ਵਾਂਦਰ- ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਇਸ ਗੋਤ ਦੇ ਮੋਢੀ ਦਾ ਨਾਮ ‘ਬਾਂਦਰ ਸੀ। ਪੰਦਰ੍ਹਵੀਂ ਸਦੀ ਵਿੱਚ ਹਨੂੰਮਾਨ ਕੋਟ ਦੇ ਇੱਕ ਭੱਟੀ ਰਾਜਪੂਤ ਰਜਵਾੜੇ ਕੱਛਣ ਦਾ ਪੁੱਤਰ ਬਾਂਦਰ ਆਪਣੇ ਬਾਪ ਨਾਲ ਨਾਰਾਜ਼ ਹੋਕੇ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ ਸੀ। ਉਸਨੇ ਭਾਗੀ ਪਿੰਡ ਦੇ ਪਾਸ ਆਪਣੇ ਨਾਮ ਉਪਰ ਇੱਕ ਨਵਾਂ ਪਿੰਡ ਵਸਾਇਆ। ਬਾਂਦਰ ਪਿੰਡ ਵਿੱਚ ਵਸਣ ਵਾਲੇ ਭੱਟੀ ਰਾਜਪੂਤਾਂ ਦਾ ਗੋਤ ਵੀ ਉਨ੍ਹਾਂ ਦੇ ਵਡੇਰੇ ਬਾਂਦਰ ਦੇ ਨਾਮ ਤੇ ਵਾਂਦਰ ਪ੍ਰਚਲਿਤ ਹੋ ਗਿਆ।
ਇਹ ਬਾਂਦਰ ਪਿੰਡ ਹੀ ਸਾਰੇ ਵਾਂਦਰ ਗੋਤ ਦੇ ਜੱਟਾਂ ਦਾ ਮੋਢੀ ਪਿੰਡ ਹੈ। ਇਥੋਂ ਉਠਕੇ ਹੀ ਵਾਂਦਰ ਗੋਤ ਦੇ ਜੱਟਾਂ ਨੇ ਮਾਲਵੇ ਵਿੱਚ ਕਈ ਨਵੇਂ ਪਿੰਡ–ਕੈਲੇ ਵਾਂਦਰ, ਰਣਜੀਤ ਗੜ੍ਹ ਬਾਂਦਰ, ਬਾਂਦਰ ਡੋੜ, ਵਾਂਦਰ ਜੱਟਾਣਾ ਆਦਿ ਆਬਾਦ ਕੀਤੇ। ਗਿੱਦੜਬਾਹਾ ਖੇਤਰ ਦੇ ਪ੍ਰਸਿੱਧ ਪਿੰਡ ਸੂਰੇਵਾਲਾ ਵਿੱਚ ਵੀ ਵਾਂਦਰ ਜੱਟਾਂ ਦੇ ਕੁਝ ਘਰ ਹਨ। ਬਹੁਤੇ ਵਾਂਦਰ ਜੱਟ, ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਹੀ ਵੱਸਦੇ ਹਨ। ਹਰਿਆਣੇ ਦੇ ਸਿਰਸਾ ਜਿਲ੍ਹੇ ਵਿੱਚ ਵੀ ਵਾਂਦਰ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਸਾਰੇ ਵਾਂਦਰ ਜੱਟ ਸਿੱਖ ਹਨ।
ਵਾਂਦਰ, ਡੋਡ ਪਿੰਡ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸਨ, ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਵੀ ਹੈ। ਅਸਲ ਵਿੱਚ ਵਾਂਦਰ ਭੱਟੀਆਂ ਦਾ ਉਪਗੋਤ ਹੈ। ਘੱਗਰ ਖੇਤਰ ਦੇ ਦੰਦੀਵਾਲ ਤੇ ਹੋਰ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਵਾਂਦਰ ਭਾਈਚਾਰੇ ਦੇ ਲੋਕ ਜੱਟਾਂ ਵਿੱਚ ਹੀ ਰਲਮਿਲ ਗਏ। ਟਾਹਲੀਵਾਲਾ ਜੱਟਾਂ ਵਿੱਚ ਵੀ ਕੁਝ ਵਾਂਦਰ ਜੱਟ ਵੱਸਦੇ ਹਨ। ਪੰਜਾਬ ਵਿੱਚ ਵਾਂਦਰ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਕੇਵਲ ਮਾਲਵੇ ਵਿੱਚ ਹੀ ਹਨ।
ਪੰਜਾਬੀ ਲੇਖਕ ਹਰਜਿੰਦਰ ਸਿੰਘ ਸੂਰੇਵਾਲੀਆ ਵੀ ਵਾਂਦਰ ਜੱਟ ਹੈ। 900 ਈਸਵੀਂ ਵਿੱਚ ਭਾਰਤ ਦੇ ਕੁਝ ਭਾਗਾਂ ਵਿੱਚ ਗੁਜਰਾਂ ਦਾ ਬੋਲਬਾਲਾ ਸੀ। 70 ਜੱਟ ਗੋਤ ਵਾਂਦਰ, ਭੱਟੀ, ਤੰਵਰ, ਚਾਲੂਕੀਆ, ਪ੍ਰਤੀਹਾਰ, ਪੂੰਨੀ, ਖੈਰੇ, ਚੌਹਾਨ, ਪਰਮਾਰ, ਹੂਣ ਆਦਿ ਗੁਜਰ ਸੰਘ ਵਿੱਚ ਮਿਲ ਗਏ। ਗੁੱਜਰਾਂ ਦੀ ਬਹੁ–ਗਿਣਤੀ ਵਾਲੇ ਖੇਤਰ ਦਾ ਨਾਮ ‘ਗੁਜਰਾਤ' ਵੀ ਦਸਵੀਂ ਸਦੀ ਮਗਰੋਂ ਹੀ ਪਿਆ। ਜੱਟਾਂ, ਰਾਜਪੂਤਾਂ ਤੇ ਗੁਜਰਾਂ ਦੇ ਕਈ ਗੋਤ ਸਾਂਝੇ ਹਨ। ਅਸਲ ਵਿੱਚ ਬਾਂਦਰ ਜੱਟ ਗੋਤ ਹੀ ਹੈ।
Add a review