ਬਿਲਿੰਗ : ਇਹ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। ਦਿਉਲ, ਦਲਿਉ, ਔਲਖ ਵੀ ਬਿਲਿੰਗਾਂ ਦੀ ਬਰਾਦਰੀ ਵਿਚੋਂ ਹਨ। ਇਹ ਭਾਈਚਾਰੇ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਐਚ• ਏ• ਰੋਜ਼ ਵੀ ਇਨ੍ਹਾਂ ਨੂੰ ਜੱਗਦੇਉ ਬੰਸੀ ਮੰਨਦਾ ਹੈ। ਬਲਿੰਗ ਗੋਤ ਦੇ ਜੱਟ ਬਹੁਤੇ ਧੂਰੀ ਦੇ ਇਲਾਕੇ ਵਿੱਚ ਹੀ ਹਨ। ਧੂਰੀ ਨੇੜੇ ਪੰਜ ਛੇ ਪਿੰਡ ਬਿਲਿੰਗ ਗੋਤ ਦੇ ਹਨ। ਇਨ੍ਹਾਂ ਦੇ ਨਾਮ ਢੱਢੋਗਲ, ਖੇੜੀ, ਈਸੜਾ ਆਦਿ ਹਨ। ਜਿਲ੍ਹਾ ਲੁਧਿਆਣਾ ਦਾ ਪ੍ਰਸਿੱਧ ਪਿੰਡ ਸੇਹ, ਨੇੜੇ ਖੰਨਾ, ਬਿਲਿੰਗ ਗੋਤ ਦੇ ਬਾਬਾ ਭਕਾਰੀ ਨੇ ਬੰਨਿਆ ਸੀ ਜੋ ਢੱਢੋਗਲਖੇੜੀ ਤੋਂ ਆਇਆ ਸੀ। ਖੰਨੇ ਨੇੜੇ ਚੱਕ ਮਾਫੀ ਵਿੱਚ ਵੀ ਕੁਝ ਘਰ ਬਲਿੰਗਾਂ ਦੇ ਹਨ। ਸਰਹੰਦ ਨੇੜੇ ਵੀ ਰੁੜਕੀ ਉਚੀ ਤੇ ਖੋਜੜਾ ਖੋਜੜੀ ਵਿੱਚ ਬਿਲਿੰਗ ਵਸਦੇ ਹਨ।
ਪਟਿਆਲਾ ਦੇ ਨੇੜੇ ਵੀ ਕੁਝ ਪਿੰਡਾਂ ਵਿੱਚ ਬਿਲਿੰਗ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜਿਲ੍ਹਾ ਸੰਗਰੂਰ ਦੇ ਖੇਤਰ ਕਾਂਝਲੀ ਤੇ ਧਾਮੋ ਮਾਜਰੇ ਆਦਿ ਵਿੱਚ ਵੀ ਬਲਿੰਗ ਵਸਦੇ ਹਨ। ਜਿਲ੍ਹਾ ਲੁਧਿਆਣਾ ਦੇ ਪਿੰਡ ਕਾਉਂਕੇ ਕਲਾਂ ਤੇ ਮਾਂਹਪੁਰ ਵਿੱਚ ਵੀ ਬਲਿੰਗਾਂ ਦੇ ਕੁਝ ਘਰ ਆਬਾਦ ਹਨ। ਅਸਲ ਵਿੱਚ ਬਿਲਿੰਗ, ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਸ ਖ਼ਾਨਦਾਨ ਦੀ ਮਾਲਵੇ ਵਿੱਚ ਗਿਣਤੀ ਵੀ ਬਹੁਤ ਹੀ ਘੱਟ ਹੈ। ਸਾਰੇ ਬਿਲਿੰਗ ਜੱਟ ਸਿੱਖ ਹੀ ਹਨ। ਇਹ ਜੱਟਾਂ ਦਾ ਇੱਕ ਬਹੁਤ ਹੀ ਛੋਟਾ ਗੋਤ ਹੈ। ਅਵਤਾਰ ਸਿੰਘ ਬਿਲਿੰਗ ਪੰਜਾਬੀ ਦੇ ਚੰਗੇ ਕਹਾਣੀਕਾਰ ਹਨ। ਪ੍ਰਸਿੱਧ ਯਾਤਰੀ ਮੈਗਸਥਾਨੀਜ਼ ਨੇ ਇਸ ਕਬੀਲੇ ਨੂੰ ਬਲਿੰਗੀ ਲਿਖਿਆ ਹੈ।
ਬੜਿੰਗ ਗੋਤ ਦੇ ਜੱਟ ਵੀ ਬਿਲਿੰਗਾਂ ਦੇ ਭਾਈਚਾਰੇ ਵਿਚੋਂ ਹਨ। ਇਹ ਵੀ ਪ੍ਰਾਚੀਨ ਜੱਟ ਕਬੀਲਾ ਹੈ। ਨਵੀਂ ਖੋਜ ਅਨੁਸਾਰ ਔਲਖ, ਬੱਲ, ਬੜਿੰਗ, ਬਿਲਿੰਗ, ਮੰਡੇਰ, ਟਿਵਾਣੇ, ਸੇਖੋਂ ਆਦਿ ਪਰਮਾਰ ਘਰਾਣੇ ਰਾਜੇ ਜੱਗਦੇਉ ਦੇ ਸੰਘ ਵਿੱਚ ਸ਼ਾਮਿਲ ਹੋ ਕੇ ਰਾਜਸਥਾਨ ਤੋਂ ਪੰਜਾਬ ਵਿੱਚ ਆਏ ਹਨ। ਇਹ ਜੱਗਦੇਉ ਬੰਸੀ ਨਹੀਂ ਹਨ। ਇਹ ਜੱਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਜੱਗਦੇਉ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਦੇ ਜਰਗ ਖੇਤਰ ਵਿੱਚ ਆਪਣੇ ਭਾਈਚਾਰੇ ਸਮੇਤ ਆਬਾਦ ਹੋਇਆ ਸੀ। ਜੱਗਦੇਉ ਮਹਾਨ ਸੂਰਬੀਰ ਸੀ।
Add a review