ਝੱਜ – ਝੱਜ, ਗਿੱਲ ਤੇ ਗੰਢੂ ਵਰਯਹਾ ਰਾਜਪੂਤ ਹਨ। ਇਹ ਬਿਨੈਪਾਲ ਦੀ ਬੰਸ ਵਿਚੋਂ ਹਨ। ਗੰਢੂ ਤੇ ਝੱਜ ਬਿਨੈਪਾਲ ਜੱਟਾਂ ਦੇ ਹੀ ਉਪਗੋਤ ਹਨ। ਇਹ ਬਾਰ੍ਹਵੀਂ ਸਦੀ ਦੇ ਆਰੰਭ ਵਿਚ ਪਰਮਾਰ, ਧਾਲੀਵਾਲ, ਗੰਢੂ, ਪੰਧੇਰ, ਮਾਂਗਟ ਆਦਿ ਕਬੀਲਿਆਂ ਨਾਲ ਰਲਕੇ ਭਟਨੇਰ ਤੋਂ ਰਾਜੇ ਜੱਗਦੇਵ ਪਰਮਾਰ ਨਾਲ ਆਏ ਸਨ। ਇਨ੍ਹਾਂ ਨੇ ਮਹਿਮੂਦ ਗਜ਼ਨਵੀ ਦੇ ਪੋਤੇ ਨੂੰ ਹਰਾਕੇ ਲੁਧਿਆਣੇ ਦੇ ਸਾਰੇ ਖੇਤਰ ਤੇ ਆਪਣਾ ਕਬਜ਼ਾ ਕਰ ਲਿਆ। ਮਹਿਮੂਦ ਦਾ ਪੋਤਾ ਹਾਰਕੇ ਲਾਹੌਰ ਵਲ ਭੱਜ ਗਿਆ।
ਇਹ ਸਾਰੇ ਕਬੀਲੇ ਲੁਧਿਆਣੇ ਖੇਤਰ ਦੇ ਇਰਦ ਗਿਰਦ ਹੀ ਆਬਾਦ ਹੋ ਗਏ। ਧਾਲੀਵਾਲ ਮਾਨਸਾ ਵਲ ਚਲੇ ਗਏ। ਉਨ੍ਹਾਂ ਦੀਆਂ ਚਹਿਲਾਂ ਨਾਲ ਰਿਸ਼ਤੇਦਾਰੀਆਂ ਸਨ। ਪੰਜਾਬ ਵਿਚ ਝੱਜ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਲੁਧਿਆਣੇ ਜ਼ਿਲ੍ਹੇ ਦੇ ਪਾਇਲ ਖੇਤਰ ਵਿਚ ਬਿਲਾਸਪੁਰ ਝੱਜ ਜੱਟਾਂ ਦਾ ਪ੍ਰਸਿਧ ਪਿੰਡ ਹੈ। ਇਸ ਤੋਂ ਇਲਾਵਾ ਕੋਟਲੀ, ਗਿੱਦੜੀ, ਬੁਆਣੀ, ਲੰਢਾ, ਰੌਲ, ਉਮੇਦਪੁਰ, ਡੇਹੇਲੋਂ, ਪੰਧੇਰ ਖੇੜੀ ਤੇ ਟਿੱਬਾ ਆਦਿ ਪਿੰਡਾਂ ਵਿਚ ਵੀ ਝੱਜ ਗੋਤ ਦੇ ਜੱਟ ਕਾਫੀ ਗਿਣਤੀ ਵਿਚ ਵਸਦੇ ਹਨ। ਝੱਜਾਂ ਦੇ ਬਹੁਤੇ ਪਿੰਡ ਲੁਧਿਆਣੇ ਜ਼ਿਲੇ ਵਿਚ ਹੀ ਹਨ। ਕੁਝ ਰੋਪੜ ਵਲ ਹਨ।
ਮਾਝੇ ਤੇ ਦੁਆਬੇ ਵਿਚ ਝੱਜ ਬਹੁਤ ਹੀ ਘੱਟ ਹਨ। ਪੰਜਾਬ ਦਾ ਸਾਬਕਾ ਮੁਖ ਮੰਤਰੀ ਸਰਦਾਰ ਬੇਅੰਤ ਸਿੰਘ ਵੀ ਬਿਲਾਸਪੁਰ ਪਿੰਡ ਦਾ ਝੱਜ ਜੱਟ ਹੀ ਸੀ। ਸੁਭਾਅ ਵਲੋਂ ਝੱਜ ਜੱਟ ਸਿੱਖ ਅੱਖੜ ਹੀ ਹਨ। ਇਸ ਗੋਤ ਦੇ ਲੋਕ ਦਲਿਤ ਤੇ ਪਿਛੜੀਆਂ ਸ੍ਰੇਣੀਆਂ ਵਿਚ ਘਟ ਹੀ ਹਨ। ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੀ ਹੈ। ਝੱਜ ਬਹੁਤਾ ਉਘਾ ਗੋਤ ਨਹੀਂ ਹੈ। ਉਚੀਆਂ ਤੇ ਨੀਵੀਆ ਜਾਤੀਆਂ ਜੱਟਾਂ ਨਾਲ ਘਿਰਨਾ ਕਰਦੀਆਂ ਹਨ। ਜਾਤ, ਨਸਲ, ਧਰਮ ਅਤੇ ਰੰਗ ਦੇ ਆਧਾਰ ਤੇ ਕਿਸੇ ਨਾਲ ਘਿਰਨਾ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਜੱਟ ਮਿਹਨਤੀ, ਨਿਡਰ, ਹਿੰਮਤੀ ਤੇ ਖੁੱਲ ਦਿਲੇ ਲੋਕ ਹਨ।
Add a review