ਦੁੱਲਟ : ਇਹ ਚੌਹਾਨ ਵੰਸ ਵਿਚੋਂ ਹਨ। ਦੁੱਲਟ ਗੋਤ ਦਾ ਰਾਏ ਬੀਰਾ ਦਿੱਲੀ ਦੇ ਰਾਜੇ ਪ੍ਰਿਥਵੀ ਰਾਜ ਚੌਹਾਨ ਦੇ ਪਰਿਵਾਰ ਵਿਚੋਂ ਸੀ। ਰਾਏਬੀਰਾ ਪ੍ਰਿਥਵੀ ਚੌਹਾਨ ਦਾ ਛੋਟਾ ਭਰਾ ਸੀ। ਪੰਜਾਬ ਵਿੱਚ ਲੌਂਗੋਵਾਲ, ਦੁੱਲਟਾਂ ਦਾ ਪੁਰਾਣਾ ਮੋਢੀ ਪਿੰਡ ਹੈ। ਸੰਗਰੂਰ ਜਿਲ੍ਹੇ ਵਿੱਚ ਦੁੱਲਟਾਂ ਦੇ ਕਾਫ਼ੀ ਪਿੰਡ ਹਨ। ਫਰੀਦਕੋਟ ਖੇਤਰ ਦੇ ਜੈਤੋਂ ਇਲਾਕੇ ਵਿੱਚ ਰਾਮਗੜ੍ਹ ਤੇ ਭਗਤੂਆਣ ਆਦਿ ਕਈ ਪਿੰਡਾਂ ਵਿੱਚ ਦੁੱਲਟ ਭਾਈਚਾਰੇ ਦੇ ਲੋਕ ਰਹਿੰਦੇ ਹਨ। ਮਾਝੇ ਵਿੱਚ ਜੈਤੋਂ ਸਰਜਾ ਅਤੇ ਦੁੱਲਟ ਦੋ ਵੱਡੇ ਪਿੰਡ ਦੁੱਲਟ ਭਾਈਚਾਰੇ ਦੇ ਹੀ ਹਨ। ਪੱਛਮੀ ਪੰਜਾਬ ਦੇ ਸਾਂਦਲਬਾਰ ਖੇਤਰ ਵਿੱਚ ਲੋਹੀਆਂ ਵਾਲਾ ਤੇ ਖਾਰਾ ਪਿੰਡ ਦੁੱਲਟਾਂ ਦੇ ਹੀ ਸਨ।
ਪੰਜਾਬ ਵਿੱਚ ਦੁੱਲਟਾਂ ਜੱਟਾਂ ਦੀ ਬਹੁਤੀ ਗਿਣਤੀ ਮਾਲਵੇ ਦੇ ਖੇਤਰ ਸੰਗਰੂਰ, ਨਾਭਾ ਪਟਿਆਲਾ ਤੇ ਫਰੀਦਕੋਟ ਆਦਿ ਵਿੱਚ ਹੀ ਹੈ। ਦੁੱਲਟ ਭਾਈਚਾਰੇ ਦੇ ਜੱਟ ਆਪਣੇ ਸਿੱਧ ਬਾਬਾ ਦੀਦਾਰ ਸਿੰਘ ਦੀ ਮਾਨਤਾ ਕਰਦੇ ਹਨ ਜਿਸ ਦੀ ਸਮਾਧ ਸਾਬਕਾ ਰਿਆਸਤ ਜੀਂਦ ਤੇ ਸੰਗਰੂਰ ਦੇ ਪਿੰਡ ਮੁਰਾਦ ਖੇੜਾ ਵਿੱਚ ਸੀ।
ਕਲੇਰ ਗੋਤ ਦੇ ਜੱਟ ਵੀ ਬਾਬਾ ਦੀਦਾਰ ਸਿੰਘ ਦੀ ਮਾਨਤਾ ਕਰਦੇ ਹਨ। ਐਚ• ਏ• ਰੋਜ਼ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ‘‘ਦੁੱਲਟਾਂ ਦੇ ਇੱਕ ਵਡੇਰੇ ਰਾਏ ਖੰਡਾ ਪਾਸ ਦਿੱਲੀ ਦੇ ਨਜ਼ਦੀਕ ਕਾਫ਼ੀ ਜਾਗੀਰ ਸੀ। ਨਾਦਰ ਸ਼ਾਹ ਦੇ ਹਮਲੇ ਸਮੇਂ ਇਸ ਦੇ ਭਰਾ ਰਘੁਬੀਰ ਤੇ ਜੱਗੋਬੀਰ ਮਾਰੇ ਗਏ ਪਰ ਰਾਏ ਖੰਡਾ ਬਚਕੇ ਸੁਨਾਮ ਦੇ ਪਾਸ ਸਿਉਣਾ ਗੁਜਰੀਵਾਲਾ ਦੇ ਥੇਹ ਉੱਤੇ ਆ ਗਏ ਸੀ। ਉਸਨੇ ਆਪਣੇ ਦੋ ਭਾਰਾਵਾਂ ਦੀਆਂ ਵਿਧਵਾ ਇਸਤਰੀਆਂ ਨਾਲ ਸ਼ਾਦੀ ਕਰ ਲਈ। ਰਾਜਪੂਤ ਬਰਾਦਰੀ ਛੱਡਕੇ ਜੱਟ ਭਾਈਚਾਰੇ ਵਿੱਚ ਰਲ ਗਿਆ। ਉਸ ਦੀਆਂ ਔਰਤਾਂ ਦੇ ਬੱਚੇ ਨਹੀਂ ਬਚਦੇ ਸਨ। ਇੱਕ ਔਰਤ ਨੇ ਨੈਣਾ ਦੇਵੀ ਦੇ ਮੰਦਿਰ ਵਿੱਚ ਪ੍ਰਣ ਕੀਤਾ ਕਿ ਜੇ ਉਸ ਦਾ ਬੱਚਾ ਬਚ ਗਿਆ ਤਾਂ ਉਹ ਆਪਣੇ ਪੁੱਤਰ ਦੀ ਦੋ ਵਾਰ ਮੰਦਿਰ ਵਿੱਚ ਮੁੰਡਣ ਕਰਵਾਏਗੀ। ਇਸ ਕਾਰਨ ਬੱਚੇ ਦੀ ਅੱਲ ਦੋ-ਲਟ ਪੈ ਗਈ। ਇਹ ਦੋ-ਲਟ ਸ਼ਬਦ ਹੌਲੀ ਹੌਲੀ ਦੁੱਲਟ ਪ੍ਰਚਲਿਤ ਹੋ ਗਿਆ’’ ਇਹ ਮਿਥਿਹਾਸਕ ਘਟਨਾ ਹੈ।
ਦਲੇਉ, ਔਲਖ ਬੱਲ ਤੇ ਬੋਪਾਰਾਏ ਜੱਟਾਂ ਵਾਂਗ ਦੁੱਲਟਾਂ ਵਿੱਚ ਵੀ ਛਟੀਆਂ ਖੇਡਣ ਦੀ ਰਸਮ ਪ੍ਰਚਿਲਤ ਸੀ। ਹੁਣ ਸਾਰੇ ਜੱਟ ਹੀ ਪੁਰਾਣੀਆਂ ਰਸਮਾਂ ਛੱਡ ਰਹੇ ਹਨ। ਦੁੱਲਟ ਸਾਰੇ ਹੀ ਜੱਟ ਸਿੱਖ ਹਨ। ਦੁੱਲਟ ਚੌਹਾਨ ਰਾਜਪੂਤਾਂ ਦਾ ਇੱਕ ਉਪਗੋਤ ਹੈ। ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੁੱਲਟਾਂ ਦਾ ਵਡੇਰਾ ਚੌਹਾਨ ਯੋਧਾ ਬਾਬਾ ਦੱਲੂ ਗੁਰੂ ਨਾਨਕ ਦਾ ਸ਼ਰਧਾਲੂ ਸੀ। ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਵੀ ਦੁੱਲਟ ਜੱਟ ਸੀ। ਦੁੱਲਟ ਸਰਦਾਰ ਰਾਜੇ ਆਲੇ ਦੇ ਪੱਕੇ ਮਿੱਤਰ ਸਨ।
Add a review