ਲੋਕ–ਨਾਚ : ਲੋਕ–ਨਾਚ ਜਾਂ ਲੋਕ–ਨ੍ਰਿਤ ਤੋਂ ਮੁਰਾਦ ਕੁਦਰਤੀ ਤੇ ਸੁਭਾਵਿਕ ਨਾਚ ਹੈ। ਲੋਕ–ਜੀਵਨ ਵਿਚ ਆਇਆ ਜਜ਼ਬੇ ਦਾ ਹੜ੍ਹ ਲੋਕ–ਗੀਤਾਂ ਤੇ ਲੋਕ–ਨਾਚਾਂ ਵਿਚੋਂ ਦੀ ਵਗ ਨਿਕਲਦਾ ਹੈ। ਕਲਾਤਮਕਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਸਗੋਂ ਲੋਕੀ ਨਾਚ ਨੂੰ ਸੁਭਾਵਿਕ ਤੇ ਮਸਤ ਰੰਗ ਵਿਚ ਨੱਚਦੇ ਹਨ। ਜਦੋਂ ਆਦਮੀ ਹਾਲੀਂ ਜੰਗਲਾਂ ਵਿਚ ਪਸ਼ੂਆਂ ਵਾਲਾ ਅਸੱਭਯ ਜੀਵਨ ਬਤੀਤ ਕਰ ਰਿਹਾ ਸੀ, ਲੋਕ–ਨਾਚ ਉਸ ਵੇਲੇ ਵੀ ਉਸ ਦੇ ਨਾਲ ਰਿਹਾ।
‘ਲੋਕ–ਨਾਚ’ ਲੋਕ–ਜੀਵਨ ਦੇ ਕਿਸੇ ਅਨੁਭਵ ਦੀ ਤਾਲ ਰਾਹੀਂ ਅਭਿਵਿਅੰਜਨਾ ਹੈ। ਸਾਧਾਰਣ ਤੌਰ ਤੇ ਲੋਕ–ਨਾਚ ਸਮੂਹਿਕ ਰੂਪ ਵਿਚ ਨੱਚੇ ਜਾਂਦੇ ਹਨ।
ਪੰਜਾਬ ਦੇ ਲੋਕੀ ਵਿਆਹਾਂ, ਸ਼ਾਦੀਆਂ, ਮੇਲਿਆਂ, ਮੁਸਾਹਬਿਆਂ ’ਤੇ ਜੋ ਨਾਚ ਨੱਚਦੇ ਹਨ, ਉਨ੍ਹਾਂ ਵਿਚੋਂ ਸਭ ਤੋਂ ਵਧੇਰੇ ਪ੍ਰਸਿੱਧ ਭੰਗੜਾ ਹੈ। ਕਿੱਕਲੀ, ਗਿੱਧਾ, ਲੁੱਡੀ, ਝੁੰਮਰ ਆਦਿਕ ਪੰਜਾਬ ਦੇ ਹੋਰ ਲੋਕ–ਨਾਚ ਹਨ।
ਲੋਕ–ਨਾਚ ਵਿਚ ਮਨੁੱਖੀ ਜੀਵਨ ਦੇ ਲੌਕਿਕ ਪੱਖ ਅਤੇ ਇਸ ਦੇ ਕਈ ਸੂਖ਼ਮ ਭਾਵਾਂ ਨੂੰ ਪ੍ਰਗਟ ਕੀਤਾ ਹੁੰਦਾ ਹੈ। ਲੋਕ–ਨਾਚ ਨੂੰ ਸ਼ਾਸਤ੍ਰੀ ਨਾਚ ਦਾ ਪਿਤਾਮਾ ਆਖਿਆ ਜਾ ਸਕਦਾ ਹੈ।
ਹੁਣ ਪੰਜਾਬ ਦੇ ਹੇਠਾਂ ਲਿਖੇ ਪ੍ਰਸਿੱਧ ਲੋਕ–ਨਾਚਾਂ ਬਾਰੇ ਵਿਚਾਰ ਕਰਦੇ ਹਾਂ :
(1) ਭੰਗੜਾ : ਇਸ ਨਾਚ ਵਿਚ ਢੋਲਚੀ ਵਿਚਕਾਰ ਹੁੰਦਾ ਹੈ ਤੇ ਉਸ ਨੇ ਜਦੋਂ ਢੋਲ ਉੱਤੇ ਡੱਗਾ ਲਾਇਆ, ਭੰਗੜੇ ਵਾਲੇ ਮੈਦਾਨ ਵਿਚ ਨਿੱਤਰ ਆਏ ਅਤੇ ਜਿਵੇਂ ਜਿਵੇਂ ਢੋਲ ਦਾ ਤਾਲ ਬਦਲਿਆ, ਨਾਚਿਆਂ ਦੀਆਂ ਹਰਕਤਾਂ ਵਿਚ ਤਬਦੀਲੀ ਆਉਂਦੀ ਗਈ। ਭੰਗੜੇ ਵਿਚ ਆਮ ਤੌਰ ਤੇ ਕੌਈ ਢੋਲਾ ਗਾਇਆ ਜਾਂਦਾ ਹੈ। ਪਹਿਲਾਂ ਕਿੰਨਾ ਚਿਰ ਭੰਗੜਾ ਪਾਉਣ ਵਾਲੇ ਚੁੱਪ ਚਾਪ ਢੋਲ ਦੇ ਡਗੇ ਨਾਲ ਤਾਲ ਮਿਲਾ ਕੇ ਨੱਚਦੇ ਰਹਿੰਦੇ ਹਨ ਤੇ ਕਝੁ ਚਿਰ ਮਗਰੋਂ ਭੰਗੜੇ ਦੇ ਪਿੜ ਵਿਚੋਂ ਇਕ ਜੁਆਨ ਢੋਲਚੀ ਦੇ ਕੋਲ ਜਾ ਕੇ ਤੇ ਕੰਨ ਉੱਤੇ ਇਕ ਹੱਥ ਰੱਖ ਕੇ ਕਿਸੇ ਲੋਕ–ਗੀਤ ਦਾ ਬੋਲ ਛੁੰਹਦਾ ਹੈ। ਵਿਸਾਖੀ ਦੇ ਮਾਘੀ ਦੇ ਮੇਲਿਆਂ ਉੱਤੇ ਭੰਗੜੇ ਬੜੇ ਉਤਸ਼ਾਹ ਨਾਲ ਪਾਏ ਜਾਂਦੇ ਹਨ। ਇਹ ਨਾਚ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ, ਸਭ ਦਾ ਸਾਂਝਾ ਨਾਚ ਹੈ। ਹੁਣ ਇਹ ਲੋਕ–ਨਾਚ ਸ਼ਹਿਰੀ ਹਲਕਿਆਂ ਵਿਚ ਹੋਣ ਵਾਲੇ ਅਨੇਕ ਸਮਾਗਮਾਂ ਦਾ ਅੰਗ ਬਣਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ, ਗਣਤੰਤਰ ਦਿਵਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਭੰਗੜੇ ਦੀਆਂ ਟੀਮਾਂ ਨੂੰ ਖ਼ਾਸ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ।
(2) ਗਿੱਧਾ : ਪੰਜਾਬ ਦੀਆਂ ਮੁਟਿਆਰਾਂ (ਕਈ ਵਾਰ ਗੱਭਰੂ) ਰਲ ਕੇ ਇਕਸਾਰ ਤਾਲਮਈ ਤਾੜੀ ਨਾਲ ਗੀਤ ਗਾਉਂਦੀਆਂ ਤੇ ਬੋਲੀਆਂ ਪਾਉਂਦੀਆਂ ਹਨ। ਇਨ੍ਹਾਂ ਤਾੜੀਆਂ ਨੂੰ ਹੀ ਗਿੱਧਾ ਆਖਿਆ ਜਾਂਦਾ ਹੈ। ਪਰ ਸਿਰਫ਼ ਤਾੜੀਆਂ ਹੀ ਗਿੱਧਾ ਨਹੀਂ, ਇਸ ਵਿਚ ਕਈ ਵਾਰ ਭੰਗੜੇ ਵਾਂਗ ਪਿੜ ਬੱਝ ਜਾਂਦਾ ਹੈ। ਇਕ ਜਣੀ ਬੋਲੀ ਪਾਉਦੀ ਹੈ ਤੇ ਇਕ ਦੋ ਪਿੜ ਵਿਚਕਾਰ ਨੱਚਣ ਲਈ ਤਿਆਰ ਹੁੰਦੀਆਂ ਹਨ। ਬੋਲੀ ਦੇ ਅੰਤਿਮ ਟੱਪੇ ਉੱਤੇ ਪਿੜ ਮੱਲੀ ਖਲੋਤੀਆਂ ਔਰਤਾਂ ਤਾੜੀਆਂ ਸ਼ੁਰੂ ਕਰ ਦਿੰਦੀਆਂ ਹਨ ਤੇ ਵਿਚਕਾਰ ਖਲੋਤੀਆਂ ਇਕ ਦੋ ਨੱਚਣ ਲੱਗ ਪੈਂਦੀਆਂ ਹਨ। ਕਈ ਵਾਰ ਢੋਲਕੀ ਜਾਂ ਗੜਵੇ ਤੇ ਚੱਪਣ ਖੜਕਾ ਕੇ ਗਿੱਧੇ ਦੇ ਤਾਲ ਨੂੰ ਉਭਾਰਿਆ ਜਾਂਦਾ ਹੈ। ਨੱਚਣ ਵਾਲੀਆਂ ਇਕ ਦੋ ਔਰਤਾਂ ਕਈ ਵਾਰ ਚੁਟਕੀਆਂ ਵਜਾ ਵਜਾ ਕੇ ਮੂੰਹ ਨਾਲ ਰੂੰ ਪਿੰਜ ਪਿੰਜ ਕੇ ਇਕ ਖ਼ਾਸ ਰੋਮਾਂਚਿਕ ਰੰਗ ਬੰਨ੍ਹ ਦਿੰਦੀਆਂ ਹਨ।
ਗਿੱਧੇ ਵਿਚ ਲਗਭਗ ਹਰ ਤਰ੍ਹਾਂ ਦੇ ਲੋਕ–ਗੀਤ ਗਾਏ ਜਾਂਦੇ ਹਨ। ਵਿਆਹਾਂ, ਸ਼ਾਦੀਆਂ, ਮੰਗਣੇ–ਮੰਗਣੀਆਂ, ਆਦਿ ਦੇ ਸ਼ੁਭ ਅਵਸਰਾਂ ਉੱਤੇ ਤੇ ਸਾਵਦ ਦੇ ਮਹੀਨੇ ਤੀਆਂ ਦੇ ਦਿਨੀਂ ਬਹੁਤ ਗਿੱਧਾ ਪਾਇਆ ਜਾਂਦਾ ਹੈ। ਔਰਤਾਂ ਇਸ ਵਿਚ ਵਧੇਰੇ ਭਾਗ ਲੈਂਦੀਆਂ ਹਨ। ਕਈ ਵਾਰ ਨੌਜਵਾਨ ਮਰਦ ਆਪਣਾ ਵੱਖਰਾ ਪਿੜ ਬਣਾ ਕੇ ਗਿੱਧਾ ਪਾਉਂਦੇ ਹਨ। ਗਿੱਧਾ ਸਾਰੇ ਪੰਜਾਬੀਆਂ ਦੀ ਸਾਂਝ ਤੇ ਪਰਸਪਰ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ। ਗਿੱਧੇ ਦੇ ਪਿੜ ਵਿਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਦਾ ਭਿੰਨ–ਭੇਦ ਮਿਟ ਜਾਂਦਾ ਹੈ। ਇੰਜ ਇਹ ਲੋਕ–ਨਾਚ ਸਾਡੇ ਵਿਚ ਮਨੁੱਖੀ ਸਾਂਝ ਉਤਪੰਨ ਕਰਨ ਵਾਲਾ ਹੈ।
(3) ਝੁੰਮਰ ਤੇ ਸੰਮੀ : ਝੁੰਮਰ ਇਕ ਅਤਿ ਪੁਰਾਣਾ ਅਰਥਾਤ ਚਿਰਾਂ ਤੋਂ ਟੁਰਿਆਂ ਆ ਰਿਹਾ ਲੋਕ–ਨਾਚ ਹੈ। ਝੁੰਮਰ ਨੱਚਣ ਵਾਲੇ ਇਕ ਘੇਰੇ ਵਿਚ ਨੱਚਦੇ ਹਨ ਤੇ ਢੋਲ ਵਾਲਾ ਉਨ੍ਹਾਂ ਦੇ ਐਨ ਵਿਚਕਾਰ ਖਲੋ ਕੇ ਢੋਲ ਵਜਾਉਂਦਾ ਹੈ। ਸੰਮੀ ਔਰਤਾਂ ਦਾ ਨਾਚ ਹੈ ਤੇ ਝੁੰਮਰ ਨਾਲੋਂ ਇਹ ਇਸ ਗੱਲ ਵਿਚ ਭਿੰਨ ਹੈ ਕਿ ਜਿੱਥੇ ਝੁੰਮਰੀਆਂ ਦੇ ਵਿਚਕਾਰ ਢੋਲਚੀ ਹੁੰਦਾ ਹੈ, ਇੱਥੇ ਕੋਈ ਢੋਲਚੀ ਨਹੀਂ ਹੁੰਦਾ।
ਝੁੰਮਰਰ ਤੇ ਸੰਮੀ ਦੋਵੇਂ ਖੁਸ਼ੀਆਂ ਦੇ ਲੋਕ–ਨਾਚ ਹਨ। ਝੁੰਮਰ ਨੱਚਣ ਵਾਲੇ ਗੱਭਰੂ ਭਰਾਈ (ਢੋਲਚੀ) ਨੂੰ ਸਦਵਾ ਲੈਂਦੇ ਹਨ। ਭਰਾਈ ਇਕ ਖੁੱਲ੍ਹੀ ਮੋਕਲੀ ਥਾਂ ਵੇਖ ਕੇ ਪਿੜ ਮਲ ਖਲੋਂਦਾ ਹੈ ਤੇ ਝੁੰਮਰੀਆਂ ਨੂੰ ਉਤਸ਼ਾਹਿਤ ਕਰਨ ਲਈ ਢੋਲ ਉੱਤੇ ਡੱਗਾ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਹ ਤਾਲਾ ਸੁਣਕੇ ਗੱਭਰੂ ਪਿੜ ਵਿਚ ਆਉਣ ਲਈ ਤਿਆਰ ਹੋ ਜਾਂਦੇ ਹਨ। ਦੂਜਾ ਤਾਲ ਬਦਲਦਾ ਹੈ ਤਾਂ ਝੁੰਮਰ ਨੱਚਣ ਵਾਲੇ ਭਰਾਈ ਦੇ ਦੁਆਲੇ ਝੁਰਮਟ ਪਾ ਲੈਂਦੇ ਹਨ ਤੇ ਤਾਲ ਦੇ ਮੁਤਾਬਕ ਹੱਥਾਂ ਪੈਰਾਂ ਨੂੰ ਇਕ ਖ਼ਾਸ ਅਦਾ ਨਾਲ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ। ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰ ਉਹ ਛਾਤੀ ਅੱਗੇ ਮੁੱਠੀਆਂ ਜਿਹੀਆਂ ਮੀਟ ਕੇ ਮਟਕਾਉਂਦੇ ਹਨ, ਫਿਰ ਦੋਵੇਂ ਬਾਹਵਾਂ ਸਿਰ ਤੋਂ ਉਤਾਂਹ ਕੱਢ ਕੇ ਇਕ ਵਾਰ ਲਹਿਰਾਉਣ ਪਿੱਛੋਂ ਮੁੜ ਹੱਥ ਛਾਤੀ ਉੱਤੇ ਵਾਪਸ ਲਿਆ ਕੇ ਪਹਿਲੇ ਦੀ ਤਰ੍ਹਾਂ ਕੇਵਲ ਇਕ ਵਾਰ ਮਟਕਾਉਂਦੇ ਹਨ। ਹੱਥ ਮਟਕਾਉਣ ਪਿੱਛੋਂ ਬਾਹਵਾਂ ਫਿਰ ਆਪਣੇ ਅਸਲੀ ਟਿਕਾਣੇ ਉੱਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ। ਝੁੰਮਰ ਵਿਚ ਉਹ ਬਾਰ ਬਾਰ ਇਸੇ ਤਰ੍ਹਾਂ ਕਰਦੇ ਹੋਏ ਨੱਚਦੇ ਰਹਿੰਦੇ ਹਨ। ਝੁੰਮਰ ਨਾਚ ਨੱਚਣ ਵਾਲੇ ਨੂੰ ਝੁੰਮਰੀ ਆਖਦੇ ਹਨ। ਝੁੰਮਰ ਨਾਚ ਨੂੰ ਵੇਖਣ ਲਈ ਆਲੇ ਦੁਆਲੇ ਤੋਂ ਦਰਸ਼ਕਾਂ ਦੀ ਭੀੜ ਆ ਜੁੜਦੀ ਹੈ। ਕਈ ਵਾਰ ਭਰਾਈ ਕਿਸੇ ਲੋਕ ਗੀਤ ਦੀ ਪਹਿਲੀ ਤੁਕ ਮੂੰਹੋਂ ਕੱਢਦਾ ਹੈ ਤੇ ਝੁੰਮਰੀ ਉਸ ਗੀਤ ਦੀਆਂ ਤੁਕਾਂ ਰਲ ਕੇ ਗਾਉਂਦੇ ਅਤੇ ਨਾਲੋਂ ਨਾਲੋਂ ਨੱਚਦੇ ਵੀ ਰਹਿੰਦੇ ਹਨ। ਝੁੰਮਰੀਆਂ ਵਿਚੋਂ ਜਦੋਂ ਵੀ ਕੋਈ ਚਾਹੇ ਨਾਚ ਛੱਡ ਕੇ ਦਰਸ਼ਕਾਂ ਵਿਚ ਆ ਬੈਠਦਾ ਹੈ ਤੇ ਬੈਠੇ ਹੋਏ ਮਰਦਾਂ ਵਿਚੋਂ ਕੋਈ ਵੀ ਮਰਦ ਦਿਲ ਦੀ ਇੱਛਾ ਉੱਤੇ ਨਾਚ ਵਿਚ ਸ਼ਾਮਲ ਹੋ ਸਕਦਾ ਹੈ। ‘ਧਮਾਲ’ ਦੇ ‘ਚੀਣਾ ਛੜਨਾ’ ਝੁੰਮਰ ਦੇ ਖ਼ਾਸ ਤਾਲ ਹਨ। ਝੁੰਮਰ ਨਾਚ ਨਾਲ ਗਾਇਆ ਜਾਣ ਵਾਲਾ ਇਕ ਝੁੰਮਰ ਗੀਤ ਪੇਸ਼ ਹੈ :
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!
ਕੰਗਣਾਂ ਦੇ ਨਾਲ।
ਕੰਗਣਾਂ ਦੇ ਨਾਲ ਮੇਰੀਆਂ ਅੱਲੀਆਂ,
ਛਣਕਾਰ ਪੌਂਦਾ ਵਿਚ ਗੱਲੀਆਂ,
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!
ਕੰਗਣਾਂ ਦੇ ਨਾਲ
ਕੰਗਣਾਂ ਦੇ ਨਾਲ ਮੇਰੇ ਬੀੜੇ,
ਜੱਟੀ ਧੋ ਧੋ ਵਾਲ ਨਪੀੜੇ,
ਵੇ ਯਾਰ ਕੰਗਣਾਂ ਦੇ ਨਾਲ,
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।
ਕੰਗਣਾਂ ਦੇ ਨਾਲ ਮੇਰਾ ਢੋਲਣਾ,
ਕੂੜੇ ਸੱਜਣਾਂ ਨਾਲ ਕੀ ਬੋਲਣਾ,
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।
(4) ਲੁੱਡੀ : ਲੁੱਡੀ ਪੱਛਮੀ (ਪਾਕਿਸਤਾਨ) ਦਾ ਇਕ ਲੋਕ–ਨਾਚ ਹੈ। ਇਸ ਵਿਚ ਨੱਚਣ ਵਾਲੇ ਕੋਈ ਗੀਤ ਨਹੀਂ ਗਾਉਂਦੇ, ਬਸ ਨੱਚਦੇ ਹੀ ਰਹਿੰਦੇ ਹਨ। ਬਾਹਵਾਂ ਲਹਿਰਾ ਲਹਿਰਾ ਕੇ ਸ਼ਰੀਰ ਦੇ ਲਗਭਗ ਹਰ ਅੰਗ ਨੂੰ ਹਰਕਤ ਦਿੱਤੀ ਜਾਂਦੀ ਹੈ ਤੇ ਲੁੱਡੀ ਨੱਚਣ ਵਾਲੇ ਘੰਟਿਆਂ ਬੱਧੀ ਇਕ ਨਸ਼ੇ ਤੇ ਮਸਤੀ ਵਿਚ ਰਹਿੰਦੇ ਹਨ ਤੇ ਬਸ ਨੱਚਦੇ ਰਹਿੰਦੇ ਹਨ।
ਭੰਗੜੇ ਵਾਲੇ ਲੁੱਡੀ ਦੇ ਪਿੜ ਦੇ ਵਿਕਾਰ ਵੀ ਢੋਲਚੀ ਹੁੰਦਾ ਹੈ। ਇਹ ਢੋਲ ਵਜਾਉਣਾ ਸ਼ੁਰੂ ਕਰਦਾ ਹੈ ਤਾਂ ਨੱਚਣ ਵਾਲੇ ਵਾਰੀ ਵਾਰੀ ਪੈਰ ਉਪਰ ਚੁੱਕਦੇ ਹਨ ਤੇ ਬਾਹਵਾਂ ਸਿਰ ਤੋਂ ਉੱਚੀਆਂ ਲੈ ਜਾ ਕੇ ਲਹਿਰਾਉਂਦੇ ਹਨ। ਇਨ੍ਹਾਂ ਵਿਚੋਂ ਇਕੱਲਾ ਇਕੱਲਾ ਇਕ ਅੱਡੀ ਦੇ ਭਾਰ ਬੈਠ ਕੇ ਭੁਆਟਣੀਆਂ ਲੈਂਦਾ ਹੈ ਤੇ ਇਹ ਇੰਜ ਢੋਲਚੀ ਦੇ ਦੁਆਲੇ ਘੂਕਦੇ ਰਹਿੰਦੇ ਹਨ। ਲੁੱਡੀ ਰਸਦੀ ਹੈ ਤਾਂ ‘ਸ਼ੂੰ ਸ਼ੂੰ’ ਦੀ ਆਵਾਜ਼ ਨਾਲ ਨੱਚਣ ਵਾਲੇ ਇਕ ਰੰਗ ਬੰਨ੍ਹ ਦਿੰਦੇ ਹਨ। ਲੁੱਡੀ ਮਰਦਾਂ ਦਾ ਨਾਚ ਹੈ। ਔਰਤਾਂ ਇਸ ਵਿਚ ਸ਼ਾਮਲ ਨਹੀਂ ਹੁੰਦੀਆਂ। ਮਿੰਟਗੁਮਰੀ, ਸਰਗੋਧਾ, ਲਾਇਲਪੁਰ, ਗੁਜਰਾਂਵਾਲਾ ਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਇਹ ਲੋਕ–ਨਾਚ ਬੜਾ ਸਰਬ–ਪ੍ਰਿਯ ਤੇ ਪ੍ਰਸਿੱਧ ਹੈ।
(5) ਕਿਕਲੀ : ਇਹ ਅੱਲ੍ਹੜ ਤੇ ਮਾਸੂਮ ਬਾਲੜੀਆਂ ਦਾ ਨਾਚ ਹੈ। ਬਚਪਨ, ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਗੀਤਾਂ ਨਾਲ ਥਰਕਣ ਲੱਗ ਪੈਂਦਾ ਹੈ। ਘੂਕਦੀਆਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿਚ ਲਹਿਰਾਉਣ ਲੱਗ ਪੈਂਦੀਆਂ, ਉਨ੍ਹਾਂ ਦੀਆਂ ਗੁੱਤਾਂ ਦੇ ਬੰਬਲ ਨੱਚ ਉਠਦੇ ਹਨ ਤੇ ਉਨ੍ਹਾਂ ਦੀਆਂ ਚੂੜੀਆਂ ਉਨ੍ਹਾਂ ਦੇ ਹਾਸਿਆਂ ਨਾਲ ਇਕ–ਸੁਰ ਹੋ ਕੇ ਇਕ ਸੁਖਾਵਾਂ ਸੰਗੀਤ ਉਤਪੰਨ ਕਰਨ ਲੱਗ ਪੈਂਦੀਆਂ ਹਨ। ਕੁੜੀਆਂ ਗਾਉਂਦੀਆਂ ਹਨ :
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਦੋ–ਦੋ ਕੁੜੀਆਂ ਇਕ ਦੂਜੀ ਨਾਲ ਹੱਥਾਂ ਦੀਆਂ ਕਲੰਘੜੀਆਂ ਪਾ ਕੇ ਤੇ ਆਪਣਾ ਭਾਰ ਪਿਛਾਹਾਂ ਨੂੰ ਸੁੱਟ ਕੇ ਤੇ ਪੈਰਾਂ ਨਾਲ ਪੈਰ ਜੋੜ ਕੇ ਇਕ ਚੱਕਰ ਵਿਚ ਘੂਕਣ ਲੱਗ ਪੈਂਦੀਆਂ ਹਨ। ਇਹੋ ਕਿੱਕਲੀ ਦਾ ਨਾਚ ਹੈ।
ਪੰਜਾਬੀ ਲੋਕ–ਨਾਚਾਂ ਨੂੰ ਜੀਉਂਦਾ ਜੀਵਨ ਹੈ, ਖ਼ੁਸ਼ੀ ਤੇ ਜੋਸ਼ ਦੇ ਹੜ੍ਹ ਹਨ, ਰਸ ਤੇ ਹੁਲਾਸ ਦੇ ਦਰਿਆ ਹਨ ਕਿਉਂਕਿ ਇਨ੍ਹਾਂ ਦੇ ਨੱਚਣ ਵਾਲੇ ਜਬ੍ਹੇ ਵਾਲੇ ਜੀਉਂਦੇ ਜਾਗਦੇ, ਜੋਸ਼ੀਲੇ ਤੇ ਸੂਰਬੀਰ ਲੋਕ ਹਨ ਅਤੇ ਰਸਿਕ ਪ੍ਰੀਤਾਂ ਨੂੰ ਤੋੜ ਤਕ ਨਿਭਾਉਣ ਵਾਲੇ ਬੰਦੇ ਹਨ।
Add a review