ਭੰਗੜਾ: ਪੰਜਾਬੀ ਗੱਭਰੂਆਂ ਦਾ ਹਰਮਨਪਿਆਰਾ ਲੋਕ-ਨਾਚ ਭੰਗੜਾ ਹੈ। ਇਸ ਲੋਕ-ਨਾਚ ਬਾਰੇ ਕਈ ਤਰ੍ਹਾਂ ਦੀਆਂ ਦੰਦ-ਕਥਾਵਾਂ ਪ੍ਰਚਲਿਤ ਹਨ। ਕਈ ਵਿਦਵਾਨ ਭੰਗੜਾ ਲੋਕ-ਨਾਚ ਨੂੰ ਪੱਕੀਆਂ ਫ਼ਸਲਾਂ ਵੇਖ ਕੇ ਕਿਰਸਾਣ ਦੇ ਖ਼ੁਸ਼ੀ ਵਿੱਚ ਨੱਚਣ ਦੀ ਕਿਰਿਆ ਨਾਲ ਜੋੜ ਕੇ ਵੇਖਦੇ ਹਨ। ਉਹਨਾਂ ਅਨੁਸਾਰ, ਪੰਜਾਬ ਦੀ ਮੁੱਖ ਫ਼ਸਲ ਕਣਕ ਹੋਣ ਕਰ ਕੇ ਇਸ ਨਾਚ ਨੂੰ ਵਿਸਾਖੀ ਦੇ ਸਮੇਂ ਪੱਕੀ ਫ਼ਸਲ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਭੰਗੜੇ ਦਾ ਸੰਬੰਧ ਕਿਉਂਕਿ ਤਾਲ ਅਤੇ ਢੋਲ ਨਾਲ ਹੈ ਇਸ ਲਈ ਇਸ ਦਾ ਜਨਮ ਭੰਗ ਅਤੇ ਸ਼ਿਵ ਜੀ ਦੇ ਡਮਰੂ ਤੋਂ ਹੋਇਆ। ਇੱਕ ਹੋਰ ਧਾਰਨਾ ਅਨੁਸਾਰ, ਭੰਗੜਾ ਨਾਚ ਦਾ ਜਨਮ ਨਿਰੋਲ ਭੰਗ ਤੋਂ ਹੋਇਆ ਮੰਨਿਆ ਜਾਂਦਾ ਹੈ। ਉਹਨਾਂ ਅਨੁਸਾਰ, ਭੰਗ ਪੀ ਕੇ ਭਾਂਗੜੀਆਂ ਦੁਆਰਾ ਨੱਚਿਆ ਜਾਣ ਵਾਲਾ ਨਾਚ ਹੀ ਭੰਗੜਾ ਅਖਵਾਇਆ। ਪਰ ਕਿਸੇ ਵੀ ਨਾਚ ਦਾ ਅਰੰਭ ਉਸ ਦੀ ਸ਼ਾਬਦਿਕ ਵਿਉਤਪਤੀ ਤੋਂ ਤਲਾਸ਼ ਕਰਨਾ ਯੋਗ ਨਹੀਂ ਹੈ। ਕਿਸੇ ਵੀ ਲੋਕ-ਨਾਚ ਦੇ ਜਨਮ ਬਾਰੇ ਜਾਣਨ ਲਈ ਨਾਚ ਦੀਆਂ ਮੁਦਰਾਵਾਂ ਦੀ ਟੇਕ ਲੈਣੀ ਬਿਹਤਰ ਹੋ ਸਕਦੀ ਹੈ। ਇਸ ਦ੍ਰਿਸ਼ਟੀ ਤੋਂ ਭੰਗੜਾ ਨਾਚ ਦੀਆਂ ਮੁਦਰਾਵਾਂ ਅਤੇ ਤਾਲਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਤਰ੍ਹਾਂ ਦੇ ਰੋਚਕ ਤੱਥ ਸਾਮ੍ਹਣੇ ਆਉਂਦੇ ਹਨ। ਜਿਵੇਂ ਅਜੋਕੇ ਸਮੇਂ ਨੱਚਿਆ ਜਾਣ ਵਾਲਾ ਭੰਗੜਾ ਲੋਕ-ਨਾਚ ਪ੍ਰਾਚੀਨ ਸਮਿਆਂ ਵਾਲਾ ਨਹੀਂ ਹੈ। ਸਮੇਂ-ਸਮੇਂ ਨਾਚ ਦੀਆਂ ਮੁਦਰਾਵਾਂ ਵਿੱਚ ਨਿਰੰਤਰ ਤਬਦੀਲੀ ਵਾਪਰਦੀ ਰਹੀ ਹੈ। ਅਜਿਹੀ ਹਾਲਤ ਵਿੱਚ ਕਿਹੜੀਆਂ ਮੁਦਰਾਵਾਂ ਨੂੰ ਸਹੀ ਮੰਨਿਆ ਜਾਵੇ। ਇਹ ਨਿਰਣਾ ਕਰਨਾ ਮੁਸ਼ਕਲ ਹੈ। ਫਿਰ ਵੀ ਜੋ ਤੱਤ ਸਾਂਝੇ ਹਨ, ਉਹਨਾਂ ਵਿੱਚ ਢੋਲ ਦੀਆਂ ਤਾਲਾਂ ਦੇ ਬੁਨਿਆਦੀ ਆਧਾਰ, ਨਾਚ ਮੁਦਰਾਵਾਂ ਦੀ ਪ੍ਰਾਚੀਨਤਾ ਅਤੇ ਨਾਚ ਦੁਆਰਾ ਉਤਪੰਨ ਭਾਵਾਂ ਦੀ ਸਾਰਥਕਤਾ ਨੂੰ ਮੁੱਖ ਰੱਖਦੇ ਹੋਏ ਕਿਹਾ ਜਾ ਸਕਦਾ ਹੈ ਭੰਗੜਾ ਖ਼ੁਸ਼ੀ ਵਿੱਚ ਨੱਚਿਆ ਜਾਣ ਵਾਲਾ ਲੋਕ-ਨਾਚ ਹੈ ਅਤੇ ਇਸ ਦੀਆਂ ਮੁੱਖ ਤਾਲਾਂ ਪੰਜ ਹਨ-ਭੰਡਾਰਾ, ਦੰਗਲ, ਭੰਗੜਾ, ਲੁੱਡੀ ਅਤੇ ਝੂਮਰ। ਲੁੱਡੀ ਅਤੇ ਝੂਮਰ ਦੋ ਵੱਖਰੇ ਨਾਚ ਹਨ ਜਿਨ੍ਹਾਂ ਦੀਆਂ ਕੁਝ ਮੁਦਰਾਵਾਂ ਅਤੇ ਤਾਲਾਂ ਨੂੰ ਅਜੋਕੇ ਭੰਗੜੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਭੰਡਾਰੇ ਦੀ ਤਾਲ ਯੱਗ ਕਰਨ ਸਮੇਂ ਵਜਾਈ ਜਾਂਦੀ ਹੈ ਪਰ ਅਜੋਕੇ ਭੰਗੜੇ ਵਿੱਚ ਕਈ ਮੁਦਰਾਵਾਂ ਭੰਡਾਰਾ ਤਾਲ ਦੀਆਂ ਵੀ ਰਲ ਗਈਆਂ ਮਿਲਦੀਆਂ ਹਨ। ਇਹ ਤਾਲ ਸਾਂਝੇ ਲੰਗਰ ਅਤੇ ਕਬੀਲਿਆਈ ਸਮਾਜ ਸਮੇਂ ਸ਼ਿਕਾਰ ਮਾਰਨ ਦੀ ਸਮੂਹਿਕ ਖ਼ੁਸ਼ੀ ਨੂੰ ਪ੍ਰਗਟਾਉਣ ਵਾਲੀ ਹੈ ਜੋ ਧੀਮੀ ਗਤੀ ਅਤੇ ਇੱਕ ਸਾਰ ਵੱਜਣ ਦੇ ਸੁਭਾਅ ਵਾਲੀ ਹੈ। ਦੂਜੀ ਤਾਲ ਦੰਗਲ ਜਾਂ ਭਲਵਾਨੀ ਦੀ ਹੈ ਜੋ ਘੋਲ ਅਖਾੜਿਆਂ ਵਿੱਚ ਛਿੰਜ ਪੈਣ ਸਮੇਂ ਵਜਾਈ ਜਾਂਦੀ ਹੈ। ਇਹ ਜੰਗੀ ਵਰਤਾਰੇ ਵਾਲੀ ਤਾਲ ਹੈ। ਭੰਡਾਰੇ ਦੀ ਤਾਲ ਵਿੱਚ ਛਿਟੀ ਅਤੇ ਡੱਗਾ ਢੋਲ ਉੱਤੇ ਸਮਵਿਥ ਵੱਜਦੇ ਹਨ ਪਰ ਭਲਵਾਨੀ ਤਾਲ ਵਿੱਚ ਵਧੇਰੇ ਬਲ ਡੱਗੇ ਦੀ ਮਾਤਰਾ ਉੱਤੇ ਦਿੱਤਾ ਜਾਂਦਾ ਹੈ। ਇਉਂ ਭੰਗੜਾ ਲੋਕ-ਨਾਚ ਵਿੱਚ ਢੋਲ ਦਾ ਡੱਗਾ, ਬਲਵਾਨਤਾ ਦੀ ਪ੍ਰਤਿਨਿਧਤਾ ਕਰਦਾ ਹੈ ਜਦ ਕਿ ਛਿਟੀ, ਨਾਚ ਦੀ ਚੰਚਲਤਾ ਤੀਬਰਤਾ ਅਤੇ ਗਤੀ ਨੂੰ ਪ੍ਰਗਟਾਉਂਦੀ ਹੈ। ਭੰਗੜਾ ਲੋਕ-ਨਾਚ ਦੀ ਤੀਜੀ ਤਾਲ ਭੰਗੜਾ ਹੀ ਹੈ। ਇਹ ਤਾਲ ਸਾਦਾ ਅਤੇ ਸਮਤਲ ਵੱਜਦੀ ਹੈ, ਜਿਸ ਵਿੱਚ ਢੋਲ ਦਾ ਡੱਗਾ ਇੱਕਸਾਰ ਵੱਜਦਾ ਹੈ। ਦੂਜੀਆਂ ਦੋ ਤਾਲਾਂ ਲੁੱਡੀ ਅਤੇ ਝੂਮਰ ਵਾਲੀਆਂ ਹਨ। ਭੰਗੜੇ ਵਿੱਚ ਇੱਕ ਹੋਰ ਤਾਲ ਸ਼ਿਵ ਦੇ ਡਮਰੂ ਵਾਲੀ ਵਜਾਈ ਜਾਂਦੀ ਹੈ। ਇਸ ਵਿੱਚ ਨਾਚੇ ਛਾਲਾਂ ਮਾਰਦੇ ਅਤੇ ਬਾਰੀ-ਬਾਰੀ ਹੱਥਾਂ ਨੂੰ ਅੱਗੇ ਕਰਦੇ ਹੋਏ ਡਮਰੂ ਵਜਾਉਣ ਦੀ ਮੁਦਰਾ ਨਾਲ ਨੱਚਦੇ ਹਨ। ਭਲਵਾਨੀ ਤਾਲ ਵਿੱਚ ਪਹਿਲੀ ਇੱਕ-ਇੱਕ ਉਂਗਲ ਉਪਰ ਚੁੱਕ ਕੇ ਅਤੇ ਬਾਰੀ-ਬਾਰੀ ਪੱਬਾਂ ਭਾਰ ਹੋ ਕੇ ਜਿੱਤ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਅਜੋਕੇ ਲੋਕ-ਨਾਚ ਭੰਗੜਾ ਵਿੱਚ ਸਿਆਲਕੋਟੀ ਭੰਗੜੇ ਦੀਆਂ ਕੁਝ ਸਥਾਨਿਕ ਤਾਲਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਨਾਚ ਦੀ ਬੁਨਿਆਦੀ ਮੁਦਰਾ ਵਿੱਚ ਇੱਕ ਲੱਤ ਦੇ ਭਾਰ ਖਲੋਂਦੇ ਹੋਏ ਬਾਹਵਾਂ ਖਲਾਰ ਕੇ ਦੋਹਾਂ ਹੱਥਾਂ ਦੀਆਂ ਮੁਢਲੀਆਂ ਉਂਗਲੀਆਂ ਉਠਾ ਕੇ ਢੋਲ ਤੇ ਤੋੜੇ ਉੱਤੇ ਛਾਲ ਮਾਰੀ ਜਾਂਦੀ ਹੈ। ਅਜਿਹੀ ਮੁਦਰਾ ਅਖਾੜਿਆਂ ਵਿੱਚ ਜੇਤੂ ਭਲਵਾਨਾਂ ਵੱਲੋਂ ਨੱਚ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਨ ਵਾਲੀ ਹੈ। ਇਸੇ ਲਈ ਇਸ ਤਾਲ ਨੂੰ ਭਲਵਾਨੀ ਤਾਲ ਕਿਹਾ ਜਾਂਦਾ ਹੈ।
ਅਜੋਕੇ ਭੰਗੜਾ ਲੋਕ-ਨਾਚ ਦਾ ਮੂਲ ਭਾਵ ਮਸਤੀ, ਜੋਸ਼ ਪਿਆਰ ਅਤੇ ਚਾਅ ਦਾ ਹੈ। ਖ਼ੁਸ਼ੀ ਸਮੇਂ ਨੱਚੇ ਜਾਣ ਵਾਲੇ ਇਸ ਲੋਕ-ਨਾਚ ਦਾ ਪਹਿਰਾਵਾ ਵੀ ਵਿਸ਼ੇਸ਼ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਸਟੇਜ ’ਤੇ ਭੰਗੜਾ ਨੱਚਣ ਸਮੇਂ ਨਾਚੇ ਗੱਭਰੂ ਅਕਸਰ ਜੁੱਤੀ ਪਾਉਣ ਤੋਂ ਗੁਰੇਜ਼ ਕਰਦੇ ਹਨ। ਪਰ ਜੇਕਰ ਨਾਚ ਮੇਲੇ ਮਸਾਵ੍ਹੇ ਨੂੰ ਬਾਹਰ ਖੁੱਲ੍ਹੀ ਥਾਂ ’ਤੇ ਨੱਚਿਆ ਜਾਵੇ ਤਾਂ ਨੱਚਣ ਵਾਲੇ ਗੱਭਰੂ ਜੁੱਤੀ ਵੀ ਪਾ ਲੈਂਦੇ ਹਨ। ਜੁੱਤੀ ਤਿੱਲੇਦਾਰ, ਨੋਕ ਵਾਲੀ ਜਾਂ ਖੁੱਸਾ ਪਾਇਆ ਜਾਂਦਾ ਹੈ। ਤੇੜ ਚਾਦਰਾ, ਕਲੀਆਂ ਵਾਲਾ ਕੁੜਤਾ ਅਤੇ ਰੰਗਦਾਰ ਨਹਿਰੂ ਕੱਟ ਜਾਕਟ ਪਾਈ ਜਾਂਦੀ ਹੈ ਜੋ ਅਕਸਰ ਤਿੱਲੇਦਾਰ ਕਢਾਈ ਨਾਲ ਸ਼ਿੰਗਾਰੀ ਹੁੰਦੀ ਹੈ। ਭੰਗੜਾ ਨਾਚ ਨੱਚਣ ਸਮੇਂ ਪਗੜੀ ਬੰਨ੍ਹਣ ਦੇ ਕਈ ਨਮੂਨੇ ਪ੍ਰਚਲਿਤ ਹਨ। ਜਿਵੇਂ :
- ਆਸੇ ਪਾਸੇ ਦੋਵੇਂ ਸ਼ਮਲੇ ਥੱਲੇ ਨੂੰ ਲਮਕਾ ਕੇ
- ਇੱਕ ਸ਼ਮਲਾ ਥੱਲੇ ਅਤੇ ਇੱਕ ਉੱਤੇ ਨੂੰ ਉਠਾ ਕੇ
- ਹੇਠਾਂ ਉੱਤੇ ਕੀਤੇ ਸ਼ਮਲਿਆਂ ਦਾ ਰੰਗ ਵੱਖਰਾ ਕੇ
- ਇੱਕ ਸ਼ਮਲਾ ਹੇਠਾਂ ਅਤੇ ਦੂਜਾ ਮੱਥੇ ਉਪਰ ਕਲਗੀ ਵਾਂਗ ਸਜਾ ਕੇ। ਆਦਿ...
ਸ਼ਮਲੇ ਦਾ ਕੋਈ ਵੀ ਰੂਪ ਹੋਵੇ, ਪਰ ਸ਼ਮਲਾ ਮਾਵੇ ਨਾਲ ਅਕੜਾ ਕੇ ਬੰਨ੍ਹੇ ਜਾਣ ਦਾ ਚਲਨ ਹੈ। ਪਗੜੀਆਂ ਅਤੇ ਜਾਕਟਾਂ ਦਾ ਰੰਗ ਇੱਕ-ਦੂਜੇ ਨਾਲੋਂ ਭਿੰਨ ਰੱਖਿਆ ਜਾਂਦਾ ਹੈ ਤਾਂ ਕਿ ਤੇਜ਼ ਗਤੀ ਵਿੱਚ ਨੱਚੇ ਜਾਣ ਸਮੇਂ ਨਾਚਿਆਂ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ। ਇਸ ਲਈ ਨਾਚਿਆਂ ਵਿੱਚ ਗਹਿਣੇ ਪਾਉਣ ਦੀ ਰੁਚੀ ਦੀ ਸਪਸ਼ਟਤਾ ਨਜ਼ਰ ਆਉਂਦੀ ਹੈ ਜਿਸ ਕਾਰਨ ਕਈ ਮਰਦਾਵੇਂ ਗਹਿਣੇ ਅਜੋਕੇ ਸਮੇਂ ਭੰਗੜਾ ਲੋਕ-ਨਾਚ ਦੇ ਜ਼ਰੂਰੀ ਅੰਗ ਸਮਝੇ ਜਾਣ ਲੱਗ ਪਏ ਹਨ। ਜਿਵੇਂ ਕੰਨਾਂ ਵਿੱਚ ਨੱਤੀਆਂ ਜਾਂ ਜੋਗੀਆਂ ਵਾਲੇ ਮੁੰਦਰੇ, ਗਲ ਵਿੱਚ ਕੈਂਠਾ ਜਾਂ ਮਣਕਿਆਂ ਦੀ ਮਾਲਾ, ਮੁੱਛਾਂ ਕੁੰਢੀਆਂ ਅਤੇ ਮੱਥੇ ਉਪਰ ਚੰਦ ਦਾਣਾ ਖ਼ੁਦਵਾ ਕੇ ਅੱਖਾਂ ਵਿੱਚ ਸੁਰਮਾ ਪਾਇਆ ਜਾਂਦਾ ਹੈ। ਕਈ ਗੋਰੇ ਰੰਗ ਦੇ ਗੱਭਰੂ ਗੱਲ੍ਹ ਉੱਤੇ ਤਿਲ ਵੀ ਲਾ ਲੈਂਦੇ ਹਨ।
ਭੰਗੜਾ ਲੋਕ-ਨਾਚ ਦੀ ਰੀੜ੍ਹ ਢੋਲ ਨੂੰ ਮਿਥਿਆ ਗਿਆ ਹੈ ਕਿਉਂਕਿ ਨਾਚ ਨੱਚਣ ਸਮੇਂ ਢੋਲੀ ਨੇ ਹੀ ਸਾਰੇ ਨਾਚਿਆਂ ਨੂੰ ਇੱਕ ਲੈਅ ਅਤੇ ਤਾਲ ਦੇ ਅਨੁਕੂਲ ਨਚਾਉਣਾ ਹੁੰਦਾ ਹੈ। ਇਸ ਲਈ ਢੋਲ ਨੂੰ ਭੰਗੜੇ ਦੀ ਰੂਹ ਕਿਹਾ ਗਿਆ ਹੈ। ਢੋਲ ਤੋਂ ਇਲਾਵਾ ਕੁਝ ਸਾਜ਼ ਵੀ ਭੰਗੜੇ ਦਾ ਅੰਗ ਬਣਦੇ ਹਨ। ਜਿਵੇਂ ਢੋਲ ਦੇ ਪਹਿਲੇ ਡੱਗੇ ਸਮੇਂ ਸਾਰੇ ਨਾਚਿਆਂ ਵੱਲੋਂ ਹੈ...ਹਾਅ ਕਹਿ ਕੇ ਇਕੱਠਿਆਂ ਛਾਲ ਮਾਰਨੀਂ ਇਤਿਆਦਿ...। ਇਸ ਦੇ ਨਾਲ-ਨਾਲ ਅਜੋਕੇ ਸਮੇਂ ਕਾਟੋ ਨੂੰ ਸਾਜ਼ ਵਜੋਂ ਵਰਤ ਲਿਆ ਜਾਂਦਾ ਹੈ।
ਭੰਗੜਾ ਨੱਚਣਾ ਅਰੰਭ ਕਰਨ ਸਮੇਂ ਢੋਲੀ ਤਾਲ ਵਜਾਉਂਦਾ ਹੈ ਜਿਸ ਦੀ ਲੈਅ ਵਿੱਚ ਇੱਕਸੁਰ ਹੁੰਦੇ ਹੋਏ ਭਾਂਗੜੀ ਪਿੜ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਪਹਿਲਾਂ ਹੌਲੀ ਅਤੇ ਫਿਰ ਸਹਿਜੇ-ਸਹਿਜੇ ਤੇਜ਼ ਗਤੀ ਨਾਲ ਨੱਚਣ ਲੱਗਦੇ ਹਨ।
ਪ੍ਰਾਚੀਨ ਸਮਿਆਂ ਵਿੱਚ ਇਹ ਨਾਚ ਵਧੇਰੇ ਵਿਸਾਖੀ ਮੇਲੇ ਦੇ ਅਵਸਰ ਪੁਰ ਅਤੇ ਕਦੇ ਕਦਾਈਂ ਕਿਸੇ ਖ਼ੁਸ਼ੀ ਦੇ ਮੌਕੇ ਨੱਚਿਆ ਜਾਂਦਾ ਸੀ ਅਤੇ ਇਸ ਨਾਚ ਦਾ ਸਮੁਚਾ ਚਲਨ ਬਹੁਤ ਸਾਦਾ ਸੀ, ਜਿਸ ਵਿੱਚ ਨਾਚਿਆਂ ਵਿੱਚੋਂ ਹੀ ਕੋਈ ਗੱਭਰੂ ਨਿਖੜ ਕੇ ਬੋਲੀ ਪਾਉਂਦਾ ਸੀ ਜਿਸ ਦੇ ਬੋਲਾਂ ਨੂੰ ਬਾਕੀ ਦੇ ਸਾਥੀ ਚੁੱਕਦੇ ਹੋਏ ਬੋਲੀ ਦੇ ਭਾਵ ਅਨੁਸਾਰ ਮੁਦਰਾ ਦਾ ਅਭਿਨੈ ਕਰਦੇ ਹੋਏ ਨੱਚਦੇ ਸਨ। ਇਸ ਵਿੱਚ ਪੰਜਾਬ ਦੇ ਹੋਰ ਦੂਜੇ ਲੋਕ ਨਾਚਾਂ ਦੀਆਂ ਮੁਦਰਾਵਾਂ ਦਾ ਰਲਾ ਨਹੀਂ ਸੀ। ਪਰ ਅਜੋਕੇ ਸਮੇਂ ਜਦੋਂ ਇਹ ਨਾਚ ਭੰਗੜਾ ਕੋਚਾਂ ਦੀ ਨਿਰਦੇਸ਼ਨਾਂ ਹੇਠ ਸਿਖਾਂਦਰੂ ਗੱਭਰੂਆਂ ਦੁਆਰਾ ਨੱਚਿਆ ਜਾਂਦਾ ਹੈ ਤਾਂ ਇਸ ਦੀ ਪੇਸ਼ਕਾਰੀ ਵਿੱਚ ਲੁੱਡੀ, ਝੂਮਰ ਅਤੇ ਸਮੀ ਆਦਿ ਨਾਚਾਂ ਦੀ ਮਿਸ ਰਲੀ ਹੋਈ ਨਜ਼ਰ ਆਉਂਦੀ ਹੈ। ਅਜੋਕੇ ਸਮੇਂ ਕੁਝ ਗੱਭਰੂ ਨੱਚਦੇ ਹਨ ਅਤੇ ਇੱਕ ਦੋ ਗੱਭਰੂ ਵੱਖਰੇ ਖਲੋ ਕੇ ਕੇਵਲ ਬੋਲੀ ਪਾਉਂਦੇ ਹਨ। ਲੋਕ-ਨਾਚਾਂ ਵਿੱਚ ਨਿੱਤ ਹੁੰਦੇ ਬਦਲਾਓ ਕਾਰਨ ਲੋਕ-ਨਾਚ ਭੰਗੜੇ ਦੀ ਪੇਸ਼ਕਾਰੀ ਵਿੱਚ ਲਗਾਤਾਰ ਪਰਿਵਰਤਨ ਹੁੰਦਾ ਨਜ਼ਰ ਆਉਂਦਾ ਹੈ। ਇਸ ਬਦਲਾਉ ਵਿੱਚ ਬੋਲੀਆਂ ਦਾ ਅਜੋਕੇ ਸਮੇਂ ਦੇ ਅਨੁਸਾਰੀ ਹੋਣਾ, ਖੁੱਲ੍ਹੇ ਪਿੜਾਂ ਦੀ ਥਾਂ ਲੋਕ-ਨਾਚ ਦਾ ਸਟੇਜਾਂ ਤੇ ਨੱਚਿਆ ਜਾਣਾ। ਦੂਜੇ ਲੋਕ-ਨਾਚ ਵੰਨਗੀਆਂ ਦੀ ਮਿਸ ਅਤੇ ਢੋਲ ਦੀਆਂ ਸਿੱਧੀਆਂ ਚਾਲਾਂ ਨੂੰ ਤਬਲੇ ਦੇ ਅਨੁਕੂਲ ਕਰ ਕੇ ਵਜਾਉਣ ਦਾ ਚਲਨ ਮੁੱਖ ਹੈ।
Add a review