ਸਰਦਾਰ ਫੇਰਾ ਸਿੰਘ ਫੌਜ ਵਿੱਚੋਂ ਹੌਲਦਾਰ ਦੇ ਅਹੁਦੇ ਤੋਂ ਪੈਨਸ਼ਨ ਆ ਕੇ ਹੁਣ ਆਪਣੇ ਪਿੰਡ ਵਿੱਚ ਹੀ ਰਹਿ ਰਹਾ ਸੀ ਜੋ ਆਪਣੇ ਚੰਗੇ ਗੁਣਾਂ ਤੇ ਸਾਫ ਸੁੱਥਰੀ ਰਹਿਣੀ ਬਹਿਣੀ ਅਤੇ ਮਿਲਣ ਸਾਰ ਸੁਭਾ ਕਰਕੇ ਉਹ ਪਿੰਡ ਦੇ ਗਿਣੇ ਮਿਥੇ ਬੰਦਿਆਂ ਵਿੱਚ ਜਾਣਿਆ ਜਾਂਦਾ ਸੀ। ਸਾਬਕਾ ਫੌਜੀ ਹੋਣ ਕਰਕੇ ਉਸ ਦੀਆਂ ਆਦਤਾਂ ਪਿੰਡ ਦੇ ਆਮ ਲੋਕਾਂ ਨਾਲੋਂ ਬਹੁਤ ਨਵੇਕਲੀਆਂ ਸਨ।
ਉੱਚਾ ਲੰਮਾ ਛਾਂਟਵਾਂ ਸਰੀਰ, ਕਨਕ ਵੰਨਾ ਰੰਗ ਗੁੱਛੀ ਕੀਤੀ ਭਰਵੀ ਦਾੜ੍ਹੀ, ਸਿਰ ਦੇ ਚਿਣ ਕੇ ਬੱਧੀ ਚਿੱਟੀ ਪੱਗ, ਚਿੱਟਾ ਖੱਦਰ ਦਾ ਕੁਰਤਾ, ਮੌਸਮ ਅਨੁਸਾਰ ਗਰਮ ਜਾਂ ਠੰਡੀ ਫਤੂਈ, ਸਰਦੀਆਂ ਦੇ ਮੌਸਮ ਵਿੱਚ ਗਲ਼ ਡਾਂਗਰੀ (ਫੌਜੀਆਂ ਵਾਲਾ ਗਰਮ ਓਵਰ ਕੋਟ) ਤੇੜ ਚਾਦਰਾ, ਪੈਰੀਂ ਸਾਫ ਚਮਕਦੀ ਦੇਸੀ ਜੁੱਤੀ, ਹੱਥ ਵਿਚ ਚੰਗੀ ਨਿੱਗਰ ਜਿਹੀ ਮੋਢਿਆਂ ਤੀਕਰ ਲੰਮੀ ਸੰਮਾਂ ਵਾਲੀ ਡਾਂਗ, ਅਤੇ ਹਮੇਸ਼ਾਂ ਸਾਫ ਸੁਥਰਾ ਪਹਿਰਾਵਾ,ਇਹ ਉਸ ਦੀ ਪੱਕੀ ਪਛਾਣ ਸੀ।
ਉੱਸ ਵਿੱਚ ਇੱਕ ਹੋਰ ਵੱਖਰੀ ਗੱਲ ਇਹ ਵੀ ਕੇ ਉਸ ਦੇ ਬੋਲਾਂ ਵਿੱਚ ਫੌਜੀਆਂ ਵਾਲੇ ਖਰ੍ਹਵੇ ਹੁਕਮਰਾਨਾ ਸੁਭਾ ਦੀ ਥਾਂ ਠਰੰਮਾ ਸੀ, ਹਰ ਗੱਲ ਬੋਲ ਤੋਲ ਕੇ ਬੜੇ ਸਲੀਕੇ ਨਾਲ ਜ਼ੁਬਾਨ ਚੋਂ ਕੱਢਦਾ ਜੋ ਸੁਣਨ ਵਾਲੇ ਤੇ ਆਪਣਾ ਅਸਰ ਝਟ ਹੀ ਆਪਣਾ ਛੱਡ ਜਾਂਦੀ।
ਦੇਸ਼ ਦੀ ਵੰਡ ਤੋਂ ਬਾਅਦ ਜਿਸ ਘਰ ਵਿੱਚ ਉਹ ਆ ਕੇ ਟਿੱਕਿਆ ਉਸ ਦੇ ਖੁਲ੍ਹੇ ਡੁਲ੍ਹੇ ਵੇਹੜੇ ਦੇ ਐਨ ਵਿਚਕਾਰ ਇਕ ਸੰਘਣਾ ਫਲਾਹੀ ਦਾ ਰੁੱਖ ਵੀ ਸੀ। ਇਸੇ ਰੁੱਖ ਕਰਕੇ ਇਹ ਘਰ ਫਲਾਹੀ ਵਾਲਾ ਘਰ ਕਰਕੇ ਜਾਣਿਆ ਜਾਂਦਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਉਸ ਦੇ ਘਰ ਵਿੱਚ ਇੱਕ ਦੇਸੀ ਅੰਬ ਦਾ ਵੱਡਾ ਸੰਘਣਾ ਬੂਟਾ ਹੋਣ ਕਰਕੇ ਇਹ ਘਰ ‘ਅੰਬ ਵਾਲਿਆਂ ਦਾ ਘਰ’ ਕਰਕੇ ਜਾਣਿਆ ਜਾਂਦਾ ਸੀ। ਘਰ ਦੀ ਛੱਤ ਅਤੇ ਗਲੀ ਵਿੱਚ ਇਸ ਰੁਖ ਦੀ ਨਿਰੀ ਛਾਂ ਹੀ ਨਹੀ ਸਗੋਂ ਕੱਚੇ ਪੱਕੇ ਫਲ਼ ਵੀ ਡਿਗਦੇ ਰਿਹਾ ਕਰਦੇ ਸਨ। ਉਦੋਂ ਪਿੰਡਾਂ ਵਿੱਚ ਅਜੇ ਕਿਧਰੇ ਬਿਜਲੀ ਦਾ ਨਾਮ ਨਿਸ਼ਾਨ ਵੀ ਨਹੀਂ ਸੀ। ਗਰਮੀਆਂ ਦੀ ਰੁੱਤੇ ਅੰਬ ਦੇ ਬੂਟੇ ਦੀ ਛਾਂਵੇਂ ਦਪਹਿਰ ਕੱਟੀ ਜਾਂਦੀ ਸੀ। ਸਿਆਲ ਦੀ ਰੁੱਤੇ ਧੁੱਪੇ ਬੈਠਣ ਲਈ ਨਾਲ ਹੀ ਹਵੇਲੀ ਵਿੱਚ ਕੋਸੀ ਕੋਸੀ ਧੁੱਪ ਦਾ ਨਿੱਘ ਸੌਖਾ ਹੀ ਮਾਣਿਆ ਜਾਂਦਾ ਸੀ।
ਕਈ ਲੋਕ ਜਦੋਂ ਉਸ ਨੂੰ ਕਹਿੰਦੇ , ਹੌਲਦਾਰਾ ਵੇਹੜੇ ਚੋਂ ਪਰ੍ਹਾਂ ਵੱਢ ਇਸ ਫਲਾਹੀ ਦੇ ਰੁੱਖ ਨੂੰ ਐਵੇਂ ਸਾਰਾ ਦਿਨ ਕੰਡੇ ਖਿਲਰਦੇ ਰਹਿੰਦੇ ਹਨ ਤੇ ਬਗਲੇ ਆਲ੍ਹਣੇ ਬਣਾ ਕੇ ਬਿੱਠਾਂ ਕਰਦੇ ਕੜਾਂ ਕੜਾਂ ਕਰਦੇ ਰਹਿੰਦੇ ਹਨ। ਪਰ ਉਹ ਕਹਿੰਦਾ ਰਹਿਣ ਦਿਓ ਰੁੱਖ ਵੱਢਣੇ ਤਾਂ ਸੌਖੇ ਹਨ ਪਰ ਲਾਉਣੇ ਅਤੇ ਪਾਲ ਕੇ ਵੱਡੇ ਕਰਨੇ ਬੜੇ ਔਖੇ ਹੁੰਦੇ ਹਨ। ਤਾਂ ਕੀ ਹੋਇਆ ਕੰਡੇ ਦਿੰਦੇ ਹਨ ਪਰ ਛਾਂ ਵੀ ਤਾਂ ਮੁਫਤੋ ਮੁਫਤ ਸਭਨਾਂ ਨੂੰ ਦਿੰਦੇ ਹਨ, ਨਾਲੇ ਅਸੀਂ ਕਿਹੜਾ ਇਸ ਨੂੰ ਕਦੀ ਪਾਣੀ ਪਾਇਆ ਹੈ।ਉਹ ਕਹਿੰਦਾ ਸਾਡੇ ਪਿਛਲੇ ਪਿੰਡ ਦੇ ਘਰ ਵਾਲੇ ਅੰਬ ਦਾ ਰੁੱਖ ਜੋ ਅਸਾਂ ਪਾਣੀ ਪਾ ਪਾ ਕੇ ਪੁੱਤਰਾਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ ਸੀ ਉਸ ਤੇ ਵੰਨ ਸੁਵੰਨੇ ਪੰਛੀ ਜਦੋਂ ਕਲੋਲਾਂ ਕਰਦੇ ਅੰਬੀਆਂ ਟੁੱਕ ਕੇ ਹੇਠਾ ਸੁਟਦੇ ਸਨ ਮੈਂ ਤਾਂ ਕਦੀ ਉਨ੍ਹਾਂ ਨੂੰ ਵੀ ਉਡਾਇਆ ਨਹੀਂ ਸੀ।
ਇਸ ਫਲਾਹੀ ਦੇ ਰੁਖ ਦੀ ਛਾਂਵੇਂ ਘਰ ਬਣਾ ਕੇ ਰਹਿੰਦੇ ਕੁਦਰਤ ਦੇ ਇਨ੍ਹਾਂ ਸੁੰਦਰ ਤੇ ਆਜ਼ਾਦ ਪੰਛੀਆਂ ਨੂੰ ਰੋਕਣ ਵਾਲੇ ਅਸੀਂ ਕੌਣ ਹੁੰਦੇ ਹਾਂ। ਲੋਕ ਉਸ ਦੀ ਇਹ ਸਿਆਣੀ ਕਹੀ ਗੱਲ ਸੁਣ ਕੇ ਸੁਣਕੇ ਨਿਰਉੱਤਰ ਜਿਹੇ ਜਾਂਦੇ ਸਨ। ਉਹ ਆਮ ਕਿਹਾ ਕਰਦਾ ਸੀ ਰੁੱਖ ਤੇ ਕੁੱਖ ਵੱਢਣ ਲਈ ਬੰਦੇ ਨੂੰ ਇਕ ਵਾਰ ਨਹੀਂ ਸੌ ਵਾਰ ਸੋਚਨਾ ਚਾਹੀਦਾ ਹੈ। ਉਸ ਦੇ ਖੇਤਾਂ ਦੇ ਬੰਨੇ ਚੰਨੇ ਜਾਂ ਕਮਾਦ ਦੀ ਫਸਲ ਵਿੱਚ ਵੀ ਜੇ ਕੋਈ ਰੁੱਖ ਉੱਗ ਪੈਂਦਾ ਤਾਂ ਉਹ ਵਢਣ ਦੀ ਬਜਾਏ ਉਸ ਦਾ ਸਗੋਂ ਮੌਸਮ ਅਨੁਸਾਰ ਉਸ ਨੂੰ ਕਿਸੇ ਹੋਰ ਥਾਂ ਲਾਉਣ ਦਾ ਯਤਨ ਵੀ ਕਰਦਾ ਰਹਿੰਦਾ ਸੀ। ਉਹ ਕਿਹਾ ਕਰਦਾ ਸੀ ਜੋ ਜਿਮੀਂਦਾਰ ਹੋ ਕੇ ਸਿਵਾਏ ਲੂਣ ਮਸਾਲਾ ਜਾਂ ਸਾਬਣ ਸੋਢੇ ਦੇ ਘਰ ਦੀਆਂ ਚੀਜ਼ਾਂ ਵਸਤਾਂ ਹੱਟੀ ਲੈਣ ਜਾਏ, ਤਾਂ ਉਹ ਵੀ ਭਲਾ ਕਾਹਦਾ ਜ਼ਿਮੀਦਾਰ ਹੋਇਆ। ਉਸ ਦੇ ਖੇਤਾਂ ਵਿਚ ਕਨਕ ਜੌਂ, ਛੋਲੇ ਜੌਂ ਮਸਰ, ਸਰ੍ਹੋਂ ਅਲਸੀ ਬਾਜਰਾ ਚਰ੍ਹੀ, ਮੱਕੀ ਕਮਾਦ ਆਮ ਹੁੰਦੇ। ਝੋਨੇ ਦੀ ਫਸਲ ਕਿਤੇ ਬਹੁਤ ਸਮੇਂ ਪਿੱਛੌਂ ਬੀਜੀ ਜਾਣ ਲੱਗੀ। ਉਹ ਕਿਹਾ ਕਰਦਾ ਸੀ ਦੇਸੀ ਖਾਦ ਤਾਂ ਕੀ ਫਸਲਾਂ ਲਈ ਤਾਂ ਪਸੂਆਂ ਦਾ ਪੇਸ਼ਾਬ ਹੀ ਮਾਣ ਨਹੀਂ।
ਉਸ ਦੀ ਸ਼ਾਦੀ ਤੋਂ ਥੋੜ੍ਹਾ ਸਮੇਂ ਪਿੱਛੋਂ ਉਸ ਦੀ ਜੀਵਣ ਸਾਥਣ ਇੱਕ ਧੀ ਨੂੰ ਹੀ ਜਨਮ ਦੇ ਕੇ ਉਸ ਦਾ ਸਾਥ ਛੱਡ ਗਈ ਸੀ। ਪਰ ਉਸ ਨੇ ਦੂਜਾ ਵਿਆਹ ਨਹੀਂ ਕੀਤਾ ਉਹ ਕਿਹਾ ਕਰਦਾ ਸੀ ਜੋ ਕੁੱਝ ਮਾਲਕ ਨੇ ਦੇਣਾ ਸੀ, ਦੇ ਦਿੱਤਾ ਹੁਣ ਉਸ ਦੇ ਸਬਰ ਸ਼ੁਕਰ ਵਿੱਚ ਰਹਿਣਾ ਹੀ ਚੰਗਾ ਹੈ। ਧੀ ਜੁਆਨ ਹੋਣ ਤੇ ਉਸ ਲਈ ਇਕ ਯੋਗ ਵਰ ਘਰ ਲੱਭ ਕੇ ਜਿਸ ਦਾ ਸਬੰਧ ਫੌਜ ਦੇ ਕਿਸੇ ਵੱਡੇ ਘਰਾਨੇ ਨਾਲ ਸੀ ਵਿਆਹ ਕੇ ਆਪਣੇ ਸਹੁਰੇ ਘਰ ਭੇਜ ਦਿੱਤਾ।
ਉਸ ਦਾ ਇਕ ਛੋਟਾ ਭਰਾ ਸੀ ਜੋ ਬੜਾ ਸਿਧਾ ਸਾਦਾ ਪਰ ਬੜਾ ਮਿਹਣਤੀ ਸੁਭਾਅ ਦਾ ਬੰਦਾ ਸੀ। ਉਸ ਨੇ ਆਪਣਾ ਦੂਜਾ ਵਿਆਹ ਕਰਾਉਣ ਦੀ ਬਜਾਏ ਉਸ ਦਾ ਵਿਆਹ ਕਰ ਦਿੱਤਾ। ਜੋ ਬਾਅਦ ਵਿੱਚ ਚੰਗੀ ਨੇਕ ਅਤੇ ਮਿਹਣਤੀ ਔਲਾਦ ਵਾਲਾ ਹੋਇਆ । ਇਹ ਸਬਰ ਸੰਤੋਖ ਵਾਲਾ ਬੰਦਾ ਉਸ ਦੀ ਔਲਾਦ ਨੂੰ ਹੀ ਆਪਣੀ ਔਲਾਦ ਸਮਝਦਾ ਸੀ।ਬਹੁਤ ਉੱਚੇ ਆਚਰਣ ਦਾ ਮਾਲਕ ਸੀ ਹੌਲਦਾਰ ਫੇਰਾ ਸਿੰਘ ਆਪਣੇ ਛੋਟੇ ਭਰਾ ਦੀ ਘਰ ਵਾਲੀ ਭਾਂਵੇਂ ਉਹ ਬੜੀ ਉਜੱਡ ਤੇ ਅਨਪੜ੍ਹ ਜਨਾਨੀ ਸੀ,ਪਰ ਉਸ ਨੇ ਉਸ ਵੱਲ ਕਦੇ ਮੈਲੀ ਅੱਖ ਕਰਕੇ ਕਦੇ ਨਹੀਂ ਵੇਖਿਆ ਸੀ।
ਉਦੋਂ ਰੇਡੈਓ ਟੈਲੀਵੀਜ਼ਨਾਂ ਦਾ ਜ਼ਮਾਨਾ ਅਜੇ ਨਹੀਂ ਆਇਆ ਸੀ ਉਸ ਦੇ ਖੁਲ੍ਹੇ ਘਰ ਦੇ ਗਲੀ ਵਾਲੇ ਪਾਸੇ ਇਕ ਕੁਟੀਆ ਨੁਮਾ ਕਮਰਾ ਸੀ ਜਿਸ ਵਿੱਚ ਪਿੰਡ ਦੇ ਚਾਰ ਪੰਜ ਬੰਦੇ ਜਿਨ੍ਹਾਂ ਵਿੱਚ ਉਸੇ ਪਿੰਡ ਦਾ ਲਾਲਾ ਹੰਸ ਰਾਜ ਸੇਵਾ ਮੁਕਤ ਨਹਿਰੀ ਪਟਵਾਰੀ, ਭਗਤ ਸਿੰਘ ਹੌਲਦਾਰ , ਨਰੈਣ ਸਿੰਘ ਬਸਾਂ ਦਾ ਡਰਾਈਵਰ ਅਤੇ ਕਈ ਹੋਰ ਬੰਦੇ ਦੇਰ ਗਈ ਰਾਤ ਤੱਕ ਉਸ ਪਾਸ ਬੈਠੇ ਇਧਰ ਉਧਰ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ।ਸਿਆਲ ਦੀ ਰੁੱਤੇ ਸਾਰਿਆਂ ਲਈ ਚਾਹ ਦਾ ਗੜਵਾ ਤੇ ਅਲਸੀ ਦੀਆਂ ਬਣੀਆਂ ਪਿੰਨੀਆਂ ਉਸ ਦੇ ਘਰੋਂ ਆ ਜਾਂਦੀਆਂ।ਸਾਰੇ ਇਕੱਠੇ ਇਸੇ ਥਾਂ ਬੈਠ ਕੇ ਗੱਲਾਂ ਬਾਤਾਂ ਕਰਦੇ ਵਾਹਵਾ ਸਮਾ ਟਪਾਂਦੇ ਰਹਿੰਦੇ ।
ਇੱਕ ਵਾਰ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਜਿਸ ਬੈਠਕ ਵਿੱਚ ਤੁਸੀਂ ਸਾਰੇ ਐਵੈਂ ਵੇਹਲੇ ਬਠੇ ਗੱਲਾਂ ਮਾਰਦੇ ਰਹਿੰਦੇ ਹੋ ਇਸ ਨੂੰ ਇਸ ਪਿੰਡ ਦੇ ਪਟਵਾਰੀ ਨੂੰ ਦਫਤਰ ਲਈ ਦੇ ਦਿਓ ਪਰ ਉਹ ਕਹਿਣ ਲੱਗਾ ਨਾ ਭਈ ਇਹ ਕੰਮ ਮੈਨੂੰ ਨਹੀਂ ਵਾਰਾ ਖਾਂਦਾ, ਉਸ ਨੂੰ ਕੋਈ ਹੋਰ ਥਾਂ ਲੱਭ ਦਿਓ।ਮੈਥੋਂ ਇਹ ਦਲਾਲੀਆਂ ਤੇ ਕੁੱਕੜ ਬੋਤਲਾਂ ਵਾਲਾ ਕੰਮ ਨਹੀਂ ਹੁੰਦਾ ,ਤੁਸੀਂ ਐਵੈਂ ਸਾਡੇ ਰੰਗ ਵਿੱਚ ਭੰਗ ਨਾ ਪਾਓ।
ਹੌਲਦਾਰ ਬੜਾ ਹੀ ਪ੍ਰਹੇਜ਼ੀ ਬੰਦਾ ਸੀ ਉਹ ਕਿਹਾ ਕਰਦਾ ਸੀ ਦੋ ਰੋਟੀਆਂ ਤੇ ਦਾਲ ਸਬਜ਼ੀ ਤੋਂ ਬਿਨਾਂ ਤੀਜੀ ਰੋਟੀ ਭਾਂਵੇਂ ਸੋਨੇ ਦੀ ਵੀ ਕਿਉਂ ਹੋਵੇ ਮੈਂ ਨਹੀਂ ਖਾਂਦਾ।ਸ਼ਾਮ ਅਤੇ ਸਵੇਰ ਦੀ ਸੈਰ ਉਹ ਆਪਣੇ ਖੇਤਾਂ ਵੱਲ ਫੇਰਾ ਮਾਰਣ ਦੀ ਉਹ ਕਦੇ ਨਹੀਂ ਸੀ ਖੁੰਝਾਉਂਦਾ।
ਹਲ ਦੀ ਜੰਘੀ ਭਾਂਵੇ ਉਸ ਨੂੰ ਉਸ ਦੇ ਭਰਾ ਤੇ ਭਤੀਜਿਆਂ ਨੇ ਫੜਨ ਨਹੀਂ ਸੀ ਦਿੱਤੀ, ਪੱਠੇ ਦੱਥੇ ਦਾ ਕੰਮ ਵੀ ਉਸ ਦੇ ਭਤੀਜੇ ਹੀ ਕਰ ਲਿਆ ਕਰਦੇ ਸਨ। ਪਰ ਉਹ ਕਿਸਾਨੀ ਦੇ ਕੰਮ ਦੀ ਹਰ ਪੱਖੋਂ ਵਧੀਆ ਜਾਣਕਾਰੀ ਰੱਖਦਾ ਸੀ, ਫਸਲਾਂ ਦੀ ਖਾਸ ਕਰ ਕਮਾਦ ਦੀ ਰਾਖੀ ਉਸ ਨੇ ਆਪਣੇ ਜ਼ਿੰਮੇ ਲਈ ਹੋਈ ਸੀ। ਬਹੁਤੇ ਲੋਕ ਉਸ ਦੀ ਖੜਕਵੀਂ ਅਵਾਜ਼ ਤੋਂ ਹੀ ਚੋਰੀ ਕਰਨ ਤੋਂ ਡਰਦੇ ਅੱਗੇ ਲੰਘ ਜਾਂਦੇ ਸਨ।ਕਈ ਵਾਰ ਉਹ ਕੋਲੋ ਲੰਘਦਿਆਂ ਬਾਲਾਂ ਨੂੰ ਆਪ ਹੀ ਕਹਿੰਦਾ ਬੱਚਿਓ ਜੇ ਕਿਸੇ ਦਾ ਗੰਨਾ ਮੱਟੀ ਚੂਪਣ ਨੂੰ ਮਨ ਕਰਦਾ ਹੈ ਤਾਂ ਪੁੱਛ ਕੇ ਲੈ ਲਿਆ ਕਰੋ ਚੋਰੀ ਕਰਨ ਦੀ ਲੋੜ ਨਹੀਂ।ਇਸੇ ਕਰਕੇ ਉਸ ਦੇ ਕਮਾਦ ਦੀ ਚੋਰੀ ਲੋਕ ਬਹੁਤ ਘੱਟ ਕਰਦੇ ਸਨ।
ਸਾਡੇ ਨਾਲ ਉਸ ਦੀ ਨੇੜਲੀ ਰਿਸ਼ਤੇ ਦਾਰੀ ਹੋਣ ਕਰਕੇ ਜਦੋਂ ਕਿਤੇ ਸਾਡੇ ਘਰ ਫੇਰਾ ਮਾਰਦਾ ਤਾਂ ਖਾਲੀ ਹੱਥ ਕਦੇ ਨਾ ਆਉਂਦਾ ਕਦੇ ਗੰਨੇ ਕਦੇ, ਛੱਲੀਆਂ, ਹਦਵਾਣੇ, ਖਰਬੂਜ਼ੇ, ਕਦੇ ਗੁੜ ਦੀਆਂ ਰੋੜੀਆਂ ਜ਼ਰੂਰ ਉਹ ਆਪਣੀ ਭੈਣ ਦਾ ਘਰ ਜਾਣ ਕੇ ਜ਼ਰੂਰ ਲੈ ਕੇ ਆਉਂਦਾ।
ਥੋੜ੍ਹੀ ਜਿਹੀ ਬੀਮਾਰੀ ਨਾਲ ਲੰਮੀ ਉਮਰ ਭੋਗ ਕੇ ਜਦੋਂ ਉਹ ਇਸ ਦੁਨੀਆਂ ਤੋਂ ਗਿਆ ਤਾਂ ਆਪਣੀ ਸਾਰੀ ਹਿੱਸੇ ਆਉਂਦੀ ਜ਼ਮੀਨ ਆਪਣੇ ਭਤੀਜਿਆਂ ਨੂੰ ਦੇ ਗਿਆ। ਉਨ੍ਹਾਂ ਨੇ ਉਸ ਦੇ ਹਿੱਸੇ ਵਾਲੀ ਜ਼ਮੀਨ ਵਿੱਚ ਉਸ ਦੀ ਯਾਦ ਵਜੋਂ ਉਸ ਦੇ ਹੱਥੀਂ ਲਾਏ ਸ਼ਰੀਂਹ ਦੇ ਰੁੱਖ ਹੇਠਾਂ ਇਕ ਸਮਾਧ ਜਿਸ ਹੌਲਦਾਰ ਫੇਰਾ ਸਿੰਘ ਲਿਖਵਾ ਕੇ ਬਣਾ ਦਿੱਤੀ।
ਸਮੇਂ ਦੇ ਗੇੜ ਅਨੁਸਾਰ ਸਾਰਾ ਪ੍ਰਿਵਾਰ ਹੌਲੀ ਹੌਲੀ ਸਭ ਕੁਝ ਵੇਚ ਵੱਟ ਕੇ ਹੌਲੀ ਹੌਲੀ ਦੇਸ਼ ਵਿਦੇਸ਼ ਵਿੱਚ ਚਲਿਆ ਗਿਆ। ਹੁਣ ਸਮਾਧ ਵਾਲੀ ਥਾਂ ਸਮੇਤ ਕਿਸੇ ਨੇ ਖ੍ਰੀਦ ਕੇ ਹੌਲਦਾਰ ਦੀ ਇਸ ਪੁਰਾਣੀ ਯਾਦ ਦਾ ਖੁਰਾ ਖੋਜ ਤੱਕ ਮਿਟਾ ਛੱਡਿਆ ਹੈ । ਘਰ ਦਾ ਫਲਾਹੀ ਦਾ ਰੁੱਖ ਸਮਾਧ ਵਾਲੇ ਸ਼ਰੀਂਹ ਰੁੱਖ ਹੁਣ ਚਿਰੋਕਣੇ ਕੁਹਾੜੇ ਦੀ ਮਾਰ ਹੇਠ ਆ ਕੇ ਖਤਮ ਹੋ ਚੁੱਕੇ ਹਨ। ਹੁਣ ਉਸ ਪੁਰਾਣੇ ਫਲਾਹੀ ਵਾਲੇ ਘਰ ਦੀ ਥਾਂ ਦੋ ਦੋ ਮੰਜ਼ਲੀ ਕੋਠੀਆਂ ਨੇ ਲੈ ਲਈ ਹੈ।ਪਰ ਰੁੱਖਾਂ ਦੀ ਘਾਟ ਹੁਣ ਸਾਰੇ ਪ੍ਰਤੱਖ ਨਜ਼ਰ ਆਉਂਦੀ ਹੈ।
ਇਸੇ ਤਰ੍ਹਾਂ ਹੀ ਉਨ੍ਹਾਂ ਖੇਤਾਂ ਵਿੱਚ ਹੁਣ ਕਨਕ, ਝੋਨਾ ਤੇ ਕਿਤੇ ਕਿਤੇ ਕਮਾਦ ਦੀ ਫਸਲ ਹੀ ਨਜ਼ਰ ਆਉਂਦੀ ਹੈ। ਖੇਤਾਂ ਦੇ ਬੰਨੇ ਚੰਨੇ ਟਾਹਲੀ, ਕਿੱਕਰਾਂ, ਤੂਤਾਂ, ਸ਼ਰੀਹਾਂ, ਦੀ ਥਾਂ ਹੁਣ ਹੋਰ ਕਈ ਪਹਿਲੀ ਕਿਸਮ ਦੇ ਰੁੱਖਾਂ ਦੀ ਥਾਂ ਹੁਣ ਵਿਦੇਸ਼ੀ ਕਿਸਮ ਦੇ ਸਫੇਦੇ ਤੇ ਪਾਪੂਲਰ ਦੇ ਪੰਜੀਂ ਸਾਲੀਂ ਵੱਢੇ ਜਾਕੇ ਆਮਦਨ ਦੇਣ ਵਾਲੇ ਰੁੱਖਾਂ ਨੇ ਲੈ ਲਈ ਹੈ।
ਪਰ ਹੌਲਦਾਰ ਫੇਰਾ ਸਿੰਘ ਵਰਗਾ ਨੇਕ ਦਿਲ ਅਤੇ ਕੁਦਰਤ ਦਾ ਚਿੱਤੇਰਾ, ਆਪਣੀ ਨਿਵੇਕਲੀ ਦਿੱਖ ਵਾਲਾ ਬੰਦਾ ਜੋ ਆਪਣੀ ਲੰਮੀ ਉਮਰ ਹੰਡਾ ਕੇ ਸੰਸਾਰ ਦਾ ਫੇਰਾ ਮਾਰ ਕੇ, ਸੁਹਣੀ ਉਮਰ ਹੰਢਾ ਕੇ ਅਲਵਿਦਾ ਤਾਂ ਭਾਂਵੇਂ ਕਦੋਂ ਦਾ ਕਹਿ ਚੁਕਾ ਹੈ ਪਰ ਉਸ ਵਰਗਾ ਸੰਸਾਰਿਕ ਫੇਰਾ ਸ਼ਾਇਦ ਕਿਸੇ ਕਰਮਾਂ ਵਾਲੇ ਨੂੰ ਹੀ ਨਸੀਬ ਹੋਇਆ ਹੋਵੇ ।
Add a review