ਭੱਠਲ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਠਲ ਗੋਤ ਦਾ ਮੋਢੀ ਭੱਠਲ ਸੀ। ਇਹ ਭੱਟੀ ਖ਼ਾਨਦਾਨ ਦੇ ਰਾਉ ਜੁੰਦਰ ਦਾ ਪੁੱਤਰ ਸੀ। ਧਾਲੀਵਾਲ ਤੇ ਜੌਹਲ ਵੀ ਇਸੇ ਬੰਸ ਵਿਚੋਂ ਹਨ। 1398 ਈਸਵੀਂ ਵਿੱਚ ਜਦੋਂ ਤੈਮੂਰ ਲੰਗ ਨੇ ਭੱਟਨੇਰ ਨੂੰ ਜਿੱਤ ਕੇ ਤੇ ਲੁੱਟਮਾਰ ਕਰਕੇ ਬਰਬਾਦ ਕਰ ਦਿੱਤਾ ਤਾਂ ਕਈ ਜੱਟ ਕਬੀਲੇ ਰਾਜਸਥਾਨ ਤੋਂ ਉਠ ਕੇ ਪੰਜਾਬ ਵਿੱਚ ਆ ਗਏ। ਇਸ ਸਮੇਂ ਹੀ ਭੱਠਲ (ਭੱਟਲ) ਉਥੋਂ ਉਜੜ ਕੇ ਮਾਲਵੇ ਦੇ ਲੁਧਿਆਣੇ ਦੇ ਖੇਤਰ ਭੱਠਾ ਧੂਹਾ ਵਿੱਚ ਆ ਗਏ। ਭੱਠਲ ਜੱਟਾਂ ਨੇ ਏਥੇ ਹੀ ਕੱਚਾ ਕਿਲ੍ਹਾ ਬਣਾਕੇ ਆਪਣਾ ਟਿਕਾਣਾ ਕਰ ਲਿਆ ਸੀ।
ਇਹ ਪਿੰਡ ਬੁੱਢੇ ਨਾਲੇ ਉਪਰ ਸੀ। ਦਰਿਆ ਦੀ ਬਰਬਾਦੀ ਕਾਰਨ ਇਨ੍ਹਾਂ ਨੇ ਨਵੇਂ ਪਿੰਡ ਭਨ੍ਹੋੜ ਦੀ ਮੋੜ੍ਹੀ ਗੱਡੀ। ਇਹ 16ਵੀਂ ਸਦੀ ਦਾ ਸਮਾਂ ਸੀ। ਦਾਖੇ ਦੇ ਨਜ਼ਦੀਕ ਹਸਨਪੁਰ ਵੀ ਭੱਠਲਾਂ ਨੇ ਆਬਾਦ ਕੀਤਾ ਹੈ। ਪਿੰਡ ਭੱਠਲ ਬਲਾਕ ਦੋਰਾਹਾ ਜਿਲ੍ਹਾ ਲੁਧਿਆਣਾ ਵੀ ਭੱਠਲ ਭਾਈਚਾਰੇ ਦਾ ਬਹੁਤ ਪੁਰਾਣਾ ਤੇ ਉਘਾ ਪਿੰਡ ਹੈ। ਮਾਝੇ ਵਿੱਚ ਭੱਠਲ ਤੇ ਭੱਠਲ ਸਹਿਜਾ ਸਿੰਘ ਆਦਿ ਕਈ ਪਿੰਡ ਭੱਠਲ ਭਾਈਚਾਰੇ ਦੇ ਹਨ। ਲੁਧਿਆਣੇ ਦੇ ਇਲਾਕੇ ਤੋਂ ਉਠਕੇ ਕੁਝ ਭੱਠਲ, ਪਟਿਆਲਾ ਤੇ ਮਾਨਸਾ ਆਦਿ ਦੇ ਖੇਤਰਾਂ ਵਿੱਚ ਵੀ ਆਬਾਦਾ ਹੋ ਗਏ।
ਬਰਨਾਲੇ ਦੇ ਇਲਾਕੇ ਵਿੱਚ ਭੱਠਲ ਨਾਮੀ ਮਸ਼ਹੂਰ ਪਿੰਡ ਭੱਠਲ ਭਾਈਚਾਰੇ ਦਾ ਹੀ ਹੈ। ਇਸ ਪਿੰਡ ਦੇ ਵਸਨੀਕ ਹੀਰਾ ਸਿੰਘ ਭੱਠਲ ਤੇ ਬੁਢਲਾਡੇ ਖੇਤਰ ਵਿੱਚ ਵੀ ਇੱਕ ਭੱਠਲ ਮਹਾਨ ਆਜ਼ਾਦੀ ਸੰਗਰਾਮੀਏ ਸਨ। ਪਟਿਆਲੇ ਖੇਤਰ ਵਿੱਚ ਧਰੇੜੀ ਜੱਟਾਂ ਵੀ ਭੱਠਲਾਂ ਦੇ ਹਨ। ਬਹੁਤੇ ਭੱਠਲ ਮਾਲਵੇ ਵਿੱਚ ਹੀ ਆਬਾਦ ਹਨ। ਮਾਲਵੇ ਦੇ ਖੇਤਰ ਲੁਧਿਆਣੇ ਵਿਚੋਂ ਕਾਫ਼ੀ ਭੱਠਲ ਜੱਟ ਵਿਦੇਸ਼ਾਂ ਵਿੱਚ ਵੀ ਗਏ ਹਨ। ਸਾਰੇ ਭੱਠਲ ਹੀ ਜੱਟ ਸਿੱਖ ਹਨ। ਪੰਜਾਬ ਵਿੱਚ ਭੱਠਲ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ।
Add a review