ਗੁਰਮ : ਗੁਰਮ ਜੱਟ ਅੱਗਨੀ ਕੁਲ ਪਰਮਾਰਾਂ ਵਿਚੋਂ ਹਨ। ਇਸ ਬੰਸ ਦਾ ਮੋਢੀ ਗੁਰਮ ਵੀ ਜਗਦੇਉ ਬੰਸੀ ਸੀ। ਇਹ ਬਾਰ੍ਹਵੀਂ ਸਦੀ ਦੇ ਅਦ ਵਿੱਚ ਰਾਜਪੂਤਾਨੇ ਤੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਸਨ। ਇਨ੍ਹਾਂ ਨੇ ਆਲਮਗੀਰ ਪਿੰਡ ਦੇ ਨਜ਼ਦੀਕ ਗੁਰਮੀ ਪਿੰਡ ਵਸਾਇਆ ਸੀ। ਇਸ ਪਿੰਡ ਨੂੰ ਸਭ ਤੋਂ ਪਹਿਲਾਂ ਅਮੀਰ ਤੈਮੂਰਲੰਗ ਨੇ ਲੁੱਟਿਆ ਤੇ ਬਰਬਾਦ ਕੀਤਾ। ਗੁਰਮਾ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਗੁਰਮਾ ਨੇ ਦੁਬਾਰਾ ਪਿੰਡ ਦਾ ਨਾਮ ਗੁਰਮ ਰੱਖ ਕੇ ਇੱਕ ਉਚੀ ਥਾਂ ਉਤੇ ਵਸਾਇਆ। 1761 ਈਸਵੀ ਵਿੱਚ ਜਦੋਂ ਘੱਲੂਘਾਰਾ ਵਰਤਿਆ ਸੀ ਉਸ ਸਮੇਂ ਵੀ ਅਹਿਮਦਸ਼ਾਹ ਅਬਦਾਲੀ ਨੇ ਗੁਰਮ ਪਿੰਡ ਦਾ ਬਹੁਤ ਨੁਕਸਾਨ ਕੀਤਾ। ਇਸ ਕਾਰਨ ਹੀ ਗੁਰਮ ਗੋਤ ਜੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਘਲੂਘਾਰੇ ਦੇ ਸਮੇਂ ਕੁਝ ਗੁਰਮ ਮਲੇਰਕੋਟਲਾ ਵੱਲ ਚਲੇ ਗਏ। ਉਥੇ ਜਾ ਕੇ ਵੀ ਉਨ੍ਹਾਂ ਨੇ ਗੁਰਮ ਨਾਂਵ ਦਾ ਇੱਕ ਨਵਾਂ ਪਿੰਡ ਵਸਾਇਆ।
ਗੁਰਮ ਗੋਤ ਦੇ ਬਹੁਤੇ ਲੋਕ ਲੁਧਿਆਣਾ ਅਤੇ ਸੰਗਰੂਰ ਤੇ ਖੇਤਰ ਵਿੱਚ ਹੀ ਹਨ। ਸਮਰਾਲੇ ਦੇ ਪਾਸ ਲੱਧੜਾਂ ਪਿੰਡ ਦੇ ਗੁਰਮ ਆਪਣੇ ਆਪ ਨੂੰ ਸੇਖੋਂ ਭਾਈਚਾਰੇ ਵਿਚੋਂ ਮੰਨਦੇ ਹਨ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਵੀ ਪਿੰਡ ਗੁਰਮ ਜਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ।
ਬਾਬਾ ਜੀ ਦੇ ਪਿਤਾ ਆਪਣੇ ਸਾਥੀਆਂ ਸਮੇਤ ਲਾਪੁਰ ਦੇ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਸਮਾਧੀਆਂ ਨਵੇਂ ਗੁਰਮ ਕੋਲ ਦੱਖਣ ਵੱਲ ਹਨ। ਆਪਣੇ ਪਿਤਾ ਦੇ ਮਰਨ ਤੋਂ ਮਗਰੋਂ ਬਚਪਨ ਵਿੱਚ ਬਾਬਾ ਦੀਪ ਸਿੰਘ ਆਪਣੇ ਨਾਨਕੇ ਪਿੰਡ ਪੋਹੂ ਵਿੰਡ ਮਾਝੇ ਵਿੱਚ ਚਲਾ ਗਿਆ ਸੀ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਵੀ ਜਗਦੇਉ ਬੰਸੀ ਗੁਰਮ ਜੱਟ ਸੀ। ਇਹ ਪਰਮਾਰ ਰਾਜਪੂਤ ਹੀ ਸੀ।
ਪੰਜਾਬ ਵਿੱਚ ਗੁਰਮ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਪਰਮਾਰਾਂ ਦਾ ਇੱਕ ਉਪਗੋਤ ਹੈ। ਮਾਲਵੇ ਵਿੱਚ ਸਾਰੇ ਗੁਰਮ ਜੱਟ ਸਿੱਖ ਹਨ। ਜਗਦੇਉ, ਸੁਲਖਨ ਤੇ ਧਨਿਚ ਆਦਿ ਪਰਮਾਰ ਸੂਰਮੇ ਵੀ ਰਾਜਸਥਾਨ ਦੇ ਮਾਰਵਾੜ ਖੇਤਰ ਤੋਂ ਆ ਕੇ ਹੀ ਪੰਜਾਬ ਵਿੱਚ ਆਬਾਦ ਹੋਏ ਸਨ। ਗੁਰਮ ਬਹੁਤਾ ਉਘਾ ਗੋਤ ਨਹੀਂ ਹੈ।
Add a review