ਅਰਪਨਾ ਕੌਰ ਦਾ ਬਣਾਇਆ ਚਿੱਤਰ ‘1947’ ਵਿਲੱਖਣ ਹੋਣ ਦੇ ਨਾਲ ਨਾਲ ਮਹੱਤਵਪੂਰਨ ਵੀ ਹੈ। ਚਿੱਤਰ ਦਾ ਸਿਰਲੇਖ ਨਿਸ਼ਚਿਤ ਕਰ ਦਿੰਦਾ ਹੈ ਕਿ ਇਸ ਦਾ ਸਬੰਧ ਪੰਜਾਬ ਦੀ ਵੰਡ ਨਾਲ ਹੈ।
ਭੂਗੋਲਿਕ ਵੰਡਾਂ ਕਦੇ ਆਰਜ਼ੀ ਹੁੰਦੀਆਂ ਹਨ ਅਤੇ ਕਦੇ ਸਦੀਵੀ। ਵਿਸ਼ਵ ਇਤਿਹਾਸ ਇਸ ਦਾ ਗਵਾਹ ਹੈ। ਪੰਜਾਬ ਦੀ ਵੰਡ ‘ਸਦੀਵੀ ਵਰਗ’ ਵਿਚ ਆਉਂਦੀ ਹੈ। ਚੜ੍ਹਦੇ ਪਾਸੇ ਵੱਲ ਦੇ ਪੰਜਾਬ ਅਤੇ ਲਹਿੰਦੇ ਪਾਸੇ ਵੱਲ ਦੇ ਪੰਜਾਬ ਵਿਚਾਲੇ ਕਈ ਭਾਵਨਾਤਮਕ ਇਕਾਈਆਂ ਸਾਂਝੀਆਂ ਹੋਣ ਦੇ ਬਾਵਜੂਦ ਬਹੁਤ ਕੁਝ ਵਖਰੇਵੇਂ ਵਾਲਾ ਵੀ ਹੈ।
ਚਿੱਤਰ ਵਿਚ ਇਕੋ ਕਿਰਦਾਰ ਹੈ ਅਤੇ ਉਹ ਵੀ ਬਿਰਧ ਸਿੱਖ। ਜੋ ਇਸ ਕਿਰਦਾਰ ਰਾਹੀਂ ਦਿਖਾਇਆ/ਕੀਤਾ ਜਾ ਰਿਹਾ ਹੈ, ਵਿਲੱਖਣ ਹੈ। ਨਿਰੋਲ ਤਸਵੀਰ ਦਰਸ਼ਕ ਨੂੰ ਦੂਰ ਤਕ ਲੈ ਜਾਣ ਤੋਂ ਅਸਮਰੱਥ ਹੈ ਕਿਉਂਕਿ ਇਹ ਬਣੀ ਹੀ ਇਸ ਤਰ੍ਹਾਂ ਹੈ। ਇਸ ਰਚਨਾ ਦੇ ਪਿਛੋਕੜ ਵਿਚ ਇਕ ਕਹਾਣੀ ਹੈ। ਕਹਾਣੀ ਦੀ ਜਾਣਕਾਰੀ ਦਰਸ਼ਕ ਨੂੰ ਚਿੱਤਰ ਦੇ ਕਰੀਬ ਲੈ ਆਉਂਦੀ ਹੈ।
1947 ਸਿਰਲੇਖ ਵਾਲਾ ਚਿੱਤਰ 1997 ਵਿਚ ਬਣਾਇਆ ਗਿਆ ਜਦ ਦੇਸ਼ ਸੁਤੰਤਰਤਾ ਦੀ ਪੰਜਾਹਵੀਂ ਵਰ੍ਹੇਗੰਢ ਮਨਾ ਰਿਹਾ ਸੀ। ਇਸ ਪੇਂਟਿੰਗ ਦਾ ਆਕਾਰ ਸੱਠ ਸੈਂਟੀਮੀਟਰ ਗੁਣਾ ਛਿਆਹਟ ਸੈਂਟੀਮੀਟਰ ਹੈ।
ਘਟਨਾ ਅਨੁਸਾਰ (ਅਰਪਨਾ ਕੌਰ ਦੀ ਮਾਂ) ਅਜੀਤ ਕੌਰ (ਉਸ ਵੇਲੇ ਬਾਲੜੀ ਉਮਰ) ਦੇ ਮਾਪੇ ਗੜਬੜ ਸਮੇਂ ਸਰਹੱਦ ਪਾਰ ਕਰ ਭਾਰਤ ਆ ਗਏ ਹਨ। ਇਨ੍ਹਾਂ ਨਾਲ ਅਜੀਤ ਕੌਰ ਦਾ ਭਰਾ ਵੀ ਸੀ। ਪਰਿਵਾਰ ਦੇ ਬਜ਼ੁਰਗ ਜ਼ਿੱਦ ਕਰ ਕੇ ਲਾਹੌਰ ਹੀ ਟਿਕੇ ਰਹੇ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ‘ਇਹ ਕੱਟ-ਵੱਢ ਅਤੇ ਅੱਗ ਦਾ ਰਕਸ (ਨਾਚ) ਕੁਝ ਦਿਨਾਂ ਲਈ ਹੈ, ਜਦ ਠੰਢ-ਠੰਢਾਰਾ ਵਰਤ ਜਾਵੇਗਾ ਤਾਂ ਤੁਸੀਂ ਵੀ ਵਾਪਸ ਆ ਜਾਇਓ।’
ਦਿਨਾਂ ਬਾਅਦ ਦਿਨ ਲੰਘਣ ਲੱਗੇ। ਧਰਤੀ ਅੰਦਰ ਰਿਸਣ ਵਾਲੇ ਲਹੂ ਦੀ ਮਿਕਦਾਰ ਵਧਦੀ ਗਈ। ਏਧਰ ਆ ਗਿਆਂ ਦਾ ਆਪਣੇ ਬਜ਼ੁਰਗਾਂ ਪ੍ਰਤੀ ਫ਼ਿਕਰ ਉਸੇ ਅਨੁਪਾਤ ਨਾਲ ਵਧਣ ਲੱਗਾ। ਚੰਗਾ-ਬੁਰਾ ਵਿਚਾਰਨ ਬਾਅਦ ਅਜੀਤ ਕੌਰ ਦੇ ਪਿਤਾ ਸ਼ਿਮਲਿਓਂ ਲਾਹੌਰ ਵੱਲ ਤੁਰ ਪਏ। ਲਾਹੌਰ ਪਹੁੰਚਣ ਉਪਰੰਤ ਸਭ ਕੁਝ ਬਦਲਿਆ-ਬਦਲਿਆ ਲੱਗ ਰਿਹਾ ਸੀ। ਬਜ਼ੁਰਗ ਇਕ ਰੀਫਿਊਜੀ ਕੈਂਪ ਵਿਚ ਮਿਲ ਗਏ, ਪਰ ਬਹੁਤ ਬੁਰੀ ਹਾਲਤ ਵਿਚ।
ਇਸ ਤੋਂ ਬਾਅਦ ਮਨ ਅੰਦਰ ਵਿਚਾਰ ਬਣਿਆ ਕਿ ਕਿਉਂ ਨਾ ਆਪਣੇ ਛੱਡੇ ਘਰ ਦਾ ਇਕ ਵਾਰੀ ਦੀਦਾਰ ਕਰ ਲਿਆ ਜਾਵੇ। ਮਦਦ ਵਾਸਤੇ ਆਪਣੇ ਦੋਸਤ ਡਾਕਟਰ ਮੁਹੰਮਦ ਯੂਨਸ ਨੂੰ ਫੋਨ ਕਰ ਆਪਣੀ ਇੱਛਾ ਪ੍ਰਗਟਾਈ ਗਈ। ਜੁਆਬ ਵਿਚ ਪਤਾ ਲੱਗਿਆ, ‘‘ਉਹ ਥਾਂ ਹੁਣ ਧਾੜਵੀਆਂ ਦੇ ਕਬਜ਼ੇ ਹੇਠ ਹੈ। ਇਸ ਕਾਰਨ ਉੱਥੇ ਜਾਣਾ ਅਤੇ ਘਰ ਨੂੰ ਦੇਖਣਾ ਅਸੰਭਵ ਹੈ। ਹਾਂ, ਜੇ ਕੋਈ ਕੀਮਤੀ ਵਸਤੂ ਲੁਕਾ ਕੇ ਰੱਖੀ ਹੈ, ਉਹ ਲਿਆ ਕੇ ਦਿੱਤੀ ਜਾ ਸਕਦੀ ਹੈ।’’ ਅਜੀਤ ਕੌਰ ਦੇ ਪਿਤਾ ਨੇ ਆਪਣੇ ਦੋਸਤ ਨੂੰ ਕਿਹਾ, ‘‘ਮੈਨੂੰ ਹੋਰ ਕਿਸੇ ਵਸਤੂ ਦੀ ਕੋਈ ਲੋੜ ਨਹੀਂ। ਸਾਡੀ ਸਭ ਤੋਂ ਕੀਮਤੀ ਸ਼ੈਅ ਉਸ ਘਰ ਵਿਚ ਹੈ। ਤੂੰ ਉਹ ਲਿਆ ਦੇ। ਤੇਰੀ ਮਿਹਰਬਾਨੀ ਹੋਵੇਗੀ। ਉਹ ਸਾਡਾ ਪਵਿੱਤਰ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’।’’
ਕੁਝ ਸਮੇਂ ਬਾਅਦ ਡਾ. ਮੁਹੰਮਦ ਯੂਨਸ ‘ਗੁਰੂ ਗ੍ਰੰਥ ਸਾਹਿਬ’ ਲੈ ਕੇ ਹਾਜ਼ਰ ਹੋ ਗਿਆ। ਉਹ ਹਰੇ ਕੱਪੜੇ ਵਿਚ ਲਿਪਟਿਆ ਸੀ। ਉਸ ਦੱਸਿਆ ਕਿ ਇਹ ਉਹ ਕੱਪੜਾ ਹੈ ਜਿਸ ਨਾਲ ਉਹ ਕੁਰਾਨ ਵਲ੍ਹੇਟ ਕੇ ਰੱਖਦਾ ਆ ਰਿਹਾ ਹੈ।
ਡਾ. ਮੁਹੰਮਦ ਯੂਨਸ ਤੋਂ ਗੁਰੂ ਗ੍ਰੰਥ ਸਾਹਿਬ ਲੈ ਆਪਣੇ ਸਿਰ ਉਪਰ ਰੱਖ ਇਕ ਵਾਰ ਮੁੜ ਸਰਹੱਦ ਪਾਰ ਕੀਤੀ।
ਅਰਪਨਾ ਕੌਰ ਦੀ ਪੇਂਟਿੰਗ ਉਸੇ ਘਟਨਾ ਨੂੰ ਦ੍ਰਿਸ਼ ਵਿਚ ਰੂਪਾਂਤਰਿਤ ਕਰ ਰਹੀ ਹੈ। ਬਿਰਧ ਵਿਅਕਤੀ ਚਿੱਤਰਕਾਰ ਦਾ ਨਾਨਾ ਹੈ ਜਿਸ ਦੇ ਸਿਰ ਉਪਰ ਹਰੇ ਕੱਪੜੇ ਵਿਚ ਲਿਪਟਿਆ ਹੋਇਆ ‘ਗੁਰੂ ਗ੍ਰੰਥ ਸਾਹਿਬ’ ਹੈ। ਉਹ ਬੀੜ ਹਾਲੇ ਵੀ ਪਰਿਵਾਰ ਕੋਲ ਹੈ ਅਤੇ ਉਹਦਾ ਪ੍ਰਕਾਸ਼ ਕੀਤਾ ਜਾਂਦਾ ਹੈ।
ਸਾਰੇ ਕੈਨਵਸ ਦੀ ਪਿੱਠਭੂਮੀ ਇਕੋ ਰੰਗ ਭਾਵ ਲਾਲ ਰੰਗ ਨਾਲ ਪੋਤੀ ਹੋਈ ਹੈ। ਇਹ ਇਕਸਾਰ ਹੈ। ਓਦਾਂ ਵੀ ਇੱਥੇ ਰੰਗਾਂ ਦੀ ਗਿਣਤੀ ਘੱਟ ਹੈ। ਤਿੰਨ-ਚਾਰ ਰੰਗਾਂ ਤੋਂ ਵੱਧ ਦੀ ਵਰਤੋਂ ਨਹੀਂ ਕੀਤੀ ਹੋਈ ਤਾਂ ਵੀ ਇਸ ਕਿਰਤ ਵਿਚ ਬਹੁਤ ਕੁਝ ਦਰਜ ਹੈ।
ਸੰਨ ਸੰਤਾਲੀ ਕਿਸੇ ਲਈ ਸੁਤੰਤਰਤਾ ਦਾ ਦਿਨ ਹੈ ਤੇ ਕਿਸੇ ਲਈ ਉਜਾੜੇ ਦਾ। ਪੰਜਾਬ ਨੇ ਇਸ ਤੋਂ ਵੱਧ ਹੌਲਨਾਕ ਸਮਾਂ ਪਹਿਲਾਂ ਕਦੇ ਨਹੀਂ ਵੇਖਿਆ ਸੀ। ਅਨੇਕਾਂ ਹਮਲਾਵਰ ਆਏ। ਕਈ ਵਾਰ ਕਤਲੇਆਮ ਹੋਏ। ਅਜਿਹੇ ਵੇਲੇ ਇਹ ਤਾਂ ਪੱਕਾ ਸੀ ਕਿ ਦੁਸ਼ਮਣ ਕੌਣ ਸੀ। ਪਰ ਸੰਤਾਲੀ ਵੇਲੇ ਆਲੇ-ਦੁਆਲਿਓਂ ਹੀ ਉੱਠ ਖੜ੍ਹੇ ਹੋਏ। ਇਸ ਵੱਢ-ਟੁੱਕ ਲਈ ਬਾਹਰੀ ਅਤੇ ਅੰਦਰਲੀ ਹਾਕਮ ਜਮਾਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਕੈਨਵਸ ਅਜਿਹੀ ਕੋਈ ਗੱਲ ਨਹੀਂ ਕਰ ਰਿਹਾ। ਹਾਂ, ਉਹ ਦੱਸ ਰਿਹਾ ਹੈ ਕਿ ਜਿਸ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ, ਉਸ ਵੇਲੇ ਸਾਰੀ ਧਰਤ ਲਾਲੋ-ਲਾਲ ਸੀ। ਇੱਥੇ ਅਤਿਕਥਨੀ ਨਹੀਂ। ਦਿਖਾਈ ਦੇ ਰਿਹਾ ਸਿੱਖ ਪਾਤਰ ਉਸੇ ਧਰਤੀ ਉਪਰ ਪੈਰ ਟਿਕਾਅ ਅੱਗੇ ਵਧ ਰਿਹਾ ਹੈ।
ਲਾਲ ਧਰਾਤਲ ਉਪਰ ਇਕ ਪਾਸੇ ਤੋਂ ਦੂਸਰੇ ਪਾਸੇ ਤੱਕ ਕਾਲੇ ਰੰਗ ਨਾਲ ਕਿਸੇ ਜਾਨਵਰ ਦੇ ਛੋਟੇ-ਛੋਟੇ ਲਕੀਰੀ ਆਕਾਰ ਬਣੇ ਹੋਏ ਹਨ। ਆਕਾਰਾਂ ਵਿਚ ਭਿੰਨਤਾ ਨਹੀਂ। ਲਾਲ ਧਰਤ ਉਪਰ ਘੁੰਮਦਾ ਇਹ ਝੁੰਡ ਸਮੇਂ ਦੇ ਆਦਮੀ ਦੀ ਦਰਿੰਦਗੀ ਨੂੰ ਦਰਸਾ ਰਿਹਾ ਹੈ। ਝੁੰਡ ਨੁਮਾਇਆ ਨਹੀਂ, ਪਰ ਗ਼ੈਰਹਾਜ਼ਰ ਵੀ ਨਹੀਂ। ਇਨ੍ਹਾਂ ਦੀ ਪ੍ਰਮੁੱਖਤਾ ਪੇਂਟਰ ਵੱਲੋਂ ਰਚੇ ਗਏ ਪਾਤਰ ਦੇ ਗੁਣਾਂ ਨੂੰ ਦਬਾਅ ਸਕਦੀ ਸੀ। ਜਾਨਵਰ ਸਮੂਹ ਵਿਚ ਘਿਰੇ ਹੋਣ ਦੇ ਬਾਵਜੂਦ ਉਹ ਆਪਣੇ ਰਾਹ ਉਪਰ ਤੁਰਿਆ ਜਾ ਰਿਹਾ, ਬਿਨਾਂ ਡਰੇ, ਬਿਨਾਂ ਜਾਨਵਰ ਨੂੰ ਛਿਛਕੇਰਿਆਂ। ਖ਼ੂਨੀ ਮਾਹੌਲ ਵਿਚਾਲੇ ਅਡੋਲ ਤੁਰਦੇ ਰਹਿਣਾ ਅਲੋਕਾਰੀ ਕਾਰਜ ਹੈ। ਇਕ ਕਿਰਿਆ ਅਨੇਕਾਂ ਕਿਰਿਆਵਾਂ ਲਈ ਮਿਸਾਲ ਬਣ ਜਾਂਦੀ ਹੈ।
ਚਿੱਤਰ ਵਿਚ ਦਾਖ਼ਲ ਹੋਇਆ ਬਜ਼ੁਰਗ ਉਮਰ ਦੇ ਭਾਰ ਨਾਲ ਕੁੱਬਾ ਹੋ ਚੁੱਕਾ ਹੈ। ਏਨੀ ਉਮਰ ਅਤੇ ਇਸ ਅੰਦਾਜ਼ ਵਿਚ ਪੇਸ਼ ਕਰਨ ਪਿੱਛੇ ਚਿੱਤਰਕਾਰ ਦੀ ਕਲਪਨਾ ਵੀ ਹੋ ਸਕਦੀ ਹੈ। ਹਰੇ ਕੱਪੜੇ ਨਾਲ ਕੱਜੀ ‘ਬੀੜ’ ਬਜ਼ੁਰਗ ਸਿਰ ਰੱਖੀ ਪੀੜ੍ਹੀ ਉਪਰ ਸੁਸ਼ੋਭਿਤ ਹੈ। ਉਸ ਨੂੰ ਸੱਜੇ ਹੱਥ ਦਾ ਸਹਾਰਾ ਮਿਲਿਆ ਹੋਇਆ ਹੈ। ਦੂਜੇ ਪਾਸੇ ਮੋਢੇ ਲੱਗੀ ਵੱਡੀ ਸਫ਼ੈਦ ਪੰਡ ਨੂੰ ਖੱਬੇ ਹੱਥ ਨੇ ਘੁੱਟ ਕੇ ਨੱਪਿਆ ਹੋਇਆ ਹੈ। ਅਸਲ ਵਿਚ ਇਹ ਸ਼ਖ਼ਸ ਦੋ ਬੇਸ਼ਕੀਮਤੀ ਵਸਤਾਂ ਸਾਂਭੀ ਚਲਿਆ ਜਾ ਰਿਹਾ ਹੈ। ਇਕ ਦਾ ਸਬੰਧ ਨਿੱਜ ਨਾਲ ਹੁੰਦਾ ਹੋਇਆ ਵੀ ਵਰਗ ਚੇਤਨਾ ਨਾਲ ਹੈ ਜਦੋਂਕਿ ਦੂਜੀ ਦਾ ਨਿਰੋਲ ਨਿੱਜ ਨਾਲ ਹੈ।
ਅਰਪਨਾ ਕੌਰ ਅਜਿਹੀ ਪਹਿਲੀ ਚਿੱਤਰਕਾਰ ਹੈ ਜਿਸ ਨੇ 1947 ਦੀ ਵੰਡ ਤੋਂ ਇਲਾਵਾ 1984 ਵਿਚ ਵਾਪਰੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਪ੍ਰਤੀ ਆਪਣਾ ਪ੍ਰਤੀਕਰਮ ਕੈਨਵਸ ਉਪਰ ਚਿੱਤਰ ਪੇਂਟ ਕਰ ਕੇ ਪ੍ਰਗਟ ਕੀਤਾ। ਉਸ ਦਾ ਜਨਮ 1947 ਤੋਂ ਬਾਅਦ ਦਾ ਹੈ। ਇਉਂ ਉਹ 1947 ਦੀ ਤ੍ਰਾਸਦੀ ਦੀ ਚਸ਼ਮਦੀਦ ਨਹੀਂ ਸੀ। ਉਸ ਤੱਕ ਪਹੁੰਚਣ ਵਾਲੀ ਸਾਰੀ ਜਾਣਕਾਰੀ ਦਾ ਸਰੋਤ ਉਸ ਦੀ ਮਾਂ ਜਾਂ ਲਾਗਲੇ ਸਬੰਧੀ ਰਹੇ ਹੋਣਗੇ। ਪੁਸਤਕਾਂ ਰਾਹੀਂ ਵੀ ਕਾਫ਼ੀ ਕੁਝ ਪਤਾ ਲੱਗਿਆ ਹੋਵੇਗਾ।
1984 ਵੇਲੇ ਜੋ ਕੁਝ ਦਿੱਲੀ ’ਚ ਵਾਪਰਿਆ ਉਸ ਦੀ ਉਹ ਚਸ਼ਮਦੀਦ ਸੀ। ਆਮ ਤੌਰ ’ਤੇ ਸੰਨ ਸੰਤਾਲੀ ਨਾਲ ਸਬੰਧਤ ਮਿਲਣ ਵਾਲੇ ਕੰਮ ਦੇ ਕਰਤੇ ਸਰਹੱਦ ਪਾਰ ਦੇ ਹਨ। ਇਕ ਹੋਰ ਖਾਸੀਅਤ ਇਹ ਰਹੀ ਕਿ ਸਾਰੇ ਦੇ ਸਾਰੇ ਪੇਂਟਰ/ਬੁੱਤਤਰਾਸ਼ ਪੁਰਖ ਹਨ। ਇਨ੍ਹਾਂ ਵਿਚੋਂ ਇਸਤਰੀ ਕੋਈ ਨਹੀਂ। ਜੋ ਕੰਮ ਉਸ ਸਮੇਂ ਦੇ ਲਾਗ-ਚਾਗੇ ਹੋ ਗਿਆ, ਬਸ ਹੋ ਗਿਆ। ਮੁੜ ਕੇ ਕਿਸੇ ਨੇ ਦੇਖਿਆ ਨਹੀਂ, ਫੇਰ। ਇਸ ਸੰਦਰਭ ਵਿਚ ਅਰਪਨਾ ਕੌਰ ਥੋੜ੍ਹਾ ਹਟਵੀਂ ਹੈ। ਉਹ ਆਪਣੇ ਜਨਮ ਤੋਂ ਪਹਿਲਾਂ ਦੇ ਸਮੇਂ ਵਿਚ ਝਾਕਣ ਦੀ ਹਿੰਮਤ ਕਰਦੀ ਹੈ।
ਪੇਂਟਿੰਗ 1947 ਚਿੱਤਰਕਾਰ ਅਤੇ ਦਰਸ਼ਕ ਨੂੰ ਵਿਛੜ ਚੁੱਕੀ ਭੋਇੰ, ਵਿਅਕਤੀਆਂ ਅਤੇ ਸਮਾਜ ਦੀ ਸਮੂਹਿਕ ਆਸਥਾ ਨਾਲ ਜੋੜਦੀ ਹੈ। ਪੂਰਾ ਬਿਆਨ ਉਪਭਾਵੁਕਤਾ ਤੋਂ ਮੁਕਤ ਹੈ। ਨਾ ਕੁਝ ਜਮ੍ਹਾਂ ਹੋਇਆ ਹੈ ਤੇ ਨਾ ਹੀ ਘਟਾਅ। ਜਿੰਨਾ ਕੁ ਹੋਇਆ ਓਨਾ ਕੁ ਚਿੱਤਰ ਦਾ ਅੰਗ ਬਣਾ ਦਿੱਤਾ। ਹਾਂ, ਇਕ ਵੇਰਵਾ ਵਾਧੂ ਲੱਗ ਸਕਦਾ ਹੈ, ਪਰ ਅਰਥਪੂਰਨ ਹੋਣ ਸਦਕਾ ਲਾਜ਼ਮੀ ਹੈ।
ਬਜ਼ੁਰਗ ਸਤਿਕਾਰਤ ‘ਬੀੜ’ ਦੇ ਨਾਲ ਇਕ ਪੰਡ ਵੀ ਚੁੱਕੀ ਤੁਰ ਰਿਹਾ ਹੈ। ਇਹ ਇੱਥੇ ਪ੍ਰਤੀਕ ਰੂਪ ਵਿਚ ਹੈ। ਇਹਦੇ ਅੰਦਰ ਬੀਤੇ ਦੀਆਂ ਯਾਦਾਂ ਅਤੇ ਭਵਿੱਖ ਦੇ ਸੁਪਨੇ ਹਨ। ਕਿਸੇ ਵੇਲੇ ਲੱਗਦਾ ਹੈ ਬੀਤਿਆ ਅਤੇ ਭਵਿੱਖ ਅਪਹੁੰਚ ਹੈ, ਤੁਰਿਆ ਜਾਣਾ ਵਰਤਮਾਨ ਹੈ। ਇਹ ਵਰਤਮਾਨ ਹੀ ਹੁੰਦਾ ਹੈ ਜਿਹੜਾ ਭੂਤ ਅਤੇ ਭਵਿੱਖ ਨੂੰ ਚੁੱਕੀ ਫਿਰਦਾ ਹੈ।
ਵੰਡ ਤੋਂ ਪਹਿਲਾਂ ਕਿਸੇ ਦੇ ਖ਼ਿਆਲ/ਸੁਫ਼ਨੇ ਵਿਚ ਵੀ ਨਹੀਂ ਆਇਆ ਹੋਵੇਗਾ ਕਿ ਆਪਣੇ ਘਰਾਂ ਦਾ ਤਿਆਗ ਕਰ ਰੀਫਿਊਜੀ ਬਣਨਾ ਪਵੇਗਾ। ਹੋਣ ਵਾਲੀ ਅਦਲਾ-ਬਦਲੀ ਦੌਰਾਨ ਦੌਲਤ, ਸਾਮਾਨ, ਘਰ ਹੀ ਨਹੀਂ ਛੁੱਟਣੇ ਸਗੋਂ ਆਪਣਿਆਂ ਨੂੰ ਅੱਖਾਂ ਸਾਹਮਣੇ ਮਰਦਿਆਂ ਦੇਖਣਾ ਪਏਗਾ, ਉਸ ਨੂੰ ਨਾਲ ਲਿਜਾਣਾ ਤਾਂ ਦੂਰ ਦੀ ਗੱਲ ਸੀ, ਉਸ ਵੇਲੇ ਦੇਖਣ ਦਾ ਮੌਕਾ ਵੀ ਨਹੀਂ ਮਿਲੇਗਾ। ਇਹੋ ਜਿਹੇ ਯਥਾਰਥ ਸਮੇਂ ਸੁਪਨਿਆਂ ਨੂੰ ਸਾਂਭ ਕੇ ਤੁਰਨਾ ਅਲੋਕਾਰੀ ਗੱਲ ਹੈ। ਪੰਡ ਵਿਚ ਬੀਤੇ ਦੀਆਂ ਯਾਦਾਂ ਹਨ। ਹਰ ਤਰ੍ਹਾਂ ਦੀ ਮੁਫ਼ਲਿਸੀ ਵਿਚ ਯਾਦਾਂ ਦਾ ਲੈਣ-ਦੇਣ ਬੇਪਰਵਾਹੀ ਨਾਲ ਕੀਤਾ ਜਾ ਸਕਦਾ ਹੈ। ਯਾਦਾਂ ਆਸਰੇ ਜੀਵਨ ਨਹੀਂ ਤੁਰਦਾ, ਪਰ ਫੇਰ ਵੀ ਇਹ ਵਿਅਕਤੀ ਦੁਆਲੇ ਤਲਿਸਮੀ ਸੰਸਾਰ ਦਾ ਬੁਣ ਦਿੰਦੀਆਂ ਹਨ।
ਬਜ਼ੁਰਗ ਨੇ ਕੀ ਪਾਇਆ ਹੋਇਆ ਹੈ, ਵਧੇਰੇ ਸਪਸ਼ਟ ਨਹੀਂ। ਉਸ ਦੇ ਸਿਰ ’ਤੇ ਸਫ਼ੈਦ ਪੱਗ ਹੈ ਅਤੇ ਤਨ ਉਪਰ ਲੰਮਾ ਕੁੜਤਾ। ਕੁੜਤਾ ਵੱਖਰੇ ਰੰਗ ਦਾ ਨਹੀਂ ਸਗੋਂ ਉਸ ਦੀ ਬਾਹਰੀ ਹੱਦ ਨੂੰ ਨਿਸ਼ਚਿਤ ਕਰਨ ਲਈ ਸਫ਼ੈਦ ਰੰਗਤ ਦੀਆਂ ਛੋਹਾਂ ਹਨ। ਇਹੋ ਢੰਗ ਸਰੀਰਕ ਅੰਗਾਂ ਹਿੱਤ ਵਰਤਿਆ ਗਿਆ ਹੈ। ਇਹ ਪੇਂਟਰ ਦੇ ਕੰਮ ਕਰਨ ਦੀ ਵਿਧੀ ਹੈ।
ਚਿੱਤਰ ਨੂੰ ਮਰਯਾਦਾ ਅਨੁਸਾਰ ਉਲੀਕਿਆ ਗਿਆ ਹੈ ਜਿਸ ਦਾ ਸਬੰਧ ਸਿੱਖ ਭਾਈਚਾਰੇ ਨਾਲ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਉਪਰ ਰੱਖਿਆ ਜਾਂਦਾ ਹੈ। ਜਿਸ ਸਿਰ ਇਹ ਪਾਵਨ ਬੀੜ ਹੁੰਦੀ ਹੈ ਸਤਿਕਾਰ ਵਜੋਂ ਉਹ ਸ਼ਖ਼ਸ ਪੈਰੋਂ ਨੰਗਾ ਹੁੰਦਾ ਹੈ। ਇਹ ਵਿਅਕਤੀ ਪੂਰੀ ਇਕਾਗਰਤਾ ਨਾਲ ਆਪਣੇ ਰਾਹ ਤੁਰ ਰਿਹਾ ਹੈ। ਆਲੇ-ਦੁਆਲੇ ਦਾ ਮਾਹੌਲ ਸਾਜ਼ਗਾਰ ਨਾ ਹੋਣ ਦੇ ਬਾਵਜੂਦ।
ਇਹ ਦ੍ਰਿਸ਼ ਸਾਡਾ ਧਿਆਨ ਕਿਰਪਾਲ ਸਿੰਘ ਦੇ ਚਿੱਤਰ ਵੱਲ ਲੈ ਜਾਂਦਾ ਹੈ ਜਿੱਥੇ ਖੁੱਲ੍ਹੇ ਅਸਮਾਨ ਹੇਠ ਗੁਰੂ ਗ੍ਰੰਥ ਸਾਹਿਬ ਦਾ ਉਚੇਰੀ ਥਾਂ ਉਪਰ ਪ੍ਰਕਾਸ਼ ਹੈ ਅਤੇ ਉਸ ਦੇ ਆਲੇ-ਦੁਆਲੇ ਸੰਗਤ ਹੈ। ਇਸ ਟੋਲੇ ਦੇ ਮੁਖੀ ਬਾਬਾ ਬੁੱਢਾ ਸਿੰਘ ਹਨ। ਮੱਸਾ ਰੰਗੜ ਦਾ ਸਿਰ ਲੈ ਕੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜਦ ਸੰਗਤ ਨੂੰ ਦਿਖਾਈ ਦਿੰਦੇ ਹਨ ਤਾਂ ਉਹ ਇਕਾਗਰਚਿਤ ਬਣੀ ਰਹਿੰਦੀ ਹੈ।
ਆਪਣੀ ਇੱਛਾ ‘ਬੀੜ’ ਤਕ ਸੀਮਤ ਰੱਖਣ ਵਾਲਾ ਸਿੱਖ ਆਪਣੇ ਮਿੱਤਰ ਕੋਲੋਂ ਕਿਸੇ ਹੋਰ ਕੀਮਤੀ ਦੁਨਿਆਵੀ ਵਸਤ ਦੀ ਮੰਗ ਰੱਖ ਸਕਦਾ ਸੀ। ਮੁਫ਼ਲਿਸੀ ਦੌਰਾਨ ਖ਼ੁਦ ਨੂੰ ‘ਗੁਰੂ’ ਤਕ ਸੀਮਤ ਕਰ ਉਸ ਦੀ ਮੰਗ ਕਰਨਾ ਸਮਰਪਣ ਅਤੇ ਕੁਰਬਾਨੀ ਦੀ ਰਲੀ-ਮਿਲੀ ਤਸਵੀਰ ਹੈ। ਇਹ ਮੋਟਿਫ ਦ੍ਰਿੜ੍ਹ ਕਰਦਾ ਹੈ ਕਿ ਗੁਰੂ ਅਤੇ ਸਿੱਖ ਦਾ ਰਿਸ਼ਤਾ ਅਟੁੱਟ ਹੈ, ਥਾਂ ਜੰਗਲ ਬੀਆਬਾਨ ਹੋਵੇ ਜਾਂ ਸੰਸਾਰ ਜੰਗਾਂ ਦੀ ਰਣਭੂਮੀ।
ਤਰਕ ਦਿੱਤਾ ਜਾ ਸਕਦਾ ਹੈ ਕਿ ਉਹ ਦੁਨਿਆਵੀ ਵਸਤਾਂ ਦੀ ਵੱਡੀ ਪੰਡ ਚੁੱਕੀ ਜਾ ਰਿਹਾ ਹੈ। ਕਹਿ ਸਕਦੇ ਹਾਂ ਕਿ ਇਹ ਪੰਡ ਵਿਚਲੀਆਂ ਵਸਤਾਂ/ਵਿਚਾਰ ਉਸ ਦੀ ਪਹੁੰਚ ਤੋਂ ਬਾਹਰੀ ਹਨ। ਅਪਹੁੰਚ ਦਾ ਕੇਹਾ ਮਾਣ?
ਪੇਂਟਿੰਗ ਦਾ ਸੰਯੋਜਨ ਸਾਧਾਰਨ ਹੈ। ਸਿੱਧੀ ਗੱਲ ਸਿੱਧੇ ਢੰਗ ਨਾਲ ਕਹਿ ਦਿੱਤੀ ਹੈ। ਚਿੱਤਰ ਵਿਆਖਿਆ ਲਈ ਮੂਲ ਘਟਨਾ ਦੀ ਜਾਣਕਾਰੀ ਜ਼ਰੂਰੀ ਹੈ। ਇਸ ਘਟਨਾ ਦੀ ਪ੍ਰੇਰਨਾ ਸਰੋਤ ਅਤੇ ਨਿਰਬਾਹ ਸਿੱਖ ਇਤਿਹਾਸ ਅੰਦਰ ਮੌਜੂਦ ਹੈ। ਇਸ ਮੂਜਬ ਰਚਨਾ ਜਿਸ ਨੂੰ ਗ੍ਰਹਿਣ ਕਰਦੀ ਉਸ ਨੂੰ ਅੱਗੇ ਵੀ ਤੋਰ ਰਹੀ ਹੈ।
Add a review