ਬੋਪਾਰਾਏ : ਇਹ ਪੱਵਾਰਾਂ ਦਾ ਉਪਗੋਤ ਹੈ। ਬੋਪਾਰਾਏ ਗੋਤ ਦਾ ਮੋਢੀ ਬੋਪਾ ਰਾਏ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਸੀ। ਜੱਗਦੇਵ ਪੱਵਾਰ 12ਵੀਂ ਸਦੀ ਦੇ ਆਰੰਭ ਵਿੱਚ ਧਾਰਾ ਨਗਰੀ, ਮੱਧ ਪ੍ਰਦੇਸ਼ ਤੋਂ ਚਲਕੇ ਰਸਤੇ ਵਿੱਚ ਗਜ਼ਨਵੀਆਂ ਦਾ ਟਾਕਰਾ ਕਰਦਾ ਹੋਇਆ ਪੰਜਾਬ ਦੇ ਮਾਲਵੇ ਖੇਤਰ ਹੱਠੂਰ ਤੇ ਲੁਧਿਆਣੇ ਤੇ ਕਬਜ਼ਾ ਕਰਕੇ ਜਰਗ ਵਿੱਚ ਆਬਾਦ ਹੋ ਗਿਆ ਸੀ।
ਬੋਪਾਰਾਏ ਨੇ ਲੁਧਿਆਣੇ ਦੇ ਖੇਤਰ ਬੋਪਾਰਾਏ ਕਲਾਂ ਪਿੰਡ ਵਸਾਇਆ। ਬੋਪਾਰਾਏ ਦੇ ਭਰਾ ਛੱਪਾਰਾਏ ਨੇ ਆਪਣੇ ਨਾਮ ਤੇ 1140 ਈਸਵੀਂ ਵਿੱਚ ਛਪਾਰ ਵਸਾ ਕੇ ਆਬਾਦ ਕੀਤਾ। ਹਰ ਸਾਲ ਛਪਾਰ ਦਾ ਮੇਲਾ 24 ਅਤੇ 25 ਦਸੰਬਰ ਨੂੰ ਲੱਗਦਾ ਹੈ। ਢਾਡੀ, ਰਾਜੇ ਜੱਗਦੇਵ ਪੱਵਾਰ ਦਾ ਕਿੱਸਾ ਵੀ ਗਾਕੇ ਲੋਕਾਂ ਨੂੰ ਸੁਣਾਉਂਦੇ ਹਨ। ਛਪਾਰ ਨਗਰ ਵਿੱਚ ਵੀ ਬੋਪਾਰਾਏ ਗੋਤ ਦੇ ਲੋਕ ਰਹਿੰਦੇ ਹਨ। ਲੁਧਿਆਣੇ ਜਿਲ੍ਹੇ ਵਿੱਚ ਬੋਪਾਰਾਏ ਗੋਤ ਦੇ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ।
ਲੁਧਿਆਣੇ ਦੇ ਨਾਲ ਲੱਗਦੇ ਮਲੇਰਕੋਟਲਾ ਤੇ ਖਮਾਣੋ ਖੇਤਰਾਂ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਆਬਾਦ ਹਨ। ਲੁਧਿਆਣੇ ਦੇ ਇਲਾਕੇ ਤੋਂ ਕੁਝ ਬੋਪਾਰਾਏ ਗੋਤ ਦੇ ਜੱਟ ਦੁਆਬੇ ਦੇ ਖੇਤਰ ਜਲੰਧਰ ਵੱਲ ਵੀ ਚਲੇ ਗਏ ਸਨ। ਨਕੋਦਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ।
ਇਹ ਬੋਪਾਰਾਏ ਭਾਈਚਾਰੇ ਦਾ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਕਾਹਨੂੰਵਾਨ ਖੇਤਰ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿਚਲੇ ਬੋਪਾਰਾਏ ਜੱਟ ਮਾਲਵੇ ਵਿਚੋਂ ਹੀ ਗਏ ਹਨ। ਲੁਧਿਆਣੇ ਦੇ ਖੇਤਰ ਤੋਂ ਕੁਝ ਬੋਪਾਰਾਏ ਜੱਟ ਸੰਗਰੂਰ ਦੇ ਇਲਾਕੇ ਵਿੱਚ ਵੀ ਆਬਾਦ ਹੋਏ ਹਨ। ਮਾਝੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ।
ਇਹ ਬੋਪਾਰਾਏ ਭਾਈਚਾਰੇ ਦਾ ਪਿੰਡ ਹੈ। ਬੋਪਾਰਾਏ ਗੋਤ ਦੇ ਜੱਟ ਦਿਉਲਾਂ ਤੇ ਸੇਖਵਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਹ ਬਹੁਤੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਬੋਪਾਰਾਏ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਰੇ ਪੰਜਾਬ ਵਿੱਚ ਬੋਪਾਰਾਏ ਨਾਮ ਦੇ ਕਈ ਪਿੰਡ ਹਨ। ਦੁਆਬੇ ਵਿਚੋਂ ਬੋਪਾਰਾਏ ਗੋਤ ਦੇ ਕਈ ਜੱਟ ਬਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋਏ ਹਨ। ਬੋਪਾਰਾਏ ਗੋਤ ਵੀ ਜੱਗਦੇਵ ਬੰਸੀ ਪਰਮਾਰਾਂ ਦਾ ਹੀ ਇੱਕ ਉਘਾ ਉਪਗੋਤ ਹੈ।
Add a review