ਹਰੀ – ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਇਸ ਦੇ ਮੋਢੀ ਦਾ ਨਾਮ ਹਰੀ ਸੀ ਜੋ ਰਾਜੇ ਜਗਦਉ ਪਰਮਾਰ ਦੀ ਬੰਸ ਵਿਚੋਂ ਸੀ। ਹਰੀ ਗੋਤ ਦੇ ਲੋਕ ਸ਼ਾਦੀ ਹਰੀ ਦੇ ਸਥਾਨ ਤੇ ਦਿਵਾਲੀ ਨੂੰ ਆਪਣੇ ਜਠੇਰੇ ਦੇ ਨਾਮ ਤੇ ਇਕ ਛੱਪੜ ਵਿਚੋਂ ਮਿੱਟੀ ਕੱਢਦੇ ਹਨ। ਹਰੀ ਗੋਤ ਦੇ ਲੋਕ ਰਿਆਸਤ ਜੀਂਦ ਵਿਚ ਵੀ ਕਾਫੀ ਸਨ। ਸੰਗਰੂਰ ਤੇ ਪਟਿਆਲਾ ਇਲਾਕੇ ਵਿਚ ਵੀ ਹਰੀ ਗੋਤ ਦੇ ਜੱਟ ਕਈ ਪਿੰਡਾਂ ਵਿਚ ਆਬਾਦ ਹਨ।
ਮੁਕਤਸਰ ਵਿਚ ਮਾਣੀ ਖੇੜਾ, ਬਠਿੰਡੇ ਵਿਚ ਤ੍ਰਖਾਣ ਵਾਲਾ, ਤਹਿਸੀਲ ਮਲੇਰ ਕੋਟਲਾ ਵਿਚ ਰੁੜਕੀ ਖੁਰਦ ਤੇ ਜ਼ਿਲਾ ਰੋਪੜ ਵਿਚ ਬੱਤਾ ਆਦਿ ਹਰੀ ਗੋਤ ਦੇ ਪ੍ਰਸਿਧ ਪਿੰਡ ਹਨ। ਵਿਦਿਆ ਦੀ ਘਾਟ ਕਾਰਨ ਹਰੀ ਗੋਤ ਦੇ ਜੱਟਾਂ ਨੇ ਅਜੇ ਬਹੁਤ ਉਨਤੀ ਨਹੀਂ ਕੀਤੀ। ਪੰਜਾਬ ਵਿਚ ਹਰੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘਟ ਹੈ। ਹਰੀ ਜੱਟਾਂ ਦਾ ਉਘਾ ਪਿੰਡ ਸ਼ਾਦੀ ਹਰੀ ਸੰਗਰੂਰ ਜ਼ਿਲ੍ਹੇ ਦੇ ਧਨੌਲਾ ਖੇਤਰ ਵਿਚ ਰਾਏ ਧਰਾਨਾ ਪਿੰਡ ਦੇ ਨਜ਼ਦੀਕ ਹੀ ਹੈ।
ਹਰੀ ਗੋਤ ਦੇ ਜੱਟ ਬਹੁਤੇ ਮਾਲਵੇ ਵਿਚ ਵੀ ਹਨ। ਰੋਸ਼ਨਪੁਰ ਜੋਗੀਆਂ ਦੇ ਪਾਸ ਪਿੰਡ ਮਹਿਤਾਬਗੜ ਵਿਚ ਵੀ ਹਰੀ ਗੋਤ ਦੇ ਕੁਝ ਲੋਕ ਵਸਦੇ ਹਨ। ਇਹ ਸਾਰੇ ਜੱਟ ਸਿੱਖ ਹਨ। ਹਰੀ ਪਰਮਾਰਾਂ ਦਾ ਉੱਪਗੋਤ ਹੈ। ਅਸਲ ਵਿਚ ਰਾਜਪੂਤ ਹਿੰਦੂ ਧਰਮ ਦੀ ਰੱਖਿਆ ਲਈ ਬ੍ਰਾਹਮਣੀ ਰਸਮਾਂ ਅਨੁਸਾਰ ਜੱਟਾਂ ਤੇ ਗੁੱਜਰਾਂ ਵਿਚੋਂ ਹੀ ਬਣੇ ਹਨ। ਹਰੀ ਗੋਤ ਦੇ ਲੋਕ ਬਹੁਤੇ ਸੰਗਰੂਰ ਤੇ ਮੁਲਤਾਨ ਵਿਚ ਆਬਾਦ ਸਨ। ਪਰਮਾਰ, ਜੱਟ ਵੀ ਹੁੰਦੇ ਹਨ ਤੇ ਰਾਜਪੂਤ ਵੀ ਹਨ। ਪਰਮਾਰ ਵੀ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਕਬੀਲਾ ਹੈ। ਰਾਜਪੂਤਾਂ ਤੇ ਜੱਟਾਂ ਦਾ ਵਿਰਸਾ ਤੇ ਸਭਿਆਚਾਰ ਸਾਂਝਾ ਹੈ। ਹਰੀ ਗੋਤ ਬਹੁਤਾ ਉਘਾ ਨਹੀਂ ਹੈ।
Add a review