੜੇ ‘ਚ ਪਈ ਕੁਰਸੀ ‘ਤੇ ਬੈਠ ਗਈ। ਘਰ ਚਹਿਲ ਪਹਿਲ ਨਾਲ ਭਰਿਆ ਪਿਐ, ਮੈਂ ਕਿੰਨੇ ਵਰ੍ਹਿਆਂ ਬਾਅਦ ਅਮਰੀਕਾ ਤੋਂ ਵਾਪਿਸ ਆਈ ਹਾਂ। ਸਾਰਿਆਂ ਦੇ ਮੂੰਹਾਂ ਵੱਲ ਵੇਖ ਕੇ ਚੰਗਾ ਚੰਗਾ ਲੱਗ ਰਿਹੈ; ਭਤੀਜੇ-ਭਤੀਜੀਆਂ ਜੁਆਨ ਹੋ ਗਏ ਨੇ! ਜਦੋਂ ਗਈ ਸਾਂ ਤੇ ਮਸਾਂ ਪੰਜਾਂ-ਛਿਆਂ ਕੁ ਸਾਲਾਂ ਦੇ ਹੀ ਸਨ। ਹੁਣ ਤਾਂ ਮੈਥੋਂ ਵੀ ਉੱਚੇ ਹੋ ਗਏ...ਪਛਾਣੇ ਈ ਨਾ ਜਾਣ; ਕਿੰਨਾ ਕੁਝ ਬਦਲ ਗਿਐ! ਭਾਬੀ ਦੇ ਵਾਲਾਂ ‘ਚ ਵੀ ਚਾਂਦੀ ਚਮਕਣ ਲੱਗੀ ਐ। ਐਧਰ- ਉਧਰ ਦੀਆਂ ਗੱਲਾਂ ਕਰਦਿਆਂ ਰਾਤ ਪੈ ਗਈ। ਇਸ ਸਾਰੇ ਸਿਲਸਿਲੇ ਦੌਰਾਨ ਪਾਪਾ ਬਾਰੇ ਹੀ ਸੋਚੀ ਗਈ । ਪਾਪਾ ਤਾਂ ਨਿੱਕੇ ਹੁੰਦਿਆਂ ਤੋਂ ਹੀ ਮੇਰੀ ਜਾਨ ਹਨ !
ਨਿੱਕੀ ਹੁੰਦੀ ਸਾਂ, ਮਸਾਂ ਚਹੁੰ-ਪੰਜਾਂ ਵਰ੍ਹਿਆਂ ਦੀ... ਪਾਪਾ ਪਿੰਡੋਂ ਛੁੱਟੀ ਕੱਟਕੇ ਦਿੱਲੀ ਨੂੰ ਜਾਣ ਲੱਗੇ ਤਾਂ ਮੈਂ ਜ਼ਿਦ ਕਰ ਬੈਠੀ ਕਿ ਮੈਂ ਤਾਂ ਪਾਪਾ ਦੇ ਨਾਲ ਹੀ ਜਾਣੈ; ਉਹਨਾਂ ਨਾਲ ਇਕੱਲੀ ਹੀ ਦਿੱਲੀ ਰਹੀ । ਮੋਟਰ ਸਾਈਕਲ ਤੇ ਪਾਪਾ ਦੇ ਅੱਗੇ ਬੈਠ ਕੇ ਉਨ੍ਹਾਂ ਨਾਲ ਆਫਿਸ ਚਲੀ ਜਾਂਦੀ। ਦਫ਼ਤਰ ਦਾ ਸਾਰਾ ਸਟਾਫ ਮੈਨੂੰ ਚੁੱਕੀ ਫਿਰਦਾ। ਪਾਪਾ ਚੁੱਕ ਕੇ ਬਾਸ਼ਰੂਮ ਲਿਜਾਂਦੇ, ਨੁਹਾਉਂਦੇ-ਧੁਆਂਉਂਦੇ, ਮੇਰਾ ਸਿਰ ਵਾਹ ਕੇ ਦੋ ਗੁੱਤਾਂ ਕਰਕੇ ਤਿਆਰ ਕਰਦੇ । ਅਜੇ ਵੀ ਯਾਦ ਹੈ ਉਹ ਨੀਲੇ ਫੁੱਲਾਂ ਵਾਲਾ ਗਰਾਰਾ ਤੇ ਫਰਾਕ ਜੋ ਪਾਪਾ ਨੇ ਮੈਨੂੰ ਸਵਾ ਕੇ ਦਿੱਤੇ- ਜਿਸ ਨੂੰ ਪਾਕੇ ਮੈਂ ਫੁੱਲੀ ਨਾ ਸਮਾਉਂਦੀ । ਇਕ ਦਿਨ ਪਾਪਾ ਨੇ ਗੁਆਂਢ ਦੀਆਂ ਕੁੜੀਆਂ ਨਾਲ ਮੈਨੂੰ ਸਕੂਲ ਭੇਜ ਦਿੱਤਾ, ਦੁਪਹਿਰ ਨੂੰ ਮੈਂ ਅੱਖ ਬਚਾ ਕੇ ਸਕੂਲੋਂ ਭੱਜ ਆਈ । ਆਪਣੇ ਚਿੱਤੋਂ ਘਰ ਵਾਪਿਸ ਜਾ ਰਹੀ ਸਾਂ ਪਰ ਰਾਸਤਾ ਭੁੱਲ ਗਈ ਤੇ ਕਰੌਲ ਬਾਗ ਦੇ ਬਾਜ਼ਾਰ ਵਿਚ ਖੜੀ ਹੋ ਕੇ ਰੋਣ ਲੱਗ ਪਈ । ਇਕ ਆਦਮੀ ਨੇ ਪੁੱਛਿਆ,
“ਬੇਟਾ ਆਪ ਕਿਉਂ ਰੋ ਰਹੇ ਹੋ?”
ਮੈਂ ਰੋਂਦਿਆਂ ਰੋਂਦਿਆਂ ਕਿਹਾ, “ਮੈਂ ਅਪਨੇ ਘਰ ਕਾ ਰਾਸਤਾ ਭੂਲ ਗਈ ਹੂੰ।” br>““ਤੁਮਹੇ ਆਪਨੇ ਘਰ ਕਾ ਪਤਾ ਮਾਲੂਮ ਹੈ?”
ਮੇਰੇ ਪਾਪਾ ਜੀ ਨੇ ਮੈਨੂੰ ਘਰ ਦਾ ਪਤਾ ਤੇ ਫ਼ੋਨ ਨੰਬਰ ਰਟਾਏ ਹੋਏ ਸਨ। ਮੈਂ ਉਸ ਨੂੰ ਆਪਣੇ ਘਰ ਦਾ ਪਤਾ ਦੱਸ ਦਿੱਤਾ ਤੇ ਉਹ ਮੈਨੂੰ ਆਪਣੀ ਘਨੇੜੀ ਤੇ ਬਿਠਾ ਕੇ ਸਾਡੇ ਘਰ ਛੱਡ ਗਿਆ। ਚੰਗੇ ਦਿਨ ਸਨ ਉਹ! ਲੋਕੀਂ ਵੀ ਚੰਗੇ ਸਨ। ਉਸ ਦਿਨ ਤੋਂ ਬਾਅਦ ਪਾਪਾ ਮੇਰਾ ਜਰਾ ਵਿਸਾਹ ਨਾ ਕਰਦੇ। ਉਨ੍ਹਾਂ ਨੇ ਮੇਰੇ ਅਧਿਆਪਕਾਂ ਨੂੰ ਤਾਗੀਦ ਕੀਤੀ ਕਿ ਮੇਰਾ ਖਾਸ ਖਿਆਲ ਰੱਖਿਆ ਜਾਵੇ ਤੇ ਮੇਰੇ ਬਾਕੀ ਪਰਿਵਾਰ ਨੂੰ ਵੀ ਆਪਣੇ ਕੋਲ ਦਿੱਲੀ ਹੀ ਬੁਲਾ ਲਿਆ। ‘ਮੇਰੇ ਉਹ ਪਾਪਾ ਅੱਜ ਵ੍ਹੀਲ ਚੇਅਰ ‘ਚ ਕਿਵੇਂ?’
ਥੱਕਾਵਟ ਨਾਲ ਮੰਦਾ ਹਾਲ ਸੀ । ਸਫ਼ਰ ਵੀ ਤਾਂ ਇੰਨਾ ਲੰਬਾ ਹੁੰਦੈ ਕੈਲੀਫੋਰਨੀਆ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ...ਬੰਦੇ ਦੀ ਬੱਸ ਹੋ ਜਾਂਦੀ ਐ। ਖਾਣ- ਪੀਣ ਤੋਂ ਬਾਅਦ ਮੈਂ ਉਸ ਕਮਰੇ ਵਿਚ ਸੌਂ ਗਈ ਜਿਹੜਾ ਮੈਨੂੰ ਦਿੱਤਾ ਗਿਆ ਸੀ...ਅੱਧੀ ਰਾਤ ਨੂੰ ਓਪਰੀ ਜਗ਼ਾ ਕਰਕੇ ਜਾਂ ਬੇਆਰਾਮੀ ਨਾਲ ਮੇਰੀ ਨੀਂਦ ਖੁੱਲ੍ਹ ਗਈ...ਇਕ ਮਿਨਟ ਲਈ ਤਾਂ ਪਤਾ ਹੀ ਨਾ ਲੱਗੇ ਕਿ ਮੈਂ ਕਿੱਥੇ ਸਾਂ। ਕਮਰੇ ‘ਚ ਨਜ਼ਰ ਮਾਰੀ...ਸਭ ਕੁਝ ਓਪਰਾ ਓਪਰਾ! ਹੌਲੀ ਹੌਲੀ ਸਮਝ ਆਈ ਕਿ ਮੈਂ ਇਸ ਟਾਈਮ ਇੰਡੀਆ ਵਿਚ ਹਾਂ। ਕਮਰੇ ਵਿਚੋਂ ਇਕ ਅਜੀਬ ਕਿਸਮ ਦੀ ਗੰਧ ਆ ਰਹੀ ਸੀ। ਕੋਲ ਪਿਆ ਟੇਬਲ ਲੈਂਪ ਬਾਲਿਆ ਤੇ ਕਮਰਾ ਰੌਸ਼ਨੀ ਨਾਲ ਭਰ ਗਿਆ। ਘੜੀ ਵੱਲ ਵੇਖਿਆ; ਰਾਤ ਦਾ ਇਕ ਵੱਜਾ ਸੀ । ਕੁਝ ਚਿਰ ਲੰਮੀ ਪਈ ਰਹੀ ਪਰ ਨੀਂਦ ਨਾ ਆਵੇ।
‘ਇੱਥੋਂ ਦੇ ਘਰ ਕਿੰਨੇ ਬਦਲ ਗਏ ਨੇ ਹੁਣ?’ ਸੋਚਣ ਲੱਗਦੀ ਹਾਂ । ਮੈਨੂੰ ਇਹ ਘਰ ਆਪਣੇ ਪਿੰਡ ਵਾਲੇ ਘਰ ਵਰਗਾ ਨਹੀਂ ਲੱਗਦਾ ਜਿੱਥੇ ਮੇਰਾ ਦੱਸਵੀਂ ਤੋਂ ਬਾਅਦ ਦਾ ਸਮਾਂ ਬੀਤਿਆ। ਬਹੁਤ ਅਜਨਬੀਅਤ ਹੈ ਇਸ ਦੇ ਅੰਦਰ, ਭਾਂਵੇ ਪਾਪਾ ਨੇ ਘਰ ਤਾਂ ਬੜਾ ਸੁਹਣਾ ਬਣਾ ਲਿਆ ਹੋਇਐ । ਹੁਣ ਤਾਂ ਤਕਰੀਬਨ ਸਾਰਾ ਕੁਝ ਹੀ ‘ਬਾਹਰ’ ਵਾਂਗ ਲੱਗਦਾ ਹੈ ਇੱਥੇ ਵੀ... ਉਂਝ ਦੀਆਂ ਹੀ ਅਲਮਾਰੀਆਂ, ਪਰਦੇ ਤੇ ਫਰਸ਼ । ਬਹੁਤ ਬਦਲ ਗਿਆ ਹੈ ਇੰਡੀਆ ਹੁਣ! ਪਿੰਡ ਸਾਡੀ ਇਕ ਰਸੋਈ ਘਰ ਦੇ ਅੰਦਰ ਹੁੰਦੀ ਸੀ ਜਿਸ ਵਿਚ ਅਸੀਂ ਕੇਵਲ ਸਟੋਵ ਚਲਾਉਂਦੇ ਹੁੰਦੇ ਸਾਂ। ਇਕ ਚੌਂਕਾ ਹੁੰਦਾ ਸੀ ਵਿਹੜੇ ਵਿਚ, ਅਸੀਂ ਉਥੇ ਚੁੱਲ੍ਹਾ ਬਾਲਦੇ...ਅੱਧੀ ਅੱਧੀ ਰਾਤ ਚੁੱਲ੍ਹੇ ਮੂਹਰੇ ਬੈਠ ਕੇ ਗੱਲਾਂ ਕਰਦੇ...ਕੋਠਿਆਂ ਤੇ ਸੌਂਦੇ, ਤਾਰੇ ਗਿਣਦੇ ਤੇ ਬਾਤਾਂ ਪਾਉਂਦੇ। ਕਦੇ ਕਦੇ ਭੂਤਾਂ ਦੀਆਂ ਕਹਾਣੀਆਂ ਸੁਣਾਉਂਦੇ; ਛਲੇਡਿਆਂ ਤੋਂ ਡਰਦੇ ਅੱਖਾਂ ਬੰਦ ਕਰਕੇ ਸੌਂ ਜਾਂਦੇ। ਅਚਾਨਕ ਕੋਈ ਅੱਭੜਵਾਹੇ ਉੱਠ ਕੇ ਆਖਦਾ, “ਤੁਸੀਂ ਢੋਲਕੀ- ਛੈਣਿਆਂ ਦੀ ਆਵਾਜ਼ ਸੁਣੀ... ਮੈਂ ਹੁਣੇ ਸੁਣਿਐ ...ਐਧਰ ਨੂੰ ਢੋਲਕੀ ਛੈਣੇ ਵੱਜਦੇ ਜਾਂਦੇ...” ਤੇ ਸਾਰੇ ਹੋਰ ਵੀ ਸੁੰਗੜ ਕੇ ਚੁੱਪ ਕਰ ਜਾਂਦੇ। ਅੱਜ ਮੈਂ ਜਲੰਧਰ ਸ਼ਹਿਰ ਵਿਚ ਸਥਿੱਤ ਆਪਣੇ ਪਾਪਾ ਦੇ ਘਰ ਦੇ ਇਕ ਮੌਡਰਨ ਕਮਰੇ ਵਿਚ ਇਕੱਲੀ ਸੁੱਤੀ ਪਈ ਹਾਂ...ਕਦੇ ਸਾਰੇ ਇੱਕੋ ਕਮਰੇ ਵਿਚ ਸੌਂਦੇ ਹੁੰਦੇ ਸਾਂ ਤੇ ਢੇਰ ਰਾਤ ਤੱਕ ਸਾਡੀਆਂ ਗੱਲਾਂ ਨਾ ਮੁੱਕਣੀਆਂ !’
ਪਾਪਾ ਨੇ ਇਹ ਘਰ ਆਪਣੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਬਣਾਇਆ ਸੀ। ਉਦੋਂ ਮੈਂ ਇੱਥੋਂ ਅਮਰੀਕਾ ਜਾ ਚੁੱਕੀ ਸਾਂ ਜਦੋਂ ਮੈਥੋਂ ਛੋਟਾ ਮੇਰਾ ਵੀਰ ਪੰਜਾਬ ਦੇ ਕਾਲ਼ੇ ਦਿਨਾਂ ਦੀ ਅੱਥਰੀ ਵਾਅ ਦਾ ਸ਼ਿਕਾਰ ਹੋ ਗਿਆ ਸੀ। ਇੰਨੇ ਨੂੰ ਭਾਬੀ ਵੀ ਉੱਠ ਕੇ ਕਮਰੇ ਵਿਚ ਆ ਗਈ ਅਤੇ ਮੇਰੇ ਕੋਲ ਬੈਠ ਗਈ। ਸ਼ਾਇਦ ਨੀਂਦ ਕਿਸੇ ਨੂੰ ਵੀ ਨਹੀਂ ਆ ਰਹੀ ਸੀ। ਮੇਰੇ ਤੋਂ ਤਾਂ ਕਿੰਨੀ ਛੋਟੀ ਹੈ ਪਰ ਜਿਹੜੀ ਉਮਰੇ ਇਸ ਵਿਚਾਰੀ ਨੇ ਆਪਣਾ ਪਤੀ ਗੁਆਇਆ ਕਿੰਨਾ ਔਖਾ ਹੁੰਦੈ ਇਕੱਲੇ ਸਭ ਕੁਝ ਕਰਨਾ! ਮੈਂ ਉਸਦੇ ਬੁੱਢੇ ਹੁੰਦੇ ਜਾ ਰਹੇ ਮੂੰਹ ਵੱਲ ਤੱਕਦੀ ਹਾਂ, “ਕਿਵੇਂ ਹੋ ਗਿਆ ਸੀ ਇਹ ਸਭ ਕੁਝ? ਕੁਝ ਪਤਾ ਲੱਗਾ ਬਾਅਦ ਵਿਚ? ਕੌਣ ਸਨ ਉਹ ਜੋ...?” br>
“ਪਤਾ ਨਹੀਂ ਭੈਣ ਜੀ... ਬੱਸ ਕਿਸਮਤਾਂ ਦੇ ਗੇੜ ਨੇ! ਕਾਲ਼ੇ ਦਿਨਾਂ ਦੀ ਭੇਂਟ ਚੜ੍ਹ ਗਏ ਉਹ...ਉਦੋਂ ਇਵੇਂ ਹੀ ਹੁੰਦਾ ਸੀ... ਪਤਾ ਨਹੀਂ ਕੌਣ ਕਿਸ ਨਾਲ ਕਿਉਂ ਤੇ ਕਿਹੜੀ ਦੁਸ਼ਮਣੀ ਕੱਢਦਾ...ਉਹ ਹੀ ਜਾਣਦਾ! ਸਾਨੂੰ ਤਾਂ ਅੱਜ ਤੱਕ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਿਆ ਕਿ ਕੌਣ ਗੋਲੀ ਮਾਰ ਗਿਆ ਉਨ੍ਹਾਂ ਨੂੰ ਅਤੇ ਕਿਉਂ ਮਾਰ ਗਿਆ? ਸਾਰੀ ਜਿੰਮੇਵਾਰੀ ਪਾਪਾ ਜੀ ਸਿਰ ਆ ਗਈ। ਪਾਪਾ ਨੇ ਬੱਚਿਆਂ ਨੂੰ ਪਿੰਡੋਂ ਜਲੰਧਰ ਲਿਆ ਕੇ ਆਹ ਘਰ ਬਣਵਾ ਦਿੱਤਾ ਤਾਂ ਕਿ ਬੱਚੇ ਤਾਂ ਸੁਰੱਖਿਅਤ ਰਹਿ ਸਕਣ...ਨਾਲੇ ਪਾਪਾ ਜੀ ਕਹਿੰਦੇ ਤੈਨੂੰ ਲੋਕਾਂ ਨੇ ਪਿੰਡ ‘ਚ ਜੀਊਣ ਨਹੀਂ ਦੇਣਾ... ਕਹਿੰਦੇ... ਉਹ ਤਾਂ ਚਲੇ ਗਿਆ ਪਰ ਤੂੰ ਤਾਂ ਆਪ ਵੀ ਜੀਊਣਾ ਹੈ ਅਤੇ ਬੱਚਿਆਂ ਦੀ ਮਾਂ ਤੇ ਪਿਉ ਦੋਵੇਂ ਬਨਣੈ...ਸੱਚ ਭੈਣ ਜੀ ਪਾਪਾ ਜੀ ਨੇ ਸਾਨੂੰ ਜ਼ਰਾ ਵੀ ਦੁੱਖ ਨਹੀਂ ਦੇਖਣ ਦਿੱਤਾ...ਮੈਨੂੰ ਆਪਣੀ ਧੀ ਸਮਝ ਕੇ ਸਹਾਰਾ ਦਿੱਤਾ ਅਤੇ ਸਾਰੀ ਉਮਰ ਸਾਡੀ ਢਾਲ਼ ਬਣੇ ਰਹੇ...ਆਹ ਹੁਣ ਦੋ ਕੁ ਸਾਲਾਂ ਤੋਂ ਹੀ ਬੱਸ ਕਮਜ਼ੋਰ ਹੋ ਗਏ ਨੇ...ਪਰ ਮਨ ਅਜੇ ਵੀ ਬਹੁਤ ਤਕੜੈ!”
&
“ਨਾਲੇ ਤੂੰ ਭਰ ਜੁਆਨ ਸੀ ਉਦੋਂ...ਸਚੀਂ ਤੈਨੂੰ ਕਿਹੜਾ ਚੱਜ ਨਾਲ ਜੀਣ ਦੇਣਾ ਸੀ ਲੋਕਾਂ ਨੇ ...ਇਕੱਲੀ ਵੇਖ ਲੱਖ ਲੱਖ ਊਜਾਂ ਲਾਉਣੀਆਂ ਸਨ ...ਹੋਈ ਸੀ ਮੇਰੀ ਗੱਲ ਪਾਪਾ ਨਾਲ ਉਦੋਂ! ਚਲੋ ਚੰਗਾ ਕੀਤਾ ਤੁਸੀਂ ਇੱਥੇ ਆ ਗਏ ਤੇ ਬੱਚੇ ਪੜ੍ਹ ਲਿਖ ਗਏ ।”
“ਹੋਰ ਪਾਪਾ ਜੀ ਨੇ ਆਪਣੀ ਵਾਹ ਲਾ ਦਿੱਤੀ ਬੱਚਿਆਂ ਨੂੰ ਪੜਾਉਣ ‘ਤੇ। ਪਤਾ ਨਹੀਂ ਬੱਚਿਆਂ ਦੀ ਖਾਤਿਰ ਹੀ ਰੱਬ ਨੇ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੀ ਤਾਂ ਕਿ ਉਹ ਇਹ ਜਿੰਮੇਵਾਰੀ ਨਿਭਾ ਸਕਣ। ਬਹੁਤ ਸੁਹਣੀ ਪੈਨਸ਼ਨ ਮਿਲੀ ਜਾਂਦੀ ਐ... ਬੱਚਿਆਂ ਨੂੰ ਕਦੇ ਕਿਸੇ ਗੱਲ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਹੁਣ ਉਨ੍ਹਾਂ ਦੀ ਇਨ੍ਹਾਂ ਬੱਚਿਆਂ ਵਿਚ ਜਾਨ ਵਸਦੀ ਹੈ...ਇਹਨਾਂ ਨੂੰ ਸੈਟਲ ਕਰਨ ਦੇ ਫਿਕਰ ਵਿਚ ਲੱਗੇ ਰਹਿੰਦੇ ਨੇ। ਮੈਂ ਮਨ ਹੀ ਮਨ ਵਿਚ ਸੋਚਦੀ ਹਾਂ, ‘ਮੇਰੇ ਪਾਪਾ ਸੱਚਮੁਚ ਹੀ ਬਹੁਤ ਗਰੇਟ ਹਨ...ਆਪ ਇੰਨੇ ਬਜੁਰਗ ਹੋ ਗਏ ਨੇ ਅਤੇ ਅਜੇ ਵੀ...!’ ਭਾਬੀ ਹੌਲੀ ਜਿਹੀ ਉਠ ਕੇ ਚਲੀ ਗਈ ਅਤੇ ਮੈਂ ਆਪਣੀਆਂ ਡੂੰਘੀਆਂ ਸੋਚਾਂ ਵਿਚ ਗੁਆਚ ਗਈ।
ਘਰ ਵਿਚ ਅਜੀਬ ਚੁੱਪ ਸੀ; ਸਿਰਫ ਕਦੇ ਕਦੇ ਆਉਂਦੀ ਪਾਪਾ ਦੀ ਖੰਘ ਇਸ ਚੁੱਪ ਨੂੰ ਤੋੜਦੀ। ਪਾਪਾ ਜੀ ਦਾ ਚਿਹਰਾ ਸਾਹਮਣੇ ਆਉਂਦਿਆਂ ਹੀ ਮੇਰਾ ਮਨ ਇਕ ਵਾਰ ਫੇਰ ਵਿਚੱਲਿਤ ਹੋ ਗਿਆ... ਹਾਇ ਮੇਰੇ ਪਾਪਾ ਕਿੰਨੇ ਲਾਚਾਰ ਹੋ ਗਏ...ਅੱਜ! ਕੋਈ ਜ਼ਮਾਨਾ ਸੀ ਕਿ ਪਾਪਾ ਕੰਮ ਤੋਂ ਘਰ ਆਉਂਦੇ ਤਾਂ ਅਸੀਂ ਉਨ੍ਹਾਂ ਨਾਲ ਖੂਬ ਖੇਡਦੇ …ਉਨ੍ਹਾਂ ਨੂੰ ਦੌੜ ਦੌੜ ਫੜਦੇ ਪਰ ਉਹ ਕਦੇ ਪਕੜ ‘ਚ ਹੀ ਨਾ ਆਉਂਦੇ ਫੇਰ ਉਹ ਸਾਨੂੰ ਹੋਮ ਵਰਕ ਕਰਾਉਂਦੇ ਤਾਂ ਬੜੇ ਗੰਭੀਰ ਹੋ ਜਾਂਦੇ। ਉਨ੍ਹਾਂ ਨੇ ਮੇਰੇ ਤੋਂ ਹਿੰਦੀ ਦਾ ਕੈਦਾ ਸੁਨਣਾ, ਮੈਂ ਬੜਾ ਡਰ ਡਰ ਕੇ ਸੁਨਾਉਣਾ! ਹੁਣ ਉਹ ਜਦੋਂ ਦੱਸਦੇ ਨੇ ਕਿ ਉਹਨਾਂ ਨੂੰ ਤਾਂ ਹਿੰਦੀ ਆਉਂਦੀ ਹੀ ਨਹੀਂ ਸੀ, ਉਹ ਤਾਂ ਉਨ੍ਹਾਂ ਨੇ ਮੇਰੇ ਕੋਲੋਂ ਸੁਣ ਸੁਣ ਸਿੱਖੀ ਸੀ ਤਾਂ ਸੱਚਮੁਚ ਬੜਾ ਹਾਸਾ ਆਉਂਦੈ ਕਿ ਲੈ ਪਾਪਾ ਮੈਨੂੰ ਬੁੱਧੂ ਹੀ ਬਣਾਉਂਦੇ ਰਹੇ ਐਵੇਂ! ਉਹਨਾਂ ਜਦੋਂ ਮੈਨੂੰ ਪਹਾੜੇ ਯਾਦ ਕਰਵਾਉਣੇ ਤਾਂ ਮੈਨੂੰ ਭੁੱਲ ਜਾਣੇ। ਪਹਾੜੇ ਮੈਨੂੰ ਬਹੁਤ ਹੀ ਬੋਰਿੰਗ ਲੱਗਦੇ ਸਨ! ਪਾਪਾ ਨੇ ਜਰਾ ਕਰੜੀ ਆਵਾਜ਼ ‘ਚ ਪੁੱਛਣਾ,“ਚੌਦ੍ਹਿਓ ਬਾਰ੍ਹਿਆ?” ਉਹ ਮਾਈ ਗੌਡ! ਮੇਰੀ ਤਾਂ ਬੱਸ ਫੂਕ ਹੀ ਨਿੱਕਲ ਜਾਣੀ। ਮੈਨੂੰ ਸਾਰਾ ਕੁਝ ਭੁੱਲ ਜਾਣਾ। ਇੰਜਨੀਅਰ ਸਨ, ਹਿਸਾਬ ਆਉਂਦਾ ਸੀ ਉਨ੍ਹਾਂ ਨੂੰ ! ਦਸਵੀਂ ਤੱਕ ਮੈਨੂੰ ਪੜਾਉਂਦੇ ਰਹੇ। ਫਿਰ ਆ ਗਈ ਵਾਰੀ ਪੰਜਾਬੀ ਦੀ! ਪਾਪਾ ਦੀ ਰਿਟਾਇਰਮੈਂਟ ਅਤੇ ਮੇਰੇ ਦਸਵੀਂ ਕਰਣ ਤੋਂ ਬਾਅਦ ਅਸੀਂ ਦਿੱਲੀ ਤੋਂ ਪਿੰਡ (ਪੰਜਾਬ) ਆ ਗਏ । ਮੈਨੂੰ ਤਾਂ ਪੰਜਾਬੀ ਆਵੇ ਨਾ! ਪਾਪਾ ਨੇ ਕਿਹਾ ‘ਐਧਰ ਲਿਆ ਆਪਣਾ ਪੈਂਤੀ ਦਾ ਕੈਦਾ’! ਉਹਨਾਂ ਗੁਰਮੁਖੀ ਅੱਖਰਾਂ ਹੇਠਾਂ ਦੇਵਨਾਗਰੀ ਦੇ ਅੱਖਰ ਲਿਖ ਦਿੱਤੇ ਤੇ ਮੇਰਾ ਕੰਮ ਸੌਖਾ ਕਰ ਦਿੱਤਾ।
ਅਚਾਨਕ ਬਾਹਰ ਖੜਾਕਾ ਹੋਇਆ... ਦਰਵਾਜਾ ਖੁੱਲਣ ਦੀ ਆਵਾਜ ਆਈ। br>‘ਠੱਕ ਠੱਕ ਠੱਕ...” ਮੈਨੂੰ ਕੋਠੇ ਤੇ ਸੁਣਾਈਆਂ ਛਲੇਡਿਆਂ ਦੀਆਂ ਕਹਾਣੀਆਂ ਯਾਦ ਆ ਗਈਆਂ। ਮੈਂ ਡਰਦਿਆਂ ਡਰਦਿਆਂ ਉੱਠ ਕੇ ਬਾਹਰ ਵੇਖਿਆ। ਵਿਸਾਖੀਆਂ ਸਹਾਰੇ ਪਾਪਾ ਜੀ ਹੌਲੀ ਹੌਲੀ ਤੁਰੇ ਆ ਰਹੇ ਸਨ। ਮੈਨੂੰ ਦੇਖ ਕੇ ਕਹਿੰਦੇ,
“ਅਜੇ ਸੁੱਤੀ ਨਹੀਂ ਬੇਟਾ?”
“ਨਹੀਂ ਜੀ, ਪਾਪਾ, ਇਸ ਵੇਲੇ ਉਧੱਰ ਦਿਨ ਜੁ ਹੈ, ਨੀਂਦ ਨਹੀਂ ਆ ਰਹੀ,” ਮੈਂ ਉੱਪਰ ਵੱਲ ਹੱਥ ਦਾ ਇਸ਼ਾਰਾ ਕਰਕੇ ਕਿਹਾ।
“ਤੁਸੀਂ?”
““ਇਸ਼ਨਾਨ ਕਰਣ ਚੱਲਾਂ...।”
“ਓਹ...” ਮੈਂ ਇੰਨਾਂ ਹੀ ਆਖ ਸਕੀ। ਕਹਿਣਾ ਤਾਂ ਚਾਹੁੰਦੀ ਸਾਂ ‘ਇੰਨੀ ਜਲਦੀ ਕਿਉਂ? ਜਰਾ ਲੇਟ ਨਹਾ ਲੈਂਦੇ, ਹੁਣ ਕੋਈ ਤੁਹਾਡੀ ਉਮਰ ਹੈ ਐਨੀ ਸਵੇਰੇ ਉੱਠਣ ਦੀ!’ ਪਰ ਕਹਿ ਨਾ ਸਕੀ । ਮੈਂ ਵਾਪਿਸ ਕਮਰੇ ਵਿਚ ਆ ਗਈ। ਘੜੀ ਤੇ ਦੇਖਿਆ ਤੇ ਦੋ ਵੱਜੇ ਸਨ। ਵਾਸ਼ਰੂਮ ਵਿਚੋਂ ਪਾਪਾ ਦੇ ਇਸ਼ਨਾਨ ਕਰਣ, ਖੰਘਣ ਤੇ ‘ਵਾਹਿਗੁਰੂ ਵਾਹਿਗੁਰੂ’ ਦੀ ਮਿਲੀ ਜੁਲੀ ਆਵਾਜ਼ ਲਗਾਤਾਰ ਆਉਂਦੀ ਰਹੀ ।
ਬਚਪਨ ਤੋਂ ਦੇਖਦੀ ਆਈ ਹਾਂ, ਪਾਪਾ ਜੀ ਹਮੇਸ਼ਾ ਚਾਰ ਵਜੇ ਉੱਠਦੇ, ਇਸ਼ਨਾਨ ਕਰਦੇ, ਪੰਜ ਬਾਣੀਆਂ ਦਾ ਪਾਠ ਕਰਦੇ ਤੇ ਗੁਰਦੁਆਰੇ ਮੱਥਾ ਟੇਕ ਕੇ ਦਫ਼ਤਰ ਜਾਂਦੇ। ਸ਼ਾਮ ਨੂੰ ਛੇ ਵਜੇ ਘਰ ਆਉਂਦੇ। ਮੂੰਹ ਹੱਥ ਧੋ ਰਹਿਰਾਸ ਸਾਹਿਬ ਦਾ ਪਾਠ ਕਰਕੇ ਰੋਟੀ ਖਾਂਦੇ। ਉਹ ਸਿਰਫ਼ ਦੋ ਵਕਤ ਹੀ ਭੋਜਨ ਕਰਦੇ, ਸਵੇਰੇ ਦਫਤਰ ਜਾਣ ਵੇਲੇ ਤੇ ਸ਼ਾਮ ਨੂੰ ਸੂਰਜ ਖੜੇ। ਉਹ ਹਮੇਸ਼ਾ ਹੀ ਰੁਟੀਨ ਵਿਚ ਬੱਝੇ ਰਹੇ। ਸ਼ਾਇਦ ਇਸੇ ਕਰਕੇ ਉਹਨਾਂ ਦੇ ਚਿਹਰੇ ਤੇ ਅਜੇ ਤੱਕ ਅਜਿਹਾ ਨੂਰ ਹੈ। ਦੰਦ ਅਜੇ ਤੱਕ ਚਮਕਦੇ ਨੇ...ਬਿਨਾ ਐਨਕ ਪੜ੍ਹਦੇ ਨੇ... ਪਰ ਅੱਜ ਤਾਂ ਦੋ ਵਜੇ ਹੀ ਉਠ ਖੜੋਏ? ਸੋਚਦੀ ਰਹੀ ਕਿ ਇਹ ਪੀੜ੍ਹੀ ਕਿੰਨੀ ਵੱਖਰੀ ਸੀ ਸਾਥੋਂ?
ਪਾਪਾ ਜੀ ਜਦੋਂ ਨਹਾ ਕੇ ਬਾਹਰ ਆਏ ਤਾਂ ਮੈਂ ਚਾਹ ਦੇ ਦੋ ਕੱਪ ਬਣਾ ਕੇ ਉਨ੍ਹਾਂ ਦੇ ਕਮਰੇ ਵਿਚ ਲੈ ਗਈ । ਪਾਪਾ ਜੀ ਦਾ ਕਮਰਾ ਗੇਟ ਦੇ ਬਿਲਕੁਲ ਸਾਹਮਣੇ ਘਰ ਦੇ ਬਾਕੀ ਕਮਰਿਆਂ ਤੋਂ ਅਲੱਗ ਹੈ। ਅੰਦਰ ਹੀ ਅੰਦਰ ਇਕ ਦੁੱਖ ਜਿਹਾ ਮਹਿਸੂਸ ਹੋਇਆ ਕਿ ਪਾਪਾ ਜੀ ਨੂੰ ਕੋਈ ਅੰਦਰ ਵਾਲਾ ਕਮਰਾ ਕਿਉਂ ਨਹੀਂ ਦਿੱਤਾ ਗਿਆ, ਬਾਹਰ ਵਾਲਾ ਹੀ ਕਿਉਂ? ਇਹ ਕਮਰਾ ਵਾਸ਼ਰੂਮ ਤੋਂ ਇੰਨਾਂ ਦੂਰ ਹੈ...ਪਾਪਾ ਨੂੰ ਬਾਰ ਬਾਰ ਵਾਸ਼ਰੂਮ ਜਾਣ ਵਿਚ ਕਿੰਨੀ ਤਕਲੀਫ ਹੁੰਦੀ ਹੋਵੇਗੀ। ‘ਉਹ ਜਾਣੇ ...ਇਨ੍ਹਾਂ ਦੇ ਘਰ ਦੀ ਗੱਲ ਹੈ! ਮੈਂ ਨ੍ਹੀ ਦਖਲ ਦੇਣਾ!’ ਪਾਪਾ ਨੇ ਕੋਲ ਪਏ ਮੇਜ ਤੋਂ ਡੱਬਾ ਚੁੱਕ ਕੇ ਦੋ ਪਿੰਨੀਆਂ ਕੱਢੀਆਂ। ਇਕ ਮੈਨੂੰ ਖਾਣ ਨੂੰ ਦਿਤੀ ਤੇ ਇਕ ਆਪ ਖਾਣ ਲੱਗੇ। ਗੱਲਾਂ ਤੇ ਰੋਜ਼ ਟੈਲੀਫੂਨ ਤੇ ਬਥੇਰੀਆਂ ਕਰ ਲਈਦੀਆਂ ਸਨ ਆਵਾਜ਼ ਤੋਂ ਕਦੇ ਲੱਗਿਆ ਹੀ ਨਹੀਂ ਸੀ ਉਹ ਸੱਚਮੁੱਚ ਇੰਨੇ ਬਿਰਧ ਹੋ ਗਏ ਸਨ...ਪਰ ਵੇਖ ਰਹੀ ਸਾਂ ਕਿ ਉਨ੍ਹਾਂ ਦਾ ਹੌਸਲਾ ਅਜੇ ਤੱਕ ਓਵੇਂ ਹੀ ਬੁਲੰਦ ਸੀ। ਪਿੰਨੀ ਖਾਣ ਤੋਂ ਬਾਅਦ ਚਾਹ ਖਤਮ ਕਰਕੇ ਉਹਨਾਂ ਆਪਣਾ ਨਿਤਨੇਮ ਸ਼ੁਰੂ ਕੀਤਾ, ਮੈਂ ਹੈਰਾਨ ਸਾਂ ਕਿ ਉਹ ਬਿਨਾਂ ਐਨਕਾਂ ਦੇ ਪਾਠ ਕਰ ਰਹੇ ਸਨ ਸੌ ਸਾਲ ਦੀ ਉਮਰ ਵਿਚ! ਮੈਂ ਆਪਣੇ ਕਮਰੇ ਵਿਚ ਵਾਪਿਸ ਆ ਗਈ ਅਤੇ ਪਿਛਲੀਆਂ ਯਾਦਾਂ ਵਿਚ ਘਿਰ ਗਈ।
ਉਹ ਦਿਨ ਤਾਂ ਕਦੇ ਭੁੱਲਣੇ ਈ ਨਹੀਂ ਜਿਨ੍ਹਾਂ ਦਿਨਾਂ ਵਿਚ ਮੈਂ ਕਾਲਜ ਦੇ ਹੌਸਟਲ ਤੋਂ ਘਰ ਆਈ ਹੋਈ ਸਾਂ...ਇਕ ਦਿਨ ਸਭ ਤੋਂ ਨਿੱਕਾ ਵੀਰ ਰਾਜੂ ਆਖਦੈ, “ਦੀਦੀ ਮੈਨੂੰ ਜਲੰਧਰ ਲੈ ਚੱਲ ਤੇਰੇ ਕਾਲਜ ਦੇ ਨਾਲ ਜਿਹੜਾ ਮਿਹਰਚੰਦ ਟੈਕਨੀਕਲ ਕਾਲਜ ਹੈ... ਮੈਂ ਉੱਥੇ ਆਈ ਟੀ ਆਈ ‘ਚ ਦਾਖਲਾ ਲੈਣੈ”।
“ਅੱਜ ਤਾਂ ਆਪਾਂ ਲੇਟ ਹੋ ਗਏ ਕੱਲ ਸਵੇਰੇ ਸਵੇਰੇ ਚਲਾਂਗੇ ਨਿੱਕੇ!” ਕਹਿ ਮੈਂ ਤੇ ਬੀਜੀ ਲਾਗਲੇ ਪਿੰਡ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਚੱਲੀਆਂ ਗਈਆਂ। ਅਜੇ ਉੱਥੇ ਪਹੁੰਚੀਆਂ ਹੀ ਸਾਂ ਕਿ ਇਕ ਮੁੰਡਾ ਕਾਹਲੀ ਕਾਹਲੀ ਸਾਈਕਲ ‘ਤੇ ਆਇਆ ਤੇ ਕਹਿੰਦਾ,“ਤਾਈ ਜੀ ! ਤਾਈ ਜੀ ਤੁਹਾਨੂੰ ਤਾਇਆ ਜੀ ਬੁਲਾਉਂਦੇ ਨੇ, ਛੇਤੀ ਚਲੋ” ਤੇ ਉਹ ਬੀ ਜੀ ਨੂੰ ਨਾਲ ਲੈ ਕੇ ਉੱਡ ਗਿਆ। ਜਦੋਂ ਮੈਂ ਪਿੱਛੇ ਪਿੱਛੇ ਘਰ ਦੇ ਮੋੜ ਕੋਲ ਪਹੁੰਚੀ ਤਾਂ ਸਾਡੀ ਗਲੀ ਲੋਕਾਂ ਨਾਲ ਭਰੀ ਪਈ ਸੀ। ਮੈਨੂੰ ਵੇਖ ਉਹ ਧਾਹਾਂ ਮਾਰਨ ਲੱਗੇ, “ਨੀ ਧੀਏ ਤੁਸੀਂ ਲੁੱਟੇ ਗਏ, ਤੁਹਾਡਾ ਰਾਜੂ ਡੁੱਬ ਗਿਆ...!” ਸੋਲ੍ਹਾਂ ਸਾਲਾਂ ਦੇ ਸਭ ਤੋਂ ਨਿੱਕੇ ਵੀਰ ਨੂੰ ਘਰ ਦੇ ਵਰਾਂਡੇ ਵਿਚ ਨਿਰਜਿੰਦ ਪਿਆ ਵੇਖ ਸਾਡੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ...ਪਾਪਾ ਨੇ ਇਕ ਵੀ ਹੰਝੂ ਨਾ ਕੇਰਿਆ...ਬੱਸ ਇਹੀ ਆਖਣ, “ਜਿਸ ਕੀ ਵਸਤ ਤਿਸੁ ਆਗੈ ਰਾਖੇ” । ਜੁਆਨ ਪੁੱਤਰ ਦਾ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਆਕੇ ਮੂੰਹ ਹੱਥ ਧੋਤਾ ਤੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ‘ਕਿਵੇਂ ਕੀਤਾ ਹੋਵੇਗਾ ਇਹ ਸਭ ਪਾਪਾ ਤੁਸੀ?’br>
ਪਪਾਪਾ ਨੇ ਕਿਸੇ ਨੂੰ ਰੋਣ ਨਾ ਦਿੱਤਾ ਸਗੋਂ ਉਹ ਸਾਨੂੰ ਸਮਝਾਉਂਦੇ ਕਿ ਮੌਤ ਤਾਂ ਅਟੱਲ ਸੱਚਾਈ ਹੈ ਜੋ ਸਭ ਨੂੰ ਆਉਣੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਦਾਹਰਣ ਦਿੰਦੇ ਕਿ ਕਿਵੇਂ ਉਨ੍ਹਾਂ ਨੇ ਚਾਰੇ ਸਾਹਿਬਜ਼ਾਦੇ ਕੁਰਬਾਨ ਕੀਤੇ ਪਰ ਸੀਅ ਨਾ ਕੀਤੀ। ਉਹ ਇਤਿਹਾਸ ਮਿਥਿਹਾਸ ਵਿਚੋਂ ਕਹਾਣੀਆਂ ਸੁਣਾਉਂਦੇ ਤੇ ਸਾਨੂੰ ਡੋਲਣ ਨਾ ਦਿੰਦੇ। ‘ਸੱਚਮੁੱਚ ਮੇਰੇ ਪਾਪਾ ਆਇਰਨ ਮੈਨ ਨੇ...ਆਈ ਐਮ ਸੋ ਪਰਾਊਡ ਆਫ ਯੂ ਪਾਪਾ!’
ਮੇਰੇ ਪਾਪਾ ਜਵਾਨੀ ਵਿਚ ਹਾਕੀ ਖੇਡਦੇ ਹੁੰਦੇ ਸਨ। ਉਹਨਾਂ ਨਾਲ ਕਈ ਵਾਰ ਅਸੀਂ ਵੀ ਸਟੇਡੀਅਮ ਚਲੇ ਜਾਂਦੇ ਅਤੇ ਉਨ੍ਹਾਂ ਦੀ ਖੇਡ ਦੇਖਦੇ... ਪਾਪਾ ਨੇ ਚਿੱਟੀ ਡਰੈੱਸ ਨਾਲ ਜੂੜੇ ਤੇ ਚਿੱਟਾ ਰੁਮਾਲ ਬੰਨਿਆ ਹੋਣਾ ਤੇ ਹੱਥ ਵਿਚ ਹਾਕੀ ਫ਼ੜੀ ਹੋਣੀ...ਕਿੰਨੇ ਵਧੀਆ ਲੱਗਦੇ ਹੁੰਦੇ ਸਨ ! ਕਿੰਨੀਆਂ ਤਸਵੀਰਾਂ ਤੇ ਮੈਡਲ ਸਾਡੇ ਘਰ ਪਏ ਹੁੰਦੇ...ਇਕ ਤਸਵੀਰ ਪਾਪਾ ਜੀ ਦੀ ਸਮੁੰਦਰ ਵਿਚ ਤੈਰਦਿਆਂ ਦੀ ਹੁੰਦੀ। ਉਹ ਬਹੁਤ ਤੇਜ਼ ਦੌੜਾਂ ਦੌੜਦੇ... ਜਦੋਂ ਪੰਜਾਹ ਸਾਲ ਦੇ ਹੋਏ ਤਾਂ ਉਹ ਇਕ ਦੌੜ ਵਿਚ ਅਵੱਲ ਰਹੇ ਤੇ ਉਹਨਾਂ ਨੂੰ ਰਾਸ਼ਟਰਪਤੀ ਤੋਂ ਇਨਾਮ ਵੀ ਮਿਲਿਆ । ਅੱਜ ਆਪਣੇ ਪਾਪਾ ਜੀ ਨੂੰ ਵਿਸਾਖੀਆਂ ਸਹਾਰੇ ਚੱਲਦੇ ਵੇਖ ਮਨ ਤਾਂ ਖਰਾਬ ਹੋਣਾ ਹੀ ਸੀ!
ਮੇਰੀ ਛੋਟੀ ਭੈਣ ਨੈਨਾ ਵੀ ਉੱਠ ਗਈ। br>““ਕੀ ਗੱਲ ਦੀਦੀ ਨੀਂਦ ਨਹੀਂ ਆਈ?” ਉਹ ਪੁੱਛਦੀ ਹੈ ।
“ਹਾਂ ਅਜੇ ਨਹੀਂ ਆਈ, ਹੁਣ ਦਿਨ ਨੂੰ ਆਵੇਗੀ । ਜਾਹ ਕਿਚਨ ‘ਚੋਂ ਚਾਹ ਲੈ ਆ, ਮੇਰੇ ਤੋਂ ਵਾਧੂ ਬਣ ਗਈ ਸੀ।”
ਉਹ ਚਾਹ ਲਿਆ ਕੇ ਮੇਰੇ ਬੈੱਡ ‘ਤੇ ਬੈਠ ਗਈ। ਮੈਂ ਬਿਨਾ ਕੋਈ ਭੂਮਿਕਾ ਬੰਨਿਆ ਉਸ ਨੂੰ ਪੁੱਛਦੀ ਹਾਂ,“ਪਾਪਾ ਜੀ ਦੀਆਂ ਲੱਤਾਂ ਨੂੰ ਕੀ ਹੋਇਆ?”
ਉਹ ਦੱਸਦੀ ਹੈ,“ਪਤਾ ਨਹੀਂ ਕੁਦਰਤ ਨੂੰ ਕੀ ਮੰਜ਼ੂਰ ਸੀ, ਪਾਪਾ ਇਕ ਦਿਨ ਸਕੂਟਰ ਤੇ ਪਿੰਡ ਨੂੰ ਜ਼ਮੀਨ ਦਾ ਠੇਕਾ ਲੈਣ ਜਾ ਰਹੇ ਸਨ, ਬੜਾ ਸੁਹਣਾ ਆਪਣੀ ਸਾਇਡ ਤੇ ਚਲਾ ਰਹੇ ਸੀ ਸਕੂਟਰ ਕਿ ਪਿੱਛੋਂ ਇਕ ਟਰਾਲੀ ਆ ਕੇ ਟੱਕਰ ਮਾਰ ਗਈ…ਪਾਪਾ ਸੜਕ ‘ਤੇ ਡਿਗ ਪਏ ! ਪਾਪਾ ਦਾ ਚੂਲਾ ਉੱਤਰ ਗਿਆ। ਲੋਕਾਂ ਨੇ ਚੁੱਕ ਕੇ ਘਰ ਪਹੁੰਚਾਇਆ। ਬੱਸ ਉਦੋਂ ਤੋਂ ਹੀ...”br>“ਕਦੋਂ ਤੋਂ?”
“ਤੁਹਾਡੇ ਜਾਣ ਤੋਂ ਦੋ ਕੁ ਮਹੀਨਿਆਂ ਪਿੱਛੋਂ ਹੀ!”
“ਫਿਰ ਇਲਾਜ ਕਿਉਂ ਨਹੀਂ ਕਰਵਾਇਆ?”
““ਲੈ ਕਰਵਾਇਆ ਕਿਉਂ ਨਹੀਂ? ਹੱਡੀਆਂ ਚੜਾਉਣ ਵਾਲੇ ਕਿਸੇ ਸਿਆਣੇ ਕੋਲ ਲੈ ਕੇ ਗਏ, ਤੁਹਾਨੂੰ ਪਤਾ ਈ ਐ ਨੀਮ- ਹਕੀਮਾਂ ਦਾ! ਉਸ ਨੇ ਜ਼ੋਰ ਕੇ ਝਟਕਾ ਮਾਰਿਆ ...ਚੂਲਾ ਚੜ੍ਹਣ ਦੀ ਜਗਾ ਸਗੋਂ ਟੁੱਟ ਗਿਆ ! ਮੁੜ ਕੇ ਡਾਕਟਰਾਂ ਕੋਲ ਗਏ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਇਸ ਉਮਰ ਵਿਚ ਹੁਣ ਇਹ ਠੀਕ ਨਹੀਂ ਹੋਣਾ।”
“ਫਿਰ ਮੈਨੂੰ ਕਿਉਂ ਨਹੀਂ ਦੱਸਿਆ? ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਆ ...”
“ਪਾਪਾ ਨੇ ਹੀ ਸਖ਼ਤ ਤਾਗੀਦ ਕੀਤੀ ਸੀ ਕਿ ਕਿਸੇ ਨੇ ਨਹੀਂ ਦੱਸਣਾ...ਉਹ ਐਡੀ ਦੂਰ ਇਕੱਲੀ ਬੈਠੀ ਐਵੇਂ ਈ ਉਦਾਸ ਹੋਊ...ਕਿੱਦਾਂ ਦੱਸਦੇ ਅਸੀਂ?”
ਮੈਂ ਚੁੱਪ ਕਰ ਗਈ...ਇੰਨੇ ਵਰ੍ਹੇ ਮੇਰੇ ਪਿਤਾ ਇੰਨੀ ਤਕਲੀਫ਼ ਜਰਦੇ ਰਹੇ ਤੇ ਮੈਨੂੰ ਇਸ ਲਈ ਨਹੀਂ ਦੱਸਿਆ ਕਿ ਮੈਂ ਦੁਖੀ ਹੋਵਾਂਗੀ। ‘ਜਰਨਾ ਤਾਂ ਕੋਈ ਤੁਹਾਥੋਂ ਸਿੱਖੇ ਪਾਪਾ!’ ਮੈਂ ਖਾਮੋਸ਼ੀ ਵਿਚ ਡੁੱਬ ਗਈ, ਨੈਨਾ ਮੈਨੂੰ ਪੁੱਛਦੀ ਹੈ, “ਦੀਦੀ ਤੁਸੀਂ ਚੌਦ੍ਹਾਂ ਸਾਲ ਆਏ ਹੀ ਨਹੀਂ, ਅਸੀਂ ਤਾਂ ਉਡੀਕ ਉਡੀਕ ਕੇ ਥੱਕ ਗਏ...ਤੁਹਾਡਾ ਦਿਲ ਨਹੀਂ ਸੀ ਕਰਦਾ ਆਉਣ ਨੂੰ?”
ਨੈਨਾ ਸ਼ੁਰੂ ਤੋਂ ਹੀ ਬਹੁਤ ਭੋਲੀ ਹੈ! ਇੰਡੀਆ ਦੇ ਲੋਕਾਂ ਨੂੰ ਤਾਂ ਬੱਸ ਇੰਨਾ ਪਤਾ ਹੁੰਦੈ ਕਿ ਕੋਈ ਅਮਰੀਕਾ/ਕੈਨੇਡਾ ਗਿਐ । ਉੱਥੇ ਉਸਤੇ ਕੀ ਬੀਤਦੀ ਹੈ ਇਸ ਬਾਰੇ ਨਾ ਕੋਈ ਉਨ੍ਹਾਂ ਨੂੰ ਪੁੱਛਦਾ / ਦੱਸਦੈ... ਨਾ ਹੀ ਉਨ੍ਹਾਂ ਨੂੰ ਇਸ ਦਾ ਗਿਆਨ ਹੁੰਦੈ । ਮੈਂ ਲੰਮਾ ਸਾਹ ਭਰ ਕੇ ਸਿਰ ਹੈੱਡਬੋਰਡ ਨਾਲ ਲਾ ਲਿਆ। ਇਸ ਨੂੰ ਕੀ ਦੱਸਾਂ ? ਕਿੱਥੋਂ ਸ਼ੁਰੂ ਕਰਾਂ?
“ਪਰਦੇਸਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਨੇ ਭੈਣਾਂ! ਕਦੇ ਫੇਰ ਬੈਠ ਕੇ ਦੱਸਾਂਗੀ...ਪਹਿਲਾਂ ਤੂੰ ਦੱਸ ਕਿ ਬੱਚੇ ਕਿਵੇਂ ਨੇ”
ਫੋਨ ਤੇ ਗੱਲਾਂ ਕਰਦੇ ਰਹਿਣ ਕਰਕੇ ਬਹੁਤੀਆਂ ਗੱਲਾਂ ਰਹੀਆਂ ਹੀ ਨਹੀਂ ਸਨ ਕਰਨ ਵਾਲੀਆਂ । ਬੱਸ “ਹੋਰ ਹੋਰ” ਤੇ ਗੱਲ ਆ ਗਈ। ਬਾਹਰ ਫੇਰ ਖੜਾਕਾ ਹੋਇਆ ਤਾਂ ਮੈਂ ਨੈਨਾ ਵੱਲ ਸਵਾਲੀਆ ਨਜ਼ਰ ਨਾਲ ਵੇਖਿਆ। ਉਹ ਮੈਨੂੰ ਦੱਸਦੀ ਹੈ ਕਿ ਪਾਪਾ ਜੀ ਗੁਰਦੁਆਰੇ ਮੱਥਾ ਟੇਕਣ ਚੱਲੇ ਹਨ। ਮੈਂ ਹੈਰਾਨ ਹੁੰਦੀ ਹਾਂ ਕਿ ਸ਼ਰੀਰ ਸਿਰਫ ਹੱਡੀਆਂ ਦੀ ਮੁੱਠ ਰਹਿ ਗਿਐ... ਵਿਸਾਖੀਆਂ ਦੇ ਸਹਾਰੇ ਇਕ ਕਿਲੋਮੀਟਰ ਤੁਰ ਕੇ ਸਵੇਰ ਦੇ ਪੰਜ ਵਜੇ ਇਕੱਲੇ ਗੁਰਦੁਆਰੇ ਜਾਣਗੇ ਹੁਣ ਇਹ? ਪਰ ਸੋਚਦੀ ਹਾਂ ਕਿ ਇਹ ਕਿਹੜੀ ਅਚੰਭੇ ਵਾਲੀ ਗੱਲ ਹੈ ਪਾਪਾ ਕਦੇ ਹਾਰਨ ਵਾਲੇ ਹੈ ਈ ਨਹੀਂ। ਨੈਨਾ ਉੱਠ ਕੇ ਗੇਟ ਬੰਦ ਕਰਨ ਚਲੀ ਗਈ । ਮੈਨੂੰ ਨੀਂਦ ਨੇ ਦਬੋਚ ਲਿਆ । ਜਦੋਂ ਨੀਂਦ ਖੁੱਲੀ ਤਾਂ ਪਾਪਾ ਵਾਪਸ ਆ ਗਏ ਸਨ । ਉਨ੍ਹਾਂ ਦੇ ਹੱਥ ਵਿਚ ਪ੍ਰਸ਼ਾਦ ਸੀ ਉਹਨਾਂ ਥੋੜਾ ਥੋੜਾ ਸਾਰਿਆਂ ਨੂੰ ਵੰਡ ਦਿੱਤਾ। ਹੰਸੂੰ ਹੰਸੂੰ ਕਰਦਾ ਚਿਹਰਾ! “ਲਿਆਉ ਬਈ ਬਰੇਕਫਾਸਟ !”
“ਆ ਜਾ ਜੀਤ ਤੂੰ ਵੀ ਮੇਰੇ ਕੋਲ…ਰੋਟੀ ਖਾਈਏ !” br>““ਬੱਸ ਮੂੰਹ ਹੱਥ ਧੋ ਕੇ ਆਈ ਜੀ”
ਮੈਂ ਤੇ ਪਾਪਾ ਨੇ ਦਹੀਂ ਤੇ ਮੱਖਣ ਨਾਲ ਆਲੂ ਵਾਲੀਆਂ ਪਰੌਂਠੀਆਂ ਖਾਧੀਆਂ ਬਾਅਦ ਵਿਚ ਪਾਪਾ ਟੀ ਵੀ ਔਨ ਕਰਕੇ ਉਸ ਵਿਚ ਖੁੱਭ ਗਏ।br>
ਬੱਚੇ ਉਠ ਖੜੇ ਹੋਏ ਮੈਂ ਬਾਹਰ ਆ ਕੇ ਆਪਣੀ ਭਾਬੀ ਨੂੰ ਆਖਦੀ ਹਾਂ ਕਿ ਬੱਚਿਆਂ ਨੂੰ ਕਹੋ ਕਿ ਪਾਪਾ ਜੀ ਨੂੰ ਕਾਰ ‘ਤੇ ਗੁਰਦੁਆਰੇ ਲੈ ਜਾਇਆ ਕਰਨ। ਨੈਨਾ ਵਿਚੋਂ ਹੀ ਬੋਲ ਪਈ, “ਲੈ ਉਹ ਜਾਂਦੇ ਆ ਕਾਰ ‘ਤੇ! ਉਹ ਤਾਂ ਕਹਿੰਦੇ ਨੇ ਘਰੇ ਬੈਠਾ ਬੈਠਾ ਤਾਂ ਮੈਂ ਰਹਿ ਜਾਵਾਂਗਾ। ਤੁਰਾਂਗਾ ਤਾਂ ਤੁਰਦਾ ਰਹਾਂਗਾ... !”
‘ਸੱਚਮੁਚ ਲੋਹ-ਪੁਰਸ਼ ਨੇ ਮੇਰੇ ਪਾਪਾ’! ਉਨ੍ਹਾਂ ਨੂੰ ਜੀਊਣਾ ਆਉਂਦੈ! ਮੈਂਨੂੰ ਆਪਣੇ ਪਾਪਾ ਤੇ ਰਸ਼ਕ ਆਉਂਦੈ! ਪਾਪਾ ਆਪਣੇ ਘਰ ਦੀ ਵਧੱਦੀ ਵੇਲ ਨੂੰ ਵੇਖ ਕੇ ਖੁਸ਼ ਹਨ !
ਇਇਕ ਦਿਨ ਅਸੀਂ ਵਿਹੜੇ ਵਿਚ ਬੈਠੇ ਗੱਲਾਂ ਕਰ ਰਹੇ ਸਾਂ ਕਿ ਪਾਪਾ ਦੇ ਕਮਰੇ ‘ਚੋਂ ਤਾੜੀਆਂ ਵੱਜਣ ਦੀ ਆਵਾਜ ਆਈ । ਮੈਂ ਤ੍ਰਭੱਕ ਕੇ ਉੱਧਰ ਨੂੰ ਵੇਖਿਆ, ਮੇਰੇ ਭਤੀਜੇ ਕਰਨ ਨੇ ਮੈਨੂੰ ਦੱਸਿਆ, “ਭੂਆ ਜੀ ਦਾਦਾ ਜੀ ਕ੍ਰਿਕਟ ਦਾ ਮੈਚ ਵੇਖ ਰਹੇ ਨੇ... ਜਦੋਂ ਵੀ ਉਂਨ੍ਹਾਂ ਦੇ ਪਾਸੇ ਵਾਲੀ ਟੀਮ ਛੱਕਾ ਮਾਰਦੀ ਐੈ ... ਉਦੋਂ ਦਾਦਾ ਜੀ ਉਨ੍ਹਾਂ ਨੂੰ ਇਵੇਂ ਹੀ ‘ਬਕ ਅੱਪ’ ਕਰਦੇ ਹੁੰਦੇ ਆ”…ਅਸੀਂ ਸਾਰੇ ਹੱਸਣ ਲੱਗੇ। ਮੈੱਚ ਖਤਮ ਹੋਇਆ ਤੇ ਉਹ ਟੀ ਵੀ ਬੰਦ ਕਰਕੇ ਘੂਕ ਸੌਂ ਗਏ। ਮੈਂ ਵੇਖਿਆ ਕਿ ਰੌਸ਼ਨਦਾਨ ਵਿਚੋਂ ਛਣ ਕੇ ਆਉਂਦੀ ਧੁੱਪ ਪਾਪਾ ਦੇ ਬੈੱਡ ‘ਤੇ ਪੈ ਰਹੀ ਸੀ ਅਤੇ ਪਾਪਾ ਦਾ ਚਿਹਰਾ ਤਪੇ ਹੋਏ ਲੋਹੇ ਜਿਹੀ ਭਾਅ ਮਾਰ ਰਿਹਾ ਸੀ!
ਇਨ੍ਹਾਂ ਦਿਨਾਂ ਵਿਚ ਪਾਪਾ ਦੀ ਬੇਬਸੀ ਨੂੰ ਵੇਖ ਕੇ ਕਈ ਵਾਰ ਖੁਸ਼ ਹੋਈ ਅਤੇ ਕਈ ਵਾਰੀ ਰੋਈ। ਪਤਾ ਹੀ ਨਾ ਲੱਗਿਆ ਦੋ ਹਫ਼ਤੇ ਕਿਵੇਂ ਬੀਤ ਗਏ। ਜਾਣ ਦਾ ਦਿਨ ਵੀ ਆ ਗਿਆ! ਅੱਜ ਮੈਂ ਫਿਰ ਬਹੁਤ ਉਦਾਸ ਸਾਂ। ਟੈਕਸੀ ਆ ਗਈ ਤੇ ਭਤੀਜਿਆਂ ਨੇ ਮੇਰੇ ਅਟੈਚੀ ਕੇਸ ਬਾਹਰ ਲਿਜਾਣੇ ਸ਼ੁਰੂ ਕਰ ਦਿੱਤੇ। ਕਾਰ ਵਿਚ ਬੈਠਦਿਆਂ ਪਾਪਾ ਨੂੰ ਮਿਲਦਿਆਂ ਮੇਰੀਆਂ ਢਾਹਾਂ ਨਿੱਕਲ ਗਈਆਂ, “ਪਾਪਾ ਆਪਣਾ ਖਿਆਲ ਰੱਖਿਆ ਕਰੋ! ਹੁਣ ਥੋੜਾ ਲੇਟ ਉਠ ਜਾਇਆ ਕਰੋ ਤੇ ਗੁਰਦੁਆਰੇ…” , ਗੱਲ ਅਜੇ ਮੇਰੇ ਮੂੰਹ ਵਿਚ ਹੀ ਹੈ ਤੇ ਪਾਪਾ ਸਿਰ ‘ਤੇ ਪਿਆਰ ਦਿੰਦਿਆਂ ਆਖਿਆ, “ਮੇਰਾ ਇੰਨਾ ਫ਼ਿਕਰ ਨਾ ਕਰਿਆ ਕਰ ਪੁੱਤ ਤੂੰ! ਅਜੇ ਕੁਛ ਨਹੀਂ ਹੁੰਦਾ ਮੈਨੂੰ! ਤੇਰਾ ਪਾਪਾ ਕਿਤੇ ਐਨਾ ਕਮਜ਼ੋਰ ਐ! ਦੇਖ…ਹੁਣ ਤਾਂ ਮੇਰੀ ਦਾੜ੍ਹੀ ਦੇ ਵਾਲ ਵੀ ਥੋੜੇ ਥੋੜੇ ਕਾਲੇ ਹੋਣੇ ਸ਼ੁਰੂ ਹੋ ਗਏ ਨੇ ਖੁਸ਼ ਖੁਸ਼ ਜਾਹ ਆਪਣੇ ਘਰ…ਅਗਲੇ ਵਾਰ ਆਏਂਗੀ ਤਾਂ ਸ਼ਾਇਦ ਦੰਦ ਵੀ ਦੁਬਾਰਾ ਨਿੱਕਲ ਆਉਣ…!”
ਗੱਡੀ ਤੁਰ ਪਈ ਤੇ ਰੋਂਦਿਆਂ ਰੋਂਦਿਆਂ ਮੈਂ ਮੁਸਕਰਾਉਣ ਲੱਗੀ…!
Add a review