ਸਰਾਂ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਰਾਜੇ ਸਲਵਾਨ ਦੇ ਪੰਦਰਾਂ ਪੁੱਤਰ ਸਨ। ਸਲਵਾਨ ਭੱਟਨੇਰ ਦਾ ਇੱਕ ਪ੍ਰਸਿੱਧ ਰਾਜਾ ਸੀ। ਇਸ ਦੇ ਇੱਕ ਪੁੱਤਰ ਦਾ ਨਾਮ ਸਾਇਰ ਰਾਉ ਸੀ। ਸਰਾਂ ਗੋਤ ਦੇ ਜੱਟ ਸਰਾਓ ਜਾਂ ਸਾਇਰ ਰਾਉ ਦੀ ਬੰਸ ਵਿਚੋਂ ਹਨ। ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਲੋਂ ਵੀ ਲਿਖਿਆ ਹੈ। ਕਿਸੇ ਕਾਰਨ ਇਹ ਲੋਕ ਭੱਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ, ਹਿੱਸਾਰ ਤੇ ਬਠਿੰਡੇ ਵੱਲ ਆ ਗਏ। ਘੱਗਰ ਨਦੀ ਦੇ ਆਸਪਾਸ ਹਰਿਆਣੇ ਤੇ ਪੰਜਾਬ ਦੇ ਖੇਤਰ ਵਿੱਚ ਆਬਾਦ ਹੋ ਗਏ। ਬਠਿੰਡੇ ਵਿੱਚ ਸਰਾਵਾਂ ਦੇ 12 ਪਿਡ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਤਖਤੂ, ਫਲੜ, ਸ਼ੇਰਗੜ੍ਹ, ਮਸਾਣਾ, ਦੇਸੂ, ਪਨੀਵਾਲਾ, ਵਾਘਾ ਆਦਿ ਹਨ।
ਮਾਨਸਾ ਇਲਾਕੇ ਦੇ ਸਰਾਂ ਆਪਣਾ ਗੋਤ ਸਰਾਉਂ ਲਿਖਦੇ ਹਨ। ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੋਟੜਾ ਸਰਾਉਂ ਗੋਤ ਦਾ ਪ੍ਰਸਿੱਧ ਪਿੰਡ ਹੈ। ਮੁਕਤਸਰ ਜਿਲ੍ਹੇ ਵਿੱਚ ਕੱਚਾ ਕਾਲੇਵਾਲਾ ਪਿੰਡ ਸਾਰਾ ਹੀ ਸਰਾਂ ਗੋਤ ਦਾ ਹੈ। ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾਂ ਗੋਤ ਦਾ ਇੱਕ ਉਘਾ ਪਿੰਡ ਹੈ। ਫਰੀਦਕੋਟ ਤੇ ਮੋਗੇ ਦੇ ਇਲਾਕੇ ਵਿੱਚ ਸਰਾਂ ਪੱਕਾ ਪੱਥਰਾਲਾ ਦੇ ਇਲਾਕੇ ਵਿਚੋਂ ਆਕੇ ਆਬਾਦ ਹੋਏ ਹਨ। ਮੋਗੇ, ਗਿੱਲ ਦੀ ਪੱਕੇ ਰਿਸ਼ਤੇਦਾਰੀ ਸੀ। ਉਸ ਦੇ ਸਹੁਰੇ ਬਾਰੇ ਸਰਾਂ ਦੀ ਮੁਗਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ਚੱਲਦੀ ਸੀ। ਪਟਿਆਲੇ ਤੇ ਸੰਗਰੂਰ ਦੇ ਜਿਲ੍ਹਿਆਂ ਵਿੱਚ ਵੀ ਕੁਝ ਸਰਾਂ ਆਬਾਦ ਹਨ।
ਸਰਾਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਕਿਸੇ ਸਮੇਂ ਸਰਹੰਦ ਦੇ ਸਮਾਣੇ ਦੇ ਖੇਤਰ ਵਿੱਚ ਵੀ ਸਰਾਵਾਂ ਦਾ ਬੋਲਬਾਲਾ ਸੀ। ਸਤਲੁਜ ਦੇ ਖੇਤਰ ਲੁਧਿਆਣਾ ਤੇ ਫਿਰੋਜ਼ਪੁਰ ਆਦਿ ਵਿੱਚ ਵੀ ਸਰਾਂ ਕਾਫ਼ੀ ਸਨ। ਅਕਾਲੀ ਫੂਲਾ ਸਿੰਘ ਸਰਾਉਂ ਜੱਟ ਸੀ।
ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁੱਜਰਾਂਵਾਲਾ ਦੇ ਇਲਾਕਿਆਂ ਵਿੱਚ ਵੀ ਸਰਾਵਾਂ ਦੇ ਕਾਫ਼ੀ ਪਿੰਡ ਸਨ। ਜਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਪਾਸ ਚਿਪੜਾ ਪਿੰਡ ਵੀ ਸਰਾਂ ਗੋਤ ਦੇ ਜੱਟਾਂ ਦਾ ਹੈ। ਦੁਆਬੇ ਵਿੱਚ ਸਰਾਂ ਬਹੁਤ ਘੱਟ ਹਨ। ਮੁਗਲਾਂ ਦੇ ਸਮੇਂ ਸਰਾਂ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਪਿੰਡ ਬੜੀ ਟਿੱਬਾ ਦਾ ਦੁਲਾ ਸਿੰਘ ਸਰਾਉਂ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ। ਪਿਡ ਜੱਸੀ ਜਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾਂ ਗੁਰੂ ਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ।
1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਂ ਗੋਤ ਦੇ ਜੱਟਾਂ ਦੀ ਗਿਣਤੀ 21826 ਸੀ। ਨਵੀਂ ਖੋਜ ਅਨੁਸਾਰ ਇਹ ਤੂਰ ਹਨ। ਇਹ ਲੋਕ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹਨ। ਇਹ ਸਾਕਾ ਬੰਸੀ ਕਬੀਲੇ ਦੇ ਲੋਕ ਸਨ। ਸਰਾਂ ਵੀ ਇੱਕ ਉਘਾ ਤੇ ਛੋਟਾ ਗੋਤ ਹੈ।
Add a review