• Home
  • Explore
  • Magazine
    • Events
    • Business Directory
    • Places
Free Listing
Sign in or Register
Free Listing

ਮੇਰਾ ਪਿੰਡ ਮੇਰੀ ਮਿੱਟੀ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Diary
  • Report an issue
  • prev
  • next
Article

ਅੱਸੀਵਿਆਂ ਵਿੱਚ ਘਰ ਦੀ ਲਹਿਲਹਾਉਂਦੀ ਫ਼ਸਲ ਵਿੱਚ ਪੈਦਾ ਹੋਈ ਕਾਂਗਿਆਰੀ ਕਾਰਨ ਪਿੰਡ ਛੱਡਣਾ ਪੈ ਗਿਆ ਸੀ, ਜਦੋਂ ਉਹ ਵੀ ਦਗ਼ਾ ਦੇ ਗਏ ਜਿਨ੍ਹਾਂ ਲਈ ਜਾਨ ਤਲ਼ੀ ’ਤੇ ਰੱਖ ਕੇ ਦੋਸਤੀਆਂ ਦਾ ਕਤਲ ਕੀਤਾ। ਜਿਗਰ ਦਾ ਖ਼ੂਨ ਸਿੰਜ ਕੇ ਜਿਸ ਧਰਤੀ ਨੂੰ ਜ਼ਰਖ਼ੇਜ਼ ਕੀਤਾ, ਸਮੇਂ ਨੇ ਉਸ ਧਰਤੀ ਵਿੱਚ ਨਦੀਨ ਹੀ ਪੈਦਾ ਕੀਤਾ ਤੇ ਅਤਿਵਾਦ ਦੇ ਦੌਰ ਵਿੱਚ ਬੇਵਫ਼ਾਈਆਂ ਤੇ ਤਿੜਕਮਬਾਜ਼ੀਆਂ ਉੱਤੋਂ ਦੀ ਪੈ ਗਈਆਂ ਤਾਂ ਪਿੰਡ ਛੱਡ ਕੇ ਪਿੰਡ ਵਾਹਰਾ ਹੋ ਗਿਆ ਸਾਂ। ਆਖ਼ਰ ਕਿਸੇ ਹੀਲੇ ਖ਼ੂਨ ਦੀ ਤਿੱਪ ਤਿੱਪ ਨਿਚੋੜ ਕੇ ਬਠਿੰਡੇ ਸਿਰ ਢਕਣ ਕਰਨ ਜੋਗਾ ਹੋ ਗਿਆ। ਪਿੰਡ ਦੇ ਦਾਨਿਸ਼ਵਰ ਸੱਜਣਾਂ ਨੇ ਪਿੰਡ ਦੀ ਮਿੱਟੀ ਨੂੰ ਭੁੱਲਣ ਨਾ ਦਿੱਤਾ ਤੇ ਕਿਸੇ ਨਾ ਕਿਸੇ ਸੂਰਤ ਵਿੱਚ ਇਸ ਮਿੱਟੀ ਨਾਲ ਰਿਸ਼ਤਾ ਜੁੜਿਆ ਰਿਹਾ।

ਮੈਨੂੰ ਆਪਣੇ ਪਿੰਡ ਦੀ ਮਿੱਟੀ ਉੱਪਰ ਮਾਣ ਹੈ, ਇਸ ਦੀ ਜ਼ਰਖ਼ੇਜ਼ ਧਰਤੀ ਉੱਪਰ, ਜਿਸ ਨੇ ਮੋਹ ਦੀਆਂ ਸੁੱਕ ਚੱਲੀਆਂ ਜੜ੍ਹਾਂ ਵਿੱਚ ਚੂਲ਼ੀਆਂ ਨਾਲ਼ ਪਾਣੀ ਪਾ ਕੇ ਮੁੜ ਮੌਲਣ ਲਾ ਦਿੱਤਾ ਹੈ। ਆਪਣਿਆਂ ਨਾਲੋਂ ਵੀ ਪਿਆਰੇ ਕਿਰਤ ਕਮਾਈ ਕਰਨ ਵਾਲਿਆਂ ਨੇ ਬੂਹੇ ਖੋਲ੍ਹੇ ਤੇ ਉਡੀਕਾਂ ਕਰਦੇ ਫੋਨ ਆਉਣ ਲੱਗੇ ਹਨ- ‘‘ਪੰਦਰੀਂ ਵੀਹੀਂ ਦਿਨੀਂ ਗੇੜਾ ਮਾਰ ਜਿਆ ਕਰ।’’

ਮੈਨੂੰ ਯਾਦ ਆ ਰਹੇ ਹਨ ਪਿੰਡ ਦੇ ਉਹ ਮਹਾਨ ਬਜ਼ੁਰਗ ਜਿਨ੍ਹਾਂ ਨੇ ਵੱਡਾ ਨਾਮਣਾ ਖੱਟਿਆ। ਪਿੰਡ ਦੀ ਸਭ ਤੋਂ ਉੱਚ ਕੋਟੀ ਦੀ ਸ਼ਖ਼ਸੀਅਤ ਸੀ ਜਥੇਦਾਰ ਚੇਤਨ ਸਿੰਘ ਬੁੱਧੇ ਕਾ। ਉਹ ਲਾਹੌਰ ਯੂਨੀਵਰਸਿਟੀ ਤੋਂ ਗਰੈਜੂਏਟ ਸੀ। ਸੁਣਿਆ ਹੈ ਕਿ ਉਸ ਨੂੰ ਅੰਗਰੇਜ਼ ਸਰਕਾਰ ਨੇ ਤਹਿਸੀਲਦਾਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਇਸ ਨੌਕਰੀ ਨੂੰ ਲੱਤ ਮਾਰ ਕੇ ਦੇਸ਼ ਪਿਆਰ ਦਾ ਰਾਹ ਚੁਣਿਆ। ਉਹ ਬੜਾ ਮਜ਼ਾਹੀਆ ਸੀ। ਮੈਂ ਉਸ ਦੀਆਂ ਸੱਥਾਂ ਵਿੱਚ ਕੀਤੀਆਂ ਟਿੱਚਰਾਂ ਸੁਣੀਆਂ ਸਨ। ਉਹ ਕਿਸੇ ਦਾ ਲਿਹਾਜ਼ ਨਹੀਂ ਸੀ ਰੱਖਦਾ। ਸਾਫ਼ ਕਹਿ ਦਿੰਦਾ ਸੀ, ‘‘ਫਿਰਦਾ ਰਹਿ ਆਪਣੇ ਆਪ ਨੂੰ ਉੱਚ ਦਮਾਲੜਾ ਮੰਨਦਾ, ਮਾਂ ਪਿਉ ਤਾਂ ਤੇਰੇ ਰੁਲ਼ਦੇ ਫਿਰਦੇ ਨੇ।’’ ਮੈਂ ਨਾਂ ਨਹੀਂ ਲੈਂਦਾ, ਸ਼ਕਲ ਜ਼ਰੂਰ ਮੇਰੀਆਂ ਅੱਖਾਂ ਅੱਗੇ ਆ ਸਾਕਾਰ ਹੋਈ ਹੈ ਜਿਸ ਬੰਦੇ ਨੇ ਆਪਣੇ ਬਾਪ ਨੂੰ ਇਸ ਕਰਕੇ ਘਰੋਂ ਕੱਢ ਦਿੱਤਾ ਸੀ ਕਿ ਆਖ਼ਰੀ ਉਮਰ ਵਿੱਚ ਉਹ ਥੁੱਕਦਾ ਬਹੁਤ ਸੀ।

ਇਕ ਬਜ਼ੁਰਗ ਅਤੇ ਉਸ ਦੀ ਬਿਰਧ ਪਤਨੀ ਵੀ ਮੇਰੇ ਸਤਿਕਾਰ ਦਾ ਪਾਤਰ ਬਣ ਕੇ ਮੇਰੀਆਂ ਅੱਖਾਂ ਅੱਗੇ ਆ ਪ੍ਰਗਟ ਹੋਏ ਹਨ ਜਿਨ੍ਹਾਂ ਨੂੰ ਇਕ ਕੱਚੀ ਕੋਠੜੀ ਵਿੱਚ ਰੁਲ਼ਦਿਆਂ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਰਿਹਾ ਸਾਂ। ਉਸ ਮਾਈ ਦੀ ਮੇਰੀ ਅੰਬੋ ਨਾਲ ਕਾਫ਼ੀ ਨੇੜਤਾ ਸੀ। ਦੋਵੇਂ ਹਮਨਾਮ ਸਨ- ਸੰਤ ਕੁਰ। ਕਦੇ ਕਦੇ ਮੇਰੀ ਅੰਬੋ ਮੈਨੂੰ ਥੋੜ੍ਹਾ ਬਹੁਤਾ ਪਾਣ ’ਚੋਂ ਬਚਾਇਆ ਆਟਾ ਉਨ੍ਹਾਂ ਨੂੰ ਦੇਣ ਤੋਰ ਦਿੰਦੀ ਸੀ। ਮੈਨੂੰ ਚੇਤੇ ਹੈ ਉਹ ਸਮਾਂ।

ਤਕਰੀਬਨ ਸੱਤ ਫੁੱਟ ਕੱਦ। ਸੁਣਿਆ ਹੈ ਕਿ ਉਸ ਨੂੰ ਬਾਰ੍ਹਾਂ ਪਿੰਡਾਂ ਦਾ ਜਥੇਦਾਰ ਥਾਪਿਆ ਹੋਇਆ ਸੀ। ਸਿੱਖੀ ਖ਼ਾਤਰ ਉਸ ਦੀ ਨਿਸ਼ਕਾਮ ਸੇਵਾ ਮੈਂ ਛੋਟੇ ਹੁੰਦੇ ਨੇ ਵੇਖੀ ਸੀ, ਜਦੋਂ ਮੈਂ ਅੱਠਵੀਂ ਜਮਾਤ ਵਿੱਚ ਉਨ੍ਹਾਂ ਦੇ ਚੁਬਾਰੇ ਵਿੱਚ ਆਪਣੇ ਸਹਿਪਾਠੀ ਸੁਖਦੇਵ, ਪਿਉ ਵਰਗੇ ਲੰਬੂ ਕੋਲ਼ ਰਾਤ ਨੂੰ ਪੜ੍ਹਦਾ ਹੁੰਦਾ ਸਾਂ। ਜਥੇਦਾਰ ਨੰਦ ਸਿੰਘ ਬਹੁਤ ਦਰਸ਼ਨੀ ਸ਼ਖ਼ਸੀਅਤ ਸੀ। ਅਫ਼ਸੋਸ ਕਿ ਉਸ ਦੇ ਪਰਿਵਾਰ ਦਾ ਕੋਈ ਜੀਅ ਹੋਰ ਜਾਣਕਾਰੀ ਦੇਣ ਜੋਗਾ ਨਹੀਂ ਹੈ। ਉਂਝ ਚੂਹੜ ਸਿਉਂ ਕਾ ਨੰਦ ਸਿੰਘ ਵੀ ਇੱਜ਼ਤਦਾਰ ਗੁਰਸਿੱਖ ਵਿਅਕਤੀ ਸੀ। ਮੌਤ ਬਹੁਤ ਭੈੜੀ ਹੋਈ। ਪਿੰਡ ਦੀ ਭੂਆ ਜੀ ਅਧਿਆਪਕਾ ਨੇ ਆਪਣੇ ਚੁਬਾਰੇ ਵਿੱਚ ਆਖੰਡ ਪਾਠ ਰਖਾਇਆ ਹੋਇਆ ਸੀ। ਉਹ ਰੌਲ਼ ਲਾ ਕੇ ਬਾਹਰ ਨਿਕਲਿਆ ਤਾਂ ਬਨੇਰੇ ਦਾ ਪਤਾ ਨਾ ਲੱਗਿਆ ਤੇ ਉਸਦੀ ਹੇਠਾਂ ਡਿੱਗ ਕੇ ਰੀੜ੍ਹ ਦੀ ਹੱਡੀ ਟੁੱਟ ਗਈ ਤੇ ਉਨ੍ਹਾਂ ਸਮਿਆਂ ਦੇ ‘ਇਲਾਜ ਖੁਣੋਂ’ ਸੰਸਾਰ ਤੋਂ ਕੂਚ ਕਰ ਗਿਆ।

ਦਲਿਤ ਸਿੱਖ ਇੰਦਰ ਸਿੰਘ ਜਿਸ ਬਾਰੇ ਮੇਰੇ ਬਜ਼ੁਰਗ ਦੱਸਦੇ ਹੁੰਦੇ ਸਨ, ਕਿ ਘੱਟ ਕੁਰਬਾਨੀ ਵਾਲਾ ਨਹੀਂ ਸੀ। ਪਹਿਲਾਂ ਜੈਤੋ ਦੇ ਮੋਰਚੇ ਮੌਕੇ ਜੇਲ੍ਹ ਕੱਟੀ ਸੰਗਰੂਰ ਵਿੱਚ। ਸੁਣਿਆ ਹੈ ਕਿ ਜਦੋਂ ਜੈਤੋ ਵੱਲ ਸ਼ਹੀਦੀ ਜਥੇ ਜਾ ਰਹੇ ਸਨ ਤਾਂ ਸਾਡੇ ਤੀਆਂ ਵਾਲੇ ਖੂਹ ਵਿੱਚ ਪਿੰਡ ਦੀ ਸੰਗਤ ਨੇ ਖੰਡ ਦੀਆਂ ਬੋਰੀਆਂ ਹੀ ਉਲਟਾ ਦਿੱਤੀਆਂ ਸਨ ਤਾਂ ਜੋ ਸ਼ਹੀਦੀ ਜਥੇ ਦੇ ਸਿੰਘ ਮਿੱਠਾ ਜਲ ਛਕ ਕੇ ਅੱਗੇ ਜਾਣ। ਰਿਆਸਤੀ ਪੁਲੀਸ ਉੱਪਰ ਅੰਗਰੇਜ਼ੀ ਦਬਾਅ ਕਾਰਨ ਪੰਜ ਜਣੇ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ਵਿੱਚ ਇੰਦਰ ਸਿੰਘ ਦੇ ਨਾਲ ਸਾਡਾ ਬਾਬਾ ਚੰਨਣ ਸਿੰਘ ਵੀ ਸ਼ਾਮਿਲ ਸੀ। ਸਾਡਾ ਬਾਬਾ ਸੀ ਤਾਂ ਸਾਧਾਰਨ ਕਿਸਮ ਦਾ ਬਜ਼ੁਰਗ ਪਰ ਸਿੱਖੀ ਸੇਵਕੀ ਵਿੱਚ ਲਾਜਵਾਬ ਸੀ। ਇਹ ਪੰਜ ਸਿੰਘ ਸਨ- ਜਥੇਦਾਰ ਚੇਤਨ ਸਿੰਘ, ਜਥੇਦਾਰ ਨੰਦ ਸਿੰਘ, ਬਾਬਾ ਹਜ਼ੂਰਾ ਸਿੰਘ, ਇੰਦਰ ਸਿੰਘ ਤੇ ਚੰਨਣ ਸਿੰਘ। ਪੰਜਾਂ ਨੇ ਦੋ ਵਾਰ ਜੇਲ੍ਹ ਯਾਤਰਾ ਕੀਤੀ ਸੀ। ਪਹਿਲੀ ਵਾਰ ਜੈਤੋ ਦੇ ਮੋਰਚੇ ਵੇਲ਼ੇ ਜਦੋਂ ਇਨ੍ਹਾਂ ਨੇ ਸ਼ਹੀਦੀ ਜਥਿਆਂ ਦੀ ਸੇਵਾ ਲਈ ਵੱਡੇ ਖੂਹ ਵਿੱਚ ਖੰਡ ਦੀਆਂ ਬੋਰੀਆਂ ਉਲ਼ਟਾ ਕੇ ਜਲ ਮਿੱਠਾ ਕੀਤਾ ਸੀ।

ਦੂਜੀ ਵਾਰ ਇਹ ਸੰਗਰੂਰ ਰਿਆਸਤ ਵੱਲੋਂ ਹਾਲ਼ਾ ਮਾਮਲਾ ਵਧਾਉਣ ਦੇ ਵਿਰੋਧ ਵਿੱਚ ਕੀਤੀ ਗਈ ਐਜੀਟੇਸ਼ਨ ਦੌਰਾਨ ਗ੍ਰਿਫ਼ਤਾਰ ਹੋਏ। ਕਹਿੰਦੇ ਨੇ ਕਿ ਇੰਦਰ ਸਿੰਘ ਨੇ ਆਪਣੇ ਜੱਦੀ ਸੁਭਾਅ ਦਾ ਪ੍ਰਗਟਾਵਾ ਕਰਦਿਆਂ ਕੌਲੇ ਨਾਂ ਦੇ ਵਜ਼ੀਰ ਦਾ ਨਾਂ ਲੈ ਲੈ ਕੇ ਗਾਲ੍ਹਾਂ ਕੱਢੀਆਂ।

ਭਿਆਨਕ ਲਾਠੀਚਾਰਜ ਹੋਇਆ। ਪਿੰਡ ਦੇ ਇਨ੍ਹਾਂ ਮਹਾਂਪੁਰਸ਼ ਪੰਜ ਬੰਦਿਆਂ ਨੇ ਵੀ ਗ੍ਰਿਫ਼ਤਾਰੀ ਦਿੱਤੀ। ਕਹਿੰਦੇ ਨੇ ਕਿ ਸੰਗਰੂਰ ਪੁਲੀਸ ਨੇ ਇੰਦਰ ਸਿੰਘ ਉੱਪਰ ਬੇਤਹਾਸ਼ਾ ਜ਼ੁਲਮ ਢਾਹਿਆ ਸੀ। ਉਸ ਨੂੰ ਪੁੱਠਾ ਲਟਕਾ ਕੇ ਤਸੀਹੇ ਦਿੱਤੇ ਗਏ। ਸਰੀਰਕ ਯਾਤਨਾਵਾਂ ਤਾਂ ਦਿੱਤੀਆਂ ਹੀ ਗਈਆਂ, ਜ਼ਲੀਲ ਕਰਨ ਲਈ ਉਸ ਦੇ ਮੂੰਹ ਵਿੱਚ ਕੁੱਤੇ ਦਾ ਗੰਦ ਵੀ ਪਾਇਆ।

ਤਾਜੋ ਕੇ ਘਰਾਂ ਦੇ ਬਜ਼ੁਰਗ ਗੁਪਾਲ ਸਿੰਘ ਉਰਫ਼ ਕਿਰਪਾਲ ਸਿੰਘ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਉਸ ਦੇ ਘਰੋਂ ਬਜ਼ੁਰਗ ਮਾਈ ਦੇ ਸਿਰ ’ਤੇ ਸਜੀ ਦਸਤਾਰ ਮੈਂ ਵੇਖਦਾ ਰਿਹਾ ਸਾਂ। ਇਨ੍ਹਾਂ ਘਰਾਂ ’ਚੋਂ ਹੀ ਗੁਰਦੁਆਰੇ ਦੇ ਛੱਪੜ ਤੋਂ ਪਾਰ ਇਕ ਬਹੁਤ ਹੀ ਆਪਣੇ ਨਮੂਨੇ ਦਾ ਵਿਦਵਾਨ ਮਿੱਤ ਸਿੰਘ ਸੀ ਜਿਸ ਨੂੰ ਕਿਸੇ ਸਮੇਂ ਮੈਂ ਜਿਉਂਦਾ ਜਾਗਦਾ ਐਨਸਾਈਕਲੋਪੀਡੀਆ ਦਾ ਨਾਂ ਦਿੱਤਾ ਸੀ। ਕਮਾਲ ਤਾਂ ਇਹ ਸੀ ਕਿ ਕੋਰੇ ਅਨਪੜ੍ਹ ਬੰਦੇ ਨੂੰ ਪੁਰਾਤਨ ਤੇ ਮੱਧਕਾਲੀਨ ਸਾਹਿਤ ਅਤੇ ਇਤਿਹਾਸ, ਮਿਥਿਹਾਸ ਦੀ ਐਨੀ ਜਾਣਕਾਰੀ ਸੀ ਕਿ ਬਿਨਾਂ ਰੋਕ ਟੋਕ ਦੇ ਉਹ ਸਾਰਾ ਦਿਨ ਤਾਂ ਕੀ, ਮੇਰੇ ਖ਼ਿਆਲ ਵਿੱਚ ਮਹੀਨਿਆਂ ਬੱਧੀ ਬੋਲ ਸਕਦਾ ਸੀ।

ਦਲਿਤ ਸਿੱਖਾਂ ਵਿੱਚੋਂ ਸੰਤਾਲ਼ੀ ਤੋਂ ਪਹਿਲਾਂ ਆਈ ਪੁਨਰ ਸੁਰਜੀਤੀ ਦੀ ਲਹਿਰ ਦੌਰਾਨ ਅੰਮ੍ਰਿਤਧਾਰੀ ਬਚਨ ਸਿੰਘ ਸੀ ਜੋ ਵਾਜੇ ਦੀ ਇਕ ਸੁਰ ’ਤੇ ਉਂਗਲ਼ੀ ਰੱਖ ਕੇ ਕੀਰਤਨ ਕਰਿਆ ਕਰਦਾ ਸੀ।

ਇਹ ਸਭ ਕੁਝ ਮੇਰੀਆਂ ਬਚਪਨ ਦੀਆਂ ਯਾਦਾਂ ਵਿੱਚ ਉੱਕਰਿਆ ਪਿਆ ਹੈ। ਬਾਬਾ ਕਾਕਾ ਵੀ ਪਿੰਡ ਦਾ ਮੋਹਤਬਰ ਵਿਅਕਤੀ ਮੰਨਿਆ ਜਾਂਦਾ ਸੀ। ਬਹੁਤ ਹੀ ਹੋਣਹਾਰ ਤੇ ਪ੍ਰਗਤੀਵਾਦੀ ਵਿਚਾਰਾਂ ਦਾ ਉਨ੍ਹਾਂ ਦਾ ਇਕ ਅਧਿਆਪਕ ਬੇਟਾ ਬਲਵਿੰਦਰ ਸਿੰਘ 1972-73 ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੌਰਾਨ ਚਹੇੜੂ ਪੁਲ਼ ’ਤੇ ਹੋਏ ਟਰੱਕ ਹਾਦਸੇ ਵਿੱਚ ਸ਼ਹੀਦ ਹੋ ਗਿਆ ਸੀ। ਉਨ੍ਹਾਂ ਨੇ ਉਨ੍ਹੀਂ ਦਿਨੀਂ ਆਪਣੇ ਸ਼ਹੀਦ ਹੋ ਗਏ ਲਾਲ ਦੇ ਭੋਗ ਸਮਾਗਮ ’ਤੇ ਇਨਕਲਾਬੀ ਨਾਟਕ ਕਰਵਾਏ ਤੇ ਮੇਰੇ ਢਾਡੀ ਜਥੇ ਨੇ ਲੋਕ ਮਸਲਿਆਂ ਦੀਆਂ ਵਾਰਾਂ ਗਾਈਆਂ ਸਨ।

ਪਰਿਵਾਰਕ ਵਿਰਸੇ ਨੂੰ ਅੱਗੇ ਤੋਰਨ ਵਾਲੀ ਗਿਣਨ ਯੋਗ ਸ਼ਖ਼ਸੀਅਤ ਸੀ ਜਥੇਦਾਰ ਬਖਤੌਰ ਸਿੰਘ। ਮੌਤ ਤੋਂ ਬਾਅਦ ਵੀ ਨਗਰ ਵਿੱਚ ਉਸ ਦੀ ਹੋਂਦ ਬਰਕਰਾਰ ਹੈ। ਉਸ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ।

ਆਖੰਡ ਪਾਠੀ ਵੀ ਉਹ ਉੱਚ ਕੋਟੀ ਦਾ ਸੀ। ਉੱਕ ਗਏ ਪਾਠੀ ਨੂੰ ਝੱਟ ਤੁਕ ਸਮਝਾ ਦਿੰਦਾ ਸੀ। ਰਹਾ ਅਤੇ ਸ਼ੁੱਧ ਪਾਠ ਦਾ ਮਾਹਿਰ।

ਕਾਮਰੇਡ ਕਰਤਾਰ ਸਿੰਘ ਪਿੰਡ ਦਾ ਸਰਪੰਚ ਵੀ ਰਿਹਾ। ਕਿਸਾਨ ਯੂਨੀਅਨ ਦਾ ਜ਼ਿਲ੍ਹਾ ਆਗੂ ਵੀ। ਮੇਰੇ ਨਾਲ ਉਸ ਪਰਿਵਾਰ ਦੇ ਸੁਖਾਵੇਂ ਸਬੰਧ ਹੀ ਰਹੇ। ਅੱਜ ਵੀ ਸਭ ਕੁਝ ਅੱਖਾਂ ਮੂਹਰੇ ਆ ਜਾਂਦਾ ਹੈ। ਮੇਰੀ ਬੇਬੇ ਉਨ੍ਹਾਂ ਦੇ ਨਰਮਾ ਚੁਗਾ ਰਹੀ ਸੀ। ਮੈਂ ਫੋਕੀਆਂ ਹਵਾਵਾਂ ਨੂੰ ਗੰਢਾਂ ਦਿੰਦਾ ਐਵੇਂ ਹੀ ਰੋਹੀਏਂ ਚੜ੍ਹਿਆ ਫਿਰਦਾ ਸਾਂ। ਮੈਂ ਨਰਮਾ ਚੁਗਦੀ ਆਪਣੀ ਬੇਬੇ ਨੂੰ ਮਿਲਣ ਉਨ੍ਹਾਂ ਦੇ ਖੇਤ ਚਲਾ ਗਿਆ। ਵੱਟ ’ਤੇ ਤੁਰੇ ਆਉਂਦੇ ਨੂੰ ਬੇਬੇ ਨੇ ਦੇਖ ਲਿਆ। ਨਰਮੇ ਦੇ ਬੂਟਿਆਂ ਨੂੰ ਇੱਧਰ ਉੱਧਰ ਕਰਦੀ ਬੇਬੇ ਮੇਰੇ ਵੱਲ ਭੱਜੀ ਤੇ ਆਉਂਦਿਆਂ ਹੀ ਕੁੜਤੀ ਦੇ ਹੇਠ ਦੀ ਮੇਰਾ ਹੱਥ ਢਿੱਡ ’ਤੇ ਲਿਜਾ ਕੇ ਚੀਕੀ- ‘‘ਮੱਚ ’ਗੀ ਵੇ ਪੁੱਤਾ ਮੈਂ। ਅੱਗੇ ਕਿਹੜਾ ਬਾਹਲੀ ਸੁਖੀ ਸੀ ਜਿਹੜਾ ਤੂੰ ਹੁਣ ਹਿਰਨਾਂ ਦੇ ਸਿੰਙੀ ਜਾ ਚੜ੍ਹਿਆਂ।’’ ਮਾਵਾਂ ਵਰਗੀ ਭਰਜਾਈ ਮਨਜੀਤ ਕੌਰ ਵੀ ਮਗਰੇ ਆ ਗਈ ਸੀ। ਉਹ ਬੋਲੀ ਸੀ- ‘‘ਸੁਣ ਵੇ ਵੱਡਿਆ ਨਕਸਲੀਆ। ਕੀ ਕਰ ਲੋਂ ਗੇ ਤੁਸੀਂ। ਕੁੱਤੇ ਦੇ ਸੋਟੀ ਨ੍ਹੀਂ ਵੱਜਣੀ। ਕਿਉਂ ਤੜਫਾਇਐ ਅੰਮਾ ਜੀ ਨੂੰ ਵੇ। ਚੁੱਪ ਕਰ ਕੇ ਨੌਕਰੀ ਨ੍ਹੀ ਕੀਤੀ ਜਾਂਦੀ, ਵੱਡੇ ਲੀਡਰ ਤੋਂ।’’ ਇਹ ਸ਼ਬਦ ਅੱਜ ਵੀ ਮਗਰ ਮਗਰ ਤੁਰੇ ਆਉਂਦੇ ਜਾਪਦੇ ਨੇ।

ਉਸੇ ਪਾਰਟੀ ਦਾ ਪੱਖੋ ਕਾ ਕਾਮਰੇਡ ਆਤਮਾ ਸਿੰਘ ਬਹੁਤ ਸੁਹਣੀ ਸੁਨੱਖੀ ਦਿੱਖ ਵਾਲਾ ਸੱਜਣ ਪੁਰਸ਼ ਸੀ ਜਿਸ ਦੀ ਆਪਣੇ ਸਿਧਾਂਤ ਨਾਲ ਪੂਰੀ ਪ੍ਰਤੀਬੱਧਤਾ ਸੀ।

ਚੇਤਿਆਂ ਵਿੱਚ ਇਕ ਹੋਰ ਸ਼ਖ਼ਸੀਅਤ ਉੱਭਰ ਕੇ ਅੱਖਾਂ ਮੂਹਰੇ ਆ ਸਾਕਾਰ ਹੋਈ ਹੈ, ਤਾਜੋ ਕੇ ਘਰਾਂ ਦਾ ਦਫ਼ੇਦਾਰ ਮੇਹਰ ਸਿੰਘ। ਬਹੁਤ ਕੱਦਾਵਰ ਤੇ ਸੁਹਣੀ ਡੀਲ ਡੌਲ਼। ਹੱਥ ਵਿੱਚ ਵੱਡਾ ਖੂੰਡਾ ਤੇ ਤੁਰਿਆ ਜਾਂਦਾ ਉਹ ਆਦਤਨ ਨਾਸਾਂ ਫੁਰਕਾਉਂਦਾ ਜਾ ਰਿਹਾ ਹੁੰਦਾ ਤਾਂ ਦੂਰੋਂ ਹੀ ਉਸ ਦਾ ਪਤਾ ਲੱਗ ਜਾਂਦਾ ਸੀ ਕਿ ਤਾਜੋ ਕੇ ਘਰਾਂ ਦਾ ਦਫ਼ੇਦਾਰ ਮੇਹਰ ਸਿੰਘ ਆ ਰਿਹਾ ਹੈ।

ਇਕ ਹੋਰ ਸ਼ਖ਼ਸੀਅਤ ਦਾ ਜ਼ਿਕਰ ਕੀਤੇ ਬਿਨਾਂ ਰਿਹਾ ਨਹੀਂ ਜਾ ਰਿਹਾ। ਡੇਰਾ ਨਿਰਮਲਾ ਦਾ ਮੌਜੂਦਾ ਮਹੰਤ ਮਹਿੰਦਰ ਸਿੰਘ ਜਿਸ ਨੂੰ ਛੇਵੀਂ ਜਮਾਤ ਵਿੱਚ ਮੈਂ ਪੜ੍ਹਾਉਂਦਾ ਰਿਹਾ ਸਾਂ। ਇਸ ਡੇਰੇ ਵਿੱਚ ਭਿੱਟ ਭਿਟਾਅ ਦੇ ਦਿਨੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਕਰਨ ਦੀ ਸਜ਼ਾ ਵਜੋਂ ਮੇਰੀ ਬਹੁਤ ਹੱਤਕ ਕੀਤੀ ਗਈ ਸੀ। ਮਹਿੰਦਰ ਸਿੰਘ ਨੂੰ ਜਦੋਂ ਪੰਜਾਹ ਸਾਲਾਂ ਬਾਅਦ ਪਤਾ ਲੱਗਿਆ ਤਾਂ ਕਈ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੈਨੂੰ ਬਠਿੰਡਿਉਂ ਆ ਕੇ ਲੈ ਕੇ ਗਿਆ ਤੇ ਡੇਰੇ ਵਿੱਚ ਭਰੇ ਦੀਵਾਨ ਵਿੱਚ ਕੋਤਰ ਸੌ ਰੁਪਿਆ ਤੇ ਸਿਰਪਾਉ ਦੇ ਕੇ ਸਨਮਾਨਤ ਕੀਤਾ ਸੀ।

ਭਾਈ ਵੀਰ ਸਿੰਘ ਨਿਰਵੈਰ ਆਪਣੇ ਸਮੇਂ ਦਾ ਪੰਜ ਜਮਾਤਾਂ ਉਰਦੂ ਪੜ੍ਹਿਆ ਸੀ। ਮੈਨੂੰ ਯਾਦ ਆ ਰਿਹਾ ਹੈ, ਉਸ ਦੇ ਆਪਣੇ ਸ਼ਬਦਾਂ ਵਿੱਚ ਉਹ ਉੜਦੂ ਦਾ ਪੂੂਰਾ ਮਾਹਰ ਸੀ। ਉਸ ਨੇ ਬਹੁਤ ਭੱਜ ਨੱਠ ਕਰ ਕੇ ਤਿੰਨ ਬਜ਼ੁਰਗਾਂ-ਜਥੇਦਾਰ ਚੇਤਨ ਸਿੰਘ, ਬਾਬਾ ਹਜ਼ੂਰਾ ਸਿੰਘ ਅਤੇ ਜਥੇਦਾਰ ਨੰਦ ਸਿੰਘ ਨੂੰ ਆਜ਼ਾਦੀ ਘੁਲਾਟੀਆਂ ਦੀ ਸੰਗਰੂਰ ਰਿਆਸਤ ਦਾ ਰਿਕਾਰਡ ਫਰੋਲ ਕੇ ਪੈਨਸ਼ਨ ਲਗਵਾ ਦਿੱਤੀ। ਮੈਨੂੰ ਪਤਾ ਲੱਗਿਆ ਤਾਂ ਮੈਂ ਭਾਈ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਦੋ ਜਣਿਆਂ ਬਾਰੇ ਮੈਂ ਹੋਰ ਸੁਣਿਆ ਹੈ ਕਿ ਉਨ੍ਹਾਂ ਵੀ ਦੋ ਵਾਰ ਸੰਗਰੂਰ ਰਿਆਸਤ ਦੇ ਸਮੇਂ ਜੇਲ੍ਹਾਂ ਕੱਟੀਆਂ ਸਨ। ਭਾਈ ਜੀ ਨੇ ਜਵਾਬ ਦਿੱਤਾ ਸੀ, ‘‘ਉੜਦੂ ਵਿੱਚ ਲਿਖਿਆ ਹੋਣ ਕਰਕੇ ਹੋਰ ਨਾਂ ਪੜ੍ਹੇ ਨਹੀਂ ਸੀ ਗਏ।’’

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਸਰਹੱਦ ਪਾਰ ਜੜ੍ਹਾਂ ਦੀ ਜ਼ਿਆਰਤ

    • ਡਾ. ਨਵਜੋਤ
    Nonfiction
    • Diary

    ਬਿਨ ਖੰਭੋਂ ਉਡਦੀਆਂ ਤਿੱਤਲੀਆਂ

    • ਤਾਰਨ ਗੁਜਰਾਲ
    Nonfiction
    • Diary

    ਮਾਈ ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ

    • ਲਖਵਿੰਦਰ ਜੌਹਲ ‘ਧੱਲੇਕੇ’
    Nonfiction
    • Diary

    ਵੰਡ ਦੇ ਦੁੱਖੜੇ: ਪਿੰਡ ਦੀ ਮਿੱਟੀ

    • ਸਾਂਵਲ ਧਾਮੀ
    Nonfiction
    • Diary

    ਆਪਬੀਤੀ: ਸੱਚ ਦਾ ਸਨਮਾਨ

    • ਸੰਜੀਵ ਕੁਮਾਰ ਮੋਠਾਪੁਰ
    Nonfiction
    • Diary

    My last days in the Lahore of 1947

    • Khushwant Singh
    Nonfiction
    • Diary

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link