ਛੰਦ ਉਸ ਵਕਤ ਦੀ ਕਾਵਿ-ਰਚਨਾ ਜਾਪਦੀ ਹੈ ਜਦੋਂ ਛੰਦ-ਬੰਦੀ ਦਾ ਕੋਈ ਨਿਯਮ ਨਹੀਂ ਸੀ ਮਿਥਿਆ ਗਿਆ ਤੇ ਉਸ ਵਕਤ ਹਰ ਕਾਵਿ-ਰਚਨਾ ਨੂੰ ਛੰਦ ਆਖਿਆ ਜਾਂਦਾ ਸੀ। ਛੰਦ ਦੀ ਰਚਨਾ ਮੌਕੇ ਦੇ ਲਿਹਾਜ਼ ਨਾਲ ਵੀ ਕੀਤੀ ਜਾਂਦੀ ਸੀ। ਇਸੇ ਕਾਰਨ ਛੰਦਾਂ ਵਿਚ ਦੂਜੇ ਗੀਤਾਂ ਵਾਂਗ ਕਾਵਿ-ਕਲਾ ਦੇ ਉੱਚ ਗੁਣ ਤਾਂ ਨਹੀਂ ਆ ਸਕੇ ਪਰ ਕਾਫ਼ੀਆ-ਬੰਦੀ ਜ਼ਰੂਰ ਪੂਰੀ ਕੀਤੀ ਜਾਂਦੀ ਹੈ।
ਛੰਦ ਵਿਆਹ ਸ਼ਾਦੀ ਸਮੇਂ ਵਹੁਟੀ ਦੀਆਂ ਸਹੇਲੀਆਂ ਜਾਂ ਭੈਣਾਂ ਲਾੜੇ ਪਾਸੋਂ ਸੁਣਦੀਆਂ ਹਨ।ਛੰਦ ਦੀ ਰਚਨਾ ਲਾੜੇ ਦੇ ਬੋਲਣ ਚਾਲਣ ਦੇ ਤਰੀਕੇ ਤੇ ਦਿਮਾਗ਼ੀ ਸੂਝ ਬੂਝ ਨੂੰ ਪਰਖਣ ਲਈ ਕਰਵਾਈ ਜਾਂਦੀ ਹੈ। ਇਸੇ ਲਈ ਇਸ ਦੀ ਪਹਿਲੀ ਤੁਕ ਵਾਸਤੇ ਕਿਸੇ ਨਾ ਕਿਸੇ ਦਿਸਦੀ ਚੀਜ਼ ਦਾ ਕਾਫ਼ੀਆ ਰੱਖ ਲਿਆ ਜਾਂਦਾ ਹੈ ਅਤੇ ਅਗਲੀ ਤੁਕ ਦਾ ਭਾਵ ਉਸ ਨਾਲ ਮਿਲਾ ਦਿੱਤਾ ਜਾਂਦਾ ਹੈ।
ਛੰਦ ਦੇ ਹੋਰ ਗੀਤਾਂ ਵਾਂਗ ਬਹੁਤੇ ਰੂਪ ਨਹੀਂ, ਇਕੋ ਹੀ ਰੂਪ ਮਿਲਦਾ ਹੈ ਅਤੇ ਵਿਸ਼ਾ ਵੀ ਲਗਭਗ ਇਕੋ ਹੀ ਹੁੰਦਾ ਹੈ, ਲਾੜੇ ਦੀਆਂ ਸਾਲੀਆਂ ਨਾਲ ਗੱਲਾਂ ਤੇ ਵਹੁਟੀ ਜਾਂ ਸੱਸ ਸਹੁਰੇ, ਸਾਲੀਆਂ ਬਾਰੇ ਮਿੱਠੀਆਂ ਮਿੱਠੀਆਂ ਟੋਕਾਂ। ਛੰਦ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ :–
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਫਲੀ ।
ਸਹੁਰਾ ਫੁਲ ਗੁਲਾਬ ਦਾ, ਸੱਸ ਚੰਬੇ ਦੀ ਕਲੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੁਰਮਾ ।
ਧੀ ਤੁਹਾਡੀ ਨੂੰ ਇਉਂ ਰਖਾਂ, ਜਿਉਂ ਅੱਖਾਂ ਵਿਚ ਸੁਰਮਾ ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੋਟੀਆਂ।
ਉਤੋਂ ਉਤੋਂ ਤੁਸੀਂ ਭੋਲੀਆਂ, ਵਿਚੋਂ ਦਿਲ ਦੀਆਂ ਖੋਟੀਆਂ।
ਛੰਦ ਪਰਾਗੇ ਆਵਾਂ ਜਾਵਾਂ, ਛੰਦ ਪਰਾਗੇ ਪੋਰੀ ।
ਖੁਸ਼ ਤੁਹਾਡੇ ਤੇ ਤਦ ਹੋਵਾਂ, ਜੇ ਰੰਨ ਦੇਵੋਂ ਗੋਰੀ।
Add a review