ਸੋਹੀ- ਇਸ ਬੰਸ ਦਾ ਮੋਢੀ ਸੋਹੀ, ਰਾਜੇ ਕਾਂਗ ਦੀ ਬੰਸ ਵਿਚੋਂ ਸੀ। ਇਹ ਬਹੁਤੇ ਸਿਆਲਕੋਟ ਦੇ ਗੁਜਰਾਂਵਾਲਾ ਦੇ ਇਲਾਕੇ ਵਿਚ ਸਨ। ਅਲਾਉਦੀਨ ਗੌਰ ਦੇ ਸਮੇਂ ਇਸ ਬੰਸ ਦੇ ਜੱਟ ਲੁਧਿਆਣੇ ਵਿਚ ਆ ਗਏ ਸਨ। ਸੋਹੀ ਬੰਸ ਦੇ ਬੈਨਸਪਾਲ ਨੇ ਅੰਮ੍ਰਿਤਸਰ ਜ਼ਿਲੇ ਵਿਚ ਆਕੇ ਸੋਹੀ ਸੈਣੀਆਂ ਪਿੰਡ ਵਸਾਇਆ। ਸੋਹੀ ਚਹਿਲ ਭਾਇਚਾਰੇ ਵਿਚੋਂ ਹਨ। ਅੰਮ੍ਰਿਤਸਰ ਤੇ ਮਿੰਟਗੁਮਰੀ ਵਿਚ ਸੋਹੀ ਜੱਟ ਹਨ। ਪੁਰਾਣੇ ਰਵਾਜ਼ ਜੰਡੀ ਵਢਣਾ, ਕੰਗਣਾ ਖੇੜਨਾ ਆਦਿ ਸੋਹੀਆਂ ਵਿਚ ਵੀ ਪ੍ਰਚਲਤ ਸੀ। 10 ਸੇਰ ਆਟੇ ਦਾ ਭਾਈਚਾਰੇ ਰੋਟ ਵੀ ਪਕਾਇਆ ਜਾਂਦਾ ਸੀ, ਪੂਜਾ ਬ੍ਰਾਹਮਣ ਨੂੰ ਦਿਤੀ ਜਾਂਦੀ ਸੀ। ਚਾਹਲ ਚਾਹੋ ਰਾਜੇ ਦਾ ਪੁੱਤਰ ਸੀ।
ਬਹੁਤੇ ਸੋਹੀ ਜੱਟ ਸੱਖੀਸਰਰ ਦੇ ਚੇਲੇ ਸਨ। ਇਸ ਕਾਰਨ ਸੱਖੀਸਰਵਰ ਦਾ ਰੋਟ ਪਕਾਉਂਦੇ ਸਨ। ਰੋਟ ਦਾ ਚੌਥਾ ਹਿੱਸਾ ਮੁਸਲਮਾਨ ਭਰਾਈ ਨੂੰ ਦੇ ਕੇ ਬਾਕੀ ਆਪਣੀ ਬਰਾਦਰੀ ਵਿਚ ਵੰਡ ਦਿੰਦੇ ਸਨ। ਪੜ੍ਹ ਲਿਖ ਕੇ ਤੇ ਸਿੱਖੀ ਧਾਰਨ ਕਰਕੇ ਹੁਣ ਸੋਹੀਆਂ ਨੇ ਪੁਰਾਣੇ ਰਸਮ ਰਵਾਜ਼ ਕਾਫੀ ਛੱਡ ਦਿੱਤੇ ਹਨ।
ਮਿੰਟਗੁਮਰੀ ਦੇ ਸੋਹੀ ਖਰਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ। ਸੈਣੀ ਤੇ ਹੋਰ ਦਲਿਤ ਜਾਤੀਆਂ ਵਿਚ ਵੀ ਸੋਹੀ ਗੋਤ ਦੇ ਲੋਕ ਹੁੰਦੇ ਸਨ, ਸੈਣੀਆਂ ਦੇ ਕਈ ਗੋਤ ਜੱਟਾਂ ਨਾਲ ਰਲਦੇ ਹਨ। ਪਟਿਆਲਾ, ਬਠਿੰਡਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਆਦਿ ਜ਼ਿਲਿਆਂ ਵਿਚ ਸੋਹੀ ਗੋਤ ਦੇ ਲੋਕ ਘੱਟ ਗਿਣਤੀ ਵਿਚ ਹਨ। ਪੰਜਾਬ ਵਿਚ ਸੋਹੀ ਜਾਂ ਸੋਹੀਆਂ ਨਾਮ ਦੇ ਕਈ ਪਿੰਡ ਹਨ। ਜ਼ਿਲ੍ਹਾ ਸੰਗਰੂਰ ਵਿਚ ਸੋਹੀਵਾਲ ਇਨ੍ਹਾਂ ਦਾ ਪ੍ਰਸਿਧ ਪਿੰਡ ਹੈ। ਮਲੇਰਕੋਟਲਾ ਦੇ ਖੇਤਰ ਵਿਚ ਬਨਭੋਰਾ, ਬਨਭੋਰੀ ਆਦਿ ਸੋਹੀ ਗੋਤ ਦੇ 10 ਪਿੰਡ ਹਨ।
ਪੰਜਾਬ ਵਿਚ ਸੋਹੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜੱਟ ਭਾਈਚਾਰੇ ਦੀ ਸਰਬਪੱਖੀ ਉੱਨਤੀ ਲਈ ਵਿਦਿਆ ਤੇ ਸਿਹਤ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਵੀ ਅੰਤਰ ਰਾਸ਼ਟਰੀ ਪੱਧਰ ਦੀਆਂ ਬਣਾਉਣ ਦੀ ਜ਼ਰੂਰਤ ਹੈ। ਜੱਟਾਂ ਦੀ ਆਰਥਿਕ ਹਾਲਤ ਵੀ ਬਿਹਤਰੀਨ ਹੋਣੀ ਚਾਹੀਦੀ ਹੈ। ਇਨ੍ਹਾਂ ਨੂੰ ਵੀ ਖੇਤੀਬਾੜੀ ਦੇ ਨਾਲ ਹੋਰ ਨਵੇਂ ਕੰਮ ਸੁਰੂ ਕਰਨੇ ਚਾਹੀਦੇ ਹਨ। ਸੋਹੀ ਗੋਤ ਦੇ ਜੱਟਾਂ ਨੇ ਬਾਹਰਲੇ ਦੇਸ਼ਾਂ ਵਿਚ ਜਾਕੇ ਆਪਣੀ ਮਿਹਨਤ ਤੇ ਸਿਆਣਪ ਨਾਲ ਬਹੁਤ ਉਨਤੀ ਕੀਤੀ ਹੈ। ਸੋਹੀ ਜੱਟਾਂ ਦਾ ਬਹੁਤ ਹੀ ਉਘਾ ਤੇ ਛੋਟਾ ਗੋਤ ਹੈ।
Add a review