ਕੌੜੇ : ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਖਾੜਕੂ ਕਬੀਲਾ ਹੈ। ਇਹ ਆਪਣਾ ਸੰਬੰਧ ਖਰਲ ਜੱਟਾਂ ਨਾਲ ਜੋੜਦੇ ਹਨ। ਪੱਛਮੀ ਪੰਜਾਬ ਦੇ ਸ਼ਾਹਪੁਰ ਤੇ ਮਿੰਟਗੁੰਮਰੀ ਖੇਤਰਾਂ ਵਿੱਚ ਕੌੜੇ ਜੱਟ ਮੁਸਲਮਾਨ ਸਨ। ਕੌੜੇ ਵੀ ਮੱਧ ਏਸ਼ੀਆ ਤੋਂ ਆਏ ਹੋਏ ਆਰੀਆ ਬੰਸੀ ਹਨ। ਪੰਜਾਬ ਵਿੱਚ ਇਹ ਮਾਨਾਂ, ਭੁੱਲਰਾਂ, ਹੇਅਰਾਂ ਤੇ ਖਰਲਾਂ ਆਦਿ ਜੱਟ ਉਪ ਜਾਤੀਆਂ ਨਾਲ ਹੀ ਆਏ ਹਨ। ਕੌੜੇ ਖੱਤਰੀ ਵੀ ਹੁੰਦੇ ਹਨ। ਉਪਲ ਜੱਟ ਵੀ ਖੱਤਰੀ ਹੁੰਦੇ ਹਨ।
ਬੁੱਧਵਾਰ ਤੇ ਵਰਮੇ ਜੱਟ ਵੀ ਖੱਤਰੀ ਹੁੰਦੇ ਹਨ। ਖੱਤਰੀਆਂ ਤੇ ਜੱਟਾਂ ਦੇ ਕਈ ਗੋਤ ਸਾਂਝੇ ਹੁੰਦੇ ਹਨ। ਸਰਸਵਤ ਗੋਤ ਦੇ ਬ੍ਰਾਹਮਣ ਕੇਵਲ ਜੱਟਾਂ ਤੇ ਖੱਤਰੀਆਂ ਦੇ ਹੀ ਪ੍ਰੋਹਤ ਹੁੰਦੇ ਹਨ। ਹਰੀ ਸਿੰਘ ਨਲਵਾ ਉਪਲ ਖੱਤਰੀ ਸੀ। ਮਾਲਵੇ ਵਿੱਚ ਕੌੜਿਆਂ ਦੇ ਕਈ ਪਿੰਡ ਹਨ। ਲੁਧਿਆਣੇ ਦੇ ਖੇਤਰ ਤੋਂ ਕੌੜੇ ਜੱਟ ਮਾਝੇ ਤੇ ਪੱਛਮੀ ਪੰਜਾਬ ਵੱਲ ਚਲੇ ਗਏ। ਦੁਆਬੇ ਦੇ ਕਪੂਰਥਲਾ ਤੇ ਜਲੰਧਰ ਆਦਿ ਖੇਤਰਾਂ ਵਿੱਚ ਵੀ ਕੌੜੇ ਜੱਟ ਕਾਫ਼ੀ ਆਬਾਦ ਹਨ।
ਕੋੜੇ ਤੇ ਥਿੰਦ, ਕੰਬੋਜ਼ ਬਰਾਦਰੀ ਵਿੱਚ ਵੀ ਬਹੁਤ ਹਨ। ਕੰਬੋਆਂ ਦੇ ਭੀ ਕਈ ਗੋਤ ਜੱਟਾਂ ਨਾਲ ਰਲਦੇ ਹਨ। ਥਿੰਦ ਜੱਟ ਵੀ ਹੁੰਦੇ ਹਨ ਅਤੇ ਕੰਬੋਜ਼ ਵੀ ਹੁੰਦੇ ਹਨ। ਕਈ ਵਾਰ ਗਰੀਬ ਜੱਟ ਦੂਜੀ ਜਾਤੀ ਵਿੱਚ ਵਿਆਹ ਕਰ ਲੈਂਦੇ ਹਨ। ਜਾਤੀ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ।
ਕੌੜੇ, ਭੁੱਲਰਾਂ ਦਾ ਵੀ ਉਪਗੋਤ ਹੈ। ਭੁੱਲਰ, ਹੇੜੀ, ਮਾੜੀ ਅਤੇ ਬੁਗਰਾਂ ਆਦਿ ਭੁੱਲਰਾਂ ਤੇ ਕੌੜਿਆਂ ਦੇ ਉਘੇ ਪਿੰਡ ਹਨ। ਪੂਰਬੀ ਪੰਜਾਬ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਕੌੜੇ ਜੱਟ ਸਾਰੇ ਹੀ ਸਿੱਖ ਬਣ ਗਏ ਸਨ। ਸੱਤਵੀਂ ਸਦੀ ਮਗਰੋਂ ਜੱਟ ਸੂਰਮੇ ਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ ਪ੍ਰੀਵਰਤਤ ਹੋ ਗਏ। ਪੰਜਾਬ ਵਿੱਚ ਕੌੜੇ ਜੱਟਾਂ, ਖੱਤਰੀਆਂ ਤੇ ਕੰਬੋਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਇੱਕ ਗੋਤ ਹੀ ਹੈ। ਜੱਟ ਵੈਸ਼ ਨਹੀਂ ਹਨ ਕਿਉਂਕਿ ਜੱਟਾਂ ਦਾ ਕੋਈ ਵੀ ਗੋਤ ਬਾਣੀਆਂ ਨਾਲ ਨਹੀਂ ਰਲਦਾ ਹੈ। ਜੱਟ ਕਿਸਾਨ ਕਬੀਲੇ ਸਨ।
Add a review