ਤੱਤਲਾ– ਇਹ ਹਜ਼ੋਲ ਰਾਜਪੂਤਾਂ ਵਿਚੋਂ ਹਨ। ਇਸ ਬੰਸ ਦਾ ਰਾਜਾ ਸੈਨਪਾਲ ਬਹੁਤ ਪ੍ਰਸਿੱਧ ਸੀ। ਇਸ ਰਾਜੇ ਦੇ ਕਈ ਰਾਣੀਆਂ ਸਨ। ਇਸ ਰਾਜੇ ਨੇ ਆਪਣੀ ਰਾਜਪੂਤ ਬਰਾਦਰੀ ਤੋਂ ਬਾਹਰ ਹੋਰ ਜਾਤੀਆਂ ਵਿਚ ਵਿਆਹ ਕਰਾਏ ਸਨ। ਇਸ ਰਾਜੇ ਦੇ 22 ਪੁੱਤਰ ਸਨ। ਇਨ੍ਹਾਂ ਵਿਚੋਂ ਇਕ ਦਾ ਨਾਮ ਤੱਤਲਾ ਸੀ। ਤੱਤਲੇ ਗੋਤ ਦਾ ਮੋਢੀ ਇਸ ਰਾਜੇ ਦਾ ਪੁੱਤਰ ਤੱਤਲਾ ਹੀ ਸੀ। ਇਸ ਰਾਜੇ ਦੇ 22 ਪੁਤਰਾਂ ਦੇ ਨਾਮ ਤੇ ਜੱਟਾਂ ਦੇ 22 ਗੋਤ ਹੋਰ ਪ੍ਰਚਲਤ ਹੋ ਗਏ। ਘੁਮਣ ਤੇ ਔਜਲੇ ਆਦਿ ਗੋਤਾਂ ਦੇ ਜੱਟ ਵੀ ਇਸ ਰਾਜੇ ਦੀ ਬੰਸ ਵਿਚੋਂ ਹਨ।
12ਵੀਂ ਸਦੀ ਦੇ ਆਰੰਭ ਵਿਚ ਤੱਤਲੇ ਵੀ ਪ੍ਰਮਾਰਾਂ ਦੇ ਨਾਲ ਹੀ ਪੰਜਾਬ ਦੇ ਲੁਧਿਆਣੇ ਖੇਤਰ ਵਿਚ ਆਏ। ਲੁਧਿਆਣੇ ਜ਼ਿਲੇ ਵਿਚ ਤਤੱਲੇ ਜੱਟਾਂ ਦੇ ਕਈ ਪਿੰਡ ਹਨ। ਲੁਧਿਆਣੇ ਤੋਂ ਕੁਝ ਤੱਤਲੇ ਰਿਆਸਤ ਪਟਿਆਲਾ ਵਿਚ ਚਲੇ ਗਏ। ਉਥੇ ਅਤਲਾ ਤੱਤਲਾ ਪਿੰਡ ਵਸਾਇਆ। ਕੁਝ ਤੱਤਲੇ ਮਾਝੇ ਦੇ ਇਲਾਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਵਸਦੇ ਹਨ। ਮਾਝੇ ਤੋਂ ਤਤਲੇ ਭਾਈਚਾਰੇ ਦੇ ਬਹੁਤ ਲੋਕ ਸਿਆਲਕੋਟ ਖੇਤਰ ਵਿਚ ਆਕੇ ਆਬਾਦ ਹੋ ਗਏ। ਫਿਰੋਜ਼ਸਾਹ ਦੇ ਸਮੇਂ ਸਿਆਲਕੋਟ ਦੇ ਨਾਰੋਵਾਲ ਪ੍ਰਗਣਾ ਵਿਚ ਇਹ ਕਾਫੀ ਗਿਣਤੀ ਵਿਚ ਆਬਾਦ ਸਨ। ਸਾਂਦਲਬਾਰ ਦੇ ਇਲਾਕੇ ਵਿਚ ਵੀ ਇਕ ਪਿੰਡ ਦਾ ਨਾਂ ਤੱਤਲਾ ਹੈ। ਇਸ ਪਿੰਡ ਵਿਚ ਤੱਤਲਾ ਭਾਈਚਾਰੇ ਦੇ ਲੋਕ ਰਹਿੰਦੇ ਸਨ।
ਪੰਜਾਬ ਵਿਚ ਤੱਤਲਾ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਗਿਆਨੀ ਸੰਤਾ ਸਿੰਘ ਤੱਤਲੇ ਨੇ ਗੁਰਬਾਣੀ ਤੇ ਸਿੱਖ ਧਰਮ ਨਾਲ ਸਬੰਧਤ ਕਈ ਪੁਸਤਕਾਂ ਲਿਖੀਆਂ ਹਨ। ਪੱਛਮੀ ਪੰਜਾਬ ਵਿਚ ਕੁਝ ਤੱਤਲੇ ਮੁਸਲਮਾਨ ਬਣ ਗਏ ਸਨ। ਪੁਰਬੀ ਪੰਜਾਬ ਵਿਚ ਤੱਤਲੇ ਜੱਟ ਸਿੱਖ ਹਨ। ਹਰ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ। ਜੱਟ ਸਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਜਟ ਇਕ ਕੌਮਾਂਤਰੀ ਭਾਈਚਾਰਾ ਹੈ। ਤੱਤਲੇ ਜੱਟ ਵਿਦੇਸ਼ਾਂ ਵਿਚ ਵੀ ਬਹੁਤ ਆਬਾਦ ਹਨ।
Add a review