ਲੋਕ-ਸਾਹਿਤ ਵਿੱਚ ਘੋੜੀਆਂ ਸ਼ਗਨਾਂ ਦੇ ਗੀਤ ਹਨ। ਇਹਨਾਂ ਨੂੰ ਜਸ-ਗੀਤ ਵੀ ਕਹਿੰਦੇ ਹਨ। ਜਿਸ ਘਰ ਵਿੱਚ ਮੁੰਡੇ ਦਾ ਵਿਆਹ ਹੋਣਾ ਹੁੰਦਾ ਹੈ, ਉਸ ਤੋਂ ਕੁਝ ਦਿਨ ਪਹਿਲਾਂ ਘੋੜੀਆਂ ਦੇ ਗੀਤ ਗਾਏ ਜਾਂਦੇ ਹਨ। ਇਸ ਨੂੰ ਗਾਉਣ ਬੈਠਾਉਣਾ ਵੀ ਕਿਹਾ ਜਾਂਦਾ ਹੈ। ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਸ਼ਾਮ ਵੇਲੇ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਇਹ ਲੋਕ-ਗੀਤ ਘੋੜੀਆਂ ਅਖਵਾਉਂਦੇ ਹਨ। ਘੋੜੀ ਕਿਸੇ ਖ਼ਾਸ ਛੰਦ ਦਾ ਨਾਂ ਨਹੀਂ ਤੇ ਨਾ ਹੀ ਘੋੜੀ ਦੀ ਤਰਜ਼ ਤੇ ਗਾਏ ਜਾਣ ਵਾਲੇ ਹਨ। ਸਾਰੇ ਗੀਤਾਂ ਦੀ ਬਣਤਰ ਇੱਕੋ ਜਿਹੀ ਹੁੰਦੀ ਹੈ। ਛੰਦਾ-ਬੰਦੀ ਅਨੁਸਾਰ ਤੋਲ-ਤੁਕਾਂਤ ਭਿੰਨ-ਭਿੰਨ ਵੀ ਹੋ ਸਕਦੇ ਹਨ, ਪਰੰਤੂ ਵਿਸ਼ਾ-ਵਸਤੂ, ਰਵਾਨੀ ਤੇ ਲੈਅ ਦੇ ਪੱਖੋਂ ਹਰ ਘੋੜੀ ਗੀਤ ਮਿਲਦਾ-ਜੁਲਦਾ ਹੁੰਦਾ ਹੈ। ਹੋਰ ਲੋਕ-ਗੀਤਾਂ ਵਾਂਗ ਇਸ ਕਾਵਿ ਦੀਆਂ ਵੀ ਬਹੁਤ ਸਾਰੀਆਂ ਵੰਨਗੀਆਂ ਮਿਲਦੀਆਂ ਹਨ। ਗੀਤ ਸਾਡੇ ਲਹੂ ਵਿੱਚ ਰਚੇ-ਮਿਚੇ ਹਨ ਤੇ ਸਾਡੇ ਸੱਭਿਆਚਾਰ ਦਾ ਵਿਰਸਾ ਹਨ। ਵਿਆਂਦੜ (ਲਾੜਾ) ਨੂੰ ਘੋੜੀ `ਤੇ ਚੜ੍ਹਾ ਕੇ ਵਿਆਹ ਦਾ ਜਸ਼ਨ ਮਨਾਇਆ ਜਾਂਦਾ ਸੀ। ਆਵਾਜਾਈ ਦੇ ਸਾਧਨ ਪਸ਼ੂ ਹੀ ਹੁੰਦੇ ਸਨ। ਓਦੋਂ ਉਹ ਖ਼ੁਸ਼ੀ ਗੀਤ ਜੋ ਤੀਵੀਆਂ ਲਾੜੇ ਦੀ ਘੋੜੀ ਚੜ੍ਹਨ ਵੇਲੇ ਗਾਉਂਦੀਆਂ ਸਨ, ਉਹਨਾਂ ਨੂੰ ਘੋੜੀਆਂ ਕਿਹਾ ਜਾਂਦਾ ਸੀ। ਅਜੇ ਵੀ ਬਹੁਤ ਪਰਿਵਾਰਾਂ ਵਿੱਚ ਲਾੜੇ ਨੂੰ ਘੋੜੀ ਚੜ੍ਹਾ ਕੇ ਕੁਝ ਫ਼ਾਸਲੇ ਤੋਂ ਜੰਞ ਦੇ ਅੱਗੇ-ਅੱਗੇ ਲੜਕੀ (ਲਾੜੀ) ਵਾਲਿਆਂ ਦੇ ਵਿਆਹ-ਸਮਾਗਮ ਦੀ ਥਾਂ `ਤੇ ਲਿਆਂਦਾ ਜਾਂਦਾ ਹੈ। ਲੜਕੀ ਦੇ ਵਿਆਹ ਵਾਲੇ ਘਰ ਖ਼ੁਸ਼ੀ ਤੇ ਸ਼ਗਨ ਮਨਾਉਣ ਲਈ ਸੁਹਾਗ-ਗੀਤ ਗਾਏ ਜਾਂਦੇ ਹਨ।
ਘੋੜੀਆਂ ਵਿੱਚ ਮੁੰਡੇ ਦੀ ਮਾਂ, ਭੈਣ ਤੇ ਨਜ਼ਦੀਕੀ ਰਿਸ਼ਤੇਦਾਰ ਔਰਤਾਂ ਵੱਲੋਂ ਉਸ ਦੇ ਖ਼ਾਨਦਾਨ ਦੀ ਪ੍ਰਸੰਸਾ ਤੇ ਵਿਆਹ ਦੇ ਸਮਾਗਮ ਦੇ ਜਲੌਅ ਦਾ ਵਰਣਨ ਹੁੰਦਾ ਹੈ। ਮੁੰਡੇ ਪ੍ਰਤਿ ਮਾਪਿਆਂ ਤੇ ਸਾਕ-ਸੰਬੰਧੀਆਂ ਦੇ ਮੋਹ ਦੇ ਰਿਸ਼ਤੇ ਦਾ ਪ੍ਰਗਟਾਵਾ ਹੁੰਦਾ ਹੈ। ਉਸ ਦੇ ਭਵਿੱਖ ਬਾਰੇ ਅਸੀਸਾਂ ਤੇ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ। ਇਹਨਾਂ ਗੀਤਾਂ ਵਿੱਚ ਮੁੰਡੇ ਦੇ ਜਨਮ ਤੋਂ ਹੀ ਖ਼ੁਸ਼ੀਆਂ ਦਾ ਜ਼ਿਕਰ ਕੀਤਾ ਹੁੰਦਾ ਹੈ। ਮੁੰਡੇ ਦੇ ਪਰਿਵਾਰ ਦੀ ਖ਼ੁਸ਼ਹਾਲੀ ਤੇ ਸ਼ੁਹਰਤ ਦਾ ਜੱਸ ਗਾਇਆ ਜਾਂਦਾ ਹੈ। ਮੁੰਡੇ ਦਾ ਘੋੜੀ ਚੜ੍ਹਨ ਦਾ ਸੁੰਦਰ ਦ੍ਰਿਸ਼ ਮਹਿਮਾ ਭਰਪੂਰ ਹੁੰਦਾ ਹੈ। ਉਸ ਦੇ ਸਿਹਰੇ, ਵਸਤਰ, ਗਹਿਣੇ, ਜੁੱਤੀ ਤੇ ਸ਼ਿੰਗਾਰ ਦੀ ਰੱਜ ਕੇ ਵਡਿਆਈ ਕੀਤੀ ਹੁੰਦੀ ਹੈ। ਵਿਆਹ ਕੇ ਲਿਆਉਣ ਵਾਲੀ ਲੜਕੀ (ਲਾੜੀ) ਦੇ ਗੁਣਾਂ ਦੀ ਵੀ ਤਾਰੀਫ਼ ਕੀਤੀ ਹੁੰਦੀ ਹੈ। ਦੋਵਾਂ ਦੇ ਮੇਲ-ਮਿਲਾਪ ਦੀ ਖ਼ੈਰ-ਸੁੱਖ ਮੰਗੀ ਜਾਂਦੀ ਹੈ। ਮਾਂ ਤੇ ਪਰਿਵਾਰ ਦੇ ਹੋਰ ਜੀਆਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਸਾਰਿਆਂ ਦੇ ਚਿਹਰੇ `ਤੇ ਰੌਣਕ ਤੇ ਖ਼ੁਸ਼ੀ ਹੁੰਦੀ ਹੈ। ਘੋੜੀ ਦੇ ਗੀਤਾਂ ਵਿੱਚ ਨਿੱਕੇ-ਨਿੱਕੇ ਵੇਰਵਿਆਂ ਰਾਹੀਂ ਘੋੜੀ ਦੇ ਸ਼ਿੰਗਾਰ, ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਆਦਿ ਦੇ ਵੇਰਵੇ ਹੁੰਦੇ ਹਨ। ਘੋੜੀਆਂ ਨੂੰ ਔਰਤਾਂ ਰਲ ਕੇ ਗਾਉਂਦੀਆਂ ਹਨ ਤੇ ਲੋੜ ਅਨੁਸਾਰ ਉਹਨਾਂ `ਚ ਸ਼ਬਦਾਂ ਅਤੇ ਵਾਕਾਂਸ਼ਾਂ ਦਾ ਘਾਟਾ-ਵਾਧਾ ਕਰ ਲਿਆ ਜਾਂਦਾ ਹੈ। ਕਈ ਗੀਤ ਖੇਤਰੀ ਭਾਸ਼ਾ ਕਾਰਨ ਕੁਝ ਕੁ ਅੰਤਰ ਵਾਲੇ ਹੁੰਦੇ ਹਨ, ਪਰੰਤੂ ਸੁਹਾਗ-ਗੀਤਾਂ ਵਾਂਗ ਬਣਤਰ ਪੱਖੋਂ ਸਰਲ ਹੁੰਦੇ ਹਨ। ਘੋੜੀਆਂ ਵਿੱਚ ਦੁਹਰਾ, ਪ੍ਰਕਿਰਤਿਕ-ਦ੍ਰਿਸ਼, ਲੈਅ, ਰਵਾਨੀ, ਸੰਗੀਤਿਕਤਾ ਆਦਿ ਇਸ ਦੇ ਪ੍ਰਮੁੱਖ ਲੱਛਣ ਹਨ।
ਘੋੜੀਆਂ ਵਿੱਚ ਮਾਂ, ਭੈਣ ਤੇ ਭਰਜਾਈ ਦੀਆਂ ਰੀਝਾਂ, ਸੱਧਰਾਂ ਤੇ ਲਾਲਸਾਵਾਂ ਕਈ ਰੰਗਾਂ ਤੇ ਰੂਪਾਂ ਵਿੱਚ ਪੁੰਗਰਦੀਆਂ ਹਨ ਤੇ ਮੀਂਹ ਦੀਆਂ ਕਣੀਆਂ ਵਾਂਗ ਇੱਕ ਸੰਗੀਤਿਕ ਤਾਲ ਵਿੱਚ ਨੱਚਦੀਆਂ ਹਨ। ਵੇਖੋ ਇਸ ਘੋੜੀ ਦੇ ਕੁਝ ਅੰਸ਼:
ਨਿੱਕੀ ਨਿੱਕੀ ਬੂੰਦੀ
ਵੇ ਨਿੱਕਿਆ, ਮੀਂਹ ਵੇ ਵਰ੍ਹੇ
ਵੇ ਨਿੱਕਿਆ, ਮਾਂ ਵੇ ਸੁਹਾਗਣ
ਤੇਰੇ ਸ਼ਗਨ ਕਰੇ।
ਮਾਂ ਵੇ ਸੁਹਾਗਣ
ਤੇਰੇ ਸ਼ਗਨ ਕਰੇ।
ਵੇ ਨਿੱਕਿਆ, ਦੰਮਾਂ ਦੀ ਬੋਰੀ
ਤੇਰਾ ਬਾਬਾ ਫੜੇ।
ਨੀਲੀ ਨੀਲੀ ਵੇ ਘੋੜੀ
ਮੇਰਾ ਨਿੱਕੜਾ ਚੜ੍ਹੇ
ਵੇ ਨਿੱਕਿਆ, ਭੈਣ ਸੁਹਾਗਣ
ਤੇਰੀ ਵਾਗ ਫੜੇ
ਭੈਣ ਵੇ ਸੁਹਾਗਣ, ਤੇਰੀ ਵਾਗ ਫੜੇ
ਵੇ ਨਿੱਕਿਆ, ਪੀਲੀ ਪੀਲੀ ਦਾਲ
ਤੇਰੀ ਘੋੜੀ ਚਰੇ।
ਲੜਕੇ ਲਈ ਲਾਡਲੇ ਸ਼ਬਦ ਜਿਵੇਂ ‘ਹਰਿਆ’, ‘ਰਾਮਾ’, ‘ਮੱਲਾ’, ‘ਲਾਲ’, ‘ਸੁਰਜਣਾ’ ਆਦਿ ਵਰਤੇ ਜਾਂਦੇ ਹਨ, ਜਿਨ੍ਹਾਂ ਵਿੱਚ ਮਾਂ ਦੀ ਮਮਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਕੁਝ ਅੰਸ਼ :
ਹਰਿਆ ਨੀ ਮਾਲਣ, ਹਰਿਆ ਨੀ ਭੈਣੇ,
ਹਰਿਆ ਤੇ ਭਾਗੀਂ ਭਰਿਆ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ
ਸੋਈਓ ਦਿਹਾੜਾ ਭਾਗੀਂ ਭਰਿਆ।
ਇੱਕ ਲੱਖ ਚੰਬਾ ਦੋ ਲੱਖ ਮਰੂਆ
ਤ੍ਰੈ ਲੱਖ ਸਿਹਰੇ ਦਾ ਮੁੱਲ
ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ
ਬੰਨ੍ਹ ਨੀ ਲਾਲ ਜੀ ਦੇ ਮੱਥੇ।
ਕੋਈ ਸਮਾਂ ਸੀ ਜਦੋਂ ਮਾਲਣ ਜਾਂ ਕੋਈ ਨੈਣ ਲੜਕੇ ਲਈ ਬਹੁਤ ਰੀਝਾਂ ਨਾਲ ਸਿਹਰਾ ਗੁੰਦ ਕੇ ਲਿਆਉਂਦੀ ਸੀ ਤੇ ਸਿਹਰੇ ਨੂੰ ਬਹੁਤ ਸ਼ਗਨਾਂ ਨਾਲ ਬੰਨ੍ਹਿਆ ਜਾਂਦਾ ਸੀ ਤੇ ਉਸ ਨੂੰ ਲਾਗ (ਰਾਸ਼ੀ ਆਦਿ) ਦਿੱਤਾ ਜਾਂਦਾ ਸੀ। ਹੁਣ ਦੇ ਸਮਿਆਂ `ਚ ਬਜ਼ਾਰੋਂ ਬਣੇ-ਬਣਾਏ ਕੀਮਤੀ ਤੇ ਵਡਮੁੱਲੇ ਸਿਹਰੇ ਖ਼ਰੀਦ ਕੇ ਭੈਣ ਵੱਲੋਂ ਭਰਾ ਦੇ ਬੰਨ੍ਹ ਕੇ ਸ਼ਗਨ ਮਨਾਏ ਜਾਂਦੇ ਹਨ। ਇਹਨਾਂ ਗੀਤਾਂ ਵਿੱਚ ਘੋੜੀ ਨੂੰ ਸ਼ਿੰਗਾਰਨ ਦਾ ਦ੍ਰਿਸ਼ ਇੰਞ ਪੇਸ਼ ਕੀਤਾ ਗਿਆ ਹੈ :
ਘੋੜੀ ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜ਼ਾਰ।
ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ,
ਵੇ ਮਾਂ ਦਿਆ ਸੁਰਜਣਾ।
ਚੀਰਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਕਲਗੀਆਂ ਦੇ ਨਾਲ।
ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ,
ਵੇ ਮਾਂ ਦਿਆ ਸੁਰਜਣਾ।
ਕੈਂਠਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਜੁਗਨੀਆਂ ਦੇ ਨਾਲ।
ਜੁਗਨੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ,
ਵੇ ਮਾਂ ਦਿਆ ਸੁਰਜਣਾ।
ਜੁੱਤੀ ਤੇਰੀ ਵੇ ਮੱਲਾ ਸੋਹਣੀ,
ਵਾਹਵਾ ਜੜੀ ਤਿੱਲੇ ਨਾਲ।
ਕੇਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ,
ਵੇ ਮਾਂ ਦਿਆ ਸੁਰਜਣਾ।
ਘੋੜੀ ਦੀ ਸੁੰਦਰਤਾ ਦਾ ਜ਼ਿਕਰ ਵੇਖੋ :
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਖੜ ਪਾਏ ਰਾਮਾ।
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ, ਖੜ ਲਾਈ ਰਾਮਾ।
ਸਿਹਰੇ ਦੇ ਸ਼ਗਨਾਂ ਲਈ ਫੁੱਲਾਂ ਦਾ ਵਿਸ਼ੇਸ਼ ਜ਼ਿਕਰ :
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ
ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।
ਭਰਾ ਪ੍ਰਤਿ ਭੈਣ ਦਾ ਪਿਆਰ ਵੀ ਵੇਖਣ ਵਾਲਾ ਹੈ :
ਵੀਰਾ ਘੋੜੀਆਂ ਵਿਕੇਂਦੀਆਂ ਵੇ, ਨਦੀਆਂ ਤੋਂ ਪਾਰ
ਤੂੰ ਚਾਚੇ ਨੂੰ ਲਾਡਲਾ ਵੇ, ਘੋੜੀਆਂ ਲਿਆਂਦੀਆਂ ਚਾਰ
ਤੂੰ ਭੈਣਾਂ ਨੂੰ ਲਾਡਲਾ ਵੇ, ਘੋੜੀਆਂ ਲਿਆਂਦੀਆਂ ਚਾਰ
ਵੀਰਾ ਘੋੜੀਆਂ ਵਿਕੇਂਦੀਆਂ ਵੇ, ਨਦੀਆਂ ਤੋਂ ਪਾਰ।
ਘੋੜੀਆਂ ਗਾਉਣ ਵਾਲੀਆਂ ਔਰਤਾਂ ਨੂੰ ਲੜਕੇ ਦੀ ਮਾਂ (ਪਰਿਵਾਰ) ਵੱਲੋਂ ਲੱਡੂ, ਪਤਾਸੇ ਜਾਂ ਕੋਈ ਹੋਰ ਮਿੱਠੀ ਵਸਤੂ ਵੰਡੀ ਜਾਂਦੀ ਹੈ।
Add a review