ਬਾਸੀ : ਇਹ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਇਨ੍ਹਾਂ ਦੇ ਵਡੇਰੇ ਮੱਧ ਏਸ਼ੀਆ ਤੋਂ ਉਠਕੇ ਯੂਨਾਨ, ਇਰਾਨ ਆਦਿ ਦੇਸ਼ਾਂ ਵਿੱਚ ਕਾਫ਼ੀ ਘੁੰਮ ਫਿਰਕੇ, ਸਿੰਧ ਤੇ ਦਿੱਲੀ ਵਿੱਚ ਆਏ। ਫਿਰ ਅੱਗੇ ਚੱਲ ਕੇ ਪੰਜਾਬ ਵਿੱਚ ਪਹੁੰਚ ਗਏ।
ਬਾਸੀ ਗੋਤ ਦਾ ਮੋਢੀ ਜਰਜਤ ਸੀ।
ਗੋਪਾਲਪੁਰ ਜਿਲ੍ਹਾ ਲੁਧਿਆਣੇ ਵਿੱਚ ਇਨ੍ਹਾਂ ਦੇ ਵਡੇਰੇ ਤੁਲਾ ਦਾ ਮੱਟ ਹੈ। ਬੱਚੇ ਦੇ ਜਨਮ ਦੀ ਖ਼ੁਸ਼ੀ ਵਿੱਚ ਅਤੇ ਦੀਵਾਲੀ ਦੇ ਮੌਕੇ ਬਾਸੀ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੇ ਨਾਮ ਤੇ ਉਥੇ ਮਿੱਟੀ ਕੱਢਦੇ ਹਨ। ਕੁਝ ਬਾਸੀ ਜੱਟ ਫਿਰੋਜ਼ਪੁਰ, ਮੋਗੇ, ਸੁਨਾਮ ਅਤੇ ਫਰੀਦਕੋਟ ਆਦਿ ਖੇਤਰਾਂ ਵਿੱਚ ਵੀ ਵਸਦੇ ਹਨ। ਲੁਧਿਆਣੇ ਦੇ ਖੇਤਰ ਵਿੱਚ ਬਾਸੀ ਗੋਤ ਦੇ ਜੱਟ ਕਾਫ਼ੀ ਹਨ। ਜਰਜਤ ਦੀ ਬੰਸ ਵਿਚੋਂ ਜਮੀਤਾ, ਚੂਹਾ ਤੇ ਯੋਂਗੀ ਵੀ ਕਾਫ਼ੀ ਪ੍ਰਸਿੱਧ ਸਨ।
ਚੂਹੇ ਦੀ ਬੰਸ ਦੇ ਲੋਕ ਲੁਧਿਆਣੇ ਦੇ ਪ੍ਰਸਿੱਧ ਪਿੰਡ ਪੂੜੈਣ ਵਿੱਚ ਆਬਾਦ ਹਨ। ਅਬੋਹਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਬਹਾਵਲ ਬਾਸੀਆਂ ਹੈ। ਮੁਸਲਮਾਨਾਂ ਦੇ ਰਾਜ ਵਿੱਚ ਬਾਸੀ ਗੋਤ ਦੇ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣਕੇ ਮੁਸਲਮਾਨ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇੱਕ ਬਾਸੀਆਂ ਪਿੰਡ ਲੁਧਿਆਣੇ ਦੇ ਖੇਤਰ ਵਿੱਚ ਮੁੱਲਾਂਪੁਰ ਦਾਖੇ ਦੇ ਨਜ਼ਦੀਕ ਹੈ। ਇਹ ਵੀ ਬਾਸੀ ਗੋਤ ਦੇ ਜੱਟਾਂ ਦਾ ਪਿੰਡ ਹੈ।
ਇਸ ਪਿੰਡ ਨੂੰ ਬਾਸੀਆਂ ਬੇਟ ਕਹਿੰਦੇ ਹਨ। ਰਾਏਕੋਟ ਦੇ ਨਜ਼ਦੀਕ ਵੀ ਇੱਕ ਬਾਸੀਆਂ ਪਿੰਡ ਹੈ। ਇੱਕ ਬੱਸੀ ਪਿੰਡ ਜਿਲ੍ਹਾ ਪਟਿਆਲਾ ਵਿੱਚ ਵੀ ਹੈ। ਪੰਜਾਬ ਵਿੱਚ ਬਸੀਆਂ ਨਾਮ ਦੇ ਕਈ ਪਿੰਡ ਹਨ। ਮਾਲਵੇ ਵਿੱਚ ਬਾਸੀ ਗੋਤ ਦੇ ਜੱਟ ਕਾਫ਼ੀ ਹਨ। ਦੁਆਬੇ ਵਿੱਚ ਬੰਡਾਲਾ ਬਾਸੀ ਗੋਤ ਦਾ ਬਹੁਤ ਹੀ ਉਘਾ ਪਿੰਡ ਹੈ। ਪ੍ਰਸਿੱਧ ਕਮਿਊਨਿਸਟ ਲੀਡਰ ਹਰਕ੍ਰਿਸ਼ਨ ਸਿੰਘ ਸੁਰਜੀਤ ਬੰਡਾਲੇ ਪਿੰਡ ਦਾ ਬਾਸੀ ਜੱਟ ਹੈ।
ਦੁਆਬੇ ਵਿਚੋਂ ਬਾਸੀ ਭਾਈਚਾਰੇ ਦੇ ਬਹੁਤੇ ਲੋਕ ਬਦੇਸ਼ਾਂ ਵਿੱਚ ਵੀ ਗਏ ਹਨ ਮਾਝੇ ਵਿੱਚ ਬਾਸੀ ਗੋਤ ਦੇ ਜੱਟ ਬਹੁਤ ਹੀ ਘੱਟ ਹਨ। ਬਾਸੀ ਜੱਟ ਹਿੰਦੂ ਵੀ ਹੁੰਦੇ ਹਨ ਅਤੇ ਖੱਤਰੀ ਵੀ ਹੁੰਦੇ ਹਨ। ਪੰਜਾਬ ਵਿੱਚ ਬਾਸੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਬਾਸੀ ਜੱਟ ਪੰਜਾਬ ਦੇ ਪ੍ਰਾਚੀਨ ਕਬੀਲਿਆਂ ਵਿਚੋਂ ਹਨ। ਜੱਟਾਂ, ਖੱਤਰੀਆਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸਾਂਝੇ ਹਨ। ਪਿਛੋਕੜ ਵੀ ਸਾਂਝਾ ਹੈ। ਰਾਜਪੂਤ ਵੀ ਖੱਤਰੀਆਂ ਤੋਂ ਮਗਰੋਂ ਹੀ ਪੈਦਾ ਹੋਏ ਹਨ। ਜੱਟ ਆਰੀਆਂ ਦੀ ਹੀ ਉਲਾਦ ਹਨ। ਸਿੱਥੀਅਨ ਵੀ ਆਰੀਏ ਹੀ ਸਨ।
Add a review