ਗੋਰਾਏ : ਇਹ ਚੰਦਰਬੰਸ ਸਰੋਆ ਰਾਜਪੂਤਾਂ ਵਿਚੋਂ ਹਨ। ਇਹ ਪਸ਼ੂ ਚਾਰਦੇ-ਚਾਰਦੇ ਸਿਰਸਾ ਤੋਂ ਗੁਜਰਾਂਵਾਲਾ ਤੱਕ ਚਲੇ ਗਏ। ਸਿਆਲਕੋਟ ਗੁਰਦਾਸਪੁਰ ਤੇ ਗੁਰਜਾਂਵਾਲਾ ਖੇਤਰਾਂ ਵਿੱਚ ਇਨ੍ਹਾਂ ਦੇ ਕਾਫ਼ੀ ਪਿੰਡ ਸਨ। ਗੁਜਰਾਂਵਾਲਾ ਵਿੱਚ ਤਾਂ ਇਨ੍ਹਾਂ ਦੇ 30 ਪਿੰਡ ਸਨ। ਇਹ ਚੰਗੇ ਕਾਸ਼ਤਕਾਰ ਮੰਨੇ ਜਾਂਦੇ ਹਨ।
ਇਹ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ ਕਿਉਂਕਿ ਢਿੱਲੋਂ ਵੀ ਸਰੋਹੀ ਰਾਜਪੂਤਾਂ ਵਿਚੋਂ ਹਨ। ਇੱਕ ਹੋਰ ਰਵਾਇਤ ਅਨੁਸਾਰ ਇਹ ਚੰਦਰਬੰਸੀ ਰਾਜਪੂਤ ਗੋਰਾਇਆ ਦੀ ਬੰਸ ਵਿਚੋਂ ਹਨ। ਗੋਰਾਇਆ ਦੀ ਬੰਸ ਵਿਚੋਂ ਮੱਲ ਲਖੀਥਲ ਤੋਂ ਉਠ ਕੇ ਆਪਣੇ ਕਬੀਲੇ ਸਮੇਤ ਪੰਜਾਬ ਵਿੱਚ ਵਸਿਆ।
ਸਿਆਲਕੋਟ ਵਿੱਚ ਇਹ ਪੀਰ ਮੁੰਡਾ ਦੀ ਮਾਨਤਾ ਸਮੇਤ ਪੰਜਾਬ ਵਿੱਚ ਵਸਿਆ। ਸਿਆਲਕੋਟ ਵਿੱਚ ਇਹ ਪੀਰ ਮੁੰਡਾ ਦੀ ਮਾਨਤਾ ਕਰਦੇ ਸਨ। ਇਸ ਕਾਰਨ ਸਿਆਲਕੋਟ ਦੇ ਇਲਾਕੇ ਵਿੱਚ ਗੋਰਾਇਆ ਜੱਟ ਹਿੰਦੂ ਵੀ ਸਨ ਤੇ ਮੁਸਲਮਾਨ ਵੀ ਸਨ। ਇਨ੍ਹਾਂ ਵਿੱਚ ਵਿਰਾਸਤ ਚੂੰਢਾ ਵੰਡ ਨਿਯਮ ਅਨੁਸਾਰ ਹੁੰਦਾ ਸੀ।
ਮੁਸਲਮਾਨ ਗੋਰਾਏ ਕਈ-ਕਈ ਵਿਆਹ ਕਰਾਉਂਦੇ ਸਨ। ਮਿਟਗੁੰਮਰੀ ਦੇ ਇਲਾਕੇ ਵਿੱਚ ਗੋਰਾਏ ਰਾਜਪੂਤ, ਜੱਟ ਤੇ ਅਰਾਈ ਜਾਤੀਆਂ ਵਿੱਚ ਵੰਡੇ ਹੋਏ ਸਨ ਪਰ ਸ਼ਾਹਪੁਰ ਵਿੱਚ ਸਾਰੇ ਜੱਟ ਸਨ। ਸਿਆਲਕੋਟ ਦੇ ਗੋਰਾਏ ਆਪਣਾ ਵਡੇਰਾ ਬੁੱਧ ਨੂੰ ਮੰਨਦੇ ਸਨ ਜਿਸਦੇ ਗੋਰਾਏ ਸਮੇਤ 20 ਪੁੱਤਰ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਗੋਰਾਏ ਮੁਸਲਮਾਨ ਬਣ ਗਏ ਸਨ।
ਪੂਰਬੀ ਪੰਜਾਬ ਵਿੱਚ ਬਹੁਤੇ ਗੋਰਾਏ ਸਿੱਖ ਹਨ। ਇਸ ਗੋਤ ਦੇ ਲੋਕ ਬਹੁਤੇ ਦੁਆਬੇ ਵਿੱਚ ਹੀ ਆਬਾਦ ਹਨ। ਅੱਜ ਕੱਲ੍ਹ ਗੋਰਾਏ ਕਬੀਲੇ ਦੇ ਲੋਕ ਫਿਰੋਜ਼ਪੁਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਾਭਾ ਆਦਿ ਖੇਤਰਾਂ ਵਿੱਚ ਵਸਦੇ ਹਨ। ਦੁਆਬੇ ਵਿਚੋਂ ਗੋਰਾਏ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ।
ਹਰਿਆਣਾ ਵਿੱਚ ਵੀ ਕੁਝ ਗੋਰਾਏ ਵਸਦੇ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ 17,777 ਸੀ। ਗੋਰਾਏ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੰਜਾਬ ਵਿੱਚ ਗੋਰਾਇਆ ਗੋਤ ਦੇ ਜੱਟ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਪੰਜਾਬ ਵਿੱਚ ਜੱਟਾਂ ਦਾ ਬਹੁਤ ਪੁਰਾਣਾ ਗੋਤ ਹੈ।
ਲੁਧਿਆਣੇ ਤੇ ਜਲੰਧਰ ਵਿਚਕਾਰ ਆਬਾਦ ਗੋਰਾਇਆ ਨਗਰ ਇਨ੍ਹਾਂ ਦਾ ਬਹੁਤ ਹੀ ਪੁਰਾਣਾ ਪਿੰਡ ਹੈ। ਗੋਰਾਏ ਵੀ ਮੱਧ ਏਸ਼ੀਆ ਤੋਂ ਈਸਵੀਂ ਸੰਨ ਤੋਂ ਪਹਿਲਾਂ ਦੇ ਆਏ ਹੋਏ ਕਬੀਲਿਆਂ ਵਿਚੋਂ ਹਨ। ਮੱਧ ਏਸ਼ੀਅਨ ਤੋਂ ਬਲਖ ਤੇ ਭਾਰਤ ਵਿੱਚ ਆਉਣ ਵਾਲੇ ਜੱਟਾਂ ਨੂੰ ਬਾਹਲੀਕ ਕਿਹਾ ਜਾਂਦਾ ਸੀ।
Add a review